ਨੌਜਵਾਨਾਂ ਦੇ ਖ਼ਾਬਾਂ ਦਾ ਕਾਤਲ ਕੌਣ?
ਸਵੇਰੇ ਅਖ਼ਬਾਰ ਖੋਲ੍ਹੋ ਤਾਂ ਇਕ-ਦੋ ਇਸ ਤਰ੍ਹਾਂ ਦੀਆਂ ਖ਼ਬਰਾਂ ਮਿਲ ਹੀ ਜਾਂਦੀਆਂ ਹਨ ਕਿ ਫਲਾਣੀ ਥਾਂ ਕਿਸੇ ਵਿਦਿਆਰਥੀ ਨੇ ਆਤਮਹੱਤਿਆ ਕਰ ਲਈ, ਫਲਾਣੀ ਥਾਂ ਕਿਸੇ ਵਿਦਿਆਰਥਣ ਨੇ ਜਾਨ ਦੇ ਦਿੱਤੀ। ਕਦੇ ਨੀਟ ਦੀ ਤਿਆਰੀ ਕਰਦਾ ਨੌਜਵਾਨ, ਕਦੇ ਕੋਟਾ ਦੀ ਕੋਚਿੰਗ ਜਮਾਤ ਵਿਚ ਪੜ੍ਹਦੀ ਵਿਦਿਆਰਥਣ, ਕਦੇ ਆਈਆਈਟੀ ਦਾ ਹੋਣਹਾਰ ਵਿਦਿਆਰਥੀ ਤੇ ਕਦੇ ਐੱਮਬੀਬੀਐੱਸ ਦੇ ਆਖ਼ਰੀ ਸਾਲ ਦਾ ਨੌਜਵਾਨ ਡਾਕਟਰ ਬਣਨ ਦੇ ਸੁਪਨੇ ਦੇਖਦਾ-ਦੇਖਦਾ ਆਤਮਘਾਤ ਕਰ ਲੈਂਦਾ ਹੈ। ਹਰ ਖ਼ਬਰ ਦੇ ਅਖ਼ੀਰ ਵਿਚ ਕੁਝ ਸਤਰਾਂ ਲਿਖੀਆਂ ਹੁੰਦੀਆਂ ਹਨ ਕਿ ਸੌਰੀ ਮੰਮੀ…ਸੌਰੀ ਪਾਪਾ… ਮੈਂ ਤੁਹਾਡੇ ਸੁਪਨੇ ਪੂਰੇ ਨਹੀਂ ਕਰ ਸਕਿਆ। ਇਹ ਉਹ ਸ਼ਬਦ ਹਨ ਜੋ ਮਰਨ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ‘ਖ਼ੁਦਕੁਸ਼ੀ ਵਾਲੇ ਰੁੱਕੇ’ ਉੱਪਰ ਲਿਖੇ ਹੁੰਦੇ ਹਨ।
ਇਹ ਸ਼ਬਦ ਪੜ੍ਹਦਿਆਂ ਮਨ ਵਿਚ ਸਵਾਲ ਉੱਠਦਾ ਹੈ ਕਿ ਕੀ ਇਹ ਸੱਚਮੁੱਚ ਬੱਚਿਆਂ ਦੇ ਆਪਣੇ ਸੁਪਨੇ ਸਨ ਜਾਂ ਉਹ ਸੁਪਨੇ ਸਨ ਜੋ ਅਸੀਂ ਉਨ੍ਹਾਂ ਦੀਆਂ ਅੱਖਾਂ ਵਿਚ ਜਬਰੀ ਬੀਜ ਦਿੱਤੇ ਸਨ? ਪਿਛਲੇ ਦਿਨੀਂ ਨੀਟ ਦੀ ਪ੍ਰੀਖਿਆ ਨੂੰ ਲੈ ਕੇ ਦੇਸ਼ ਭਰ ਵਿਚ ਵਿਵਾਦ ਹੋਇਆ। ਕਿਤੇ ਪੇਪਰ ਲੀਕ ਹੋਣ ਦੀਆਂ ਖ਼ਬਰਾਂ, ਕਿਤੇ ਪ੍ਰਦਰਸ਼ਨ ਤੇ ਕਿਤੇ ਰਾਜਨੀਤੀ ਪਰ ਇਨ੍ਹਾਂ ਸਾਰੀਆਂ ਸੁਰਖ਼ੀਆਂ ਵਿਚਕਾਰ ਕੁਝ ਅਜਿਹੀਆਂ ਖ਼ਬਰਾਂ ਵੀ ਆਈਆਂ ਜਿਨ੍ਹਾਂ ਨੇ ਰੂਹ ਕੰਬਾ ਦਿੱਤੀ। ਕੁਝ ਵਿਦਿਆਰਥੀਆਂ ਨੇ ਇਹ ਸੋਚ ਕੇ ਜਾਨ ਦੇ ਦਿੱਤੀ ਕਿ ਹੁਣ ਉਨ੍ਹਾਂ ਦਾ ਭਵਿੱਖ ਖ਼ਤਮ ਹੋ ਗਿਆ ਹੈ। ਉੱਧਰ ਹਜ਼ਾਰਾਂ ਨਹੀਂ ਸਗੋਂ ਲੱਖਾਂ ਵਿਦਿਆਰਥੀਆਂ ਨੇ ਦੁਬਾਰਾ ਪ੍ਰੀਖਿਆ ਦਿੱਤੀ, ਸੰਘਰਸ਼ ਕੀਤਾ ਤੇ ਅੱਗੇ ਵਧ ਗਏ।
ਇਹ ਫ਼ਰਕ ਕਿਉਂ ਹੈ? ਇਕ ਹੀ ਹਾਲਾਤ ਵਿਚ ਕੋਈ ਲੜਦਾ ਹੈ ਤੇ ਕੋਈ ਟੁੱਟ ਜਾਂਦਾ ਹੈ। ਮੇਰੇ ਅਨੁਸਾਰ ਇਸ ਸਵਾਲ ਦਾ ਜਵਾਬ ਸਿਰਫ਼ ਪ੍ਰੀਖਿਆ ਪ੍ਰਣਾਲੀ ਵਿਚ ਨਹੀਂ ਸਗੋਂ ਸਾਡੇ ਸਮਾਜ ਦੀ ਸੋਚ ਵਿਚ ਵੀ ਲੁਕਿਆ ਹੋਇਆ ਹੈ। ਸਮਾਜ ਵਿਚ ਬੱਚੇ ਦੇ ਜਨਮ ਨਾਲ ਹੀ ਉਸ ਦਾ ਭਵਿੱਖ ਲਿਖ ਦਿੱਤਾ ਜਾਂਦਾ ਹੈ। ਕੋਈ ਕਹਿੰਦਾ ਹੈ, ‘ਮੇਰਾ ਪੁੱਤ ਡਾਕਟਰ ਬਣੇਗਾ… ਕੋਈ ਐਲਾਨ ਕਰ ਦਿੰਦਾ ਹੈ, “ਮੇਰੀ ਧੀ ਆਈਏਐੱਸ ਅਫ਼ਸਰ ਬਣੇਗੀ।’ ਅਸੀਂ ਕਦੇ ਇਹ ਪੁੱਛਣ ਦੀ ਲੋੜ ਹੀ ਨਹੀਂ ਸਮਝਦੇ ਕਿ ਜਿਸ ਬੱਚੇ ਦੀ ਜ਼ਿੰਦਗੀ ਦਾ ਫ਼ੈਸਲਾ ਅਸੀਂ ਕਰ ਰਹੇ ਹਾਂ, ਆਖ਼ਰ ਉਸ ਦਾ ਆਪਣਾ ਸੁਪਨਾ ਕੀ ਹੈ? ਬਚਪਨ ਤੋਂ ਹੀ ਤੁਲਨਾਵਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ, “ਦੇਖ, ਗੁਆਂਢੀਆਂ ਦਾ ਮੁੰਡਾ ਪਹਿਲੇ ਨੰਬਰ ’ਤੇ ਆਇਆ ਹੈ, ਤੂੰ ਵੀ ਓਹਦੇ ਵਰਗਾ ਬਣਨਾ ਹੈ। ਜੇ ਤੂੰ ਵੀ ਪਹਿਲੇ ਨੰਬਰ ’ਤੇ ਆਏਂਗਾ ਤਾਂ ਤੈਨੂੰ ਨਵੀਂ ਤੇ ਮਹਿੰਗੀ ਸਾਈਕਲ ਮਿਲੇਗੀ। ਦਸਵੀਂ ਵਿਚ ਟਾਪ ਕੀਤਾ ਤਾਂ ਮੋਟਰਸਾਈਕਲ, ਨੀਟ ਨਿਕਲ ਗਿਆ ਤਾਂ ਕਾਰ।
Share this content:



Post Comment