ਪੰਜਾਬੀ ਯੂਨੀਵਰਸਿਟੀ: ਵਿਰਸਾ ਤੇ ਵਰਤਮਾਨ
ਪ੍ਰਸਿੱਧ ਚਿੰਤਕ ਜੌਹਨ ਹੈਨਰੀ ਨਿਊਮੈਨ ਨੇ (The Idea of a University, 1852) ਕਿਹਾ ਸੀ ਕਿ ਯੂਨੀਵਰਸਿਟੀ ਇੱਕ ਅਜਿਹੀ ਸੰਸਥਾ ਹੁੰਦੀ ਹੈ, ਜਿੱਥੇ ਬ੍ਰਹਿਮੰਡੀ ਗਿਆਨ ਦੀ ਸਿਰਜਣਾ ਅਤੇ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਵਿਕਸਿਤ ਕੀਤੀ ਜਾਂਦੀ ਹੈ। ਇੱਕ ਮਿਆਰੀ ਯੂਨੀਵਰਸਿਟੀ ਦੇ ਅਧਿਆਪਕ ਸਮੁੱਚੇ ਵਿਸ਼ਵ ਦੇ ਸੰਦਰਭ ਵਿੱਚ ਸੋਚਦੇ ਹਨ ਅਤੇ ਵਿਦਿਆਰਥੀ ਬੌਧਿਕ ਝੋਲੀਆਂ ਭਰ ਕੇ ਖ਼ੁਦ ਸੋਚਣ, ਸਮਝਣ, ਫ਼ੈਸਲੇ ਲੈਣ ਅਤੇ ਜ਼ਿੰਮੇਵਾਰੀਆਂ ਸੰਭਾਲਣ ਦੇ ਸਮਰੱਥ ਹੁੰਦੇ ਹਨ। ‘The Emergence of the American University’ ਕਿਤਾਬ ਦੇ ਕਰਤਾ ਲਾਰੰਸ ਵਾਇਸੀ ਨੇ ਲਿਖਿਆ ਹੈ ਕਿ ਯੂਨੀਵਰਸਿਟੀ ਸਮਾਜ ਦੇ ਸਰਬਪੱਖੀ ਵਿਕਾਸ ਅਤੇ ਖੋਜ ਨੂੰ ਸਮਰਪਿਤ ਇੱਕ ਕਲਿਆਣਕਾਰੀ ਉੱਦਮ ਹੈ। ਯੂਨੀਵਰਸਿਟੀ ਕੋਈ ਸਾਧਾਰਨ ਸੰਸਥਾ ਨਹੀਂ ਹੁੰਦੀ ਸਗੋਂ ਗਿਆਨ ਦੀ ਟਕਸਾਲ ਅਤੇ ਖੋਜ ਦਾ ਕੇਂਦਰ ਹੁੰਦੀ ਹੈ, ਜਿੱਥੇ ਬੌਧਿਕ ਸੰਵਾਦ ਰਾਹੀਂ ਨਵਾਂ ਗਿਆਨ, ਵਿਗਿਆਨ, ਸਾਹਿਤ ਅਤੇ ਸਿਆਸਤ ਦੀ ਰਣਨੀਤੀ ਘੜੀ-ਤਰਾਸ਼ੀ ਜਾਂਦੀ ਹੈ; ਜਿੱਥੇ ਨਵੇਂ ਵਿਚਾਰ ਸਿਰਜੇ ਜਾਂਦੇ ਹਨ ਅਤੇ ਸਿਧਾਂਤ ਸਿੱਧ ਕੀਤੇ ਜਾਂਦੇ ਹਨ।
ਭਾਰਤ ਵਿੱਚ ਯੂਨੀਵਰਸਿਟੀ ਦੇ ਸੰਕਲਪ ਦੀ ਬਹੁਤ ਹੀ ਪੁਰਾਤਨ ਮੌਲਿਕ ਪਰੰਪਰਾ ਹੈ। ਆਧੁਨਿਕ ਯੂਰੋਪੀਅਨ ਮਾਡਲ ਤੋਂ ਸਦੀਆਂ ਪਹਿਲਾਂ ਇੱਥੇ ਉੱਚ ਸਿੱਖਿਆ ਦੇ ਪ੍ਰਸਿੱਧ ਕੇਂਦਰ ਤਕਸ਼ਿਲਾ ਅਤੇ ਨਾਲੰਦਾ ਯੂਨੀਵਰਸਿਟੀਆਂ ਸਥਾਪਿਤ ਸਨ। ਮਹਾਂਰਿਸ਼ੀ ਦੇਵੇਂਦ੍ਰਨਾਥ ਟੈਗੋਰ ਦੁਆਰਾ ਵਰੋਸਾਈ ਅਤੇ ਉਨ੍ਹਾਂ ਦੇ ਸਪੁੱਤਰ ਰਾਬਿੰਦਰਨਾਥ ਟੈਗੋਰ ਦੁਆਰਾ ਸਥਾਪਿਤ ਸ਼ਾਂਤੀ ਨਿਕੇਤਨ ਵੀ ਗੁਰੂਕੁਲ ਸ਼ੈਲੀ ਦੀ ਮੌਲਿਕ ਭਾਰਤੀ ਯੂਨੀਵਰਸਿਟੀ ਹੈ ਜੋ ਕੋਲਕਾਤਾ ਤੋਂ 152 ਕਿਲੋਮੀਟਰ ਉੱਤਰ ’ਚ ਸਥਿਤ ਹੈ। ਦਿਲਚਸਪ ਇਤਫ਼ਾਕ ਇਹ ਹੈ ਕਿ ਬਰਤਾਨਵੀ ਹਕੂਮਤ ਦੁਆਰਾ ਸਥਾਪਿਤ ਹਿੰਦੋਸਤਾਨ ਦੀ ਪਹਿਲੀ ਪੱਛਮੀ ਤਰਜ਼ ਦੀ ਯੂਨੀਵਰਸਿਟੀ ਵੀ ਕੋਲਕਾਤਾ ਯੂਨੀਵਰਸਿਟੀ ਹੈ, ਜਿਸ ਦੀ ਸਥਾਪਨਾ 24 ਜਨਵਰੀ 1857 ਨੂੰ ਕੀਤੀ ਗਈ। ਇਸੇ ਸਾਲ ਹੀ 24 ਜੁਲਾਈ ਨੂੰ ਬੰਬਈ ਯੂਨੀਵਰਸਿਟੀ ਅਤੇ 5 ਸਤੰਬਰ ਨੂੰ ਮਦਰਾਸ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ। ਇਸ ਤੋਂ ਬਾਅਦ 16 ਨਵੰਬਰ 1889 ਨੂੰ ਅਲਾਹਾਬਾਦ (ਹੁਣ ਪ੍ਰਯਾਗਰਾਜ) ਯੂਨੀਵਰਸਿਟੀ ਕਾਇਮ ਕੀਤੀ ਗਈ। ਬਰਤਾਨਵੀ ਹਕੂਮਤ ਦਾ ਮੰਤਵ ਇੱਕ ਅਜਿਹਾ ਕੁਲੀਨ ਵਰਗ ਤਿਆਰ ਕਰਨਾ ਸੀ ਜੋ ਪ੍ਰਸ਼ਾਸਕੀ ਅਤੇ ਲੇਖਾ-ਜੋਖਾ ਵਾਲੀਆਂ ਨੌਕਰੀਆਂ ਵਿੱਚ ਕੰਮ ਕਰ ਸਕੇ। ਇਸ ਤੋਂ 25 ਸਾਲਾਂ ਬਾਅਦ ਸੰਨ 1916 ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਸਥਾਪਿਤ ਕੀਤੀ ਗਈ। ਸੰਨ 1904 ਤੱਕ ਸਾਰੀਆਂ ਯੂਨੀਵਰਸਿਟੀਆਂ ਦੇ ਆਪੋ-ਆਪਣੇ ਵਿਧਾਨ ਸਨ। ਫਿਰ 1904 ਵਿੱਚ ਸਾਰੀਆਂ ਯੂਨੀਵਰਸਿਟੀਆਂ ਨੂੰ ਸਾਂਝੇ ਤੌਰ ’ਤੇ ਇੰਡੀਅਨ ਯੂਨੀਵਰਸਿਟੀਜ਼ ਐਕਟ 1904 ਅਧੀਨ ਲਿਆਂਦਾ ਗਿਆ।
ਅਣਵੰਡੇ ਪੰਜਾਬ ਵਿੱਚ ਪਹਿਲੀ ਯੂਨੀਵਰਸਿਟੀ 14 ਅਕਤੂਬਰ 1882 ਨੂੰ ਲਾਹੌਰ ਵਿਖੇ ਸਥਾਪਿਤ ਕੀਤੀ ਗਈ। ਇਸ ਦੀ ਸਥਾਪਨਾ ਵੀ ਬਰਤਾਨਵੀ ਹਕੂਮਤ ਨੇ ਹੀ ਕੀਤੀ। ਇਸ ਦਾ ਨਾਮ ‘ਪੰਜਾਬ ਯੂਨੀਵਰਸਿਟੀ ਲਾਹੌਰ’ ਰੱਖਿਆ ਗਿਆ। ਇਹ ਹਿੰਦੋਸਤਾਨ ਦੀ ਪਹਿਲੀ ਯੂਨੀਵਰਸਿਟੀ ਸੀ ਜਿਸ ਨੇ ਇਮਤਿਹਾਨਾਂ ਦੇ ਨਾਲ-ਨਾਲ ਪੜ੍ਹਾਉਣ ਦਾ ਕਾਰਜ ਵੀ ਕੀਤਾ। ਮੁਲਕ ਦੀ ਵੰਡ ਤੋਂ ਬਾਅਦ ਇਸ ਯੂਨੀਵਰਸਿਟੀ ਨੂੰ ਦੋ ਭਾਗਾਂ ਵਿੱਚ ਵੰਡ ਕੇ ਇਸ ਦਾ ਇੱਕ ਹੈੱਡਕੁਆਰਟਰ ਸੋਲਨ (ਹਿਮਾਚਲ ਪ੍ਰਦੇਸ) ਵਿਖੇ ਕਾਇਮ ਕੀਤਾ ਗਿਆ ਅਤੇ 1956 ਵਿੱਚ ਚੰਡੀਗੜ੍ਹ ਵਿਖੇ ਇਸ ਦਾ ਮੌਜੂਦਾ ਕੈਂਪਸ ਸਥਾਪਤ ਕੀਤਾ ਗਿਆ।
ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਵੇਲੇ ਵੀ ਪੰਜਾਬੀ ਸੂਬੇ ਦੀ ਮੰਗ ਦਾ ਸੰਘਰਸ਼ ਚੱਲ ਰਿਹਾ ਸੀ। ਖ਼ਾਸ ਕਰਕੇ ਖੇਤਰੀ ਫਾਰਮੂਲੇ ਦਾ ਇਸ ਦੀ ਸਥਾਪਨਾ ਵਿੱਚ ਵਿਸ਼ੇਸ਼ ਯੋਗਦਾਨ ਹੈ। ਗਿਆਨੀ ਕਰਤਾਰ ਸਿੰਘ ਨੇ ਇਸ ਦੀ ਸਥਾਪਨਾ ਨੂੰ ਖੇਤਰੀ ਫਾਰਮੂਲੇ ਦੀ ਮੁੱਖ ਮੰਗ ਵਜੋਂ ਪੇਸ਼ ਕੀਤਾ। ਜਦ ਇਹ ਮੰਗ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਪਾਸ ਪੁੱਜੀ ਤਾਂ ਉਨ੍ਹਾਂ ਝੱਟ ਪ੍ਰਵਾਨ ਕਰ ਲਈ। ਇਉਂ ਉਸ ਵੇਲੇ ਪੰਜਾਬੀ ਸੂਬਾ ਤਾਂ ਭਾਵੇਂ ਨਾ ਬਣਿਆ, ਪਰ ਪੰਜਾਬੀ ਭਾਸ਼ਾ ਦੇ ਨਾਮ ’ਤੇ ਪੰਜਾਬੀ ਯੂਨੀਵਰਸਿਟੀ ਬਣ ਗਈ। ਇਸ ਦਾ ਨੀਂਹ ਪੱਥਰ 24 ਜੂਨ 1962 ਨੂੰ ਰੱਖਿਆ ਗਿਆ ਅਤੇ ਭਾਰਤ ਦੇ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਨਨ ਦੇ ਭਾਸ਼ਣ ਨਾਲ ਇਸ ਦੀ ਸ਼ੁਰੂਆਤ ਹੋਈ। ਗੁਰੂ ਗੋਬਿੰਦ ਸਿੰਘ ਭਵਨ ਦਾ ਨੀਂਹ ਪੱਥਰ ਡਾ. ਜ਼ਾਕਿਰ ਹੁਸੈਨ ਨੇ 27 ਦਸੰਬਰ 1967 ਨੂੰ ਰੱਖਿਆ ਜੋ ਕਿ ਯੂਨੀਵਰਸਿਟੀ ਦੀ ਪਛਾਣ ਬਣ ਗਿਆ। ਇਹ ਯੂਨੀਵਰਸਿਟੀ 30 ਅਪਰੈਲ 1962 ਨੂੰ ਪਟਿਆਲਾ ਦੇ ਬਾਰਾਂਦਰੀ ਪੈਲੇਸ ਵਿਖੇ ਸ਼ੁਰੂ ਕੀਤੀ ਗਈ ਅਤੇ ਵਿੱਦਿਅਕ ਦਾਖ਼ਲੇ 1963 ਵਿੱਚ ਸ਼ੁਰੂ ਕੀਤੇ ਗਏ। ਯੂਨੀਵਰਸਿਟੀ ਨੇ ਮੌਜੂਦਾ ਸੁਚੱਜੀ ਵਿਉਂਤ ਵਾਲੇ ਕੈਂਪਸ ਵਿੱਚ ਆਪਣਾ ਕਾਰਜ 1965 ਵਿੱਚ ਸ਼ੁਰੂ ਕੀਤਾ।
ਇਸ ਯੂਨੀਵਰਸਿਟੀ ਦੀ ਸਥਾਪਨਾ ਦਾ ਮੁੱਢਲਾ ਉਦੇਸ਼ ਤਾਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਵਿਕਾਸ ਸੀ, ਪਰ ਬਾਅਦ ਵਿੱਚ ਲੋੜ ਮੁਤਾਬਿਕ ਇਸ ਦਾ ਵਿਸਤਾਰ ਕਰ ਦਿੱਤਾ ਗਿਆ। ਦਰਅਸਲ, ਜਦ ਪਹਿਲੀ ਨਵੰਬਰ 1966 ਨੂੰ ਪੰਜਾਬ ਦੇ ਪੁਨਰਗਠਨ ਕਾਰਨ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨ ਦਿੱਤਾ ਗਿਆ ਅਤੇ ਪੰਜਾਬ ਯੂਨੀਵਰਸਿਟੀ ਦਾ ਪ੍ਰਬੰਧ ਕੇਂਦਰ ਨੇ ਆਪਣੇ ਅਧੀਨ ਕਰ ਲਿਆ ਤਾਂ ਪੰਜਾਬ ਸਰਕਾਰ ਨੂੰ ਪੰਜਾਬੀ ਯੂਨੀਵਰਸਿਟੀ ਦਾ ਵਿਸਤਾਰ ਕਰਨਾ ਪਿਆ। ਇਸ ਲਈ ਸੰਨ 1969 ਵਿੱਚ ਇਸ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਨੂੰ ਵਧਾ ਕੇ ਮਾਲਵਾ ਖੇਤਰ ਦੇ 45 ਕਾਲਜ ਇਸ ਨਾਲ ਜੋੜ ਦਿੱਤੇ ਗਏ। ਅੱਜ ਕਾਲਜਾਂ ਤੋਂ ਇਲਾਵਾ ਰੀਜਨਲ ਸੈਂਟਰ, ਨੇਬਰਹੁੱਡ ਕੈਂਪਸ ਅਤੇ ਕਾਂਸਟੀਚਿਊਟ ਕਾਲਜ ਇਸ ਨੂੰ ਵੱਖਰਾ ਵਿਸਤਾਰ ਦਿੰਦੇ ਹਨ। ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਅਧਿਐਨ ਕਰਨਾ ਅਤੇ ਪੰਜਾਬੀ ਭਾਸ਼ਾ ਨੂੰ ਗਿਆਨ-ਵਿਗਿਆਨ ਦੇ ਖੇਤਰ ਵਿੱਚ ਉਚੇਰੀ ਸਿੱਖਿਆ ਦੇ ਮਾਧਿਅਮ ਵਜੋਂ ਵਿਕਸਿਤ ਕਰਨਾ ਮਿਥਿਆ ਗਿਆ ਸੀ।
ਆਪਣੇ ਮੁੱਖ ਉਦੇਸ਼ ਦੀ ਪੂਰਤੀ ਹਿੱਤ ਇਸ ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਵਿੱਚ ਭਰਪੂਰ ਯੋਗਦਾਨ ਪਾਇਆ ਹੈ। ਯੂਨੀਵਰਸਿਟੀ ਵਿੱਚ ਪੰਜਾਬੀ ਦੇ ਸਰਬਪੱਖੀ ਵਿਕਾਸ ਹਿੱਤ ਵਿਸ਼ੇਸ਼ ਵਿਭਾਗ ਸਥਾਪਿਤ ਕੀਤੇ ਗਏ। ਪੰਜਾਬੀ ਵਿਭਾਗ ਤੋਂ ਇਲਾਵਾ ਪੰਜਾਬੀ ਵਿਉਂਤ ਵਿਕਾਸ ਵਿਭਾਗ, ਭਾਸ਼ਾ ਵਿਗਿਆਨ ਵਿਭਾਗ, ਪੰਜਾਬੀ ਕੋਸ਼ਕਾਰੀ ਵਿਭਾਗ, ਸਾਹਿਤ ਅਧਿਐਨ ਵਿਭਾਗ, ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਧਰਮ ਅਧਿਐਨ ਵਿਭਾਗ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਆਦਿ ਪੰਜਾਬੀ ਦੇ ਸਰਬਪੱਖੀ ਵਿਕਾਸ ਲਈ ਹੀ ਸਥਾਪਿਤ ਕੀਤੇ ਗਏ। ਇਸ ਯੂਨੀਵਰਸਿਟੀ ਦੀ ਖ਼ਾਸੀਅਤ ਰਹੀ ਹੈ ਕਿ ਪੰਜਾਬੀ ਸਮਾਜ ਦੀਆਂ ਨਵੀਆਂ ਲੋੜਾਂ ਮੁਤਾਬਿਕ ਇੱਥੇ ਸਮੇਂ-ਸਮੇਂ ’ਤੇ ਨਵੇਂ ਵਿਭਾਗ ਵੀ ਖੋਲ੍ਹੇ ਗਏ। ਮਸਲਨ ‘ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦਾ ਉਚਤਮ ਕੇਂਦਰ’ ਨਵੀਆਂ ਲੋੜਾਂ ਦੇ ਮੱਦੇਨਜ਼ਰ ਹੀ ਸਥਾਪਿਤ ਕੀਤਾ ਗਿਆ। ਇਸੇ ਤਰ੍ਹਾਂ ਪੰਜਾਬੀ ਪੀਡੀਆ ਸੈਂਟਰ ਦੀ ਸਥਾਪਨਾ ਵੀ ਪੰਜਾਬੀ ਭਾਸ਼ਾ ਦੇ ਵਿਕਾਸ ਨੂੰ ਆਲਮੀ ਆਧਾਰ ਪ੍ਰਦਾਨ ਕਰਨ ਵਾਲਾ ਪ੍ਰੋਜੈਕਟ ਹੈ।
ਯੂਨੀਵਰਸਿਟੀ ਦੀ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਵਿੱਚ ਲਗਪਗ ਛੇ ਲੱਖ ਪੁਸਤਕਾਂ ਹਨ ਜੋ ਕਿ ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦੀ ਹਨ। ਇਸ ਦੇ ਨਾਲ ਹੀ ਡਾ. ਗੰਡਾ ਸਿੰਘ ਪੰਜਾਬੀ ਰੈਫਰੈਂਸ ਲਾਇਬ੍ਰੇਰੀ ਵੀ ਦੁਰਲੱਭ ਕਿਤਾਬਾਂ ਤੇ ਖਰੜਿਆਂ ਦਾ ਵੱਡਾ ਭੰਡਾਰ ਹੈ। ਇਸ ਵਿੱਚ ਇੱਕ ਲੱਖ ਤੋਂ ਉੱਤੇ ਕਿਤਾਬਾਂ, ਖਰੜੇ, ਰਸਾਲੇ ਅਤੇ ਥੀਸਿਸ ਸੰਗ੍ਰਹਿਤ ਰੂਪ ਵਿੱਚ ਉਪਲਬਧ ਹਨ। ਅਕਾਦਮਿਕ ਆਜ਼ਾਦੀ ਇਸ ਯੂਨੀਵਰਸਿਟੀ ਦਾ ਖ਼ਾਸਾ ਰਿਹਾ ਹੈ। ਸੈਮੀਨਾਰਾਂ ਅਤੇ ਵਿਸ਼ਵ ਕਾਨਫ਼ਰੰਸਾਂ ਵਿੱਚ ਰਚਾਇਆ ਜਾਂਦਾ ਸੰਵਾਦ ਵਿਦਵਾਨਾਂ ਨੂੰ ਆਕਰਸ਼ਿਤ ਕਰਦਾ ਹੈ। ਇਸ ਵੇਲੇ ਯੂਨੀਵਰਸਿਟੀ ਵਿਖੇ ਲਗਪਗ ਦਰਜਨ ਦੇ ਕਰੀਬ ਫੈਕਲਟੀਆਂ ਅਧੀਨ ਭਾਸ਼ਾਵਾਂ, ਕਲਾ, ਸਭਿਆਚਾਰ, ਸੰਗੀਤ, ਸਮਾਜ ਵਿਗਿਆਨ, ਕਾਨੂੰਨ, ਵਿਗਿਆਨ, ਲਾਈਫ ਸਾਇੰਸਜ਼, ਕੰਪਿਊਟਰ, ਐਜੂਕੇਸ਼ਨ, ਬਿਜ਼ਨਸ, ਸੂਚਨਾ ਵਿਗਿਆਨ, ਜਨ ਸੰਚਾਰ ਤੇ ਪੱਤਰਕਾਰੀ, ਇੰਜੀਨੀਅਰਿੰਗ, ਸਰੀਰਕ ਸਿੱਖਿਆ ਅਤੇ ਖੇਡਾਂ ਆਦਿ ਕਈ ਖੇਤਰਾਂ ਵਿੱਚ ਸਿੱਖਿਆ ਅਤੇ ਖੋਜ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਇਸ ਦਾ ਡਿਸਟੈਂਸ ਐਜੂਕੇਸ਼ਨ ਵਿਭਾਗ ਪੱਤਰ ਵਿਹਾਰ ਪ੍ਰਣਾਲੀ ਰਾਹੀਂ ਸਿੱਖਿਆ ਪ੍ਰਦਾਨ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ। ਇਉਂ ਵਿਸ਼ਿਆਂ ਦੀ ਵੰਨ-ਸੁਵੰਨਤਾ, ਕੋਰਸਾਂ ਦੀ ਗੁਣਵੱਤਾ ਅਤੇ ਵਿੱਦਿਅਕ ਸੰਸਥਾਵਾਂ ਦੀ ਗਿਣਤੀ ਪੱਖੋਂ ਇਹ ਪੰਜਾਬ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਨੂੰ ਵਿਸ਼ਾਲ ਦ੍ਰਿਸ਼ਟੀ ਵਾਲੇ ਵਿਦਵਾਨਾਂ ਦੀ ਸਰਪ੍ਰਸਤੀ ਮਿਲਦੀ ਰਹੀ ਹੈ। ਆਪਣੇ ਸ਼ਾਨਾਂਮੱਤੇ ਇਤਿਹਾਸ ਦੌਰਾਨ ਇਸ ਯੂਨੀਵਰਸਿਟੀ ਨੇ ਆਪਣੇ ਹਰ ਟੀਚੇ ਨੂੰ ਪੂਰਾ ਕਰਨ ਵੱਲ ਹਰ ਸੰਭਵ ਕਦਮ ਪੁੱਟਿਆ। ਹਰੇਕ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਮਿਆਰੀ ਪੁਸਤਕਾਂ, ਕੋਸ਼, ਵਿਸ਼ਵਕੋਸ਼ ਅਤੇ ਖੋਜ-ਰਸਾਲੇ ਪ੍ਰਕਾਸ਼ਿਤ ਕਰ ਕੇ ਪੰਜਾਬ ਦੇ ਬੌਧਿਕ ਵਿਰਸੇ ਤੇ ਵਰਤਮਾਨ ਨੂੰ ਅਮੀਰੀ ਬਖ਼ਸ਼ੀ ਹੈ। ਪ੍ਰਕਾਸ਼ਨ ਵਿਭਾਗ ਵੱਲੋਂ ਹੁਣ ਤੱਕ ਚਾਰ ਹਜ਼ਾਰ ਦੇ ਕਰੀਬ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਪੰਜਾਬੀ ਸ਼ਬਦ-ਜੋੜ ਕੋਸ਼, ਫ਼ਾਰਸੀ-ਪੰਜਾਬੀ ਕੋਸ਼, ਸੰਸਕ੍ਰਿਤ-ਪੰਜਾਬੀ ਕੋਸ਼, ਪੰਜਾਬੀ ਨਿਰੁਕਤ ਕੋਸ਼, ਬਾਲ ਵਿਸ਼ਵ ਕੋਸ਼, ਪੰਜਾਬੀ ਸੂਫ਼ੀ-ਸਾਹਿਤ ਸੰਦਰਭ ਗ੍ਰੰਥ, ਉਰਦੂ-ਪੰਜਾਬੀ ਕੋਸ਼, ਮਲਵਈ-ਕੋਸ਼, ਲਹਿੰਦੀ-ਕੋਸ਼, ਪੰਜਾਬੀ ਕਿੱਤਾ-ਕੋਸ਼, ਕਾਨੂੰਨ-ਕੋਸ਼, ਪੰਜਾਬੀ-ਅੰਗਰੇਜ਼ੀ, ਅੰਗਰੇਜ਼ੀ-ਪੰਜਾਬੀ ਕੋਸ਼, ਪੰਜਾਬ ਦੀ ਭਾਸ਼ਾ ਐਟਲਸ ਅਤੇ ਐਨਸਾਈਕਲੋਪੀਡੀਆ ਔਫ ਸਿੱਖਇਜ਼ਮ ਆਦਿ ਇਸ ਯੂਨੀਵਰਸਿਟੀ ਦੇ ਅਹਿਮ ਹਾਸਲ ਹਨ। ਵਿਸ਼ਵ ਸਾਹਿਤ ਦੀਆਂ ਸ਼ਾਹਕਾਰ ਰਚਨਾਵਾਂ ਨੂੰ ਵੀ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ। ਸ਼ੇਕਸਪੀਅਰ ਦੀਆਂ ਸਮੁੱਚੀਆਂ ਰਚਨਾਵਾਂ ਦਾ ਅਨੁਵਾਦ ਕਰਨਾ ਤਾਂ ਸ਼ਾਇਦ ਇਸੇ ਯੂਨੀਵਰਸਿਟੀ ਦੇ ਹਿੱਸੇ ਆਇਆ ਹੈ। ਮਾਧਿਅਮ ਪਰਿਵਰਤਨ ਦੇ ਖੇਤਰ ਵਿੱਚ ਵੀ ਇਸ ਯੂਨੀਵਰਸਿਟੀ ਦਾ ਵਿਸ਼ੇਸ਼ ਯੋਗਦਾਨ ਹੈ। ਇਸ ਯੂਨੀਵਰਸਿਟੀ ਦੇ ਦੂਰ-ਅੰਦੇਸ਼, ਅਨੁਭਵੀ ਅਤੇ ਵਿਸ਼ਾਲ ਦ੍ਰਿਸ਼ਟੀ ਵਾਲੇ ਵਾਈਸ ਚਾਂਸਲਰਾਂ ਨੇ ਇਸ ਮਿਆਰੀ ਸੰਸਥਾ ਨੂੰ ਨਿੱਗਰ ਆਧਾਰ ਪ੍ਰਦਾਨ ਕੀਤਾ ਹੈ। ਅਕਾਦਮਿਕ ਮੁਲਾਂਕਣ ਸੰਸਥਾ ‘ਨੈਕ’ ਵੱਲੋਂ ਲਗਤਾਰ ਏ-ਗਰੇਡ ਵੀ ਮਿਲਦਾ ਰਿਹਾ ਹੈ।
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਇਸ ਸੰਸਥਾ ਦਾ ਵਰਤਮਾਨ ਸੰਕਟਗ੍ਰਸਤ ਹੈ। ਇਸ ਦੀ ਸਮੀਖਿਆ ਕਰਨੀ ਵੀ ਬਣਦੀ ਹੈ ਕਿ ਪੰਜਾਬ ਦੀ ਇਸ ਸਿਰਮੌਰ ਸੰਸਥਾ ਦੀ ਇਹ ਦਸ਼ਾ ਕਿਵੇਂ ਹੋਈ? ਦਰਅਸਲ, ਇਸ ਦੇ ਮੌਜੂਦਾ ਸੰਕਟ ਦੀਆਂ ਕਈ ਪਰਤਾਂ ਹਨ। ਇਸ ਦਾ ਪਹਿਲਾ ਕਾਰਨ ਤਾਂ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਵਿਕਾਸ ਮਾਡਲ ਦੀਆਂ ਨੀਤੀਆਂ ਵਿੱਚ ਪਿਆ ਹੈ। ਸੰਨ ਦੋ ਹਜ਼ਾਰ ਵਿੱਚ ਕੇਂਦਰ ਸਰਕਾਰ ਨੇ ਉਚੇਰੀ ਸਿੱਖਿਆ ਬਾਬਤ ਇੱਕ ਕਮੇਟੀ ਦਾ ਗਠਨ ਕੀਤਾ ਸੀ, ਜਿਸ ਵਿੱਚ ਮੁਲਕ ਦੇ ਵੱਡੇ ਵਪਾਰੀ ਸ਼ਾਮਲ ਸਨ। ਇਨ੍ਹਾਂ ਮੈਬਰਾਂ ਨੇ ਸਰਕਾਰ ਨੂੰ ਕਿਹਾ ਕਿ ਉਚੇਰੀ ਸਿੱਖਿਆ ਮੁਨਾਫ਼ੇ ਦਾ ਧੰਦਾ ਹੈ। ਇਸ ਲਈ ਇਸ ਦਾ ਨਿੱਜੀਕਰਨ ਕਰ ਦਿਓ। ਉਸ ਤੋਂ ਬਾਅਦ ਹੀ ਸਰਕਾਰਾਂ ਸਟੇਟ ਯੂਨੀਵਰਸਿਟੀਆਂ ਨੂੰ ਖ਼ਤਮ ਕਰਨ ਦੇ ਰਾਹ ਪਈਆਂ। ਇਸ ਦੀ ਸ਼ੁਰੂਆਤ ਸਾਲਾਨਾ ਮਿਲਦੀ 95 ਫ਼ੀਸਦੀ ਗ੍ਰਾਂਟ ਵਿੱਚ ਕਟੌਤੀ ਕਰਨ ਤੋਂ ਕੀਤੀ ਗਈ ਅਤੇ ਨਾਲ ਹੀ ਤਾਕੀਦ ਕੀਤੀ ਗਈ ਕਿ ਹੁਣ ਯੂਨੀਵਰਸਿਟੀਆਂ ਨੂੰ ਆਪਣੇ ਵਿੱਤੀ ਸਰੋਤ ਆਪ ਜੁਟਾਉਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ। ਇਸ ਵੇਲੇ ਪੰਜਾਬ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਤਾਂ ਵਿਕਾਸ ਕਰ ਰਹੀਆਂ ਹਨ, ਪਰ ਸਰਕਾਰੀ ਯੂਨੀਵਰਸਿਟੀਆਂ ਦਮ ਤੋੜ ਰਹੀਆਂ ਹਨ। ਸਪੱਸ਼ਟ ਹੈ ਕਿ ਸਰਕਾਰ ਦੀਆਂ ਨੀਤੀਆਂ ਦਾ ਸਿੱਧਾ ਅਸਰ ਸਰਕਾਰੀ ਯੂਨੀਵਰਸਿਟੀਆਂ ਦੀ ਅਕਾਦਮਿਕ ਕਾਰਜ ਪ੍ਰਣਾਲੀ ’ਤੇ ਪਿਆ। ਹੁਣ ਜਿਉਂ-ਜਿਉਂ ਨਵ-ਉਦਾਰੀਕਰਨ ਦਾ ਤਰਕ ਭਾਰੂ ਹੋ ਰਿਹਾ ਹੈ, ਤਿਉਂ-ਤਿਉਂ ਸਿੱਖਿਆ ਦਾ ਵਪਾਰੀਕਰਨ ਵੀ ਵਧ ਰਿਹਾ ਹੈ। ਵਿਦਿਆਰਥੀ ਖ਼ਪਤਕਾਰ ਬਣਦੇ ਜਾ ਰਹੇ ਹਨ ਅਤੇ ਅਧਿਆਪਕ ਮਹਿਜ਼ ਸੇਵਾ ਪ੍ਰਦਾਨ ਕਰਨ ਵਾਲੀ ਮਸ਼ੀਨ ਬਣਦੇ ਜਾ ਰਹੇ ਹਨ।
ਪੰਜਾਬੀ ਯੂਨੀਵਰਸਿਟੀ ਦਾ ਮੌਜੂਦਾ ਸੰਕਟ ਵੀ ਅਸਲ ਵਿੱਚ ਵਿੱਤੀ ਸੰਕਟ ਹੈ। ਕਿਸੇ ਵੇਲੇ ਯੂਨੀਵਰਸਿਟੀ ਨੂੰ 95 ਫ਼ੀਸਦੀ ਗ੍ਰਾਂਟ ਮਿਲਦੀ ਸੀ, ਜੋ ਕਿ ਹੁਣ ਘਟ ਕੇ ਨਾਂ-ਮਾਤਰ ਹੀ ਰਹਿ ਗਈ ਹੈ। ਸਰਕਾਰਾਂ ਨੇ ਹੁਣ ਸਿੱਖਿਆ ਅਤੇ ਸਿਹਤ ਜਿਹੇ ਮਹੱਤਵਪੂਰਨ ਖੇਤਰਾਂ ਤੋਂ ਪਾਸਾ ਵੱਟ ਲਿਆ ਹੈ। ਹਰ ਸਾਲ ਯੂਨੀਵਰਸਿਟੀ ਦੀ ਵਿੱਤ ਕਮੇਟੀ ਕਰੋੜਾਂ ਰੁਪਏ ਦੇ ਘਾਟੇ ਵਾਲਾ ਬਜਟ ਪਾਸ ਕਰਦੀ ਹੈ। ਸਰਕਾਰਾਂ ਦੀ ਇਸ ਅਣਦੇਖੀ ਕਾਰਨ ਇਸ ਯੂਨੀਵਰਸਿਟੀ ਵਿੱਚ ਪ੍ਰਸ਼ਾਸਨਿਕ, ਅਕਾਦਮਿਕ ਅਤੇ ਵਿੱਤੀ ਪ੍ਰਬੰਧ ਚਲਾਉਣਾ ਮੁਸ਼ਕਿਲ ਹੋ ਚੁੱਕਾ ਹੈ। ਵਿੱਤੀ ਸੰਕਟ ਕਾਰਨ ਸਾਰੇ ਹੀ ਵਿਭਾਗਾਂ ਦੇ ਖੋਜ ਅਤੇ ਅਕਾਦਮਿਕ ਕਾਰਜ ਰੁਕੇ ਹੋਏ ਹਨ। ਲੰਮੇ ਸਮੇਂ ਤੋਂ ਖਾਲੀ ਪਈਆਂ ਅਧਿਆਪਨ ਖੇਤਰ ਦੀਆਂ ਅਸਾਮੀਆਂ ਕਾਰਨ ਇਲਮ ਦੀ ਆਭਾ ਅਤੇ ਅਕਾਦਮਿਕਤਾ ਸਹਿਜੇ-ਸਹਿਜੇ ਗੁਆਚ ਰਹੀ ਹੈ। ਪ੍ਰਤਿਭਾਮਈ ਖੋਜ ਦੇ ਮਿਆਰ ਲਗਾਤਾਰ ਡਿੱਗਦੇ ਜਾ ਰਹੇ ਹਨ। ਲੱਖਾਂ ਵਿਦਿਆਰਥੀਆਂ ਨੂੰ ਪੰਜਾਬੀਅਤ ਦਾ ਪਾਠ ਪੜ੍ਹਾ ਚੁੱਕੀ ਇਹ ਯੂਨੀਵਰਸਿਟੀ ਹੁਣ ਆਪਣੇ ਮੁੱਖ ਉਦੇਸ਼ ਤੋਂ ਥਿੜਕ ਰਹੀ ਹੈ।
ਦੂਸਰਾ ਇਸ ਯੂਨੀਵਰਸਿਟੀ ਵਿੱਚ ਬੇਲੋੜੀ ਸਿਆਸੀ ਦਖ਼ਲਅੰਦਾਜ਼ੀ ਕਾਰਨ ਗ਼ੈਰ-ਮਿਆਰੀ ਭਰਤੀ ਵੀ ਹੋਈ ਹੈ। ਯੂਨੀਵਰਸਿਟੀ ਹਰਗਿਜ਼ ਨੌਕਰੀ ਦੇਣ ਵਾਲੀ ਸੰਸਥਾ ਨਹੀਂ ਹੁੰਦੀ, ਸਗੋਂ ਇੱਥੇ ਤਾਂ ਵਿਦਵਤਾ ਨੂੰ ਸੱਦਾ ਦਿੱਤਾ ਜਾਂਦਾ ਹੈ। ਕਿਸੇ ਵੇਲੇ ਇਸ ਯੂਨੀਵਰਸਿਟੀ ਵਿੱਚ ਇਹ ਪਰੰਪਰਾ ਰਹੀ ਵੀ ਹੈ। ਵਾਈਸ ਚਾਂਸਲਰ ਨਿਯਮਾਂ ਦੀ ਪਾਲਣਾ ਕਰਾਉਣ ਵਾਲਾ ਕੁਸ਼ਲ ਪ੍ਰਬੰਧਕ ਅਤੇ ਬੌਧਿਕ ਸਰਪ੍ਰਸਤ ਹੁੰਦਾ ਹੈ। ਕੋਠਾਰੀ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਵਿੱਚ ਸਪੱਸ਼ਟ ਲਿਖਿਆ ਗਿਆ ਸੀ ਕਿ ਵਾਈਸ ਚਾਂਸਲਰ ਅਜਿਹੀ ਸ਼ਖ਼ਸੀਅਤ ਹੋਣੀ ਚਾਹੀਦੀ ਹੈ, ਜਿਸ ਅੰਦਰ ਅਕਾਦਮਿਕ ਆਜ਼ਾਦੀ ਦੀ ਸਮਰੱਥਾ ਹੋਵੇ ਅਤੇ ਸੱਚ ਨਾਲ ਖੜ੍ਹਨ ਜੁਰੱਅਤ ਹੋਵੇ। ਉਸ ਅੰਦਰ ਅਕਾਦਮਿਕ ਭਾਈਚਾਰੇ ਦੀਆਂ ਗਤੀਵਿਧੀਆਂ ਨੂੰ ਵਿਕਸਿਤ ਕਰਨ ਦੀ ਯੋਗਤਾ ਹੋਵੇ। ਇਸ ਲਈ ਇੱਥੇ ਸੁਤੰਤਰਤਾ, ਪਾਰਦਰਸ਼ਤਾ ਅਤੇ ਜਵਾਬਦੇਹੀ ਵਰਗੇ ਮੂਲ ਆਦਰਸ਼ਾਂ ਉੱਤੇ ਪਹਿਰਾ ਦੇਣ ਦੀ ਲੋੜ ਹੁੰਦੀ ਹੈ। ਇਸ ਲਈ ਇਸ ਸੰਸਥਾ ਨੂੰ ਅਜਿਹਾ ਆਦਰਸ਼ ਸਿਰਜਣਾ ਪਵੇਗਾ, ਜੋ ਪ੍ਰਸ਼ਾਸਨਿਕ ਅਤੇ ਅਕਾਦਮਿਕ ਪ੍ਰਤੀਬੱਧਤਾ ਨੂੰ ਇੱਕ ਸੂਤਰ ਵਿੱਚ ਸੂਤਰਬੱਧ ਕਰੇ।
ਤੀਸਰਾ ਇਸ ਵੇਲੇ ਪੰਜਾਬੀ ਯੂਨੀਵਰਸਿਟੀ (ਮੁਲਕ ਦੀਆਂ ਹੋਰਨਾਂ ਯੂਨੀਵਰਸਿਟੀਆਂ ਸਮੇਤ) ਕੌਮੀ ਸਿੱਖਿਆ ਨੀਤੀ 2020 ਦੇ ਰੂ-ਬ-ਰੂ ਹੈ। ਨਵੀਂ ਸਿੱਖਿਆ ਨੀਤੀ ਬਹੁ-ਅਨੁਸ਼ਾਸਨੀ ਕੋਰਸਾਂ ਦੀ ਵਕਾਲਤ ਕਰਦੀ ਹੈ। ਇਸ ਨੀਤੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਕੋਰਸਾਂ ਨੂੰ ਅੰਤਰ-ਅਨੁਸ਼ਾਸਨੀ ਅਤੇ ਬਹੁ-ਅਨੁਸ਼ਾਸਨੀ ਬਣਾਇਆ ਜਾ ਰਿਹਾ ਹੈ, ਪਰ ਪੰਜਾਬੀ ਯੂਨੀਵਰਸਿਟੀ ਦੀਆਂ ਫੈਕਲਟੀਆਂ ਦਾ ਢਾਂਚਾ ਇੱਕ-ਅਨੁਸ਼ਾਸਨੀ ਹੈ। ਇਸ ਢਾਂਚੇ ਤਹਿਤ ਵੱਖ-ਵੱਖ ਵਿਭਾਗ ਜੋ ਕੋਰਸ ਪੜ੍ਹਾਉਂਦੇ ਹਨ ਉਨ੍ਹਾਂ ਦੀ ਪ੍ਰਕਿਰਤੀ ਵੀ ਇਕਾਂਗੀ ਹੈ, ਜਿਸ ਤਹਿਤ ਡਿਗਰੀ ਲੈਣ ਵਾਲੇ ਵਿਦਿਆਰਥੀ ਕਈ ਸਾਲ ਲਾ ਕੇ ਵੀ ਬਹੁ-ਅਨੁਸ਼ਾਸਨੀ ਨਹੀਂ ਬਣ ਸਕਦੇ। ਇਸ ਲਈ ਹੁਣ ਇਹ ਵੀ ਜ਼ਰੂਰੀ ਹੋ ਗਿਆ ਹੈ ਕਿ ਇਸ ਯੂਨੀਵਰਸਿਟੀ ਵਿੱਚ ਸਥਾਪਿਤ ਇੱਕ-ਅਨੁਸ਼ਾਸਨੀ ਵਿਭਾਗਾਂ ਨੂੰ ਬਹੁ-ਅਨੁਸ਼ਾਸਨੀ ਸਕੂਲ ਬਣਾਇਆ ਜਾਵੇ। ਪੁਰਾਣੇ ਇਕਾਂਗੀ ਵਿਭਾਗਾਂ ਦੀ ਖ਼ੁਦਮੁਖ਼ਤਾਰੀ ਦੀ ਨਵੀਂ ਪਰਿਭਾਸ਼ਾ ਬਣਾਈ ਜਾਵੇ।
ਇਸ ਲਈ ਕੁਝ ਵਿਭਾਗਾਂ ਦਾ ਕੇਂਦਰੀਕਰਨ ਕਰਨਾ ਪਵੇਗਾ। ਬੇਸ਼ੱਕ ਅਜੋਕੇ ਗਿਆਨ, ਵਿਗਿਆਨ ਤੇ ਤਕਨਾਲੋਜੀ ਦੀ ਤੇਜ਼-ਤੱਰਾਰ ਤਰੱਕੀ ਨਾਲ ਨਵੇਂ ਗਤੀਸ਼ੀਲ ਕੋਰਸ ਉਲੀਕਣੇ ਵੇਲੇ ਦੀ ਵੱਡੀ ਲੋੜ ਹੈ, ਪਰ ਆਲਮੀ ਅਕਾਦਮਿਕ ਮਿਆਰਾਂ ਨੂੰ ਪੰਜਾਬ ਦੀ ਗਿਆਨ ਪਰੰਪਰਾ ਨਾਲ ਜੋੜਨ ਦੀ ਵੀ ਲੋੜ ਹੈ, ਜੋ ਸਿੱਖਿਆ ਨੂੰ ਸਿਰਫ਼ ਰੁਜ਼ਗਾਰ ਦੇ ਸਾਧਨ ਵਜੋਂ ਨਹੀਂ ਸਗੋਂ ਮਨੁੱਖੀ ਆਜ਼ਾਦੀ ਅਤੇ ਜਮਹੂਰੀਅਤ ਦੀ ਸੁਰਜੀਤੀ ਵਜੋਂ ਤਸੱਵਰ ਕਰਦੀ ਹੈ। ਇਸ ਸਥਿਤੀ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਆਪਣੀ ਵਿਰਾਸਤੀ ਬੌਧਿਕ ਪਰੰਪਰਾ ਅਨੁਕੂਲ ਇਸ ਵਿੱਚੋਂ ਐਸੇ ਰਾਹ ਲੱਭਣੇ ਪੈਣਗੇ, ਜਿੱਥੇ ਸਾਇੰਸ ਅਤੇ ਕਲਾਵਾਂ ਦੇ ਅਨੁਸ਼ਾਸਨਾਂ ਦਾ ਸੁਮੇਲ ਹੋਵੇ।
Share this content:



Post Comment