ਪੰਜਾਬ ਸਕੂਲ ਸਿਖਿਆ ਬੋਰਡ ਦੀ ਪ੍ਰੀਖਿਆ ਪਾਸ ਕਰਨੀ ਹੋਵੇਗੀ ਹੋਰ ਔਖੀ
ਮੋਹਾਲੀ, 13 ਜੁਲਾਈ – ਪੰਜਾਬ ਸਕੂਲ ਸਿਖਿਆ ਬੋਰਡ ਨੇ ਅਕਾਦਮਿਕ ਸਾਲ 2026-27 ਤੋਂ ਬੋਰਡ ਪ੍ਰੀਖਿਆਵਾਂ ਦੇ ਮੁਲਾਂਕਣ ਵਿਚ ਵੱਡਾ ਬਦਲਾਅ ਕਰਦਿਆਂ 8ਵੀਂ, 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਲਿਖਤੀ ਪ੍ਰੀਖਿਆ, ਪ੍ਰਯੋਗੀ ਪ੍ਰੀਖਿਆ ਅਤੇ ਅੰਦਰੂਨੀ ਮੁਲਾਂਕਣ ਵਿਚ ਵੱਖ-ਵੱਖ ਪਾਸ ਹੋਣਾ ਲਾਜ਼ਮੀ ਕਰ ਦਿਤਾ ਹੈ। ਹੁਣ ਹਰ ਵਿਦਿਆਰਥੀ ਨੂੰ ਹਰ ਪੜਾਅ ਵਿਚ ਘੱਟੋ-ਘੱਟ 33 ਫ਼ੀ ਸਦੀ ਅੰਕ ਪ੍ਰਾਪਤ ਕਰਨੇ ਪੈਣਗੇ। ਪਹਿਲਾਂ ਤਿੰਨਾਂ ਪੜਾਵਾਂ ਦੇ ਕੁਲ ਅੰਕਾਂ ਦਾ 33 ਫ਼ੀ ਸਦੀ ਹਾਸਲ ਕਰ ਕੇ ਵਿਦਿਆਰਥੀ ਪਾਸ ਹੋ ਜਾਂਦਾ ਸੀ, ਪਰ ਹੁਣ ਕਿਸੇ ਇਕ ਭਾਗ ਵਿਚ ਮਿਲੇ ਵੱਧ ਅੰਕ ਦੂਜੇ ਭਾਗ ਵਿਚ ਘੱਟ ਅੰਕਾਂ ਦੀ ਭਰਪਾਈ ਨਹੀਂ ਕਰ ਸਕਣਗੇ।
ਬੋਰਡ ਨੇ ਇਸ ਸਬੰਧੀ ਨਵੇਂ ਮੁਲਾਂਕਣ ਮਾਡਿਊਲ ਵੀ ਜਾਰੀ ਕਰ ਦਿਤੇ ਹਨ। ਮੁਲਾਂਕਣ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਬੋਰਡ ਨੇ ਪ੍ਰਯੋਗੀ ਪ੍ਰੀਖਿਆਵਾਂ (ਪ੍ਰੈਕਟੀਕਲ) ਬਾਹਰੀ ਪ੍ਰੀਖਿਅਕਾਂ ਤੋਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਅਪਣੇ ਹੀ ਸਕੂਲ ਦੇ ਅਧਿਆਪਕ ਅਪਣੇ ਵਿਦਿਆਰਥੀਆਂ ਦਾ ਮੁਲਾਂਕਣ ਨਾ ਕਰਨ ਅਤੇ ਅੰਕ ਦੇਣ ਵਿਚ ਪੱਖਪਾਤ ਦੀ ਸੰਭਾਵਨਾ ਨੂੰ ਖ਼ਤਮ ਕੀਤਾ ਜਾ ਸਕੇ। ਇਸ ਨਾਲ ਹੀ ਬੋਰਡ ਨੇ 20 ਅੰਕਾਂ ਦੇ ਅੰਦਰੂਨੀ ਮੁਲਾਂਕਣ ਲਈ ਵੀ ਸਪੱਸ਼ਟ ਅੰਕ-ਵੰਡ ਤੈਅ ਕਰ ਦਿਤੀ ਹੈ ਜਿਸ ਨਾਲ ਬਿਨਾਂ ਨਿਰਧਾਰਤ ਮਾਪਦੰਡਾਂ ਦੇ ਹਰੇਕ ਵਿਦਿਆਰਥੀ ਨੂੰ ਪੂਰੇ ਅੰਕ ਦੇਣ ਦੀ ਪ੍ਰਥਾ ’ਤੇ ਰੋਕ ਲੱਗੇਗੀ।
ਸੂਬੇ ਦੇ ਸਰਕਾਰੀ, ਏਡਿਡ, ਐਫ਼ੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ ਵਿਚ ਇਹ ਇਕਸਾਰ ਮੁਲਾਂਕਣ ਪ੍ਰਣਾਲੀ ਲਾਗੂ ਹੋਵੇਗੀ। ਨਵੇਂ ਨਿਯਮਾਂ ਤਹਿਤ ਨਿਯਮਤ ਵਿਦਿਆਰਥੀਆਂ ਨੂੰ ਵੀ ਇਕ ਰਾਹਤ ਦਿਤੀ ਗਈ ਹੈ। ਜੇਕਰ ਕੋਈ ਵਿਦਿਆਰਥੀ ਕਿਸੇ ਵਿਸ਼ੇਸ਼ ਕਾਰਨ ਕਰ ਕੇ ਪ੍ਰੀ-ਬੋਰਡ ਪ੍ਰੀਖਿਆ ਨਹੀਂ ਦੇ ਸਕਦਾ ਤਾਂ ਉਸ ਨੂੰ ਪਿਛਲੀਆਂ ਟਰਮ ਪ੍ਰੀਖਿਆਵਾਂ ਵਿਚ ਕੀਤੇ ਪ੍ਰਦਰਸ਼ਨ ਦੇ ਆਧਾਰ ’ਤੇ ਅੰਕ ਦਿਤੇ ਜਾ ਸਕਣਗੇ। ਇਸ ਤੋਂ ਇਲਾਵਾ ਹਰ ਸਕੂਲ ਵਿਚ ਪ੍ਰਿੰਸੀਪਲ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਕਮੇਟੀ ਬਣੇਗੀ, ਜੋ ਅੰਦਰੂਨੀ ਮੁਲਾਂਕਣ ਨੂੰ ਮਨਜ਼ੂਰੀ ਦੇਵੇਗੀ।
Share this content:


Post Comment