ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 27 ਕਿੱਲੋ ਹੈਰੋਇਨ ਅਤੇ ਹਥਿਆਰਾਂ ਸਮੇਤ 4 ਨੌਜਵਾਨ ਗ੍ਰਿਫ਼ਤਾਰ
ਚੰਡੀਗੜ੍ਹ, 16 ਸਤੰਬਰ – ਪੰਜਾਬ ਪੁਲਿਸ ਨੂੰ ਅੰਮ੍ਰਿਤਸਰ ‘ਚ ਵੱਡੀ ਸਫਲਤਾ ਹੱਥ ਲੱਗੀ ਹੈ, ਜਿੱਥੇ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਵੱਲੋਂ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਮੁਤਾਬਕ, ਅੰਮ੍ਰਿਤਸਰ-ਲਾਹੌਰ ਅੰਤਰਰਾਸ਼ਟਰੀ ਸੜਕ ਮਾਰਗ ’ਤੇ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 27 ਕਿੱਲੋ ਦੇ ਲਗਭਗ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ। ਸੂਤਰਾਂ ਅਨੁਸਾਰ, ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਲਗਭਗ 27 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਹੋਣ ਦੀ ਜਾਣਕਾਰੀ ਹੈ। ਇਸ ਦੇ ਨਾਲ ਹੀ ਵੱਡੀ ਮਾਤਰਾ ਵਿੱਚ ਗੈਰ-ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਹਾਲਾਂਕਿ ਬਰਾਮਦ ਕੀਤੇ ਗਏ ਹਥਿਆਰਾਂ ਦੀ ਕਿਸਮ ਅਤੇ ਗਿਣਤੀ ਸਬੰਧੀ ਅਧਿਕਾਰਤ ਵੇਰਵੇ ਹਾਲੇ ਸਾਹਮਣੇ ਆਉਣੇ ਬਾਕੀ ਹਨ।
ਇੱਕ ਮੁਲਜ਼ਮ ਦੇ ਦੁਬਈ ਨਾਲ ਜੁੜੇ ਤਾਰ
ਮੁਲਜ਼ਮਾਂ ਦੀ ਪਛਾਣ ਪਿੰਡ ਭੂਸੇ ਦੇ ਕਰਨ ਅਤੇ ਸਮਰਪ੍ਰੀਤ, ਵਿਸ਼ਾਲ ਅਤੇ ਸੰਨੀ ਤਿੰਨੋਂ ਭੱਲਾ ਕਲੋਨੀ ਵੱਜੋਂ ਹੋਈ ਹੈ। ਜਾਂਚ ਵਿੱਚ ਦੁਬਈ ਸਥਿਤ ਇੱਕ ਹੈਂਡਲਰ, ਕਰਨ ਨਾਲ ਸ਼ੱਕੀ ਸਬੰਧਾਂ ਦਾ ਖੁਲਾਸਾ ਹੋਇਆ ਹੈ, ਜਿਸਨੇ ਕਥਿਤ ਤੌਰ ‘ਤੇ ਖੇਪਾਂ ਦਾ ਪ੍ਰਬੰਧ ਕੀਤਾ ਸੀ। ਹੈਂਡਲਰ ਅਤੇ ਸਰਹੱਦ ਪਾਰ ਡਰੱਗ ਨੈੱਟਵਰਕ ਦੇ ਹੋਰ ਮੈਂਬਰਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਚਾਰਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਬਰਾਮਦ ਕੀਤੀ ਹੈਰੋਇਨ ਅਤੇ ਹਥਿਆਰ ਕਿੱਥੋਂ ਲਿਆਂਦੇ ਗਏ ਸਨ ਅਤੇ ਇਸ ਪਿੱਛੇ ਕਿਹੜੇ ਲੋਕ ਜਾਂ ਨੈੱਟਵਰਕ ਸਰਗਰਮ ਹਨ।
ਬੀਤੇ ਦਿਨ ਵੀ ਫੜੀ ਗਈ ਸੀ ਵੱਡੀ ਮਾਤਰਾ ਹੈਰੋਇਨ ਤੇ ਹਥਿਆਰ
ਦੱਸ ਦਈਏ ਕਿ ਬੀਤੇ ਦਿਨ ਵੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਿਆਂ ਅਤੇ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ 3 ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਉਨ੍ਹਾਂ ਕੋਲੋਂ 9.549 ਕਿਲੋ ਹੈਰੋਇਨ, 5.459 ਕਿਲੋ ਅਫੀਮ ਅਤੇ ਇੱਕ ਗੈਰਕਾਨੂੰਨੀ .30 ਬੋਰ ਪਿਸਤੌਲ ਬਰਾਮਦ ਕੀਤਾ ਸੀ।
Share this content:



Post Comment