Loading Now

ਪਾਵਰਕੌਮ ਵੱਲੋਂ 2437 ਸਹਾਇਕ ਲਾਈਨਮੈਨਾਂ ਦੀ ਭਰਤੀ ਸ਼ੁਰੂ

ਪਾਵਰਕੌਮ ਵੱਲੋਂ 2437 ਸਹਾਇਕ ਲਾਈਨਮੈਨਾਂ ਦੀ ਭਰਤੀ ਸ਼ੁਰੂ

ਪਟਿਆਲਾ, 23 ਜੂਨ – ਨੌਕਰੀ ਦੀ ਮੰਗ ਲਈ ਅਪ੍ਰੈਂਟਿਸਸ਼ਿਪ ਵਰਕਰਾਂ ਵੱਲੋਂ ਪਟਿਆਲਾ ’ਚ ਲਗਾਤਾਰ ਕੀਤੇ ਜਾ ਰਹੇ ਸੰਘਰਸ਼ ਨੂੰ ਆਖਰ ਬੂਰ ਪੈ ਗਿਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 2437 ਸਹਾਇਕ ਲਾਈਨਮੈਨਾਂ ਦੀ ਭਰਤੀ ਦੇ ਕੀਤੇ ਐਲਾਨ ਤੋਂ ਦੋ ਦਿਨਾਂ ਬਾਅਦ ਹੀ ਪਾਵਰਕੌਮ ਨੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮੁੱਖ ਪ੍ਰਬੰਧਕੀ ਨਿਰਦੇਸ਼ਕ ਡਾ. ਬਸੰਤ ਗਰਗ ਦੀਆਂ ਹਦਾਇਤਾਂ ’ਤੇ ਇਸ ਭਰਤੀ ਲਈ ਲੋੜੀਂਦੇ ਪੰਜਾਬੀ ਟੈਸਟ ਵਾਸਤੇ 15 ਅਪਰੈਲ ਦੀ ਤਰੀਕ ਤੈਅ ਕਰ ਦਿੱਤੀ ਗਈ ਹੈ, ਜਿਸ ਨੂੰ ਪਾਸ ਕਰਨ ਵਾਲੇ ਵਰਕਰਾਂ ਦੀ ਨੌਕਰੀ ਯਕੀਨੀ ਹੋ ਜਾਵੇਗੀ। ਇਸ ਫ਼ੈਸਲੇ ਦੇ ਬਾਵਜੂਦ ਨੌਜਵਾਨਾਂ ਨੇ ਸੰਘਰਸ਼ ਜਾਰੀ ਰੱਖਿਆ। ਪਾਵਰਕੌਮ ਦਫ਼ਤਰ ਅੱਗੇ ਰੈਲੀ ਅਤੇ ਮਾਰਚ ਕਰਨ ਦੇ ਨਾਲ-ਨਾਲ ਭੇਡਪੁਰਾ ਵਿੱਚ ਬਿਜਲੀ ਟਾਵਰ ’ਤੇ 14 ਜੂਨ ਤੋਂ ਸ਼ੁਰੂ ਹੋਇਆ ਪੱਕਾ ਮੋਰਚਾ ਅੱਜ ਵੀ ਜਾਰੀ ਰਿਹਾ, ਜਿਸ ਵਿੱਚ ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਨੇ ਸ਼ਿਰਕਤ ਕੀਤੀ। ਅੱਜ ਯੂਨੀਅਨ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਾਲੇ ਅਹਿਮ ਮੀਟਿੰਗ ਹੋਈ, ਜਿਸ ਵਿੱਚ ਡੀ ਐੱਸ ਪੀ ਸੰਜੀਵ ਸਿੰਗਲਾ ਵੀ ਸ਼ਾਮਲ ਸਨ। ਅਧਿਕਾਰੀਆਂ ਨੇ ਭਰਤੀ ਪ੍ਰਕਿਰਿਆ ਸ਼ੁਰੂ ਹੋਣ ਦਾ ਹਵਾਲਾ ਦਿੰਦਿਆਂ ਧਰਨਾ ਚੁੱਕਣ ਦੀ ਅਪੀਲ ਕੀਤੀ। ਦੂਜੇ ਪਾਸੇ ਯੂਨੀਅਨ ਪ੍ਰਧਾਨ ਸੁਰਿੰਦਰ ਜਲਾਲਾਬਾਦ, ਸਤਨਾਮ ਵਾਘਾ, ਫਤਹਿ ਸਿੰਘ ਅਤੇ ਯਾਦਵਿੰਦਰ ਵਾਘਾ ਨੇ ਸਾਫ਼ ਕੀਤਾ ਕਿ ਟੈਸਟ ਮੁਕੰਮਲ ਹੋਣ ਤੱਕ ਉਹ ਮੋਰਚਾ ਜਾਰੀ ਰੱਖਣਗੇ।

Share this content:

Post Comment