ਪਾਕਿ ਵਿਚੋਲਗੀ, ਟਰੰਪ ਅਤੇ ਕਸ਼ਮੀਰ
ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ 15 ਜੂਨ ਨੂੰ ਤੜਕਸਾਰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ (ਸੰਸਦ) ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਹ ਬੇਹੱਦ ਗਦਗਦ ਨਜ਼ਰ ਆਏ ਅਤੇ ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਇਰਾਨ ਅਤੇ ਅਮਰੀਕਾ ਵਿਚਾਲੇ ਕਾਮਯਾਬ ਵਿਚੋਲਗੀ ਕਰਵਾਈ ਹੈ। ਇਸ ਕਾਮਯਾਬੀ ਸਦਕਾ ਦੋਵਾਂ ਦੇਸ਼ਾਂ ਨੇ ਕੁਝ ਘੰਟੇ ਪਹਿਲਾਂ ਹੀ ਜੰਗਬੰਦੀ ਦੀ ਮਿਆਦ ਅਗਲੇ 60 ਦਿਨਾਂ ਲਈ ਵਧਾਉਣ ’ਤੇ ਸਹਿਮਤੀ ਜਤਾਈ ਸੀ। ਇਸ ਤੋਂ ਵੀ ਵੱਡੀ ਗੱਲ ਇਹ ਰਹੀ ਕਿ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਅਤੇ ਓਮਾਨ ਦੀ ਖਾੜੀ ’ਚੋਂ ਅਮਰੀਕੀ ਜਲ ਸੈਨਾ ਦੀ ਘੇਰਾਬੰਦੀ ਹਟਾਉਣ ਦਾ ਫ਼ੈਸਲਾ ਵੀ ਹੋ ਗਿਆ। ਯਾਦ ਰਹੇ ਕਿ ਅਮਰੀਕਾ ਦੀ ਇਸ ਘੇਰਾਬੰਦੀ ਕਾਰਨ ਇਰਾਨੀ ਬੰਦਰਗਾਹਾਂ ਅਤੇ ਉਸ ਦੇ ਤੱਟਵਰਤੀ ਇਲਾਕਿਆਂ ਤੋਂ ਹੋਣ ਵਾਲੀ ਸਮੁੰਦਰੀ ਆਵਾਜਾਈ ਪੂਰੀ ਤਰ੍ਹਾਂ ਠੱਪ ਪਈ ਸੀ।
ਸ਼ਾਹਬਾਜ਼ ਸ਼ਰੀਫ਼ ਦੇ ਦਫ਼ਤਰ ਨੇ ‘ਐਕਸ’ ਰਾਹੀਂ ਉਨ੍ਹਾਂ ਦੇ ਇਸ ਭਾਸ਼ਣ ਦੇ ਮੁੱਖ ਅੰਸ਼ ਸਾਂਝੇ ਕੀਤੇ ਹਨ। ਜਨਾਬ ਸ਼ਰੀਫ਼ ਨੇ ਇਸ ਗੱਲ ’ਤੇ ਖ਼ਾਸ ਜ਼ੋਰ ਦਿੱਤਾ ਕਿ “ਅੱਜ ਅੱਲ੍ਹਾ ਨੇ ਪਾਕਿਸਤਾਨ ਨੂੰ ਜਿਸ ਇੱਜ਼ਤ ਅਤੇ ਮਾਣ-ਸਨਮਾਨ ਨਾਲ ਨਿਵਾਜ਼ਿਆ ਹੈ, ਕੌਮਾਂ ਸਦੀਆਂ ਤੱਕ ਅਜਿਹੇ ਮੌਕਿਆਂ ਦੀ ਉਡੀਕ ਕਰਦੀਆਂ ਹਨ।” ਸ਼ਰੀਫ਼ ਨੇ ਬੇਹੱਦ ਮੁਸ਼ਕਿਲ ਹਾਲਾਤ ਵਿੱਚ ਬੇਮਿਸਾਲ ਸੂਝ-ਬੂਝ, ਦੂਰਅੰਦੇਸ਼ੀ ਅਤੇ ਸਬਰ ਦਿਖਾਉਣ ਲਈ ਕਤਰ, ਸਾਊਦੀ ਅਰਬ, ਤੁਰਕੀ, ਚੀਨ, ਅਮਰੀਕਾ ਅਤੇ ਇਰਾਨ ਦੇ ਆਗੂਆਂ ਦਾ ਤਹਿ ਦਿਲੋਂ ਸ਼ੁਕਰਾਨਾ ਕੀਤਾ। ਇਸ ਇਤਿਹਾਸਕ ਪ੍ਰਾਪਤੀ ’ਤੇ ਪਾਕਿਸਤਾਨੀ ਅਵਾਮ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੇ ਦੇਸ਼ ਦੇ ਚੀਫ ਔਫ ਡਿਫੈਂਸ ਸਟਾਫ ਅਤੇ ਫ਼ੌਜ ਮੁਖੀ ਆਸਿਮ ਮੁਨੀਰ ਦੀ ਭੂਮਿਕਾ ਦੀ ਖ਼ਾਸ ਤੌਰ ’ਤੇ ਤਾਰੀਫ਼ ਕੀਤੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਫੀਲਡ ਮਾਰਸ਼ਲ ਸੱਯਦ ਆਸਿਮ ਮੁਨੀਰ ਦੀ ਅਸਾਧਾਰਨ ਭੂਮਿਕਾ ਦੀ ਰੱਜ ਕੇ ਸ਼ਲਾਘਾ ਕੀਤੀ, ਜਿਨ੍ਹਾਂ ਨੇ ਜੰਗ ਨੂੰ ਖ਼ਤਮ ਕਰਵਾਉਣ ਅਤੇ ਅਮਨ ਬਹਾਲੀ ਲਈ ਦਿਨ-ਰਾਤ ਇੱਕ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਈ ਅਜਿਹੇ ਨਾਜ਼ੁਕ ਮੋੜ ਵੀ ਆਏ ਜਦੋਂ ਲੱਗਦਾ ਸੀ ਕਿ ਗੱਲਬਾਤ ਟੁੱਟ ਜਾਵੇਗੀ, ਪਰ ਫੀਲਡ ਮਾਰਸ਼ਲ ਪੂਰੀ ਦ੍ਰਿੜ੍ਹਤਾ ਨਾਲ ਡਟੇ ਰਹੇ, ਜਿਸ ਸਦਕਾ ਇਹ ਵੱਡੀ ਸਫ਼ਲਤਾ ਹਾਸਲ ਹੋਈ।
ਇੱਥੇ ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਸ਼ਾਹਬਾਜ਼ ਸ਼ਰੀਫ਼ ਨੇ ਵੱਖ-ਵੱਖ ਦੇਸ਼ਾਂ ਦਾ ਧੰਨਵਾਦ ਕਰਦਿਆਂ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਦਾ ਨਾਂ ਤੱਕ ਨਹੀਂ ਲਿਆ। ਇਸ ਦਾ ਵੱਡਾ ਕਾਰਨ ਇਹ ਹੈ ਕਿ ਇੱਕ ਤਾਂ ਇਰਾਨ ਅਤੇ ਯੂ ਏ ਈ ਦੇ ਆਪਸੀ ਸਬੰਧ ਪਹਿਲਾਂ ਹੀ ਬੇਹੱਦ ਖ਼ਰਾਬ ਹਨ ਅਤੇ ਦੂਜਾ, ਪਾਕਿਸਤਾਨ ਤੇ ਯੂ ਏ ਈ ਦੇ ਆਪਣੇ ਰਿਸ਼ਤੇ ਵੀ ਅੱਜਕੱਲ੍ਹ ਬਹੁਤੇ ਚੰਗੇ ਨਹੀਂ। ਇਰਾਨ ਜੰਗ ਦੌਰਾਨ ਯੂ ਏ ਈ ਵੱਲੋਂ ਪਾਕਿਸਤਾਨ ਨੂੰ ਦਿੱਤੀ 3.5 ਅਰਬ ਡਾਲਰ ਦੀ ਤੇਲ ਸਹੂਲਤ ਵਾਲੀ ਕਰਜ਼ਾ ਰਾਸ਼ੀ ਵਾਪਸ ਮੰਗ ਲੈਣਾ, ਦੋਵਾਂ ਦੇਸ਼ਾਂ ਦੇ ਤਣਾਅਪੂਰਨ ਸਬੰਧਾਂ ਦੀ ਜਿਊਂਦੀ-ਜਾਗਦੀ ਮਿਸਾਲ ਹੈ। ਹਾਲਾਂਕਿ, ਅਜਿਹੀਆਂ ਖ਼ਬਰਾਂ ਵੀ ਹਨ ਕਿ ਯੂ ਏ ਈ ਨੇ ਇਰਾਨ ਦੇ ਮੁੜ-ਨਿਰਮਾਣ ਲਈ ਮਾਲੀ ਮਦਦ ਦੇਣ ਦਾ ਵਾਅਦਾ ਕੀਤਾ ਹੈ, ਪਰ ਇਹ ਸਪੱਸ਼ਟ ਹੈ ਕਿ ਹਾਲੀਆ ਦਿਨਾਂ ਦੇ ਰਾਬਤੇ ਵੀ ਪਾਕਿਸਤਾਨ ਦੇ ਦਿਲ ਵਿੱਚ ਯੂ ਏ ਈ ਪ੍ਰਤੀ ਪੈਦਾ ਹੋਈ ਕੁੜੱਤਣ ਨੂੰ ਦੂਰ ਨਹੀਂ ਕਰ ਸਕੇ। ਇਸ ਤੋਂ ਇਲਾਵਾ ਪਾਕਿਸਤਾਨ ਪੂਰੀ ਤਰ੍ਹਾਂ ਸਾਊਦੀ ਅਰਬ ਦੇ ਪੱਖ ਵਿੱਚ ਖੜ੍ਹਾ ਹੈ ਅਤੇ ਸਾਊਦੀ ਅਰਬ ਦੇ ਯੂ ਏ ਈ ਨਾਲ ਚੱਲ ਰਹੇ ਮੱਤਭੇਦਾਂ ਦਾ ਪਰਛਾਵਾਂ ਵੀ ਪਾਕਿਸਤਾਨ ਦੇ ਇਸ ਨਾਲ ਸਬੰਧਾਂ ’ਤੇ ਸਾਫ਼ ਦਿਸਦਾ ਹੈ। ਬਹੁਤ ਸਾਰੇ ਮੁਲਕਾਂ ਨੇ ਪਾਕਿਸਤਾਨ ਅਤੇ ਉਨ੍ਹਾਂ ਹੋਰਨਾਂ ਦੇਸ਼ਾਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਇਰਾਨ ਤੇ ਅਮਰੀਕਾ ਵਿਚਾਲੇ ਸਹਿਮਤੀ ਪੱਤਰ (ਮੈਮੋਰੰਡਮ ਔਫ ਅੰਡਰਸਟੈਂਡਿੰਗ) ਸਿਰੇ ਚਾੜ੍ਹਨ ਵਿੱਚ ਮਦਦ ਕੀਤੀ ਹੈ। ਇਸ ਉੱਤੇ 19 ਜੂਨ ਨੂੰ ਸਵਿਟਜ਼ਰਲੈਂਡ ਵਿੱਚ ਦਸਤਖ਼ਤ ਕੀਤੇ ਜਾਣਗੇ। ਦਿਲਚਸਪ ਗੱਲ ਇਹ ਹੈ ਕਿ ਸ਼ਾਹਬਾਜ਼ ਸ਼ਰੀਫ਼ ਨੇ ਕੌਮੀ ਅਸੈਂਬਲੀ ਵਿੱਚ ਦਿੱਤੇ ਆਪਣੇ ਭਾਸ਼ਣ ਦੌਰਾਨ ਦਾਅਵਾ ਕੀਤਾ ਕਿ ਇਸ ਦਸਤਖ਼ਤ ਸਮਾਗਮ ਦੀ ਮੇਜ਼ਬਾਨੀ ਪਾਕਿਸਤਾਨ ਕਰੇਗਾ। ਹਾਲਾਂਕਿ, ਅਜੇ ਤੱਕ ਕਿਸੇ ਵੀ ਹੋਰ ਦੇਸ਼ ਨੇ ਸ਼ਰੀਫ਼ ਦੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ। ਖ਼ੈਰ, ਇਸ ਸਮਾਗਮ ਵਿੱਚ ਸ਼ਾਹਬਾਜ਼ ਸ਼ਰੀਫ਼, ਵਿਦੇਸ਼ ਮੰਤਰੀ ਇਸਹਾਕ ਡਾਰ, ਗ੍ਰਹਿ ਮੰਤਰੀ ਮੋਹਸਿਨ ਨਕਵੀ, ਜਿਨ੍ਹਾਂ ਨੇ ਪਿਛਲੇ ਹਫ਼ਤਿਆਂ ਦੌਰਾਨ ਤਹਿਰਾਨ ਦੇ ਕਈ ਗੇੜੇ ਲਾਏ ਹਨ ਅਤੇ ਸਭ ਤੋਂ ਵੱਧ ਆਸਿਮ ਮੁਨੀਰ ਦੀ ਮੌਜੂਦਗੀ ਪੱਕੀ ਮੰਨੀ ਜਾ ਰਹੀ ਹੈ। ਯਕੀਨੀ ਤੌਰ ’ਤੇ ਪਾਕਿਸਤਾਨ ਸਮੇਤ ਦੁਨੀਆ ਭਰ ਦੀਆਂ ਨਜ਼ਰਾਂ ਟਰੰਪ ਦੇ ਇਸ ਚਹੇਤੇ ਫੀਲਡ ਮਾਰਸ਼ਲ ’ਤੇ ਟਿਕੀਆਂ ਹੋਣਗੀਆਂ। ਇਹ ਵੀ ਸੰਭਵ ਹੈ ਕਿ ਡੋਨਲਡ ਟਰੰਪ ਖ਼ੁਦ ਇਸ ਦਸਤਖ਼ਤ ਸਮਾਗਮ ਦੌਰਾਨ ਜਾਂ ਉਸ ਤੋਂ ਪਹਿਲਾਂ ਆਸਿਫ਼ ਮੁਨੀਰ ਦੀ ਰੱਜ ਕੇ ਤਾਰੀਫ਼ ਕਰਨ।
ਪਾਕਿਸਤਾਨ ’ਚ ਅਜਿਹੇ ਕਈ ਫ਼ੌਜ ਮੁਖੀ ਰਹੇ ਹਨ, ਜਿਨ੍ਹਾਂ ਨੇ ਪੂਰੇ ਮੁਲਕ ਨੂੰ ਆਪਣੇ ਦਾਬੇ ਹੇਠ ਰੱਖਿਆ। ਇਨ੍ਹਾਂ ਵਿੱਚੋਂ ਬਹੁਤਿਆਂ ਜਿਵੇਂ ਅਯੂਬ ਖ਼ਾਨ, ਯਾਹੀਆ ਖ਼ਾਨ, ਜ਼ਿਆ-ਉਲ-ਹੱਕ ਅਤੇ ਪਰਵੇਜ਼ ਮੁਸ਼ੱਰਫ਼ ਨੇ ਸਿੱਧੇ ਤੌਰ ’ਤੇ ਰਾਜ ਕੀਤਾ। ਜਦੋਂਕਿ ਕਈਆਂ ਨੇ ਸਿਵਲੀਅਨ (ਚੁਣੀ ਹੋਈ ਸਰਕਾਰ) ਦਾ ਮੁਖੌਟਾ ਪਾ ਕੇ ਸਰਕਾਰ ਨੂੰ ਉਂਗਲਾਂ ’ਤੇ ਨਚਾਇਆ। ਉਨ੍ਹਾਂ ਨੇ ਵੱਖ-ਵੱਖ ਮੌਕਿਆਂ ’ਤੇ ਆਪਣੀ ਪੂਰੀ ਸਖ਼ਤੀ ਅਤੇ ਬੇਰਹਿਮੀ ਨਾਲ ਹਕੂਮਤ ਚਲਾਈ। ਜਨਰਲ ਮੁਨੀਰ ਖ਼ੁਦ ਨੂੰ ਪਾਕਿਸਤਾਨ ਦੀ ਕਿਸਮਤ ਬਦਲਣ ਵਾਲਾ ਮਸੀਹਾ ਸਮਝਦੇ ਹਨ। ਹੁਣ ਉਹ ਬਿਨਾਂ ਕਿਸੇ ਝਿਜਕ ਤੋਂ ਪਾਕਿਸਤਾਨ ਨੂੰ ਆਪਣੇ ਨਿੱਜੀ ਵਿਚਾਰਾਂ ਮੁਤਾਬਿਕ ਢਾਲਣ ਦੀ ਕੋਸ਼ਿਸ਼ ਕਰਨਗੇ। ਇਸ ਵਿੱਚ ਇਸਲਾਮੀ ਆਸਥਾ ਪ੍ਰਤੀ ਉਨ੍ਹਾਂ ਦਾ ਕੱਟੜ ਜਨੂੰਨ ਅਤੇ ਦੋ ਕੌਮਾਂ ਦੇ ਸਿਧਾਂਤ (ਟੂ ਨੇਸ਼ਨ ਥਿਊਰੀ) ਪ੍ਰਤੀ ਅੰਨ੍ਹੀ ਵਫ਼ਾਦਾਰੀ ਸ਼ਾਮਿਲ ਹੈ, ਜਿਸ ਕਾਰਨ ਹੋਰਨਾਂ ਕਾਰਨਾਂ ਦੇ ਨਾਲ-ਨਾਲ ਉਨ੍ਹਾਂ ਦੇ ਮਨ ਵਿੱਚ ਭਾਰਤ ਪ੍ਰਤੀ ਨਫ਼ਰਤ ਭਰੀ ਹੋਈ ਹੈ। ਇਸ ਲਈ ਇਹ ਉਮੀਦ ਰੱਖਣੀ ਬੇਮਾਅਨੀ ਹੋਵੇਗੀ ਕਿ ਪਾਕਿਸਤਾਨ ਭਾਰਤ ਪ੍ਰਤੀ ਆਪਣੀ ਨੀਤੀ ਬਦਲੇਗਾ ਜਾਂ ਸਾਡੇ ਖ਼ਿਲਾਫ਼ ਮਿੱਥ ਕੇ ਅਤਿਵਾਦ ਫੈਲਾਉਣ ਦਾ ਰਾਹ ਛੱਡ ਦੇਵੇਗਾ।
ਪਾਕਿਸਤਾਨ ਲਈ ਅਸਲ ਚੁਣੌਤੀ ਇਹ ਹੈ ਕਿ ਕੀ ਉਹ ਇਸ ਇਤਿਹਾਸਕ ਸਫ਼ਲਤਾ ਨਾਲ ਖੱਟੀ ਹੋਈ ਕੌਮਾਂਤਰੀ ਹਮਦਰਦੀ ਨੂੰ ਆਪਣੇ ਮੁਲਕ ਦੀ ਆਰਥਿਕਤਾ ਸੁਧਾਰਨ ਲਈ ਵਰਤ ਸਕੇਗਾ? ਅਜਿਹਾ ਹੋਣ ਦੀ ਉਮੀਦ ਬਹੁਤ ਘੱਟ ਹੈ ਕਿਉਂਕਿ ਇਸ ਲਈ ਪਾਕਿਸਤਾਨੀ ਢਾਂਚੇ ਵਿੱਚ ਵੱਡੇ ਬਦਲਾਅ ਕਰਨੇ ਪੈਣਗੇ ਅਤੇ ਇਸ ਦੀ ਸ਼ੁਰੂਆਤ ਪਾਕਿਸਤਾਨੀ ਫ਼ੌਜ ਵੱਲੋਂ ਮੁਲਕ ਦੇ ਸਾਧਨਾਂ ਨੂੰ ਲੁੱਟਣਾ ਬੰਦ ਕਰਨ ਨਾਲ ਹੋਣੀ ਚਾਹੀਦੀ ਹੈ। ਸੱਚ ਤਾਂ ਇਹ ਹੈ ਕਿ ਪਾਕਿਸਤਾਨ ਦੇ ਆਰਥਿਕ ਤੌਰ ’ਤੇ ਸਥਿਰ ਅਤੇ ਖ਼ੁਸ਼ਹਾਲ ਮੁਲਕ ਬਣਨ ਦੇ ਰਾਹ ਵਿੱਚ ਉੱਥੋਂ ਦੀ ਫ਼ੌਜ ਹੀ ਸਭ ਤੋਂ ਵੱਡਾ ਰੋੜਾ ਹੈ। ਫ਼ੌਜ ਹਮੇਸ਼ਾ ਟਕਰਾਅ ਦਾ ਰਾਹ ਹੀ ਚੁਣਦੀ ਹੈ ਚਾਹੇ ਉਹ ਉਸ ਵੱਲੋਂ ਮਿੱਥੇ ਗਏ ਬਾਹਰੀ ਦੁਸ਼ਮਣ ਹੋਣ ਜਾਂ ਅੰਦਰੂਨੀ ਵਿਰੋਧੀ। ਉਸ ਨੇ ਕਦੇ ਵੀ ਆਪਸੀ ਹਿੱਤਾਂ ਦੇ ਸਮਝੌਤੇ ਜਾਂ ਸੁਲ੍ਹਾ-ਸਫ਼ਾਈ ਦਾ ਰਾਹ ਨਹੀਂ ਅਪਣਾਇਆ। ਇਸ ਤੋਂ ਇਲਾਵਾ ਫ਼ੌਜ ਨੇ ਪਾਕਿਸਤਾਨ ਵਿੱਚ ਜਮਹੂਰੀਅਤ ਨੂੰ ਕਦੇ ਵੀ ਮਜ਼ਬੂਤ ਨਹੀਂ ਹੋਣ ਦਿੱਤਾ ਕਿਉਂਕਿ ਲੋਕਤੰਤਰ ਦੇ ਮਜ਼ਬੂਤ ਹੋਣ ਨਾਲ ਫ਼ੌਜ ਦੇ ਨਿੱਜੀ ਵਪਾਰਕ ਹਿੱਤਾਂ ਨੂੰ ਸੱਟ ਵੱਜਦੀ ਹੈ। ਜਿਵੇਂ ਕਿ ਪ੍ਰਸਿੱਧ ਵਿਦਵਾਨ ਆਇਸ਼ਾ ਸਿੱਦੀਕਾ ਨੇ ਆਪਣੀ ਖੋਜ ਵਿੱਚ ਬਹੁਤ ਬਿਹਤਰੀਨ ਢੰਗ ਨਾਲ ਦਿਖਾਇਆ ਹੈ ਕਿ ਪਿਛਲੇ ਸਾਲਾਂ ਦੌਰਾਨ ਪਾਕਿਸਤਾਨੀ ਫ਼ੌਜ ਉੱਥੋਂ ਦਾ ਸਭ ਤੋਂ ਵੱਡਾ ਵਪਾਰਕ ਅਤੇ ਉਦਯੋਗਿਕ ਘਰਾਣਾ ਬਣ ਚੁੱਕੀ ਹੈ, ਜਿਸ ਦਾ ਹਰ ਕਾਰੋਬਾਰ ਵਿੱਚ ਹੱਥ ਹੈ।
ਹੁਣ ਜਨਰਲ ਮੁਨੀਰ ਫ਼ੌਜ ਦੇ ਇਨ੍ਹਾਂ ਕਾਰੋਬਾਰੀ ਹਿੱਤਾਂ ਨੂੰ ਹੋਰ ਵੀ ਮਜ਼ਬੂਤ ਅਤੇ ਪੱਕਾ ਕਰਨਗੇ। ਜੇਕਰ ਅਮਰੀਕਾ-ਇਰਾਨ ਦਸਤਖ਼ਤ ਸਮਾਗਮ ਸ਼ਾਹਬਾਜ਼ ਸ਼ਰੀਫ਼ ਦੇ ਐਲਾਨ ਮੁਤਾਬਿਕ ਨੇਪਰੇ ਚੜ੍ਹਦਾ ਹੈ ਤਾਂ ਭਾਰਤ ਦੇ ਕੁਝ ਹਲਕਿਆਂ ਵਿੱਚ ਇਸ ਗੱਲ ਨੂੰ ਲੈ ਕੇ ਥੋੜ੍ਹੀ ਬੇਚੈਨੀ ਹੋਣਾ ਸੁਭਾਵਿਕ ਹੈ। ਇਸ ਬੇਚੈਨੀ ਦਾ ਇੱਕ ਵੱਡਾ ਕਾਰਨ ਪਹਿਲਗਾਮ ਅਤਿਵਾਦੀ ਹਮਲੇ ਅਤੇ ਭਾਰਤ ਦੇ ‘ਅਪਰੇਸ਼ਨ ਸਿੰਧੂਰ’ ਕਾਰਨ ਪੈਦਾ ਹੋਈ ਕੁੜੱਤਣ ਵੀ ਹੋ ਸਕਦੀ ਹੈ, ਪਰ ਪਾਕਿਸਤਾਨ ਦੀ ਇਸ ਵਿਚੋਲਗੀ ਦੀ ਸਫ਼ਲਤਾ ਨੂੰ ਦੇਖਣ ਦਾ ਵਧੇਰੇ ਸੂਝਵਾਨ ਤਰੀਕਾ ਇਹ ਹੋਵੇਗਾ ਕਿ ਅਸੀਂ ਪਾਕਿਸਤਾਨ ਨੂੰ ਭੰਡਣ ਜਾਂ ਉਸ ਦਾ ਮਜ਼ਾਕ ਉਡਾਉਣ ਦੀ ਬਜਾਏ ਹੋਰਮੁਜ਼ ਜਲਡਮਰੂ ਦੇ ਖੁੱਲ੍ਹਣ ਨਾਲ ਭਾਰਤ ਅਤੇ ਬਾਕੀ ਦੁਨੀਆ ਨੂੰ ਹੋਣ ਵਾਲੇ ਫ਼ਾਇਦਿਆਂ ’ਤੇ ਧਿਆਨ ਕੇਂਦਰਿਤ ਕਰੀਏ। ਇੱਕ ਵੱਡੀ ਵਿਸ਼ਵ ਸ਼ਕਤੀ ਹੋਣ ਨਾਤੇ ਭਾਰਤ ਨੂੰ ਆਪਣਾ ਇਰਾਦਾ ਮਜ਼ਬੂਤ ਰੱਖਣਾ ਚਾਹੀਦਾ ਹੈ, ਪਰ ਸਾਡਾ ਰਵੱਈਆ ਕਦੇ ਵੀ ਤੰਗਦਿਲ ਨਹੀਂ ਹੋਣਾ ਚਾਹੀਦਾ। ਭਾਰਤੀ ਰਣਨੀਤਕ ਮਾਹਿਰਾਂ ਲਈ ਇਹ ਯਾਦ ਕਰਵਾਉਣਾ ਬਿਲਕੁਲ ਸਹੀ ਹੋਵੇਗਾ ਕਿ ਪਾਕਿਸਤਾਨ ਨੂੰ ਇਸ ਕੌਮਾਂਤਰੀ ਸ਼ਲਾਘਾ ਦਾ ਫ਼ਾਇਦਾ ਆਪਣੇ ਮੁਲਕ ਨੂੰ ਆਧੁਨਿਕ ਅਤੇ ਅਗਾਂਹਵਧੂ ਦਿਸ਼ਾ ਵੱਲ ਲੈ ਜਾਣ ਲਈ ਕਰਨਾ ਚਾਹੀਦਾ ਹੈ।
ਇਸ ਗੱਲ ਦੀ ਵੀ ਥੋੜ੍ਹੀ-ਬਹੁਤ ਸੰਭਾਵਨਾ ਹੈ ਕਿ ਆਪਣੇ ਪੁਰਾਣੇ ਫ਼ੌਜ ਮੁਖੀਆਂ ਵਾਂਗ ਜਨਰਲ ਮੁਨੀਰ ਵੀ ਭਾਰਤ-ਪਾਕਿਸਤਾਨ ਸਬੰਧਾਂ, ਖ਼ਾਸ ਕਰਕੇ ਜੰਮੂ-ਕਸ਼ਮੀਰ ਦੇ ਮੁੱਦੇ ’ਤੇ ਡੋਨਲਡ ਟਰੰਪ ਦੀ ਦਖ਼ਲਅੰਦਾਜ਼ੀ ਦੀ ਮੰਗ ਕਰਨ। ਪਾਕਿਸਤਾਨ ਪਹਿਲਾਂ ਹੀ ਮਈ 2025 ਦੇ ਭਾਰਤ-ਪਾਕਿਸਤਾਨ ਟਕਰਾਅ ਦੌਰਾਨ ਟਰੰਪ ਦੀ ਭੂਮਿਕਾ ਦੀ ਤਾਰੀਫ਼ ਕਰਕੇ ਉਨ੍ਹਾਂ ਦੀ ਹਮਦਰਦੀ ਜਿੱਤ ਚੁੱਕਿਆ ਹੈ। ਇਸ ਸਥਿਤੀ ਵਿੱਚ ਭਾਰਤ ਲਈ ਇਹੋ ਸਿਆਣਪ ਹੋਵੇਗੀ ਕਿ ਉਹ ਚੁੱਪ-ਚਪੀਤੇ ਅਮਰੀਕਾ ਨੂੰ ਚਿਤਾਵਨੀ ਦੇਵੇ ਕਿ ਉਹ ਭਾਰਤ-ਪਾਕਿਸਤਾਨ ਦੇ ਆਪਸੀ ਮਾਮਲਿਆਂ ਵਿੱਚ ਲੱਤ ਅੜਾਉਣ ਦੀ ਕੋਸ਼ਿਸ਼ ਨਾ ਕਰੇ।
Share this content:


Post Comment