ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਹੋਇਆ ਇਤਿਹਾਸਕ ਮੁਕਤ ਵਪਾਰ ਸਮਝੌਤਾ 20 ਅਕਤੂਬਰ ਤੋਂ ਹੋਵੇਗਾ ਲਾਗੂ
- ਕਾਰੋਬਾਰ, ਨਿਵੇਸ਼ ਅਤੇ ਸਿੱਖਿਆ ਦੇ ਖੇਤਰ ਵਿੱਚ ਵਧਣਗੇ ਰੋਜ਼ਗਾਰ ਦੇ ਵੱਡੇ ਅਵਸਰ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 22 ਸਤੰਬਰ 2026:
ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਵੱਡਾ ਫ਼ੈਸਲਾ ਲਿਆ ਗਿਆ ਹੈ। ਲੰਬੇ ਸਮੇਂ ਤੋਂ ਚੱਲ ਰਹੀ ਗੱਲਬਾਤ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਆਪਸੀ ਮੁਕਤ ਵਪਾਰ ਸਮਝੌਤੇ ਨੂੰ ਅਧਿਕਾਰਤ ਤੌਰ ’ਤੇ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸਮਝੌਤਾ 20 ਅਕਤੂਬਰ 2026 ਤੋਂ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ।
ਵਪਾਰ ਅਤੇ ਨਿਵੇਸ਼ ਮੰਤਰੀ ਟੌਡ ਮੈਕਲੇ ਨੇ ਸੰਸਦ ਵਿੱਚ ਭਾਰਤ ਦੇ ਉੱਚ ਅਧਿਕਾਰੀਆਂ ਨਾਲ ਕੂਟਨੀਤਕ ਦਸਤਾਵੇਜ਼ਾਂ ਦਾ ਆਦਾਨ-ਪ੍ਰਦਾਨ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦੋਹਾਂ ਦੇਸ਼ਾਂ ਨੇ ਆਪਣੇ ਕਾਨੂੰਨੀ ਅਮਲ ਪੂਰੇ ਕਰ ਲਏ ਹਨ। ਇਸ ਸਮਝੌਤੇ ਨਾਲ ਭਾਰਤ ਤੋਂ ਨਿਊਜ਼ੀਲੈਂਡ ਆਉਣ ਵਾਲੇ ਸਾਰੇ ਸਾਮਾਨ ’ਤੇ ਲੱਗਣ ਵਾਲੀ ਚੁੰਗੀ ਖ਼ਤਮ ਹੋ ਜਾਵੇਗੀ। ਦੂਜੇ ਪਾਸੇ, ਨਿਊਜ਼ੀਲੈਂਡ ਤੋਂ ਭਾਰਤ ਭੇਜੇ ਜਾਣ ਵਾਲੇ 57 ਪ੍ਰਤੀਸ਼ਤ ਸਾਮਾਨ ’ਤੇ ਵੀ ਤੁਰੰਤ ਟੈਕਸ ਮੁਆਫ਼ੀ ਮਿਲੇਗੀ, ਜੋ ਆਉਣ ਵਾਲੇ ਸਮੇਂ ਵਿੱਚ ਹੋਰ ਵਧੇਗੀ।
ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਇਸ ਨੂੰ ਇੱਕ ਬਹੁਤ ਹੀ ਮਹੱਤਵਪੂਰਨ ਮੌਕਾ ਦੱਸਿਆ ਹੈ। ਉਨ੍ਹਾਂ ਕਿਹਾ ਕਿ 1.4 ਅਰਬ ਦੀ ਆਬਾਦੀ ਵਾਲੇ ਭਾਰਤੀ ਬਾਜ਼ਾਰ ਵਿੱਚ ਨਿਊਜ਼ੀਲੈਂਡ ਦੇ ਕਾਰੋਬਾਰੀਆਂ ਲਈ ਵੱਡੇ ਰੋਜ਼ਗਾਰ ਅਤੇ ਵਪਾਰ ਦੇ ਰਾਹ ਖੁੱਲ੍ਹਣਗੇ। ਲੱਕੜ, ਭੇਡ ਦੇ ਮਾਸ, ਊਣ ਅਤੇ ਕੋਲੇ ਵਰਗੀਆਂ ਚੀਜ਼ਾਂ ’ਤੇ ਤੁਰੰਤ ਟੈਕਸ ਖ਼ਤਮ ਹੋ ਜਾਵੇਗਾ, ਜਦੋਂ ਕਿ ਸੇਬ ਅਤੇ ਕੀਵੀ ਫ਼ਲ ਵਰਗੀਆਂ ਚੀਜ਼ਾਂ ਲਈ ਖ਼ਾਸ ਛੋਟ ਦਿੱਤੀ ਜਾਵੇਗੀ।
ਇਸ ਸਮਝੌਤੇ ਵਿੱਚ ਵਪਾਰ ਦੇ ਨਾਲ-ਨਾਲ ਲੋਕਾਂ ਦੀ ਆਵਾਜਾਈ ਵੀ ਸ਼ਾਮਲ ਹੈ। ਨਿਊਜ਼ੀਲੈਂਡ ਹਰ ਸਾਲ ਭਾਰਤੀ ਮਾਹਰਾਂ, ਰਸੋਈਆਂ (ਸ਼ੈੱਫ), ਯੋਗਾ ਅਧਿਆਪਕਾਂ, ਸੰਗੀਤਕਾਰਾਂ ਅਤੇ ਆਯੁਰਵੇਦ ਦੇ ਡਾਕਟਰਾਂ ਲਈ ਵਿਸ਼ੇਸ਼ ਵੀਜ਼ੇ ਜਾਰੀ ਕਰੇਗਾ। ਇਸ ਤੋਂ ਇਲਾਵਾ ਵਿਦਿਆਰਥੀਆਂ ਅਤੇ ਵਰਕਿੰਗ ਹੋਲੀਡੇ ਵਾਲਿਆਂ ਲਈ ਵੀ ਖ਼ਾਸ ਇੰਤਜ਼ਾਮ ਕੀਤੇ ਗਏ ਹਨ।
ਹਾਲਾਂਕਿ, ਨਿਊਜ਼ੀਲੈਂਡ ਫ਼ਰਸਟ ਪਾਰਟੀ ਨੇ ਇਸ ਸਮਝੌਤੇ ਵਿੱਚ ਸ਼ਾਮਲ ਇਮੀਗ੍ਰੇਸ਼ਨ ਅਤੇ ਦੁੱਧ ਉਤਪਾਦਾਂ ਦੀਆਂ ਸ਼ਰਤਾਂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸਮਝੌਤਾ ਦੇਸ਼ ਦੇ ਹਿੱਤ ਵਿੱਚ ਨਹੀਂ ਹੈ। ਪਰ ਸਰਕਾਰ ਨੇ ਇਨ੍ਹਾਂ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਹੈ ਕਿ ਇਹ ਨਿਯਮ ਸਿਰਫ਼ ਕੰਮ ਵਾਲੇ ਵੀਜ਼ਿਆਂ ਤੱਕ ਸੀਮਤ ਹਨ।
ਹੁਣ ਸਾਰੀਆਂ ਰਾਜਨੀਤਿਕ ਬਹਿਸਾਂ ਨੂੰ ਪਿੱਛੇ ਛੱਡਦੇ ਹੋਏ, ਦੋਹਾਂ ਦੇਸ਼ਾਂ ਦਾ ਧਿਆਨ ਇਸ ਸਮਝੌਤੇ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ, ਨਿਵੇਸ਼ ਵਧਾਉਣ ਅਤੇ ਕਾਰੋਬਾਰੀ ਲਾਭ ਪ੍ਰਾਪਤ ਕਰਨ ’ਤੇ ਕੇਂਦਰਿਤ ਹੋ ਗਿਆ ਹੈ।
Share this content:



Post Comment