Loading Now

ਨਿਊਕਲੀਅਰ ਵਿਸਥਾਰ ਵੱਲ ਮੁੜ ਵਧਦਾ ਸੰਸਾਰ

ਨਿਊਕਲੀਅਰ ਵਿਸਥਾਰ ਵੱਲ ਮੁੜ ਵਧਦਾ ਸੰਸਾਰ

ਵਿਸ਼ਵ ਸਿਆਸੀ-ਆਰਥਿਕ ਢਾਂਚਾ ਤਬਦੀਲੀ ਦੇ ਪੜਾਅ ’ਤੇ ਹੋਣ ਨਾਲ ਸੰਸਾਰ ’ਚ ਅਨਿਸ਼ਚਿਤਤਾ ਲਗਾਤਾਰ ਵਧ ਰਹੀ ਹੈ, ਜਿਸ ਕਾਰਨ ਸੰਸਾਰ ਭਰ ਦੀਆਂ ਵੱਡੀਆਂ ਤਾਕਤਾਂ ਵਿਚਕਾਰ ਮੰਡੀ ਉੱਤੇ ਕਬਜ਼ੇ ਦੀ ਹੋੜ ਹੈ। ਸਾਮਰਾਜੀ ਤਾਕਤਾਂ ਦੁਨੀਆਂ ਦੇ ਗ਼ਰੀਬ ਮੁਲਕਾਂ ਵਿੱਚ ਆਰਥਿਕ-ਸਿਆਸੀ ਦਖ਼ਲਅੰਦਾਜ਼ੀ ਕਰਕੇ ਨਵੀਆਂ ਬਸਤੀਆਂ ਤੇ ਜੰਗਾਂ ਨੂੰ ਜਨਮ ਦੇ ਰਹੀਆਂ ਹਨ। ਇਨ੍ਹਾਂ ਤਾਕਤਾਂ ਦੀ ਆਪਸੀ ਜ਼ੋਰ-ਅਜ਼ਮਾਇਸ਼ ਕਾਰਨ ਦੁਨੀਆ ਭਰ ਦੇ ਦੇਸ਼ਾਂ ਵਿੱਚ ਫ਼ੌਜੀ ਤੇ ਰੱਖਿਆ ਖੇਤਰ ਵਿੱਚ ਨਿਵੇਸ਼ ਵਧ ਰਿਹਾ ਹੈ। ਅਜੋਕੀ ਭੂ-ਸਿਆਸਤ ਦੀ ਤਾਜ਼ਾ ਮਿਸਾਲ ਇਰਾਨ ਦੀ ਜੰਗ ਹੈ। 28 ਫਰਵਰੀ 2026 ਤੋਂ ਅਮਰੀਕਾ-ਇਜ਼ਰਾਈਲ ਵੱਲੋਂ ਇਰਾਨ ਉੱਤੇ ਹਮਲੇ ਸ਼ੁਰੂ ਹੋਏ ਹਨ। ਇਨ੍ਹਾਂ ਹਮਲਿਆਂ ’ਚ ਇਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਖਮੇਨੇਈ ਸਮੇਤ ਕਈ ਉੱਚ ਅਧਿਕਾਰੀ ਮਾਰੇ ਗਏ ਹਨ, ਨਿਊਕਲੀਅਰ ਸਾਈਟ ਤਬਾਹ ਕੀਤੇ ਗਏ ਹਨ ਅਤੇ ਰਿਹਾਇਸ਼ੀ ਇਲਾਕਿਆਂ ’ਤੇ ਹਮਲੇ ਹੋ ਰਹੇ ਹਨ। ਇਰਾਨ ਵੱਲੋਂ ਜਵਾਬੀ ਹਮਲੇ ਹੋ ਰਹੇ ਹਨ। ਰੂਸ ਅਤੇ ਚੀਨ ਨੇ ਇਸ ਨੂੰ ‘ਬਿਨਾਂ ਉਕਸਾਏ ਅਗਰੈਸ਼ਨ’ ਕਿਹਾ ਅਤੇ ਚਿਤਾਵਨੀ ਦਿੱਤੀ ਹੈ ਕਿ ਇਹ ਤੀਜੀ ਵਿਸ਼ਵ ਜੰਗ ਵੱਲ ਲਿਜਾ ਸਕਦਾ ਹੈ।

ਇਸੇ ਤਰ੍ਹਾਂ ਵੈਨੇਜ਼ੁਏਲਾ ਵਿੱਚ ਜਨਵਰੀ 2026 ਵਿੱਚ ਅਮਰੀਕੀ ਫ਼ੌਜਾਂ ਨੇ ਰਾਸ਼ਟਰਪਤੀ ਮਾਦੂਰੋ ਨੂੰ ਪਤਨੀ ਸਮੇਤ ਗ੍ਰਿਫ਼ਤਾਰ ਕੀਤਾ ਅਤੇ ਤੇਲ ਉਦਯੋਗ ’ਤੇ ਸਿੱਧਾ ਕੰਟਰੋਲ ਕਰ ਲਿਆ। ਤੇਲ ਅਤੇ ਕੁਦਰਤੀ ਸਰੋਤਾਂ ’ਤੇ ਕਬਜ਼ਾ ਕਰਨ ਲਈ ਅਮਰੀਕਾ ਨੇ ਕੌਮਾਂਤਰੀ ਕਾਨੂੰਨਾਂ ਨੂੰ ਛਿੱਕੇ ਟੰਗ ਦਿੱਤਾ ਹੈ। ਇਰਾਨ ਅਤੇ ਵੈਨੇਜ਼ੁਏਲਾ ਦੋਵਾਂ ਵਿੱਚ ਤੇਲ ਇੱਕ ਮੁੱਖ ਨਿਸ਼ਾਨਾ ਹੈ। ਇੱਕ ਪਾਸੇ ਨਿਊਕਲੀਅਰ ਹਥਿਆਰਾਂ ਦਾ ਬਹਾਨਾ, ਦੂਜੇ ਪਾਸੇ ਸਿੱਧੀ ਫ਼ੌਜੀ ਕਾਰਵਾਈ। ਇਹ ਦੋਵੇਂ ਘਟਨਾਵਾਂ ਸਾਬਿਤ ਕਰਦੀਆਂ ਹਨ ਕਿ ਸਾਮਰਾਜੀ ਤਾਕਤਾਂ ਸਰੋਤਾਂ ’ਤੇ ਕਬਜ਼ੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਹਨ। ਅਜੋਕੀ ਸਥਿਤੀ ਉਸ ਵਿਚਾਰ ਦੀ ਪੁਸ਼ਟੀ ਕਰਦੀ ਹੈ ਕਿ ਨਿਊਕਲੀਅਰ ਹਥਿਆਰ ਹੀ ਅੰਤਿਮ ਸੁਰੱਖਿਆ ਕਵਚ ਹਨ। ਅਸੁਰੱਖਿਆ ਦੀ ਭਾਵਨਾ ਪੈਦਾ ਕਰਕੇ ਜ਼ਿਆਦਾਤਰ ਦੇਸ਼ਾਂ ਦੇ ਬਜਟ ਦਾ ਬਹੁਤਾ ਹਿੱਸਾ ਸਖ਼ਤ ਸਰਹੱਦੀ ਸੁਰੱਖਿਆ, ਆਰਥਿਕ ਰਾਸ਼ਟਰਵਾਦ ਅਤੇ ਹਥਿਆਰਾਂ ਦੇ ਨਵੀਨੀਕਰਨ ’ਤੇ ਲਗਾਇਆ ਜਾ ਰਿਹਾ ਹੈ। ਮਸਨੂਈ ਬੁੱਧੀ, ਸਾਈਬਰ ਖੇਤਰ, ਪ੍ਰਮਾਣੂ ਪਣਡੁੱਬੀਆਂ, ਹਾਈਪਰਸੋਨਿਕ ਹਥਿਆਰਾਂ, ਪ੍ਰਮਾਣੂ ਮਿਜ਼ਾਈਲਾਂ ਅਤੇ ਕੁਆਂਟਮ ਤਕਨਾਲੋਜੀ ਵਰਗੀਆਂ ਤਕਨੀਕਾਂ ਨਾਲ ਪਰਮਾਣੂ ਸਮਰੱਥਾਵਾਂ ਅਤੇ ਰੋਕਥਾਮ ਦੇ ਤਰੀਕਿਆਂ ਨੂੰ ਮੁੜ-ਪਰਿਭਾਸ਼ਿਤ ਕੀਤਾ ਜਾ ਰਿਹਾ ਹੈ।

ਮਨੁੱਖੀ ਸੱਭਿਅਤਾ ਦੀ ਉੱਨਤੀ ਦੇ ਨਾਲ-ਨਾਲ ਹਥਿਆਰਾਂ ਦੀ ਪ੍ਰਗਤੀ ਵੀ ਹੋਈ ਹੈ। ਮਨੁੱਖ ਨੇ ਨੇਜ਼ਿਆਂ-ਭਾਲਿਆਂ ਤੋਂ ਲੈ ਕੇ ਆਧੁਨਿਕ ਖ਼ਤਰਨਾਕ ਹਥਿਆਰਾਂ ਤੱਕ ਦਾ ਸਫ਼ਰ ਤੈਅ ਕਰਦਿਆਂ ਅਨੇਕਾਂ ਮਨੁੱਖੀ ਤ੍ਰਾਸਦੀਆਂ ਨੂੰ ਆਪਣੇ ਪਿੰਡੇ ਉੱਤੇ ਹੰਢਾਇਆ ਹੈ। ਇਸ ਸਮੇਂ ਪੂੰਜੀਵਾਦ ਦਾ ਸੰਕਟ ਦਿਨ-ਬ-ਦਿਨ ਗਹਿਰਾ ਹੁੰਦਾ ਜਾ ਰਿਹਾ ਹੈ। ਉਤਪਾਦਨ ਸ਼ਕਤੀਆਂ ਦੇ ਵਿਕਸਿਤ ਹੋਣ ਨਾਲ ਮੰਡੀਆਂ ਹੋਰ ਵਿਸਤਾਰ ਚਾਹੁੰਦੀਆਂ ਹਨ। ਵਿੱਤੀ-ਕਬਜ਼ੇ, ਭੂ-ਸਿਆਸੀ ਅਤੇ ਕੌਮਾਂਤਰੀ ਤਣਾਅ ਹੋਰ ਤਿਖੇਰਾ ਹੋ ਰਿਹਾ ਹੈ। ਸਾਮਰਾਜੀ ਤਾਕਤਾਂ ਵੱਲੋਂ ਯੁੱਧ ਰਾਹੀਂ ਸ਼ਾਂਤੀ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ ਤੇ ਇਸ ਹਾਲਤ ਵਿੱਚ ਹਥਿਆਰਾਂ ਦੀ ਹੋੜ ਹੋਰ ਵਧ ਰਹੀ ਹੈ। ਅਮਰੀਕਾ, ਰੂਸ ਅਤੇ ਚੀਨ ਤਿੰਨ ਵੱਡੇ ਹਥਿਆਰ ਨਿਰਮਾਤਾ ਦੇਸ਼ ਹਨ। ਇਨ੍ਹਾਂ ਦੇ ਅਮਲ ਅਤੇ ਬਿਆਨ ਹਥਿਆਰਾਂ ਦੇ ਹੋਰ ਵੱਧ ਪਸਾਰ ਵੱਲ ਸੇਧਿਤ ਹਨ।

ਸ਼ੀਤ ਯੁੱਧ ਤੋਂ ਬਾਅਦ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਉੱਤੇ ਅਸਥਾਈ ਰੋਕਥਾਮ ਤੇ ਸੀਮਿਤ ਵਰਤੋਂ ਦੀ ਨੀਤੀ ਅਪਣਾਈ ਗਈ ਸੀ, ਪਰ ਹੁਣ ਵਿਸ਼ਵ ਆਰਥਿਕਤਾ ਦੇ ਸੰਕਟਗ੍ਰਸਤ ਹੋਣ ਨਾਲ ਇਨ੍ਹਾਂ ਖ਼ਤਰਨਾਕ ਹਥਿਆਰਾਂ ਦੇ ਉਤਪਾਦਨ ਅਤੇ ਵਪਾਰ ਵਿੱਚ ਮੁੜ ਤੇਜ਼ੀ ਆ ਰਹੀ ਹੈ। ਹਿੰਸਾ, ਅਰਾਜਕਤਾ ਅਤੇ ਯੁੱਧ ਪੂੰਜੀਵਾਦੀ ਪ੍ਰਣਾਲੀ ਦੇ ਅਟੁੱਟ ਅੰਗ ਹਨ। ਇਹ ਵਿਗਾੜ ਇਸ ਢਾਂਚੇ ਦੇ ਅੰਦਰੂਨੀ ਵਿਰੋਧਾਂ ਵਿੱਚੋਂ ਪੈਦਾ ਹੁੰਦੇ ਹਨ ਅਤੇ ਇਸ ਦੀ ਹੋਂਦ ਤੱਕ ਬਰਕਰਾਰ ਰਹਿਣ ਵਾਲੇ ਹਨ। ਅਮਰੀਕੀ ਸਾਮਰਾਜੀ ਦਬਦਬੇ ਦਾ ਖੁਰਨਾ ਅਤੇ ਹੋਰ ਸਾਮਰਾਜੀ ਤਾਕਤਾਂ, ਜੋ ਮੰਡੀਆਂ ’ਤੇ ਕਬਜ਼ੇ ਦੇ ਭੇੜ ਨੂੰ ਲੈ ਕੇ ਮੈਦਾਨ ’ਚ ਹਨ, ਤਾਂ ਇਸ ਸਮੇਂ ਪ੍ਰਮਾਣੂ ਪਸਾਰ ਨੂੰ ਫ਼ੌਜੀਕਰਨ ਦੀ ਨੀਤੀ ’ਚ ਸ਼ਾਮਿਲ ਕਰਨਾ ਸਾਮਰਾਜੀ ਧੌਂਸ ਨੂੰ ਸਥਾਪਿਤ ਕਰਨ ਅਤੇ ਆਰਥਿਕ-ਸਿਆਸੀ ਸਮਝੌਤਿਆਂ ਦੌਰਾਨ ਆਪਣੀਆਂ ਸ਼ਰਤਾਂ ਨੂੰ ਥੋਪਣ ਲਈ ਹਥਿਆਰ ਵਜੋਂ ਵਰਤਣ ਦਾ ਸਾਧਨ ਹਨ। ਮਾਰੂ ਜੰਗੀ ਹਥਿਆਰਾਂ ਦਾ ਇਹ ਦਬਦਬਾ ਵਿਸ਼ਵ ਵਪਾਰ ਨੂੰ ਪ੍ਰਭਾਵਿਤ ਕਰਨ ਅਤੇ ਹੋਰ ਗ਼ੈਰ-ਪ੍ਰਮਾਣੂ ਸਮਰੱਥਾ ਵਾਲੇ ਮੁਲਕਾਂ ਨੂੰ ਸੁਰੱਖਿਆ ਛੱਤਰੀ ਦੀ ਗਾਰੰਟੀ ਵੇਚਣ ਲਈ ਵੀ ਵਰਤਿਆ ਜਾਂਦਾ ਹੈ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਪੈਂਟਾਗਨ ਨੂੰ ਹਦਾਇਤ ਦਿੱਤੀ ਹੈ ਕਿ ਉਹ ਤੁਰੰਤ ਰੂਸ ਅਤੇ ਚੀਨ ਵਰਗੀਆਂ ਹੋਰ ਪ੍ਰਮਾਣੂ ਸ਼ਕਤੀਆਂ ਦੇ ਬਰਾਬਰ ਆਪਣੇ ਪ੍ਰਮਾਣੂ ਹਥਿਆਰਾਂ ਦੇ ਨਿਰੀਖਣ ਦੀ ਸ਼ੁਰੂਆਤ ਕਰੇ। ਇੱਕ ਅੰਦਾਜ਼ੇ ਮੁਤਾਬਿਕ ਅਗਲੇ ਪੰਜ ਸਾਲਾਂ ਤੱਕ ਚੀਨ ਦਾ ਪ੍ਰਮਾਣੂ ਭੰਡਾਰ ਅਮਰੀਕਾ ਤੋਂ ਵੱਧ ਹੋਵੇਗਾ। ਅਮਰੀਕਾ ਨੇ 1992 ਵਿੱਚ ਆਪਣਾ ਆਖ਼ਰੀ ਪੂਰਨ ਪ੍ਰਮਾਣੂ ਨਿਰੀਖਣ ਕੀਤਾ ਸੀ। ਪਿਛਲੇ ਦਿਨੀਂ ਰੂਸੀ ਰਾਸ਼ਟਰਪਤੀ ਪੂਤਿਨ ਨੇ ਇੱਕ ਪ੍ਰਮਾਣੂ-ਸਮਰੱਥ ਕਰੂਜ਼ ਮਿਜ਼ਾਈਲ ‘ਬੁਰੇਵੇਸਤਨਿਕ’ ਅਤੇ ਇੱਕ ਪ੍ਰਮਾਣੂ-ਸੰਚਾਲਿਤ ‘ਪੋਸੀਡਨ’ ਤਾਰਪੀਡੋ ਦੇ ਸਫ਼ਲ ਨਿਰੀਖਣਾਂ ਦਾ ਐਲਾਨ ਕੀਤਾ ਸੀ। ਸਾਰੇ ਨੌਂ ਪਰਮਾਣੂ-ਸੰਪੰਨ ਦੇਸ਼ਾਂ ਨੇ 2024 ਵਿੱਚ ਆਪਣੇ ਪਰਮਾਣੂ ਹਥਿਆਰਾਂ ਨੂੰ ਉੱਨਤ ਕਰਨਾ ਜਾਰੀ ਰੱਖਿਆ। ਸਿਪਰੀ ਦੀ ਰਿਪੋਰਟ ਅਨੁਸਾਰ, ਜਨਵਰੀ 2025 ਤੱਕ ਦੁਨੀਆ ਵਿੱਚ ਕੁੱਲ 12,241 ਪਰਮਾਣੂ ਵਾਰਹੈੱਡ ਸਨ, ਜਿਨ੍ਹਾਂ ਵਿੱਚੋਂ 9,614 ਫ਼ੌਜੀ ਭੰਡਾਰਾਂ ਵਿੱਚ ਸਨ।
ਇਨ੍ਹਾਂ ਵਿੱਚੋਂ 3,912 ਵਾਰਹੈੱਡ ਮਿਜ਼ਾਈਲਾਂ ਅਤੇ ਲੜਾਕੂ ਜਹਾਜ਼ ਸਨ ਅਤੇ ਲਗਭਗ 2100 ਵਾਰਹੈੱਡ ਉੱਚ ਸਮਰੱਥਾ ਵਾਲੇ ਸਨ, ਜੋ ਜ਼ਿਆਦਾਤਰ ਰੂਸ ਅਤੇ ਅਮਰੀਕਾ ਕੋਲ ਸਨ। ਰੂਸ ਅਤੇ ਅਮਰੀਕਾ ਕੋਲ ਦੁਨੀਆ ਦੇ 90 ਫ਼ੀਸਦੀ ਪਰਮਾਣੂ ਹਥਿਆਰ ਹਨ। 2026 ਵਿੱਚ ਦੋ-ਪੱਖੀ ਪ੍ਰਮਾਣੂ ਸਮਝੌਤਾ ਖ਼ਤਮ ਹੋਣ ਤੋਂ ਬਾਅਦ ਤਾਇਨਾਤ ਵਾਰਹੈੱਡਾਂ ਦੀ ਗਿਣਤੀ ਵਧ ਸਕਦੀ ਹੈ। ਚੀਨ ਨੇ ਵੀ ਪਰੇਡ ਦਿਵਸ ’ਤੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਆਪਣੇ ਸਾਥੀਆਂ ਅਤੇ ਵਿਰੋਧੀਆਂ ਦੋਵਾਂ ਨੂੰ ਹਥਿਆਰ ਪ੍ਰਦਰਸ਼ਨ ਰਾਹੀਂ ਰਣਨੀਤਕ ਸੰਦੇਸ਼ ਦਿੰਦੇ ਹੋਏ ਆਪਣੇ ਨਾਗਰਿਕਾਂ ’ਚ ਰਾਸ਼ਟਰਵਾਦੀ ਭਾਵਨਾ ਭਰਨ ਦੀ ਕੋਸ਼ਿਸ਼ ਕੀਤੀ ਹੈ। ਚੀਨ ਨੇ ਆਪਣੀ ਉਤਪਾਦਨ ਸਮਰੱਥਾ ਨੂੰ ਵਿਸ਼ਵ ਸਾਹਮਣੇ ਪੇਸ਼ ਕਰਦਿਆਂ ਦੱਸਿਆ ਕਿ ਉਸ ਦਾ ਉਦਯੋਗ ਸਿਰਫ਼ ਉਪਭੋਗਤਾ ਵਸਤਾਂ ਤੱਕ ਹੀ ਸੀਮਿਤ ਨਹੀਂ, ਸਗੋਂ ਫ਼ੌਜੀ ਤਕਨਾਲੋਜੀ ਵਿੱਚ ਵੀ ਉਸ ਕੋਲ ਯੋਗ ਸਮਰੱਥਾ ਹੈ। ਇਸ ਰਾਹੀਂ ਸੰਸਾਰ ਨੂੰ ਸੁਨੇਹਾ ਦਿੱਤਾ ਗਿਆ ਕਿ ਚੀਨੀ ਪ੍ਰਬੰਧ ਸਥਿਰ, ਸਮਰੱਥ ਅਤੇ ਅਕੀਦੇ ਦੀ ਸਪੱਸ਼ਟਤਾ ਵਾਲਾ ਪ੍ਰਬੰਧ ਹੈ।

ਉਧਰ ਅਮਰੀਕਾ ਅਤੇ ਯੂਰੋਪ ਵਿਚਕਾਰ ਦੂਰੀਆਂ ਵਧਦੀਆਂ ਜਾ ਰਹੀਆਂ ਹਨ। ਅਮਰੀਕੀ ਰਾਸ਼ਟਰਪਤੀ ਟਰੰਪ ਦੁਆਰਾ ਰੂਸ-ਯੂਕਰੇਨ ਸ਼ਾਂਤੀ ਸਮਝੌਤੇ ਦੀ ਸਾਲਸੀ ’ਚ ਰੂਸ ਨੂੰ ਮੁੜ ਪੈਰਾਂ ਸਿਰ ਕਰਨ ਅਤੇ ਜੀ ਅੱਠ ਗਰੁੱਪ ਵਿੱਚ ਮੁੜ-ਸ਼ਾਮਿਲ ਹੋਣ ਦਾ ਨੁਕਤਾ ਲਿਖਣਾ ਪੂਰਾ ਧਿਆਨ ਪੇਈਚਿੰਗ ’ਤੇ ਕੇਂਦਰਿਤ ਕਰਨ ਵੱਲ ਹੈ। ਦੂਜੇ ਪਾਸੇ ‘ਅਮਰੀਕਾ ਫਸਟ’ ਕਹਿ ਕੇ ਨਾਟੋ ਨੂੰ ਨਕਾਰਿਆ ਵੀ ਜਾ ਰਿਹਾ ਹੈ। ਯੂਰੋਪ ਵਿੱਚ ਫਰਾਂਸ ਦੇ ਪਰਮਾਣੂ ਹਥਿਆਰਾਂ ਦੇ ਦਾਇਰੇ ਨੂੰ ਵਧਾਉਣ ’ਤੇ ਚਰਚਾ ਚੱਲ ਰਹੀ ਹੈ, ਜਿਸ ਵਿੱਚ ਜਰਮਨੀ ਅਤੇ ਪੋਲੈਂਡ ਵਰਗੇ ਗੈਰ-ਪਰਮਾਣੂ ਦੇਸ਼ ਸ਼ਾਮਲ ਹਨ। ਬ੍ਰਿਟੇਨ ਵੀ ਇਸ ਯੂਰੋਪੀ ਫ਼ੌਜੀ ਮੁੜ-ਤਬਦੀਲੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਹਾਲਾਂਕਿ ਯੂਰੋਪ ਫ਼ਿਲਹਾਲ ਆਪਣੀ ਏਕੀਕ੍ਰਿਤ ਫ਼ੌਜੀ ਕਮਾਂਡ ਦੀ ਕਮੀ ਕਾਰਨ ਅਮਰੀਕਾ ’ਤੇ ਨਿਰਭਰ ਹੈ, ਪਰ ਵਿਸ਼ਾਲ ਫ਼ੌਜੀ ਮੁੜ-ਤਬਦੀਲੀ ਭਵਿੱਖ ਵਿੱਚ ਇੱਕ ਵਧੇਰੇ ਸੁਤੰਤਰ ਯੂਰੋਪੀ ਫ਼ੌਜੀ ਰਾਹ ਦੀ ਸੰਭਾਵਨਾ ਨੂੰ ਦਰਸਾਉਂਦੀ ਹੈ।

ਅਮਰੀਕੀ ਫ਼ੌਜੀ ਇਜ਼ਰਾਇਲੀ ਅੱਡਾ ਮੱਧ ਪੂਰਬ ਵਿੱਚ ਅਸੁਰੱਖਿਆ ਦੀ ਭਾਵਨਾ ਨੂੰ ਤਰਜੀਹਾਂ ਦੇ ਕੇ ਗੁਆਂਢੀ ਮੁਲਕਾਂ ਨੂੰ ਅਮਰੀਕੀ ਸੁਰੱਖਿਆ ਛੱਤਰੀ ਵੱਲ ਧੱਕ ਰਿਹਾ ਹੈ। ਇਰਾਕ-ਇਰਾਨ ਵਰਗੇ ਦੇਸ਼ ਜੇਕਰ ਸਿਰਫ ਨਿਊਕਲੀਅਰ ਰਿਐਕਟਰ ਇਕੱਠੇ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ ਤਾਂ ਉਹਨਾਂ ਮੁਲਕਾਂ ਦੇ ਅੰਦਰ ਦਾਖ਼ਲ ਹੋ ਕੇ ਤਬਾਹੀ ਦੀਆਂ ਮਿਸਾਲਾਂ ਕਾਇਮ ਕੀਤੀਆਂ ਗਈਆਂ। ਆਸਟ੍ਰੇਲੀਆ, ਇੰਗਲੈਂਡ, ਅਮਰੀਕਾ ਪ੍ਰਮਾਣੂ ਪਣਡੁੱਬੀਆਂ ਦੇ ਪ੍ਰਾਜੈਕਟ ਵਿੱਚ ਚੀਨ ਨੂੰ ਵੱਡਾ ਖ਼ਤਰਾ ਮੰਨਦੇ ਹਨ। ਉੱਤਰੀ ਕੋਰੀਆ ਦੇ ਡਰ ਨੂੰ ਆਧਾਰ ਬਣਾ ਕੇ ਅਮਰੀਕਾ ਅਤੇ ਦੱਖਣੀ ਕੋਰੀਆ ਵਿਚਕਾਰ ਸੁਰੱਖਿਆ ਸਮਝੌਤਾ ਹੋਇਆ ਹੈ, ਜਿਸ ਵਿੱਚ ਦੱਖਣੀ ਕੋਰੀਆ ਦੀ ਅਮਰੀਕੀ ਸਹਿਯੋਗ ਨਾਲ ਪਰਮਾਣੂ-ਸੰਚਾਲਿਤ ਪਣਡੁੱਬੀਆਂ ਬਣਾਉਣ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਪਾਨ ਦੇ ਨਵੇਂ ਪ੍ਰਧਾਨ ਮੰਤਰੀ ਵੱਲੋਂ ਤਿੰਨ ਗੈਰ-ਪਰਮਾਣੂ ਸਿਧਾਂਤਾਂ ਵਿੱਚ ਤਬਦੀਲੀ ਦੇ ਸੰਕੇਤ ਅਤੇ ਤਾਇਵਾਨ ਸਬੰਧੀ ਬਿਆਨ ਨੇ ਖੇਤਰ ਵਿੱਚ ਤਣਾਅ ਨੂੰ ਹੋਰ ਵਧਾਇਆ ਹੈ।

ਕੋਲੇ ਅਤੇ ਤੇਲ ਨੂੰ ਲੈ ਕੇ ਚੱਲਦੀ ਆ ਰਹੀ ਸਾਮਰਾਜੀ ਖਿਚੋਤਾਣ ਸੈਮੀਕੰਡਕਟਰਾਂ ਅਤੇ ਦੁਰਲੱਭ ਧਰਤੀ-ਖਣਿਜਾਂ ਤੱਕ ਪਹੁੰਚ ਗਈ ਹੈ। ਅੱਸੀ ਸਾਲ ਪਹਿਲਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਸੁੱਟੇ ਪ੍ਰਮਾਣੂ ਬੰਬ ਮਨੁੱਖਤਾ ਲਈ ਚੇਤਾਵਨੀ ਸਨ। ਨਿਊਕਲੀਅਰ ਵਿਸਥਾਰ ਨੂੰ ਆਮ ਵਾਂਗ ਸਵੀਕਾਰਨਾ ਮਨੁੱਖਤਾ ਲਈ ਘਾਤਕ ਸਾਬਿਤ ਹੋਵੇਗਾ। ਪ੍ਰਮਾਣੂ ਯੁੱਧ ਕਿਸੇ ਨੂੰ ਵੀ ਆਰਥਿਕ ਲਾਭ ਨਹੀਂ ਦੇ ਸਕਦਾ। ਇਸਦਾ ਅੰਤਿਮ ਨਤੀਜਾ ਪੂਰਨ ਤਬਾਹੀ ਅਤੇ ਸਰਬਨਾਸ਼ ਹੈ। ਪੂੰਜੀਵਾਦ ਦਾ ਅੰਦਰੂਨੀ ਵਿਰੋਧਾਭਾਸ ਵਧਦਾ ਜਾ ਰਿਹਾ ਹੈ। ਜੰਗੀ ਖਰਚਿਆਂ ਦੀ ਭਰਪਾਈ ਜਨਤਕ ਖੇਤਰ ਨੂੰ ਖਤਮ ਕਰਕੇ ਕੀਤੀ ਜਾ ਰਹੀ ਹੈ।

Share this content:

Previous post

ਹਿਮਾਚਲ ਘੁੰਮਣ ਗਏ ਤਿੰਨ ਪੰਜਾਬੀਆਂ ਦੀ ਹਾਦਸੇ ਵਿਚ ਮੌਤ

Next post

ਆਯੂਸ਼ਮਨ ਭਾਰਤ ਸਕੀਮ ਵਿੱਚ ਸ਼ਰਤਾਂ ਲਾਗੂ, ਜਦੋਂ ਕਿ ‘ਆਪ` ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਬਿਨਾਂ ਕਿਸੇ ਪਾਬੰਦੀ ਦੇ 10 ਲੱਖ ਰੁਪਏ ਦੇ ਨਕਦ ਰਹਿਤ ਇਲਾਜ ਦੀ ਗਰੰਟੀ ਦਿੰਦੀ ਹੈ, ਫਰਕ ਇਰਾਦੇ ਵਿੱਚ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

Post Comment