ਟਰੰਪ ਦਾ ਡਰ ਸੱਚਾ
ਇਸ ਵੇਲੇ ਦੁਨੀਆ ਦੇ ਕਿਸੇ ਵੀ ਖੇਤਰ ਜਾਂ ਦੇਸ਼ ਵਿੱਚ ਇਨਕਲਾਬੀ ਸਾਧਨਾਂ ਰਾਹੀਂ ਸਮਾਜਵਾਦੀ ਇਨਕਲਾਬ ਜਾਂ ਜਮਹੂਰੀ ਕੇਂਦਰੀਵਾਦ ਦੇ ਸਿਧਾਂਤ ‘ਤੇ ਸੰਗਠਤ ਕਿਸੇ ਕਮਿਊਨਿਸਟ ਪਾਰਟੀ ਦੇ ਸੱਤਾ ਵਿੱਚ ਆਉਣ ਦੀ ਕੋਈ ਸੰਭਾਵਨਾ ਨਹੀਂ ਜਾਪਦੀ। ਪਿਛਲੇ 35 ਸਾਲਾਂ ਤੋਂ ਸੋਵੀਅਤ ਯੂਨੀਅਨ ਦੇ ਢਹਿ-ਢੇਰੀ ਹੋਣ ਤੋਂ ਬਾਅਦ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਇਹ ਪ੍ਰਚਾਰ ਅਜੇ ਵੀ ਖਾਸਾ ਪ੍ਰਭਾਵੀ ਹੈ ਕਿ ਕਮਿਊਨਿਜ਼ਮ ਨਾਕਾਮ ਸਾਬਤ ਹੋ ਚੁੱਕੀ ਵਿਚਾਰਧਾਰਾ ਹੈ। ਇਸ ਵਿਚਾਰਧਾਰਾ ਦੇ ਪ੍ਰਯੋਗਾਂ ਨੂੰ ਬਦਨਾਮ ਕਰਨ ਅਤੇ ਇਸ ਦੇ ਨਾਇਕਾਂ ਦੀ ਡਰਾਉਣੀ ਤਸਵੀਰ ਬਣਾਉਣ ਲਈ ਪ੍ਰੋਜੈਕਟਾਂ ‘ਤੇ ਬਹੁਤ ਸਾਰੇ ਸਰੋਤ ਖਰਚ ਕੀਤੇ ਗਏ ਹਨ। ਇਸ ਦੇ ਬਾਵਜੂਦ ਇਹ ਵਿਡੰਬਨਾ ਹੈ ਕਿ ਵਿਸ਼ਵ ਸਾਮਰਾਜਵਾਦ ਦੇ ਕੇਂਦਰ ਅਤੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦਾ ਹਾਕਮ ਵਰਗ ਹੁਣ ਆਪਣੇ ਉੱਤੇ ਕਮਿਊਨਿਜ਼ਮ ਦੇ ਖਤਰੇ ਨੂੰ ਮੰਡਰਾਉਂਦਾ ਦੇਖ ਰਿਹਾ ਹੈ!
ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ (4 ਜੁਲਾਈ) ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਸੰਬੋਧਨ ਕੀਤਾ ਤਾਂ ਉਸ ਨੇ ਆਪਣੇ 29 ਮਿੰਟ ਦੇ ਭਾਸ਼ਣ ਦਾ ਇੱਕ-ਚੌਥਾਈ ਤੋਂ ਵੱਧ ਸਮਾਂ ਆਪਣੇ ਦੇਸ਼ ਵਾਸੀਆਂ ਨੂੰ ‘ਕਮਿਊਨਿਜ਼ਮ ਦੇ ਖਤਰਿਆਂ’ ਬਾਰੇ ਚੇਤਾਵਨੀ ਦੇਣ ਅਤੇ ਇਸ ਵਿਚਾਰਧਾਰਾ ਦੀ ਨਿੰਦਾ ਕਰਨ ਵਿੱਚ ਬਿਤਾਇਆ। ਉਸ ਨੇ ਕਿਹਾ, ”ਧਰਤੀ ‘ਤੇ ਅਮਰੀਕਾ ਵਰਗਾ ਕੋਈ ਸਿਸਟਮ ਕਦੇ ਨਹੀਂ ਰਿਹਾ। ਅਸੀਂ ਕਿਸੇ ਨੂੰ ਵੀ ਇਸ ਨੂੰ ਆਪਣੇ ਤੋਂ ਖੋਹਣ ਨਹੀਂ ਦੇਵਾਂਗੇ। ਫਿਰ ਵੀ, ਅਸੀਂ ਆਪਣੀ ਅਮਰੀਕੀ ਪਛਾਣ ‘ਤੇ ਇੱਕ ਨਵੇਂ ਹਮਲੇ ਦੇ ਗਵਾਹ ਬਣ ਰਹੇ ਹਾਂ। ਸੀਤ ਯੁੱਧ ਵਿੱਚ ਅਸੀਂ ਜਿਸ ਕਮਿਊਨਿਸਟ ਖਤਰੇ ਨਾਲ ਲੜੇ ਅਤੇ ਜਿੱਤੇ ਸੀ, ਉਸ ਤੋਂ ਇੱਕ ਪੀੜ੍ਹੀ ਬਾਅਦ, ਉਹੀ ਕਮਿਊਨਿਸਟ ਖਤਰਾ ਹੁਣ ਸਾਡੇ ਦੇਸ਼ ਵਿੱਚ ਮੁੜ ਉੱਭਰ ਰਿਹਾ ਹੈ। ਇਸ ਵਿੱਚ ਸਾਡੇ ਦੇਸ਼ ਵਿੱਚ ਨਵੇਂ ਆਉਣ ਵਾਲੇ ਲੋਕ ਸ਼ਾਮਲ ਹਨ, ਜੋ ਸਾਡੇ ਜੀਵਨ ਢੰਗ ਤੇ ਸਾਡੀ ਮਹਾਨ ਸਫਲਤਾ ਦੇ ਬਿਲਕੁਲ ਉਲਟ ਵਿਚਾਰਾਂ ਨੂੰ ਅਪਣਾਉਂਦੇ ਹਨ। …ਇਹ ਸਾਡੇ ਦੇਸ਼ ਲਈ ਪਹਿਲੇ ਵਿਸ਼ਵ ਯੁੱਧ, ਦੂਜੇ ਵਿਸ਼ਵ ਯੁੱਧ, ਪਰਲ ਹਾਰਬਰ ਜਾਂ 9/11 ਨਾਲੋਂ ਵੀ ਵੱਡਾ ਖਤਰਾ ਹੈ।
ਅਜਿਹਾ ਨਹੀਂ ਹੈ ਕਿ ਟਰੰਪ ਨੇ ਬਿਨਾਂ ਕਿਸੇ ਖਾਸ ਸੰਦਰਭ ਦੇ ਕਮਿਊਨਿਜ਼ਮ ਵਿਰੁੱਧ ਅਜਿਹੀ ਅੱਗ ਉਗਲੀ ਹੈ। ਹਾਲਾਤ ਅਮਰੀਕੀ ਹਾਕਮ ਜਮਾਤ ਦੀ ਕਮਿਊਨਿਜ਼ਮ ਦੇ ਪੁਨਰ-ਉਥਾਨ ਦੀ ਸੰਭਾਵਨਾ ਬਾਰੇ ਚਿੰਤਾ ਦੇ ਮਜ਼ਬੂਤ ਸੰਕੇਤ ਪ੍ਰਗਟ ਕਰਦੇ ਹਨ। ਇਸੇ ਕਰਕੇ ਕਈ ਅਮਰੀਕੀ ਰਾਜਾਂ ਦੇ ਸਕੂਲੀ ਪਾਠਕ੍ਰਮ ਵਿੱਚ ‘ਕਮਿਊਨਿਸਟ ਖਤਰੇ’ ਅਤੇ ਇਸ ਦੇ ਇਤਿਹਾਸ ਬਾਰੇ ਪੜ੍ਹਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਰਾਸ਼ਟਰੀ ਪੱਧਰ ‘ਤੇ, ਅਮਰੀਕੀ ਕਾਂਗਰਸ ਵਿੱਚ ਮਹੱਤਵਪੂਰਨ ਕਮਿਊਨਿਜ਼ਮ ਟੀਚਿੰਗ ਐਕਟ ਪੇਸ਼ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਦੇਸ਼-ਭਰ ਦੇ ਹਾਈ ਸਕੂਲਾਂ ਲਈ ਇੱਕ ਕਮਿਊਨਿਸਟ-ਵਿਰੋਧੀ ਨਾਗਰਿਕ ਸ਼ਾਸਤਰ ਸਿੱਖਿਆ ਪਾਠਕ੍ਰਮ ਬਣਾਉਣਾ ਹੈ। ਇਸ ਤੋਂ ਇਲਾਵਾ ‘ਕਮਿਊਨਿਜ਼ਮ ਦੇ ਪੀੜਤਾਂ’ ਦੀ ਯਾਦ ਵਿੱਚ ਕਈ ਮਹੱਤਵਪੂਰਨ ਯਾਦਗਾਰਾਂ ਅਤੇ ਅਜਾਇਬ ਘਰ ਬਣਾਏ ਗਏ ਹਨ ਅਤੇ ਇਹ ਸਿਰਫ ਅਮਰੀਕਾ ਤੱਕ ਹੀ ਸੀਮਤ ਨਹੀਂ ਹੈ, ਇਸੇ ਤਰ੍ਹਾਂ ਦੀਆਂ ਪਹਿਲਕਦਮੀਆਂ ਹੋਰ ਪੂੰਜੀਵਾਦੀ ਦੇਸ਼ਾਂ ਵਿੱਚ ਵੀ ਕੀਤੀਆਂ ਗਈਆਂ ਹਨ।
ਤਾਂ ਮੁੱਦਾ ਇਹ ਹੈ ਕਿ ‘ਸਫਲ’ ਦੇਸ਼ ਆਪਣੇ ਬਹੁਤ ਸਾਰੇ ਸਰੋਤ ਅਤੇ ਊਰਜਾ ਇੱਕ ਅਜਿਹੀ ਵਿਚਾਰਧਾਰਾ ਨੂੰ ਯਾਦ ਕਰਨ ਲਈ ਕਿਉਂ ਲਗਾ ਰਹੇ ਹਨ, ਜਿਸ ਨੂੰ ਹਰਾ ਦਿੱਤਾ ਗਿਆ ਹੈ, ਜਿਸ ਦੀ ਕਥਿਤ ਅਸਫਲਤਾ ਸਭ ਜਾਣਦੇ ਹਨ ਅਤੇ ਜੋ ਸੱਤਾ ਵਿੱਚ ਆਉਣ ‘ਤੇ ‘ਲੋਕਤੰਤਰ ਅਤੇ ਵਿਅਕਤੀਗਤ ਆਜ਼ਾਦੀ ਨੂੰ ਤਬਾਹ ਕਰ ਦਿੰਦੀ ਹੈ’? ਆਜ਼ਾਦੀ ਅਤੇ ਖੁਸ਼ਹਾਲੀ ਦੀ ਮੰਨੀ ਜਾਂਦੀ ਧਰਤੀ ਦਾ ਰਾਸ਼ਟਰਪਤੀ ਆਪਣੇ ਆਜ਼ਾਦੀ ਦਿਵਸ ਦੇ ਸੰਬੋਧਨ ਵਿੱਚ ਉਸ ਵਿਚਾਰਧਾਰਾ ਦੇ ਕਥਿਤ ਖਤਰਿਆਂ ਨੂੰ ਕਿਉਂ ਏਨਾ ਸਮਾਂ ਦੇ ਰਿਹਾ ਹੈ? ਜੇ ਡੂੰਘਾਈ ਨਾਲ ਲੱਭੀਏ ਤਾਂ ਪਹਿਲਾ ਪਹਿਲੂ ਜੋ ਉੱਭਰਦਾ ਹੈ, ਉਹ ਹੈ ਪੂੰਜੀਵਾਦ ਦੇ ਗੜ੍ਹ ਵਾਲੇ ਦੇਸ਼ਾਂ ਵਿੱਚ ਲੋਕਾਂ ਦਾ ਸਿਸਟਮ ਪ੍ਰਤੀ ਮੋਹ ਭੰਗ ਹੋਣਾ। ਅਮਰੀਕਾ ਵਿੱਚ ਮਕਾਨ ਕਿਰਾਏ ਵਧ ਰਹੇ ਹਨ ਅਤੇ ਮਹਿੰਗਾਈ ਦੇ ਕਾਰਨ ਨੌਜਵਾਨਾਂ ਲਈ ਘਰ ਖਰੀਦਣਾ ਲੱਗਭੱਗ ਅਸੰਭਵ ਹੁੰਦਾ ਜਾ ਰਿਹਾ ਹੈ। ਨੌਜਵਾਨ ਅਮਰੀਕੀ ਲੱਖਾਂ ਡਾਲਰ ਦੇ ਕਾਲਜ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹਨ, ਜਿਸ ਕਾਰਨ ਉਹ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਦੇ ਸਮੇਂ ਬਹੁਤ ਜ਼ਿਆਦਾ ਵਿੱਤੀ ਦਬਾਅ ਹੇਠ ਆ ਜਾਂਦੇ ਹਨ। ਡਾਕਟਰੀ ਦੇਖਭਾਲ ਬੀਮੇ ਤੋਂ ਬਿਨਾਂ ਬਹੁਤ ਮਹਿੰਗੀ ਹੈ।
ਇਸ ਲਈ ਨੌਜਵਾਨ ਕੁਦਰਤੀ ਤੌਰ ‘ਤੇ ਉਨ੍ਹਾਂ ਪ੍ਰਣਾਲੀਆਂ ਵੱਲ ਖਿੱਚੇ ਜਾਂਦੇ ਹਨ ਜਿੱਥੇ ਸਰਕਾਰ ਮੁਫਤ ਜਾਂ ਕਿਫਾਇਤੀ ਸਿਹਤ ਸੰਭਾਲ ਪ੍ਰਦਾਨ ਕਰਦੀ ਹੈ। ਨੌਜਵਾਨਾਂ ਨੂੰ ਲੱਗਦਾ ਹੈ ਕਿ ਮੌਜੂਦਾ ਪੂੰਜੀਵਾਦੀ ਪ੍ਰਣਾਲੀ ਸਿਰਫ ਵੱਡੀਆਂ ਕਾਰਪੋਰੇਸ਼ਨਾਂ ਅਤੇ ਅਮੀਰ ਲੋਕਾਂ (ਉੱਪਰਲੀ ਇੱਕ ਪ੍ਰਤੀਸ਼ਤ ਆਬਾਦੀ) ਨੂੰ ਲਾਭ ਪਹੁੰਚਾ ਰਹੀ ਹੈ, ਜਦੋਂ ਕਿ ਆਮ ਲੋਕ ਪਿੱਛੇ ਰਹਿ ਰਹੇ ਹਨ। ਨਤੀਜੇ ਵਜੋਂ, ਅਮਰੀਕਾ ਵਿੱਚ ਇੱਕ ਪ੍ਰਣਾਲੀ ਅਤੇ ਵਿਚਾਰਧਾਰਾ ਦੇ ਰੂਪ ਵਿੱਚ ਸਮਾਜਵਾਦ ਦੀ ਪ੍ਰਸਿੱਧੀ ਤੇਜ਼ੀ ਨਾਲ ਵਧੀ ਹੈ। ਸੱਜੇ-ਪੱਖੀ ਕੈਟੋ ਇੰਸਟੀਚਿਊਟ ਦੇ ਇੱਕ ਤਾਜ਼ਾ ਰਾਸ਼ਟਰੀ ਸਰਵੇਖਣ ਵਿੱਚ ਪਾਇਆ ਗਿਆ ਕਿ ਨਵੀਂ ਪੀੜ੍ਹੀ ਵਿੱਚ ਸਮਾਜਵਾਦ ਲਈ ਸਮਰਥਨ (53 ਫੀਸਦੀ) ਪੂੰਜੀਵਾਦ (45 ਫੀਸਦੀ) ਨਾਲੋਂ ਵੱਧ ਸੀ। ਪਿਊ ਰਿਸਰਚ ਅਤੇ ਯੂਗੋਵ ਦੇ ਅਧਿਐਨਾਂ ਮੁਤਾਬਕ ਜਦੋਂ ਕਿ 45 ਸਾਲ ਤੋਂ ਵੱਧ ਉਮਰ ਦੇ ਜ਼ਿਆਦਾਤਰ ਅਮਰੀਕੀ ਪੂੰਜੀਵਾਦ ਦਾ ਸਮਰਥਨ ਕਰਦੇ ਹਨ, 18-29 ਸਾਲ ਦੀ ਉਮਰ ਦੇ ਨੌਜਵਾਨਾਂ ਵਿੱਚ ਪੂੰਜੀਵਾਦ ਅਤੇ ਸਮਾਜਵਾਦ ਲੱਗਭੱਗ ਬਰਾਬਰ ਮੇਲ ਖਾਂਦੇ ਹਨ, ਕਈ ਵਾਰ ਸਮਾਜਵਾਦ ਦਾ ਹੱਥ ਉੱਪਰ ਹੁੰਦਾ ਹੈ।
ਥਿੰਕ ਟੈਂਕ ਹਾਰਟਲੈਂਡ ਇੰਸਟੀਚਿਊਟ ਅਤੇ ਰਾਸਮੁਸੇਨ ਦੇ ਸਰਵੇਖਣ ਦਰਸਾਉਂਦੇ ਹਨ ਕਿ 18-39 ਸਾਲ ਦੀ ਉਮਰ ਦੇ ਅੱਧੇ ਤੋਂ ਵੱਧ (53 ਫੀਸਦੀ) ਅਮਰੀਕੀ ਭਵਿੱਖ ਵਿੱਚ ਵ੍ਹਾਈਟ ਹਾਊਸ ਵਿੱਚ ਇੱਕ ‘ਡੈਮੋਕ੍ਰੇਟਿਕ ਸੋਸ਼ਲਿਸਟ’ ਰਾਸ਼ਟਰਪਤੀ ਨੂੰ ਦੇਖਣਾ ਚਾਹੁੰਦੇ ਹਨ। ਵਰਤਮਾਨ ਵਿੱਚ, ਅਮਰੀਕੀ ਨੌਜਵਾਨਾਂ ਦੀ ਬਹੁਗਿਣਤੀ ਚੋਣ ਪ੍ਰਣਾਲੀ ਦੇ ਅੰਦਰ ਸਮਾਜਵਾਦ ਨੂੰ ਇੱਕ ਵਿਕਲਪ ਵਜੋਂ ਵਿਚਾਰ ਰਹੀ ਹੈ। ਟਰੰਪ, ਉਸ ਦੇ ਸਮਰਥਕਾਂ ਅਤੇ ਅਮਰੀਕਾ ਤੇ ਪੱਛਮ ਵਿੱਚ ਆਮ ਤੌਰ ‘ਤੇ ਫੈਲਿਆ ‘ਲਾਲ ਡਰ’ ਬਿਨਾਂ ਕਿਸੇ ਕਾਰਨ ਦੇ ਨਹੀਂ ਹੈ। ਇਹ ਇਤਿਹਾਸ ਦੇ ਇੱਕ ਮੋੜ ‘ਤੇ ਪਹੁੰਚਣ ਦਾ ਨਤੀਜਾ ਹੈ, ਜਿੱਥੇ ਕਾਰਲ ਮਾਰਕਸ ਅਤੇ ਕਮਿਊਨਿਜ਼ਮ ਪੂੰਜੀਵਾਦੀ ਲੋਕਤੰਤਰ ਤੋਂ ਨਿਰਾਸ਼ ਅਤੇ ਇਸ ਦੇ ਲਾਭਾਂ ਤੋਂ ਵਾਂਝੇ ਸਮੂਹਾਂ ਲਈ ਵੱਧ ਤੋਂ ਵੱਧ ਆਕਰਸ਼ਕ ਬਣ ਗਏ ਹਨ। ਟਰੰਪ ਨੇ ਇਨ੍ਹਾਂ ਸਮੂਹਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਹੈ ਕਿ ਤੁਸੀਂ ਇੱਕੋ ਸਮੇਂ ਮਾਰਕਸ ਅਤੇ ਅਮਰੀਕਾ ਪ੍ਰਤੀ ਵਫਾਦਾਰ ਨਹੀਂ ਹੋ ਸਕਦੇ, ਤੁਸੀਂ ਇੱਕੋ ਸਮੇਂ ਇੱਕ ਕਮਿਊਨਿਸਟ ਅਤੇ ਇੱਕ ਦੇਸ਼ ਭਗਤ ਨਹੀਂ ਹੋ ਸਕਦੇ, ਪਰ ਇਹ ਉਸ ਦੀ ਸੋਚ ਹੈ।
Share this content:



Post Comment