ਜੰਗ ਦਾ ਦੌਰ ਅਤੇ ਇੰਟਰਨੈੱਟ
ਸਮੁੰਦਰ ਅੰਦਰ ਵਿਛੇ ਆਪਟੀਕਲ ਫਾਈਬਰ ਕੇਬਲ ਨੈੱਟਵਰਕ ਸਦਕਾ ਸਾਰੀ ਦੁਨੀਆ ਇੰਟਰਨੈੱਟ ਦੀ ਸਹੂੁਲਤ ਮਾਣ ਰਹੀ ਹੈ। ਮੱਧ-ਪੂਰਬ ਵਿੱਚ ਜਾਰੀ ਜੰਗ ਦੌਰਾਨ ਇਹ ਗੱਲ ਯਾਦ ਆ ਰਹੀ ਹੈ ਕਿ ਸਾਲ 2023 ਵਿੱਚ ਬਾਲਟਿਕ ਸਾਗਰ ਹੇਠਾਂ ਇਨ੍ਹਾਂ ਕੇਬਲ ਤਾਰਾਂ ਦੀ ਕੱਟ-ਵੱਢ ਹੋਈ ਸੀ। ਇਸ ਤੋਂ ਇਲਾਵਾ 14 ਮਾਰਚ 2024 ਨੂੰ ਪੱਛਮੀ ਅਫਰੀਕਾ ਦੇ ਤੱਟ ’ਤੇ ਵੱਡੀ ਗਿਣਤੀ ਕੇਬਲ ਤਾਰਾਂ ਨੂੰ ਨੁਕਸਾਨ ਪਹੁੰਚਾਏ ਜਾਣ ਕਰਕੇ 10 ਦੇਸ਼ਾਂ ਦੀ ਇੰਟਰਨੈੱਟ ਟ੍ਰੈਫਿਕ ਵਿੱਚ ਵਿਘਨ ਪਿਆ ਸੀ। ਰਣਨੀਤਕ ਤੌਰ ’ਤੇ ਮਹੱਤਵਪੂਰਨ ਲਾਲ ਸਾਗਰ ਕੌਰੀਡੋਰ ਹੇਠਾਂ ਵਿਛੀ ਕੇਬਲ ਵੀ ਅਜਿਹੇ ਖ਼ਤਰਿਆਂ ਦੇ ਕੇਂਦਰ ਵਿੱਚ ਗਿਣੀ ਜਾਂਦੀ ਹੈ। ਅਠਾਈ ਫਰਵਰੀ 2025 ਤੋਂ ਫਾਰਸ ਦੀ ਖਾੜੀ ਅਤੇ ਸਟ੍ਰੇਟ ਆਫ ਹੋਰਮੁਜ਼ ਵਿੱਚ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਕਾਰ ਚੱਲ ਰਹੇ ਯੁੱਧ ਕਰਕੇ ਸਮੁੰਦਰੀ ਕੇਬਲ ਨੈੱਟਵਰਕ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਜੇ ਆਪਟੀਕਲ ਕੇਬਲ ’ਤੇ ਹਮਲੇ ਹੁੰਦੇ ਹਨ ਤਾਂ ਵਿਸ਼ਵ ਦੀਆਂ 80 ਫ਼ੀਸਦੀ ਇੰਟਰਨੈੱਟ ਸੇਵਾਵਾਂ ਠੱਪ ਹੋ ਜਾਣਗੀਆਂ।
ਦਰਅਸਲ, ਨਵੀਆਂ ਵਿਗਿਆਨਕ ਤਕਨੀਕਾਂ ਅਤੇ ਖੋਜਾਂ ਨਾਲ ਦਿਨੋਂ-ਦਿਨ ਇੰਟਰਨੈੱਟ ਸੰਚਾਰ ਸੇਵਾਵਾਂ ਹੋਰ ਤੇਜ਼ ਅਤੇ ਬਿਹਤਰ ਹੁੰਦੀਆਂ ਜਾ ਰਹੀਆਂ ਹਨ। ਨਵੀਨਤਮ ਤਕਨੀਕਾਂ ਦੀ ਖੋਜ ਨਾਲ ਹੁਣ ਇੰਟਰਨੈੱਟ ਵਿਸ਼ਵ ਦੇ ਹਰੇਕ ਕੋਨੇ ਤੱਕ ਪਹੁੰਚ ਰਿਹਾ ਹੈ। ਭਾਰਤ ਵਰਗੇ ਵਿਸ਼ਾਲ ਦੇਸ਼ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਇੰਟਰਨੈੱਟ ਸੇਵਾਵਾਂ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ। ਇਸ ਲਈ ਥਾਂ-ਥਾਂ ’ਤੇ 4/5ਜੀ ਸੇਵਾ ਦੇ ਮੋਬਾਈਲ ਫੋਨ ਸਿਗਨਲ ਟਾਵਰ ਅਤੇ ਆਪਟੀਕਲ ਫਾਈਬਰ ਕੇਬਲ ਵਿਛਣੀ ਸ਼ੁਰੂ ਹੋ ਗਈ ਹੈ। ਆਪਟੀਕਲ ਫਾਈਬਰ (ਪ੍ਰਕਾਸ਼ੀ ਰੇਸ਼ੇ) ਦੀ ਖੋਜ ਪ੍ਰਸਿੱਧ ਪੰਜਾਬੀ ਅਮਰੀਕੀ ਭੌਤਿਕ ਵਿਗਿਆਨੀ ਡਾ. ਨਰਿੰਦਰ ਸਿੰਘ ਕਪਾਨੀ ਨੇ ਸੰਨ 1960 ਵਿੱਚ ਕੀਤੀ ਸੀ। ਉਨ੍ਹਾਂ ਦੀ ਇਸ ਮਹਾਨ ਖੋਜ ਨਾਲ ਹੀ ਅੱਜ ਸਾਰਾ ਵਿਸ਼ਵ ਤੇਜ਼ ਰਫ਼ਤਾਰ ਇੰਟਰਨੈੱਟ ਸੇਵਾਵਾਂ ਦਾ ਆਨੰਦ ਲੈ ਰਿਹਾ ਹੈ।
ਇੰਟਰਨੈੱਟ ਸੰਚਾਰ ਸੇਵਾ ਦੋ ਤਰ੍ਹਾਂ ਦੀਆਂ ਪ੍ਰਣਾਲੀਆਂ ਰਾਹੀਂ ਚੱਲਦੀ ਹੈ। ਇੱਕ ਬੇਤਾਰ (ਵਾਇਰਲੈੱਸ) ਸੰਚਾਰ ਪ੍ਰਣਾਲੀ ਅਤੇ ਦੂਜੀ ਤਾਰ (ਕੇਬਲ) ਸੰਚਾਰ ਪ੍ਰਣਾਲੀ ਹੈ। ਇਨ੍ਹਾਂ ਦੋਵੇਂ ਪ੍ਰਣਾਲੀਆਂ ਦੀ ਮਦਦ ਨਾਲ ਵਿਸ਼ਵ ਦੇ ਸਾਰੇ ਮਹਾਂਦੀਪ, ਦੇਸ਼, ਟਾਪੂ ਅਤੇ ਦੂਰ-ਦੁਰਾਡੇ ਖੇਤਰ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਨਾਲ ਜੁੜ ਚੁੱਕੇ ਹਨ। ਵਾਇਰਲੈੱਸ ਸੰਚਾਰ ਪ੍ਰਣਾਲੀ ਵਿੱਚ ਸਿਗਨਲ ਤਾਰਾਂ ਦੀ ਮਦਦ ਤੋਂ ਬਿਨਾਂ ਚੱਲਦੇ ਹਨ। ਮੋਬਾਈਲ ਫੋਨ ਟਾਵਰ, ਉਪਗ੍ਰਹਿ ਲਿੰਕ, ਲੇਜ਼ਰ ਬੀਮ ਆਦਿ ਤਕਨੀਕਾਂ ਨਾਲ ਇੰਟਰਨੈੱਟ ਸਿਗਨਲ, ਰੇਡੀਓ ਸਿਗਨਲ ਅਤੇ ਟੀ ਵੀ ਸਿਗਨਲ ਸਾਡੇ ਮੋਬਾਈਲ ਫੋਨਾਂ ਅਤੇ ਇਲੈਕਟ੍ਰਾਨਿਕ ਉਪਕਰਨਾਂ ਤੱਕ ਪੁੱਜਦੇ ਹਨ। ਮੋਬਾਈਲ ਫੋਨ ਵਿਚਲਾ ਸਿਮ ਕਾਰਡ ਇੰਟਰਨੈੱਟ/ਡੇਟਾ ਨੂੰ ਮੋਬਾਈਲ ਫੋਨ ਪ੍ਰਣਾਲੀ ਅਤੇ ਸਿਗਨਲ ਟਾਵਰ ਨਾਲ ਲਿੰਕ ਕਰਦਾ ਹੈ। ਸੰਚਾਰ ਸੇਵਾਵਾਂ ਦਾ ਮੁੱਖ ਕੇਂਦਰ ਅਤੇ ਵੱਖ-ਵੱਖ ਸਿਗਨਲ ਟਾਵਰ ਆਪਸ ਵਿੱਚ ਕੌਪਰ ਕੋਐਕਸ਼ੀਅਲ ਕੇਬਲ ਜਾਂ ਆਪਟੀਕਲ ਫਾਈਬਰ (ਪ੍ਰਕਾਸ਼ੀ ਰੇਸ਼ੇ) ਕੇਬਲ ਰਾਹੀਂ ਜੁੜੇ ਹੁੰਦੇ ਹਨ। ਅੱਜ ਤੋਂ ਲਗਪਗ ਦਸ ਸਾਲ ਪਹਿਲਾਂ ਤਾਂਬੇ (ਕੌਪਰ) ਅਤੇ ਐਲੂਮੀਨੀਅਮ ਦੀਆਂ ਤਾਰਾਂ ਦੀ ਵਰਤੋਂ ਕੀਤੀ ਜਾਂਦੀ ਸੀ, ਪਰ ਇਸ ਮਾਧਿਅਮ ਵਿੱਚ ਸਿਗਨਲ ਲੀਕ ਹੋਣਾ, ਸਿਗਨਲ ਪੁੱਜਣ ਵਿੱਚ ਦੇਰੀ ਹੋਣੀ ਅਤੇ ਹੋਰ ਕਾਫ਼ੀ ਤਰ੍ਹਾਂ ਦੀਆਂ ਊਣਤਾਈਆਂ ਹੁੰਦੀਆਂ ਸਨ। ਲੰਮੀ ਦੂਰੀ ਲਈ ਭੇਜੇ ਸਿਗਨਲ ਕਮਜ਼ੋਰ ਹੋ ਜਾਂਦੇ ਸਨ ਅਤੇ ਇਨ੍ਹਾਂ ਨੂੰ ਦੁਬਾਰਾ ਉੱਚ-ਸ਼ਕਤੀ ਸਿਗਨਲ ਵਿੱਚ ਬਦਲਣ ਲਈ ਬਹੁਤ ਮਹਿੰਗੇ ਇਲੈਕਟ੍ਰਾਨਿਕ ਐਂਪਲੀਫਾਇਰ ਲਗਾਉਣੇ ਪੈਂਦੇ ਸਨ। ਪਰ ਅੱਜਕੱਲ੍ਹ ਇਨ੍ਹਾਂ ਰਵਾਇਤੀ ਤਾਰਾਂ ਦੀ ਥਾਂ ਪ੍ਰਕਾਸ਼ੀ ਰੇਸ਼ਿਆਂ ਨੇ ਲੈ ਲਈ ਹੈ, ਜੋ ਬਹੁਤ ਦੂਰ ਤੱਕ ਇੰਟਰਨੈੱਟ/ਰੇਡੀਓ ਸਿਗਨਲਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਆਰਾਮ ਨਾਲ ਲੈ ਕੇ ਜਾ ਸਕਦੇ ਹਨ। ਇਨ੍ਹਾਂ ਰਾਹੀਂ ਭੇਜੀ ਜਾਣਕਾਰੀ/ਡੇਟਾ ਜ਼ਿਆਦਾ ਸੁਰੱਖਿਅਤ ਹੁੰਦਾ ਹੈ। ਰਵਾਇਤੀ ਤਾਰਾਂ ਵਿੱਚ ਇੰਟਰਨੈੱਟ ਦੇ ਸਿਗਨਲ ਬਿਜਲਈ ਧਾਰਾ ਦੇ ਰੂਪ ਵਿੱਚ ਚੱਲਦੇ ਹਨ, ਜਦੋਂਕਿ ਪ੍ਰਕਾਸ਼ੀ ਰੇਸ਼ਿਆਂ ਵਿੱਚ ਇਹ ਸਿਗਨਲ ਪ੍ਰਕਾਸ਼ ਦੇ ਰੂਪ ਵਿੱਚ ਚੱਲਦੇ ਹਨ। ਪ੍ਰਕਾਸ਼ ਦੀ ਗਤੀ ਤਿੰਨ ਲੱਖ ਕਿਲੋਮੀਟਰ ਪ੍ਰਤੀ ਸਕਿੰਟ ਹੁੰਦੀ ਹੈ, ਇਸੇ ਕਰਕੇ ਆਪਟੀਕਲ ਫਾਈਬਰ ਕੇਬਲ ਨੂੰ ਆਧੁਨਿਕ ਸੰਚਾਰ ਪ੍ਰਣਾਲੀਆਂ ਵਿੱਚ ਤਰਜੀਹ ਦਿੱਤੀ ਜਾ ਰਹੀ ਹੈ।
ਸਮੁੰਦਰੀ ਕੇਬਲ ਇੰਟਰਨੈੱਟ ਨੈੱਟਵਰਕ: ਪਿਛਲੇ ਤਿੰਨ ਦਹਾਕਿਆਂ ਤੋਂ ਜਿਸ ਅਦਿੱਖ ਬੁਨਿਆਦੀ ਢਾਂਚੇ ਦੀ ਕ੍ਰਾਂਤੀ ਨੇ ਜਨਮ ਲਿਆ ਹੈ, ਉਹ ਹੈ ਸਮੁੰਦਰ ਦੇ ਹੇਠਾਂ ਵਿਛਾਈਆਂ ਜਾ ਰਹੀਆਂ ਕੇਬਲ ਤਾਰਾਂ ਦਾ ਜਾਲ। ਲਗਪਗ ਸੰਨ 1995 ਤੋਂ ਦੁਨੀਆ ਨੂੰ ਇੰਟਰਨੈੱਟ ਅਤੇ ਸੰਚਾਰ ਸੇਵਾਵਾਂ ਨਾਲ ਜੋੜਣ ਲਈ ਇੱਕ ਮਿਲੀਅਨ ਮੀਲ ਲੰਬਾਈ ਵਾਲੀਆਂ ਪਣਡੁੱਬੀ ਕੇਬਲਾਂ ਡੂੰਘੇ ਸਮੁੰਦਰਾਂ/ਸਾਗਰਾਂ ਦੇ ਤਲਾਂ ਵਿੱਚ ਵਿਛਾਈਆਂ ਗਈਆਂ ਹਨ, ਜੋ ਕਿ ਭੂ-ਮੱਧ ਰੇਖਾ ਦੇ ਦੁਆਲੇ 40 ਵਾਰ ਲਪੇਟਣ ਲਈ ਕਾਫ਼ੀ ਹਨ। ਇੰਟਰਨੈੱਟ ਸਿਗਨਲ, ਫੋਨ ਸਿਗਨਲ, ਆਡੀਓ/ਵੀਡੀਓ ਸਿਗਨਲ ਨੂੰ ਲੈ ਕੇ ਜਾਣ ਵਾਲੀਆਂ ਇਹ ਆਪਟੀਕਲ ਫਾਈਬਰ ਕੇਬਲ ਮਨੁੱਖੀ ਵਾਲ ਨਾਲੋਂ ਜ਼ਿਆਦਾ ਮੋਟੀਆਂ ਨਹੀਂ ਹਨ। ਇਹ ਇੰਟਰਨੈੱਟ ਟ੍ਰੈਫਿਕ ਨੂੰ ਮਹਾਂਦੀਪਾਂ ਵਿੱਚ ਰੌਸ਼ਨੀ ਦੇ ਸਿਗਨਲਾਂ ਵਜੋਂ ਲੈ ਕੇ ਜਾਂਦੀਆਂ ਹਨ ਅਤੇ ਪੂਰੀ ਦੁਨੀਆ ਦੇ ਲੋਕਾਂ ਨੂੰ ਆਪਸ ਵਿੱਚ ਜੋੜਦੀਆਂ ਹਨ। ਇਹ ਤੁਹਾਨੂੰ ਧਰਤੀ ਦੇ ਦੂਜੇ ਪਾਸੇ ਦੋਸਤਾਂ, ਰਿਸ਼ਤੇਦਾਰਾਂ ਆਦਿ ਨੂੰ ਲਿਖਤੀ ਸੁਨੇਹੇ ਭੇਜਣ ਜਾਂ ਹਜ਼ਾਰਾਂ ਮੀਲ ਦੂਰ ਫਿਲਮਾਏ ਗਏ ਵੀਡੀਓ ਨੂੰ ਦੇਖਣ ਦਾ ਮੌਕਾ ਦਿੰਦੀਆਂ ਹਨ।
ਸਮੁੰਦਰ ਦੇ ਹੇਠਾਂ ਇੰਟਰਨੈੱਟ ਕੇਬਲ ਸਮੁੰਦਰੀ ਤਲ ’ਤੇ ਵਿਛਾਈਆਂ ਆਪਟੀਕਲ ਫਾਈਬਰ ਤਾਰਾਂ ਦੇ ਵਿਸ਼ਾਲ ਨੈੱਟਵਰਕ ਹਨ, ਜੋ ਕਿ ਵਿਸ਼ਵ-ਵਿਆਪੀ ਸੰਚਾਰ ਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ। ਈ-ਮੇਲ, ਵੈੱਬਪੇਜ, ਆਡੀਓ/ਵੀਡੀਓ ਸੁਨੇਹੇ, ਸੋਸ਼ਲ ਮੀਡੀਆ ਤੇ ਵਿੱਤੀ ਲੈਣ-ਦੇਣ ਦੀ 95 ਫ਼ੀਸਦੀ ਤੋਂ ਵੱਧ ਜਾਣਕਾਰੀ ਤੇ ਡੇਟਾ ਇਨ੍ਹਾਂ ਕੇਬਲ ਤਾਰਾਂ ਰਾਹੀਂ ਹੀ ਭੇਜਿਆ ਜਾਂਦਾ ਹੈ। ਇਹ ਕੇਬਲ ਪਤਲੇ ਤੇ ਟਿਕਾਊ ਹੋਣ ਕਰਕੇ ਜਾਣਕਾਰੀ ਨੂੰ ਬਹੁਤ ਤੇਜ਼ੀ ਨਾਲ ਇੱਕ ਤੋਂ ਦੂਜੀ ਜਗ੍ਹਾ ਟਰਾਂਸਫਰ ਕਰਦੇ ਹਨ। ਸਾਰੇ ਡੇਟੇ ਨੂੰ ਉਪਕਰਨਾਂ ਦੀ ਮਦਦ ਨਾਲ ਪਹਿਲਾਂ ਆਪਟੀਕਲ ਸਿਗਨਲ ਵਿੱਚ ਬਦਲਿਆ ਜਾਂਦਾ ਹੈ। ਫਿਰ ਇਸ ਡੇਟੇ ਨੂੰ ਟ੍ਰਾਂਸਫਰ ਕਰਨ ਲਈ ਕੱਚ ਜਾਂ ਪਲਾਸਟਿਕ ਦੇ ਰੇਸ਼ਿਆਂ ਰਾਹੀਂ ਇਕਹਿਰੀ ਤੀਬਰਤਾ ਵਾਲੀ ਸ਼ਕਤੀਸ਼ਾਲੀ ਲੇਜ਼ਰ ਬੀਮ/ਲਾਈਟ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਕੇਬਲਾਂ ਰਾਹੀਂ ਹੀ ਇੱਕ ਮਹਾਂਦੀਪ ਦੂਜੇ ਮਹਾਂਦੀਪ ਨਾਲ ਜੁੜਦਾ ਹੈ। ਇਸੇ ਕਰਕੇ ਹੀ ਵਿਸ਼ਵ-ਵਿਆਪਕ ਸੰਚਾਰ ਸੇਵਾਵਾਂ ਸਮਰੱਥ ਬਣਦੀਆਂ ਹਨ, ਜਿਨ੍ਹਾਂ ’ਤੇ ਅਸੀਂ ਨਿਰਭਰ ਕਰਦੇ ਹਾਂ। ਵਧਦੀ ਡੇਟਾ ਮੰਗ ਨੂੰ ਪੂਰਾ ਕਰਨ ਲਈ ਅਜਿਹੇ ਕੇਬਲ ਨੈੱਟਵਰਕ ਲਗਾਤਾਰ ਸਮੁੰਦਰ ਥੱਲੇ ਵਿਛਾਏ ਜਾ ਰਹੇ ਹਨ। ਇਹ ਉੱਚ ਸਮਰੱਥਾ ਵਾਲੇ ਕੇਬਲ ਪਲਾਸਟਿਕ ਤੇ ਸਟੀਲ ਦੀਆਂ ਪਰਤਾਂ ਦੁਆਰਾ ਸੁਰੱਖਿਅਤ ਹੁੰਦੇ ਹਨ। ਇਨ੍ਹਾਂ ਕੇਬਲਾਂ ਨੂੰ ਸਮੁੰਦਰ ਵਿੱਚ ਵਿਸ਼ੇਸ਼ ਜਹਾਜ਼ਾਂ ਰਾਹੀਂ ਸਥਾਪਿਤ ਕੀਤਾ ਜਾਂਦਾ ਹੈ। ਭਾਰਤ ਸਮੇਤ ਦੁਨੀਆ ਦੇ ਵੱਡੇ ਦੇਸ਼ ਕੈਨੇਡਾ, ਅਮਰੀਕਾ, ਆਸਟਰੇਲੀਆ, ਅਫਰੀਕਾ, ਇੰਗਲੈਂਡ ਆਦਿ ਸਰਗਰਮੀ ਨਾਲ ਆਪਣੇ ਸਮੁੰਦਰੀ ਕੇਬਲ ਨੈੱਟਵਰਕਾਂ ਦਾ ਵਿਸਤਾਰ ਕਰ ਰਹੇ ਹਨ, ਜਿਸ ਵਿੱਚ ਏ ਆਈ ਸਮੇਤ ਵਧਦੀ ਡੇਟਾ ਮੰਗ ਨੂੰ ਪੂਰਾ ਕਰਨ ਲਈ ਨਵੇਂ ਸਿਸਟਮ ਲਗਾਤਾਰ ਸ਼ਾਮਲ ਕੀਤੇ ਜਾ ਰਹੇ ਹਨ। ਇਸ ਸਮੇਂ ਦੁਨੀਆ ਦੇ ਲਗਪਗ ਅੱਧੇ ਡੇਟਾ ਸੈਂਟਰ ਜੋ ਕਿ ਏ ਆਈ ਲਈ ਜ਼ਰੂਰੀ ਹਨ, ਉੱਤਰੀ ਅਮਰੀਕਾ (ਕੈਨੇਡਾ) ਤੇ ਪੱਛਮੀ ਯੂਰਪ ਵਿੱਚ ਹਨ, ਜੋ ਦੁਨੀਆ ਦੇ ਜ਼ਿਆਦਾਤਾਰ ਇੰਟਰਨੈੱਟ ਟ੍ਰੈਫਿਕ ਨੂੰ ਖਿੱਚਦੇ ਹਨ।
ਇਹ ਸਮੁੰਦਰੀ ਕੇਬਲ ਪ੍ਰਤੀ ਸਕਿੰਟ ਕਈ ਟੈਰਾਬਾਈਟਸ ਡੇਟਾ ਸੰਚਾਰਿਤ ਕਰਨ ਦੇ ਸਮਰੱਥ ਹੁੰਦੇ ਹਨ। ਇੱਕ ਟੈਰਾਬਾਈਟ ਪ੍ਰਤੀ ਸਕਿੰਟ ਡੇਟਾ ਇੱਕ ਪਲ ਵਿੱਚ 4 ਹਜ਼ਾਰ ਦੀ ਰੈਜ਼ੋਲਿਊਸ਼ਨ ਵਾਲੀਆਂ ਲਗਪਗ ਇੱਕ ਦਰਜਨ ਫਿਲਮਾਂ (2-2 ਘੰਟਿਆਂ ਦੀਆਂ) ਨੂੰ ਸੰਚਾਰਿਤ ਕਰਨ ਲਈ ਕਾਫ਼ੀ ਹੈ। ਕੇਬਲ ਤਾਰਾਂ ਦੇ ਬੰਡਲ ਵਿੱਚੋਂ ਸਿਰਫ਼ ਇੱਕ ਪਤਲੀ ਕੇਬਲ ਹੀ ਲੱਖਾਂ ਲੋਕਾਂ ਤੱਕ ਵੀਡੀਓ ਤੇ ਆਡੀਓ ਸੁਨੇਹੇ ਅਤੇ ਡੇਟਾ ਸਿਗਨਲਾਂ ਨੂੰ ਬਿਨਾਂ ਸਿਗਨਲ ਟੁੱਟਿਆਂ ਜਾਂ ਰਫ਼ਤਾਰ ਘਟਿਆਂ ਇਕਸਾਰ ਗਤੀ ’ਤੇ ਭੇਜਣ ਦੇ ਸਮਰੱਥ ਹੈ। ਹੁਣ ਤੱਕ ਲਗਪਗ 485 ਸਮੁੰਦਰੀ ਕੇਬਲ ਨੈੱਟਵਰਕ 90 ਹਜ਼ਾਰ ਮੀਲ ਤੋਂ ਵੱਧ ਦੇ ਸਮੁੰਦਰੀ ਤਲ ’ਤੇ ਸਥਿਤ ਹਨ। ਇਹ ਕੇਬਲ ਨੈੱਟਵਰਕ ਐਟਲਾਂਟਿਕ, ਹਿੰਦ ਅਤੇ ਪ੍ਰਸ਼ਾਂਤ ਮਹਾਂਸਾਗਰਾਂ ਦੇ ਨਾਲ-ਨਾਲ ਰਣਨੀਤਕ ਮਾਰਗਾਂ ਜਿਵੇਂ ਕਿ ਸੁਏਜ਼ ਨਹਿਰ ਅਤੇ ਪੱਛਮੀ ਸਮੁੰਦਰਾਂ ਦੇ ਅੰਦਰ ਅਲੱਗ-ਅਲੱਗ ਖੇਤਰਾਂ ਵਿੱਚ ਫੈਲੇ ਹੋਏ ਹਨ।
ਆਪਟੀਕਲ ਕੇਬਲ ਵਿਛਾਉਣ ਦੀ ਪ੍ਰਕਿਰਿਆ ਅਤੇ ਖਰਚੇ: ਸਮੁੰਦਰ ਦੇ ਹੇਠਾਂ ਕੇਬਲ ਵਿਛਾਉਣ ਦੀ ਪ੍ਰਕਿਰਿਆ ਕੁਦਰਤੀ ਖ਼ਤਰਿਆਂ ਤੋਂ ਬਚਣ ਅਤੇ ਖ਼ਤਰਨਾਕ ਵਾਤਾਵਰਨ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਸਮੁੰਦਰੀ ਤੱਟਾਂ ਦੇ ਪੂਰੇ ਸਰਵੇਖਣਾਂ ਨਾਲ ਸ਼ੁਰੂ ਹੁੰਦੀ ਹੈ। ਫਿਰ ਪੂਰੇ ਰੂਟ (ਮਾਰਗ) ਦਾ ਨਕਸ਼ਾ ਤਿਆਰ ਕੀਤਾ ਜਾਂਦਾ ਹੈ। ਇਸ ਕਦਮ ਤੋਂ ਬਾਅਦ ਫਾਈਬਰ ਕੇਬਲ ਦੇ ਵਿਸ਼ਾਲ ਸਪੂਲਾਂ ਨਾਲ ਲੈਸ ਕੇਬਲ ਵਿਛਾਉਣ ਵਾਲੇ ਜਹਾਜ਼ ਅਤੇ ਮਸ਼ੀਨਾਂ ਨਿਰਧਾਰਿਤ ਮਾਰਗ ’ਤੇ ਚੱਲਦੇ ਹਨ। ਜਿਉਂ ਹੀ ਜਹਾਜ਼ ਚੱਲਦਾ ਹੈ, ਕੇਬਲ ਨੂੰ ਸਪੂਲ ਤੋਂ ਹਟਾ ਦਿੱਤਾ ਜਾਂਦਾ ਹੈ ਅਤੇ ਸਮੁੰਦਰ ਦੇ ਤਲ ’ਤੇ ਧਿਆਨ ਨਾਲ ਰੱਖਿਆ ਜਾਂਦਾ ਹੈ। ਮੱਛੀਆਂ ਫੜਨ ਦੀਆਂ ਗਤੀਵਿਧੀਆਂ, ਜਹਾਜ਼ੀ ਲੰਗਰਾਂ ਅਤੇ ਕੁਦਰਤੀ ਘਟਨਾਵਾਂ ਤੋਂ ਬਚਾਅ ਲਈ ਕੇਬਲ ਨੂੰ ਕਈ ਵਾਰੀ ਸਮੁੰਦਰ ਦੇ ਤਲਛਟ ਵਿੱਚ ਦੱਬ ਦਿੱਤਾ ਜਾਂਦਾ ਹੈ। ਡੂੰਘੇ ਸਮੁੰਦਰੀ ਖੇਤਰਾਂ ਵਿੱਚ ਕੇਬਲ ਨੂੰ ਸਿਰਫ਼ ਤਲ ’ਤੇ ਵਿਛਾ ਦਿੱਤਾ ਜਾਂਦਾ ਹੈ। ਮਾਰਗ ਦੇ ਨਾਲ ਆਪਟੀਕਲ ਸਿਗਨਲ ਨੂੰ ਵਧਾਉਣ ਅਤੇ ਇਹ ਯਕੀਨੀ ਬਣਾਉਣ ਲਈ ਕਿ ਸਾਰਾ ਡੇਟਾ ਲੰਮੀ ਦੂਰੀ ਤੱਕ ਜਾ ਸਕਦਾ ਹੈ, 70 ਮੀਟਰ ਦੇ ਅੰਤਰਾਲਾਂ ’ਤੇ ਰਿਪੀਟਰ ਸਥਾਪਿਤ ਕੀਤੇ ਜਾਂਦੇ ਹਨ, ਜੋ ਸਿਗਨਲ ਦੀ ਸ਼ਕਤੀ ਨੂੰ ਵਧਾਉਂਦੇ ਹਨ। ਇਸ ਪੂਰੀ ਪ੍ਰਕਿਰਿਆ ਵਿੱਚ ਕਈ ਮਹੀਨੇ ਜਾਂ ਸਾਲ ਵੀ ਲੱਗ ਜਾਂਦੇ ਹਨ, ਜੋ ਕਿ ਆਪਟੀਕਲ ਫਾਈਬਰ ਕੇਬਲ ਦੇ ਰੂਟ ਦੀ ਲੰਬਾਈ ਅਤੇ ਗੁੰਝਲਤਾ ’ਤੇ ਨਿਰਭਰ ਕਰਦਾ ਹੈ। ਟੈਲੀਜੀਓਗ੍ਰਾਫੀ ਜੋ ਦੂਰਸੰਚਾਰ ਸੇਵਾਵਾਂ ਲਈ ਡੇਟਾ/ਸਿਗਨਲ ਮੁਹੱਈਆ ਕਰਵਾਉਂਦਾ ਹੈ, ਦੇ ਅਨੁਮਾਨ ਮੁਤਾਬਿਕ 2025-27 ਦੀ ਮਿਆਦ ਵਿੱਚ ਸਮੁੰਦਰੀ ਇੰਟਰਨੈੱਟ ਕੇਬਲ ਨੈੱਟਵਰਕ ਦੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ 13 ਬਿਲੀਅਨ ਡਾਲਰ ਤੋਂ ਵੀ ਵਧ ਜਾਵੇਗਾ, ਜੋ 2022-24 ਵਿੱਚ ਹੋਏ ਨਿਵੇਸ਼ ਦੇ ਪੱਧਰ ਤੋਂ ਲਗਪਗ ਦੁੱਗਣਾ ਹੈ। ਇਸ ਵੇਲੇ ਪੂਰੇ ਵਿਸ਼ਵ ਵਿੱਚ ਸਮੁੰਦਰ ਤਲ ’ਤੇ ਸਥਾਪਤ 600 ਦੇ ਕਰੀਬ ਐਕਟਿਵ ਇੰਟਰਨੈੱਟ ਕੇਬਲ ਹਨ। 2025 ਤੱਕ 1.48 ਮਿਲੀਅਨ ਕਿਲੋਮੀਟਰ ਲੰਮੀ ਆਪਟੀਕਲ ਫਾਈਬਰ ਕੇਬਲ ਸਮੁੰਦਰ ਦੇ ਤਲ ’ਤੇ ਆਪਣਾ ਕੰਮ ਕਰ ਰਹੀ ਹੈ। 131 ਕਿਲੋਮੀਟਰ ਲੰਮੀ ਕੇਬਲ ਆਇਰਲੈਂਡ ਅਤੇ ਇੰਗਲੈਂਡ ਵਿੱੱਚ ਸਥਾਪਿਤ ਹੈ। ਸਭ ਤੋਂ ਲੰਮੀ ਕੇਬਲ 20 ਹਜ਼ਾਰ ਕਿਲੋਮੀਟਰ ਲੰਮੇ ਏਸ਼ੀਆ-ਅਮਰੀਕਨ ਗੇਟਵੇਅ ਨੂੰ ਆਪਸ ਵਿੱਚ ਜੋੜਦੀ ਹੈ। ਵਿਸ਼ਵ ਦੀਆਂ ਵੱਡੀਆਂ ਕੰਪਨੀਆਂ ਗੂਗਲ, ਮੈਟਾ, ਮਾਈਕ੍ਰੋਸੋਫਟ ਅਤੇ ਐਮਾਜ਼ੋਨ ਇਸ ਪਾਸੇ ਵੱਧ ਤੋਂ ਵੱਧ ਪੈਸਾ ਲਾ ਰਹੀਆਂ ਹਨ। ਨਵੀ ਇੰਟਰਨੈੱਟ ਕੇਬਲ ਰਾਹੀਂ 224 ਟੈਰਾਬਾਈਟਸ ਪ੍ਰਤੀ ਸਕਿੰਟ ਦੇ ਹਿਸਾਬ ਨਾਲ ਇੰਟਰਨੈੱਟ ਡੇਟਾ ਚੱਲਦਾ ਹੈ।
ਸਮੁੰਦਰੀ ਕੇਬਲ ਲਈ ਖ਼ਤਰੇ ਅਤੇ ਸੁਰੱਖਿਆ: ਇਸ ਕੇਬਲ ਨੂੰ ਕੁਦਰਤੀ ਸਮੁੰਦਰੀ ਤਾਕਤਾਂ, ਸੁਨਾਮੀ, ਭੂਚਾਲ, ਮੱਛੀਆਂ ਫੜਨ ਵਾਲੇ ਜਾਲ, ਜਹਾਜ਼ਾਂ ਦੇ ਲੰਗਰਾਂ ਅਤੇ ਸਮੁੰਦਰੀ ਜਾਨਵਰਾਂ ਤੋਂ ਹੋਣ ਵਾਲੇ ਨੁਕਸਾਨ ਅਤੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਬਲ ਲਚਕਦਾਰ ਬਣਾਈ ਜਾਂਦੀ ਹੈ ਤੇ ਇਹ ਕੇਬਲ ਸੁਰੱਖਿਅਤ ਬੰਡਲਾਂ ਵਿੱਚ ਹੁੰਦੀ ਹੈ। ਬੰਡਲਾਂ ਦੀ ਪੈਕਿੰਗ ਪੂਰੀ ਸਾਵਧਾਨੀ ਨਾਲ ਹੁੰਦੀ ਹੈ, ਜੋ ਸਖ਼ਤ ਸਮੁੰਦਰੀ ਹਾਲਾਤ ਦਾ ਸਾਹਮਣਾ ਕਰ ਸਕਦੀ ਹੈ। ਇਸ ਤੋਂ ਇਲਾਵਾ ਸਮੁੰਦਰੀ ਤਲ ’ਤੇ ਦਬਾਅ ਅਤੇ ਘਿਸਾਅ ਕਰਕੇ ਵੀ ਕੇਬਲ ’ਤੇ ਅਸਰ ਪੈਂਦਾ ਹੈ। ਹਰ ਸਾਲ ਅੰਦਾਜ਼ਨ 100-150 ਕੇਬਲ ਇਸ ਕਰਕੇ ਨੁਕਸਾਨੇ ਜਾਂਦੇ ਹਨ। ਇਸ ਦੇ ਮੁੱਖ ਕਾਰਨਾਂ ਵਿੱਚ ਮੱਛੀ ਫੜਨ ਵਾਲੇ ਉਪਕਰਨ ਜਾਂ ਐਂਕਰ ਹੁੰਦੇ ਹਨ। ਇਸ ਤੋਂ ਇਲਾਵਾ ਤੋੜ-ਫੋੜ ਦੀਆਂ ਘਟਨਾਵਾਂ/ਸੰਭਾਵਨਾਵਾਂ ਵੀ ਵੱਖ ਵੱਖ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਹਨ। ਗਲੋਬਲ ਕੁਨੈਕਟੀਵਿਟੀ ਲਈ ਮਹੱਤਵਪੂਰਨ ਇਹ ਕੇਬਲ ਟੈਲੀਕਾਮ ਅਤੇ ਸੰਚਾਰ ਕੰਪਨੀਆਂ ਦੇ ਸਮੂਹਾਂ ਦੀ ਮਲਕੀਅਤ ਹਨ। ਇਹ ਦੁਸ਼ਮਣ ਦੀਆਂ ਕਾਰਵਾਈਆਂ ਦਾ ਨਿਸ਼ਾਨਾ ਵੀ ਅਕਸਰ ਆਸਾਨੀ ਨਾਲ ਬਣਦੀਆਂ ਹਨ। ਸਮੁੰਦਰੀ ਕੇਬਲ ਨੂੰ ਬਚਾਉਣ ਦੇ ਤਰੀਕੇ: ਸਮੁੰਦਰ ਦੇ ਹੇਠਾਂ ਇੰਟਰਨੈੱਟ ਕੇਬਲ ਨੂੰ ਕਈ ਤਰੀਕਿਆਂ ਨਾਲ ਸੁਰੱਖਿਅਤ ਕੀਤਾ ਜਾਂਦਾ ਹੈ। ਜਾਣੇ-ਪਛਾਣੇ ਖ਼ਤਰਿਆਂ ਅਤੇ ਭੂ-ਸਿਆਸੀ ਤਣਾਅ ਤੋਂ ਬਚਣ ਲਈ ਸਿਆਸੀ ਰੂਟਾਂ ਦੀ ਯੋਜਨਾਬੰਦੀ ਸ਼ੁਰੂ ਕੀਤੀ ਗਈ ਹੈ। ਕੇਬਲ ਨੂੰ ਮਜ਼ਬੂਤ ਸਮੱਗਰੀ ਨਾਲ ਬਣਾਇਆ ਜਾਂਦਾ ਹੈ, ਜਿਸ ਵਿੱਚ ਸਟੀਲ ਆਰਮਰ ਵੀ ਸ਼ਾਮਲ ਹੈ ਤਾਂ ਜੋ ਸਖ਼ਤ ਸਮੁੰਦਰੀ ਹਾਲਾਤ ਅਤੇ ਹਮਲਿਆਂ ਦਾ ਸਾਹਮਣਾ ਕੀਤਾ ਜਾ ਸਕੇ। ਇਨ੍ਹਾਂ ਉਪਾਵਾਂ ਤੋਂ ਇਲਾਵਾ ਮਾਹਿਰਾਂ ਨੇ ਕੇਬਲ ਦੇ ਨੇੜੇ ਉੱਚ-ਜੋਖ਼ਮ ਵਾਲੀਆਂ ਗਤੀਵਿਧੀਆਂ ਨੂੰ ਸੀਮਤ ਕਰਨ ਲਈ ‘ਕੇਬਲ ਸੁਰੱਖਿਆ ਜ਼ੋਨ’ ਸਥਾਪਿਤ ਕਰਨ ਦਾ ਪ੍ਰਸਤਾਵ ਵੀ ਰੱਖਿਆ ਹੈ। ਕੁਝ ਮਾਹਿਰਾਂ ਨੇ ਦੂਜੇ ਮੁਲਕਾਂ ਵੱਲੋਂ ਕੇਬਲ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਣ ਲਈ ਇਸ ਦੇ ਆਲੇ-ਦੁਆਲੇ ਕੌਮਾਂਤਰੀ ਕਾਨੂੰਨਾਂ ਵਿੱਚ ਸੋਧ ਕਰਨ ਅਤੇ ਸੰਧੀਆਂ ਕਰਨ ਦਾ ਸੁਝਾਅ ਵੀ ਦਿੱਤਾ ਹੈ। ਲਾਲ ਸਾਗਰ ਦੀ ਘਟਨਾ ਤੋਂ ਬਾਅਦ ਕਈ ਕੇਬਲ ਸੁਰੱਖਿਆ ਸਮਝੌਤੇ ਹੋਏ ਹਨ।
Share this content:



Post Comment