Loading Now

ਜਾਇਦਾਦ ਪਿੱਛੇ ਸਾਲੇ ਵੱਲੋਂ ਜੀਜਾ ਦਾ ਕਤਲ

ਜਾਇਦਾਦ ਪਿੱਛੇ ਸਾਲੇ ਵੱਲੋਂ ਜੀਜਾ ਦਾ ਕਤਲ

ਐੱਸ.ਏ.ਐੱਸ. ਨਗਰ, 20 ਅਗਸਤ – ਮੋਹਾਲੀ ਦੇ  ਸੈਕਟਰ-87 ਵਿਚ ਮੰਗਲਵਾਰ ਨੂੰ ਪ੍ਰਾਪਰਟੀ ਕਾਰੋਬਾਰੀ ’ਤੇ ਚਾਕੂ ਅਤੇ ਰਾਡਾਂ ਨਾਲ ਹਮਲਾ ਕਰ ਕੇ ਕਤਲ ਕਰ ਦਿਤਾ ਗਿਆ। ਮਿ੍ਰਤਕ ਦੀ ਪਛਾਣ ਅਮਨਦੀਪ ਸਿੰਘ ਵਜੋਂ ਹੋਈ ਹੈ। ਇਸ ਮਾਮਲੇ ਵਿਚ ਮਿ੍ਰਤਕ ਦੀ ਪਤਨੀ ਰਮਨਦੀਪ ਕੌਰ ਨੇ ਆਪਣੇ ਭਰਾ ਪਰਦੀਪ ਸਿੰਘ ਅਤੇ ਉਸ ਦੇ ਇਕ ਅਣਪਛਾਤੇ ਸਾਥੀ ’ਤੇ ਹਮਲਾ ਕਰ ਕੇ ਹਤਿਆ ਕਰਨ ਦੇ ਦੋਸ਼ ਲਗਾਏ ਹਨ। ਦੋਸ਼ ਲਗਾਇਆ ਹੈ ਕਿ ਇਹ ਸਾਰਾ ਮਾਮਲਾ ਜ਼ਮੀਨ ਦੀ ਵਸੀਅਤ ਨੂੰ ਲੈ ਕੇ ਖੜਾ ਹੋਇਆ ਹੈ ਜਿਸ ਕਰ ਕੇ ਉਸ ਦੇ ਭਰਾ ਨੇ ਅਪਣੇ ਹੀ ਜੀਜੇ ਦਾ ਕਤਲ ਕਰ ਦਿਤਾ।

ਸੋਹਾਣਾ ਪੁਲਿਸ ਨੇ ਦੋਵਾਂ ਵਿਰੁਧ ਬੀਐਨਐਸ ਦੀ ਧਾਰਾ 103 ਅਤੇ 3(5) ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਰਮਨਦੀਪ ਕੌਰ ਵਲੋਂ ਪੁਲਿਸ ਨੂੰ ਦਿਤੇ ਬਿਆਨ ਮੁਤਾਬਕ ਉਸ ਦਾ ਵਿਆਹ 2019 ਵਿਚ ਅਮਨਦੀਪ ਸਿੰਘ ਨਾਲ ਹੋਇਆ ਸੀ ਅਤੇ ਦੋਵਾਂ ਦੇ ਦੋ ਬੱਚੇ ਹਨ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਪਰਵਾਰ ਦੀ ਜਾਇਦਾਦ ਉਸ ਦੀ ਮਾਤਾ ਸਵਰਨਜੀਤ ਕੌਰ ਦੇ ਨਾਮ ਹੋ ਗਈ ਸੀ। ਮਾਤਾ ਨੇ ਉਸ ਨੂੰ ਜਾਇਦਾਦ ਦਾ ਵਾਰਸ ਬਣਾਇਆ ਹੋਇਆ ਸੀ ਜਦਕਿ ਉਸ ਦੇ ਭਰਾ ਪਰਦੀਪ ਸਿੰਘ ਨੂੰ ਜਾਇਦਾਦ ਵਿਚ ਵਾਰਸ ਨਹੀਂ ਬਣਾਇਆ ਗਿਆ ਸੀ। ਸ਼ਿਕਾਇਤਕਰਤਾ ਅਨੁਸਾਰ ਇਸ ਗੱਲ ਨੂੰ ਲੈ ਕੇ ਉਸ ਦਾ ਭਰਾ ਰੰਜਸ਼ ਰਖਦਾ ਸੀ। ਰਮਨਦੀਪ ਕੌਰ ਨੇ ਦੱਸਿਆ ਕਿ ਸੈਕਟਰ-87 ਵਿਚ ਉਸ ਦੀ ਮਾਤਾ ਦੇ ਨਾਮ ਕਰੀਬ ਦੋ ਕਨਾਲ ਜ਼ਮੀਨ ਹੈ। ਇਸ ਜ਼ਮੀਨ ’ਤੇ ਅਮਨਦੀਪ ਸਿੰਘ ਨੇ ਪ੍ਰਾਪਰਟੀ ਦਾ ਦਫ਼ਤਰ ਅਤੇ ਫ਼ਾਰਮ ਹਾਊਸ ਬਣਾਇਆ ਹੋਇਆ ਸੀ ਜਿਥੇ ਪ੍ਰਾਪਰਟੀ ਦੀ ਖ਼ਰੀਦ-ਫਰੋਖ਼ਤ ਸਬੰਧੀ ਮੀਟਿੰਗਾਂ ਹੁੰਦੀਆਂ ਸਨ।

ਬਿਆਨ ਮੁਤਾਬਕ 18 ਅਗੱਸਤ ਨੂੰ ਸ਼ਾਮ ਕਰੀਬ 5:40 ਵਜੇ ਪਰਦੀਪ ਸਿੰਘ ਅਪਣੇ ਇਕ ਦੋਸਤ ਨਾਲ ਸੈਕਟਰ-87 ਸਥਿਤ ਦਫ਼ਤਰ ਪਹੁੰਚਿਆ। ਦੋਸ਼ ਹੈ ਕਿ ਪਰਦੀਪ ਨੇ ਅਪਣੀ ਮਾਤਾ ਦੀ ਜਾਇਦਾਦ ਦੀ ਵਸੀਅਤ ਉਸ ਦੇ ਨਾਮ ਨਾ ਹੋਣ ਨੂੰ ਲੈ ਕੇ ਅਮਨਦੀਪ ਨਾਲ ਤਕਰਾਰ ਕੀਤੀ। ਇਸ ਤੋਂ ਬਾਅਦ ਉਸ ਨੇ ਕਥਿਤ ਤੌਰ ’ਤੇ ਚਾਕੂ ਨਾਲ ਅਮਨਦੀਪ ’ਤੇ ਹਮਲਾ ਕਰ ਦਿਤਾ। ਪੁਲਿਸ ਨੂੰ ਦਿਤੇ ਬਿਆਨ ਅਨੁਸਾਰ ਅਮਨਦੀਪ ਜਾਨ ਬਚਾਉਣ ਲਈ ਦਫ਼ਤਰ ਦੇ ਪਿਛਲੇ ਪਾਸੇ ਭੱਜਿਆ ਪਰ ਪਰਦੀਪ ਤੇ ਉਸ ਦੇ ਸਾਥੀ ਨੇ ਉਸ ਨੂੰ ਉਥੇ ਫੜ ਲਿਆ। ਰਮਨਦੀਪ ਕੌਰ ਨੇ ਦੋਸ਼ ਲਾਇਆ ਕਿ ਪਰਦੀਪ ਨੇ ਚਾਕੂ ਨਾਲ ਅਮਨਦੀਪ ਦੀ ਗਰਦਨ ਅਤੇ ਸਰੀਰ ’ਤੇ ਵਾਰ ਕੀਤੇ ਜਦਕਿ ਉਸ ਦੇ ਸਾਥੀ ਨੇ ਰਾਡ ਨਾਲ ਉਸ ਦੇ ਸਿਰ ਅਤੇ ਛਾਤੀ ’ਤੇ ਹਮਲੇ ਕੀਤੇ। ਉਸ ਨੇ ਦੋਵਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਕਥਿਤ ਤੌਰ ’ਤੇ ਧਮਕੀਆਂ ਦਿੰਦੇ ਹੋਏ ਹਥਿਆਰਾਂ ਸਮੇਤ ਇਨੋਵਾ ਗੱਡੀ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ। ਗੰਭੀਰ ਜ਼ਖ਼ਮੀ ਅਮਨਦੀਪ ਸਿੰਘ ਨੂੰ ਇਲਾਜ ਲਈ ਸ੍ਰੀ ਗੁਰੂ ਹਰਕ੍ਰਿਸ਼ਨ ਹਸਪਤਾਲ, ਸੋਹਾਣਾ ਲਿਜਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ ਦੀ ਫ਼ੋਰੈਂਸਿਕ ਜਾਂਚ ਲਈ ਐੱਫ.ਐੱਸ.ਐੱਲ. ਟੀਮ ਨੂੰ ਵੀ ਸੂਚਿਤ ਕੀਤਾ ਹੈ।

Share this content:

Post Comment