ਕੈਨੇਡਾ ਨੇ ਖ਼ਤਮ ਕੀਤੀ 7 ਸਾਲ ਪੁਰਾਣੀ ਇਮੀਗ੍ਰੇਸ਼ਨ ਨੀਤੀ
ਟੋਰਾਂਟੋ, 15 ਸਤੰਬਰ – ਕੈਨੇਡਾ ਨੇ 10 ਸਤੰਬਰ ਤੋਂ ਸੱਤ ਸਾਲ ਪੁਰਾਣੀ ਅਸਥਾਈ ਜਨਤਕ ਇਮੀਗ੍ਰੇਸ਼ਨ ਨੀਤੀ ਖ਼ਤਮ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੱਕੇ ਨਿਵਾਸੀ (ਪੀ.ਆਰ.) ਬਣਨ ਤੋਂ ਬਾਅਦ ਅਰਜ਼ੀ ਵਿੱਚ ਅਣ-ਐਲਾਨੇ ਜੀਵਨ ਸਾਥੀ, ਕਾਮਨ-ਲਾਅ ਪਾਰਟਨਰ ਜਾਂ ਆਸ਼੍ਰਿਤ ਬੱਚਿਆਂ ਨੂੰ ਬਾਅਦ ਵਿੱਚ ਸਪਾਂਸਰ ਕਰਨ ਦੀ ਵਿਸ਼ੇਸ਼ ਸਹੂਲਤ ਬੰਦ ਹੋ ਗਈ ਹੈ। ਇਸ ਦਾ ਸਿੱਧਾ ਅਸਰ ਉਨ੍ਹਾਂ ਪ੍ਰਵਾਸੀ ਪਰਿਵਾਰਾਂ ‘ਤੇ ਪਵੇਗਾ, ਜੋ ਇਸ ਨੀਤੀ ਤਹਿਤ ਬਾਅਦ ਵਿੱਚ ਆਪਣੇ ਅਣ-ਐਲਾਨੇ ਪਰਿਵਾਰਕ ਮੈਂਬਰਾਂ ਨੂੰ ਕੈਨੇਡਾ ਬੁਲਾਉਣ ਦੀ ਯੋਜਨਾ ਬਣਾ ਰਹੇ ਸਨ। ਪੰਜਾਬ ਲਈ ਇਹ ਬਦਲਾਅ ਕਾਫ਼ੀ ਅਹਿਮ ਹੈ। ਵੱਡੀ ਗਿਣਤੀ ਵਿੱਚ ਪੰਜਾਬੀ ਨੌਜਵਾਨ ਇਕੱਲੇ ਕੈਨੇਡਾ ਜਾਂਦੇ ਹਨ ਅਤੇ ਪੀ.ਆਰ. ਮਿਲਣ ਤੋਂ ਬਾਅਦ ਪਰਿਵਾਰ ਨੂੰ ਆਪਣੇ ਨਾਲ ਜੋੜਨ ਦੀ ਯੋਜਨਾ ਬਣਾਉਂਦੇ ਹਨ। ਪੁਰਾਣੀ ਨੀਤੀ ਕੁਝ ਵਿਸ਼ੇਸ਼ ਸ਼੍ਰੇਣੀਆਂ ਦੇ ਪੀ.ਆਰ. ਧਾਰਕਾਂ ਨੂੰ ਬਾਅਦ ਵਿੱਚ ਅਣ-ਐਲਾਨੇ ਪਰਿਵਾਰਕ ਮੈਂਬਰਾਂ ਨੂੰ ਸਪਾਂਸਰ ਕਰਨ ਦਾ ਮੌਕਾ ਦਿੰਦੀ ਸੀ। ਹੁਣ 10 ਸਤੰਬਰ 2026 ਤੋਂ ਬਾਅਦ ਆਉਣ ਵਾਲੇ ਨਵੇਂ ਮਾਮਲਿਆਂ ਵਿੱਚ ਇਹ ਵਿਸ਼ੇਸ਼ ਰਸਤਾ ਉਪਲਬਧ ਨਹੀਂ ਹੋਵੇਗਾ। ਇਹ ਸਹੂਲਤ ਸਾਰੇ ਪੀ.ਆਰ. ਧਾਰਕਾਂ ਲਈ ਨਹੀਂ ਸੀ। ਮੁੱਖ ਤੌਰ ‘ਤੇ ਰਿਫਿਊਜੀ, ਰੀਸੈਟਲਮੈਂਟ ਪ੍ਰੋਗਰਾਮ ਜਾਂ ਅਸਾਈਲਮ ਰਾਹੀਂ ਪੀ.ਆਰ. ਹਾਸਲ ਕਰਨ ਵਾਲੇ ਲੋਕ ਇਸ ਦੇ ਦਾਇਰੇ ਵਿੱਚ ਆਉਂਦੇ ਸਨ।
ਫੈਮਿਲੀ ਕਲਾਸ ਤਹਿਤ ਕੈਨੇਡਾ ਪਹੁੰਚੇ ਲੋਕ ਵੀ ਯੋਗ ਹੋ ਸਕਦੇ ਸਨ। ਹਾਲਾਂਕਿ, ਜੇਕਰ ਕਿਸੇ ਵਿਅਕਤੀ ਨੇ ਜਾਣਬੁੱਝ ਕੇ ਵਿਆਹ ਜਾਂ ਕਾਮਨ-ਲਾਅ ਰਿਸ਼ਤੇ ਦੀ ਜਾਣਕਾਰੀ ਛੁਪਾਈ ਸੀ, ਤਾਂ ਉਸ ਨੂੰ ਇਸ ਨੀਤੀ ਤਹਿਤ ਸਪਾਂਸਰਸ਼ਿਪ ਦੀ ਇਜਾਜ਼ਤ ਨਹੀਂ ਸੀ। ਵਿਸ਼ੇਸ਼ ਨੀਤੀ ਦੇ ਕਾਰਨ ਕੁਝ ਮਾਮਲਿਆਂ ਵਿੱਚ ਬਾਅਦ ਵਿੱਚ ਪਰਿਵਾਰ ਨੂੰ ਜੋੜਨ ਦਾ ਰਸਤਾ ਉਪਲਬਧ ਸੀ, ਪਰ ਹੁਣ ਇਹ ਰਾਹਤ ਖਤਮ ਹੋ ਗਈ ਹੈ। ਕੈਨੇਡਾ ਵਿੱਚ ਪੀ.ਆਰ. ਲਈ ਅਰਜ਼ੀ ਦੇਣ ਵਾਲੇ ਨੌਜਵਾਨਾਂ ਨੂੰ ਸ਼ੁਰੂਆਤ ਤੋਂ ਹੀ ਆਪਣੇ ਵਿਆਹ, ਕਾਮਨ-ਲਾਅ ਰਿਸ਼ਤੇ ਅਤੇ ਬੱਚਿਆਂ ਦੀ ਪੂਰੀ ਜਾਣਕਾਰੀ ਦੇਣੀ ਹੋਵੇਗੀ। ਨੀਤੀ ਖ਼ਤਮ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਕੈਨੇਡਾ ਨੇ ਆਮ ਫੈਮਿਲੀ ਸਪਾਂਸਰਸ਼ਿਪ ਬੰਦ ਕਰ ਦਿੱਤੀ ਹੈ। ਆਮ ਫੈਮਿਲੀ ਕਲਾਸ ਤਹਿਤ ਸਪਾਂਸਰਸ਼ਿਪ ਦੇ ਨਿਯਮ ਅਤੇ ਯੋਗਤਾ ਸ਼ਰਤਾਂ ਵੱਖਰੀਆਂ ਹਨ ਅਤੇ ਲਾਗੂ ਹਨ।
Share this content:



Post Comment