Loading Now

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਚਾਕੂ ਮਾਰਕੇ ਕੀਤਾ ਕਤਲ

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਚਾਕੂ ਮਾਰਕੇ ਕੀਤਾ ਕਤਲ

 

ਕੈਨੇਡਾ ਦੇ ਮਿਸੀਸਾਗਾ ਸ਼ਹਿਰ ਵਿੱਚ ਇੱਕ ਪੰਜਾਬੀ ਨੌਜਵਾਨ ਨੂੰ ਲੜਾਈ ਛੁਡਾਵਾਉਣੀ ਮਹਿੰਗੀ ਪੈ ਗਈ। ਜਦੋਂ ਉਹ ਇੱਕ ਹੋਰ ਪੰਜਾਬੀ ਵਿਅਕਤੀ ‘ਤੇ ਕੀਤੀ ਗਈ ਨਸਲੀ ਟਿੱਪਣੀ ਕਾਰਨ ਸ਼ੁਰੂ ਹੋਏ ਝਗੜੇ ਨੂੰ ਹਟਾਉਣ ਗਿਆ ਤਾਂ ਇੱਕ ਸਥਾਨਕ ਗੋਰੇ ਵਿਅਕਤੀ ਦੀ ਪ੍ਰੇਮਿਕਾ ਨੇ ਚਾਕੂ ਨਾਲ ਉਸ ਦੀ ਗਰਦਨ ‘ਤੇ ਵਾਰ ਕਰ ਕੇ ਉਸਦੀ ਗਰਦਨ ਦੀਆਂ ਨਾੜਾਂ ਕੱਟ ਦਿੱਤੀਆਂ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਆਈ.ਸੀ.ਯੂ.  ਵਿੱਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਖੂਨ ਦੀਆਂ ਨਾੜੀਆਂ ਦੇ ਕੱਟੇ ਜਾਣ ਕਾਰਨ ਦਿਮਾਗ ਤੱਕ ਆਕਸੀਜਨ ਦੀ ਸਪਲਾਈ ਬੰਦ ਹੋ ਗਈ ਸੀ। ਘਟਨਾ ਤੋਂ ਬਾਅਦ ਔਰਤ ਮੌਕੇ ਤੋਂ ਫਰਾਰ ਹੋ ਗਈ।
ਮ੍ਰਿਤਕ ਦੀ ਪਛਾਣ ਜਗਜੀਤ ਸਿੰਘ ਸੰਧੂ ਵਜੋਂ ਹੋਈ ਹੈ ਜੋ ਕਿ ਫਿਲੌਰ ਦੇ ਨੇੜਲੇ ਪਿੰਡ ਭੈਣੀ ਨਾਲ ਸਬੰਧਿਤ ਸੀ। ਜਗਜੀਤ ਦੀ ਭੈਣ ਨੇ ਦੱਸਿਆ ਕਿ ਇਹ ਘਟਨਾ 6 ਸਤੰਬਰ ਨੂੰ ਵਾਪਰੀ ਸੀ, ਪਰ ਪੁਲਿਸ ਨੇ ਹੁਣ ਜਾ ਕੇ ਕਾਰਵਾਈ ਕੀਤੀ ਹੈ। ਉਸ ਦਾ ਭਰਾ ਇੱਕ ਸਥਾਨਕ ਸ਼ੈਲਟਰ ਦੇ ਬਾਹਰ ਇੱਕ ਹੋਰ ਪੰਜਾਬੀ ਨੌਜਵਾਨ ਨੂੰ ਝਗੜੇ ਅਤੇ ਨਸਲੀ ਟਿੱਪਣੀਆਂ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਦੋਂ ਹੀ ਇਕ ਗੋਰੇ ਨਾਲ ਤਕਰਾਰ ਹੋ ਗਈ। ਇਸ ਦੌਰਾਨ,42 ਸਾਲਾ ਗੋਰੀ ਲਵਰੇਨਾ ਸਾਂਸ਼ੇ ਨੇ ਪਿੱਛੇ ਤੋਂ ਜਗਜੀਤ ਦੀ ਗਰਦਨ ‘ਤੇ ਚਾਕੂ ਮਾਰ ਦਿੱਤਾ।

ਹਮਲੇ ਦੌਰਾਨ ਜਗਜੀਤ ਦੀ ਗਰਦਨ ਦੀਆਂ ਮੁੱਖ ਨਾੜੀਆਂ ਕੱਟੀਆਂ ਗਈਆਂ ਸਨ। ਬਹੁਤ ਜ਼ਿਆਦਾ ਖੂਨ ਵਹਿ ਜਾਣ ਕਾਰਨ ਹਸਪਤਾਲ ਵਿੱਚ ਉਸ ਨੂੰ ‘ਬਰੇਨ ਡੈੱਡ’ (ਦਿਮਾਗ਼ੀ ਤੌਰ ‘ਤੇ ਮ੍ਰਿਤਕ) ਐਲਾਨ ਦਿੱਤਾ ਗਿਆ ਅਤੇ ਬਾਅਦ ਵਿੱਚ ਲਾਈਫ ਸਪੋਰਟ ਹਟਾਏ ਜਾਣ ‘ਤੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ‘ਤੇ ‘ਸੈਕਿੰਡ-ਡਿਗਰੀ ਮਰਡਰ’ (ਇਰਾਦਾ-ਏ-ਕਤਲ ਦੀ ਇੱਕ ਸ਼੍ਰੇਣੀ) ਦਾ ਦੋਸ਼ ਲਗਾਇਆ ਹੈ।

ਇਸ ਘਟਨਾ ਤੋਂ ਬਾਅਦ, ਮ੍ਰਿਤਕਾ ਦੀ ਭੈਣ ਜਸਪ੍ਰੀਤ ਕੌਰ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰਕੇ ਕੈਨੇਡਾ ਦੀ ਕਾਨੂੰਨ-ਵਿਵਸਥਾ ਅਤੇ ਪੁਲਿਸ ਪ੍ਰਸ਼ਾਸਨ ‘ਤੇ ਗੰਭੀਰ ਸਵਾਲ ਚੁੱਕੇ। ਜਸਪ੍ਰੀਤ ਨੇ ਦੋਸ਼ ਲਾਇਆ ਕਿ ਘਟਨਾ ਮਗਰੋਂ ਪੁਲਿਸ ਪਰਿਵਾਰ ਨੂੰ ਸਮੇਂ ਸਿਰ ਜਾਣਕਾਰੀ ਦੇਣ ਵਿੱਚ ਅਸਫਲ ਰਹੀ ਅਤੇ ਉਨ੍ਹਾਂ ਨੂੰ ਅਦਾਲਤੀ ਸੁਣਵਾਈਆਂ ਵਿੱਚ ਸ਼ਾਮਲ ਹੋਣ ਦਾ ਮੌਕਾ ਨਹੀਂ ਦਿੱਤਾ।

ਰੋਂਦਿਆਂ ਹੋਇਆਂ ਉਨ੍ਹਾਂ ਨੇ ਅਪੀਲ ਕੀਤੀ, “ਕੈਨੇਡਾ ਹੁਣ ਬੱਚਿਆਂ ਲਈ ਸੁਰੱਖਿਅਤ ਨਹੀਂ ਰਿਹਾ। ਇੱਥੋਂ ਦਾ ਸਿਸਟਮ ਅਤੇ ਆਗੂ ਬਿਲਕੁਲ ਗੂੜ੍ਹੀ ਨੀਂਦ ਵਿੱਚ ਸੁੱਤੇ ਪਏ ਹਨ।” ਇਸ ਘਟਨਾ ਤੋਂ ਬਾਅਦ, ਕੈਨੇਡਾ ਵਿੱਚ ਰਹਿਣ ਵਾਲੇ ਭਾਰਤੀ ਅਤੇ ਪੰਜਾਬੀ ਭਾਈਚਾਰਿਆਂ ਵਿੱਚ ਸੁਰੱਖਿਆ ਨੂੰ ਲੈ ਕੇ ਭਾਰੀ ਰੋਹ ਅਤੇ ਚਿੰਤਾ ਪਾਈ ਜਾ ਰਹੀ ਹੈ।

Share this content:

Post Comment