ਇੰਟਰਨੈੱਟ ਮੀਡੀਆ ਦਾ ਜਾਲ
ਤਕਨਾਲੌਜੀ ਲਗਾਤਾਰ ਆਪਣੇ ਪੈਰ ਪਸਾਰ ਰਹੀ ਹੈ ਅਤੇ ਇੰਟਰਨੈੱਟ ਮੀਡੀਆ ਇਸ ਵੇਲੇ ਹਰ ਕਿਸੇ ਦੀ ਜ਼ਰੂਰਤ ਬਣ ਚੁੱਕਾ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਕਈ-ਕਈ ਘੰਟੇ ਇੰਟਰਨੈੱਟ ਮੀਡੀਆ ’ਤੇ ਆਪਣਾ ਸਮਾਂ ਬਿਤਾ ਰਿਹਾ ਹੈ। ਇਸ ਦੇ ਚੰਗੇ-ਮਾੜੇ ਪ੍ਰਭਾਵ ਵੀ ਸਾਹਮਣੇ ਆ ਰਹੇ ਹਨ। ਇਸ ਬਾਰੇ ਲੋਕਲ ਸਰਕਲਸ ਵੱਲੋਂ ਕੀਤਾ ਗਿਆ ਤਾਜ਼ਾ ਸਰਵੇਖਣ ਚਿੰਤਾਵਾਂ ਪੈਦਾ ਕਰਨ ਵਾਲਾ ਹੈ। ਇਸ ਮੁਤਾਬਕ 25 ਫ਼ੀਸਦੀ ਮਾਪੇ ਚਾਹੁੰਦੇ ਹਨ ਕਿ ਬੱਚਿਆਂ ਵੱਲੋਂ ਇੰਟਰਨੈੱਟ ਮੀਡੀਆ ਦੀ ਵਰਤੋਂ ਕਰਨ ਤੋਂ ਪਹਿਲਾਂ ਮਾਪਿਆਂ ਦੀ ਮਨਜ਼ੂਰੀ ਲੈਣੀ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ। ਬੱਚਿਆਂ ’ਚ ਸੋਸ਼ਲ ਮੀਡੀਆ ਦੇਖਣ ਅਤੇ ਵਰਤਣ ਦੀ ਹੱਦ ਵੀ ਲਗਾਤਾਰ ਵਧ ਰਹੀ ਹੈ। ਇਸ ਨਾਲ ਉਨ੍ਹਾਂ ਦਾ ਮਾਨਸਿਕ ਸੰਤੁਲਨ ਵਿਗੜ ਰਿਹਾ ਹੈ ਅਤੇ ਸਿਹਤ ਸਬੰਧੀ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਜ਼ਿਆਦਾ ਸਕ੍ਰੀਨ ਟਾਈਮ ਨਾਲ ਨੀਂਦ ਦੀ ਗੁਣਵੱਤਾ ’ਚ ਕਮੀ, ਪੜ੍ਹਾਈ ’ਚ ਰੁਚੀ ਘੱਟ ਹੋਣਾ ਅਤੇ ਮਾਪਿਆਂ ਨਾਲ ਮੇਲ-ਮਿਲਾਪ ਘਟਣਾ ਵੀ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ।
ਬੱਚਿਆਂ ਵਿਚਾਲੇ ਇੰਟਰਨੈੱਟ ਮੀਡੀਆ ’ਤੇ ਬਣਾਏ ਗਏ ਰਿਸ਼ਤਿਆਂ ਨਾਲ ਸਬੰਧ ਰੱਖਣ ’ਚ ਜ਼ਿਆਦਾ ਦਿਲਚਸਪੀ ਪੈਦਾ ਹੋ ਰਹੀ ਹੈ। ਦੇਸ਼ ਦੇ ਆਈਟੀ ਮੰਤਰਾਲੇ ਨੇ ਪਿਛਲੇ ਮਹੀਨੇ ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ ਨਿਯਮ, 2025 ਨੂੰ ਨੋਟੀਫਾਈ ਕੀਤਾ ਸੀ ਅਤੇ ਇਸ ਨਾਲ ਬੱਚਿਆਂ ਨੂੰ ਇੰਟਰਨੈੱਟ ਮੀਡੀਆ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਬਚਾਉਣ ਦੀਆਂ ਉਮੀਦਾਂ ਜਾਗੀਆਂ ਹਨ। ਇਕ ਰਿਪੋਰਟ ਮੁਤਾਬਕ 2024 ’ਚ ਭਾਰਤ ’ਚ 88 ਕਰੋੜ ਇੰਟਰਨੈੱਟ ਉਪਭੋਗਤਾ ਸਨ ਅਤੇ ਕਿਸ਼ੋਰ ਰੋਜ਼ਾਨਾ ਔਸਤਨ ਡੇਢ ਘੰਟਾ ਇੰਟਰਨੈੱਟ ਮੀਡੀਆ ’ਤੇ ਬਿਤਾ ਰਹੇ ਸਨ। ਸਾਲਾਨਾ ਸਿੱਖਿਆ ਸਥਿਤੀ ਦੀ 2024 ਦੀ ਰਿਪੋਰਟ ’ਚ ਦੇਖਿਆ ਗਿਆ ਹੈ ਕਿ 14-16 ਸਾਲ ਦੀ ਉਮਰ ਦੇ 82.2 ਫ਼ੀਸਦੀ ਬੱਚੇ ਸਮਾਰਟਫੋਨ ਚਲਾਉਣ ਦੇ ਯੋਗ ਹਨ ਪਰ ਇਨ੍ਹਾਂ ’ਚੋਂ ਸਿਰਫ਼ 57 ਫ਼ੀਸਦੀ ਹੀ ਇਸ ਦੀ ਵਰਤੋਂ ਸਿੱਖਿਆ ਸਰਗਰਮੀਆਂ ਲਈ ਕਰਦੇ ਹਨ। ਇਸ ਦੇ ਉਲਟ 76 ਫ਼ੀਸਦੀ ਬੱਚੇ ਸੋਸ਼ਲ ਮੀਡੀਆ ਲਈ ਸਮਾਰਟਫੋਨ ਦੀ ਵਰਤੋਂ ਕਰਦੇ ਹਨ। ਇਸੇ ਰਿਪੋਰਟ ’ਚ ਜ਼ਿਕਰ ਹੈ ਕਿ 11 ਤੋਂ 37 ਫ਼ੀਸਦੀ ਕਿਸ਼ੋਰਾਂ ’ਚ ਇੰਟਰਨੈੱਟ ਮੀਡੀਆ ਦੀ ਲਤ (ਐਡਿਕਸ਼ਨ) ਦੇ ਲੱਛਣ ਮਿਲੇ ਹਨ। ਇਸੇ ਤਰ੍ਹਾਂ ਤਿੰਨ ਤੋਂ 60 ਫ਼ੀਸਦੀ ਬੱਚੇ ਸਾਈਬਰ ਬੁਲਿੰਗ ਦਾ ਸ਼ਿਕਾਰ ਹੋ ਰਹੇ ਹਨ। ਬੱਚਿਆਂ ਦੁਆਲੇ ਵਧ ਰਹੇ ਇਸ ਸੋਸ਼ਲ ਮੀਡੀਆ ਦੇ ਜਾਲ ਦੇ ਭਵਿੱਖ ’ਚ ਬੁਰੇ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ।
ਬੱਚੇ ਸੋਸ਼ਲ ਮੀਡੀਆ ਦੀ ਵਰਤੋਂ ਕਿਉਂ ਤੇ ਕਿਵੇਂ ਕਰਦੇ ਹਨ, ਇਸ ਗੱਲ ’ਤੇ ਚੌਵੀ ਘੰਟੇ ਨਜ਼ਰ ਰੱਖਣੀ ਮਾਪਿਆਂ ਲਈ ਵੀ ਔਖਾ ਕੰਮ ਹੈ। ਖਾਸਕਰ ਛੋਟੇ ਬੱਚਿਆਂ ਨੂੰ ਵੀਡੀਓ ਗੇਮਜ਼ ਜਾਂ ਸ਼ਾਰਟ ਵੀਡੀਓ ਕਲਿੱਪ ਰਾਹੀਂ ਵਿਅਸਤ ਰੱਖਣ ਦੇ ਤਰੀਕੇ ਕਿਤੇ ਨਾ ਕਿਤੇ ਮਾਪਿਆਂ ਲਈ ਖ਼ਤਰਾ ਬਣ ਰਹੇ ਹਨ। ਮਾਪਿਆਂ ਦੀ ਰੁਟੀਨ ਜ਼ਿੰਦਗੀ ਕਈ ਵਾਰ ਇਸ ਗੱਲ ਦੀ ਮਨਜ਼ੂਰੀ ਨਹੀਂ ਦਿੰਦੀ ਕਿ ਉਹ ਬੱਚਿਆਂ ਦੇ ਮਾਨਸਿਕ ਪੱਧਰ ਦੇ ਵਿਕਾਸ ਲਈ ਆਪਣੇ ਮੁਤਾਬਕ ਜਾਣਕਾਰੀਆਂ ਦਾ ਲੈਣ-ਦੇਣ ਕਰ ਸਕਣ। ਸੋਸ਼ਲ ਮੀਡੀਆ ’ਤੇ ਸਭ ਤੋਂ ਵੱਧ ਵਰਤੇ ਜਾਣ ਵਾਲੇ ਐਪਸ, ਜਿਵੇਂ ਕਿ ਫੇਸਬੁਕ, ਇੰਸਟਾਗ੍ਰਾਮ, ਸਨੈਪਚੈਟ, ਐਕਸ (ਪਹਿਲਾਂ ਟਵਿੱਟਰ), ਟਿਕਟਾਕ ਦੁਆਲੇ ਹੀ ਬੱਚਿਆਂ ਤੇ ਨੌਜਵਾਨਾਂ ਦੀ ਜ਼ਿੰਦਗੀ ਇਨ੍ਹਾਂ ਦਿਨਾਂ ’ਚ ਘੁੰਮਦੀ ਹੈ। ਇਸੇ ਸਾਲ ਆਈ ਇਕ ਰਿਪੋਰਟ ਮੁਤਾਬਕ ਪੂਰੇ ਸੰਸਾਰ ’ਚ 5.6 ਬਿਲੀਅਨ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਹਨ। ਇੰਟਰਨੈੱਟ ਮੀਡੀਆ ਦੀ ਵਰਤੋਂ ਕਰਦਿਆਂ ਬੱਚੇ ਕਿਸ ਤਰ੍ਹਾਂ ਦਾ ਕੰਟੈਂਟ ਦੇਖ ਅਤੇ ਬਣਾ ਰਹੇ ਹਨ, ਇਸ ਪਾਸੇ ਯੋਜਨਾਬੱਧ ਤਰੀਕੇ ਨਾਲ ਸੋਚਣਾ ਚਾਹੀਦਾ ਹੈ।
Share this content:


Post Comment