‘ਆਪ’ ਛੱਡਣ ਅਤੇ ਭਾਜਪਾ ਨੂੰ ਅਪਣਾਉਣ ਲਈ ਈਡੀ ਦਾ ਦਬਾਅ ਪਾ ਰਹੀ ਹੈ ਭਾਜਪਾ
ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਉਸ ਨੂੰ ਡਰਾਉਣ ਅਤੇ ‘ਆਪ’ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਲਈ ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੀ ਵਰਤੋਂ ਕਰ ਰਹੀ ਹੈ। ਕੈਬਨਿਟ ਮੰਤਰੀ ਮੁੰਡੀਆਂ ਆਪਣੇ ਰਿਸ਼ਤੇਦਾਰ ਦੇ ਘਰ ਈ ਡੀ ਦੇ ਛਾਪਿਆਂ ਤੋਂ ਬਾਅਦ ਅੱਜ ਚੰਡੀਗੜ੍ਹ ’ਚ ਮੀਡੀਆ ਸਾਹਮਣੇ ਆਏ। ਇਸ ਦੌਰਾਨ ਮੁੰਡੀਆਂ ਨੇ ਕਿਹਾ ਕਿ ਈ ਡੀ ਵੱਲੋਂ ਲੰਘੇ ਦਿਨ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਉਸ ਦੇ ਭਤੀਜੇ ਦੇ ਘਰ ਛਾਪੇਮਾਰੀ ਕਰਕੇ ਬੱਚਿਆਂ ਤੋਂ ਪੁੱਛ-ਗਿੱਛ ਕੀਤੀ ਗਈ। ਉਨ੍ਹਾਂ ਕਿਹਾ ਕਿ ਈ ਡੀ ਵੱਲੋਂ ਉਸ ’ਤੇ ‘ਆਪ’ ਛੱਡਣ ਦਾ ਦਬਾਅ ਬਣਾਇਆ ਗਿਆ। ਇਸ ਤੋਂ ਇਲਾਵਾ ਈ ਡੀ ਨੇ ਕਾਰਵਾਈ ਦੌਰਾਨ ਇੱਕ ਵਿਧਵਾ, ਬੱਚਿਆਂ ਅਤੇ ਇੱਕ ਗਰਭਵਤੀ ਔਰਤ ਨੂੰ ਖੱਜਲ-ਖੁਆਰ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਜਨਤਾ ਵਿੱਚ ਉਤਸ਼ਾਹ ਪੈਦਾ ਕਰਨ ਵਿੱਚ ਨਾਕਾਮ ਰਹਿਣ ਤੋਂ ਬਾਅਦ ਭਾਜਪਾ ਹੁਣ ਡਰ ਦਾ ਮਾਹੌਲ ਬਣਾ ਕੇ ਚੋਣਾਂ ਲੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬੀਆਂ ਨੂੰ ਈ ਡੀ ਦੇ ਛਾਪਿਆਂ ਜਾਂ ਧਮਕੀਆਂ ਨਾਲ ਡਰਾਇਆ ਨਹੀਂ ਜਾ ਸਕਦਾ। ਕੈਬਨਿਟ ਮੰਤਰੀ ਨੇ ਭਾਜਪਾ ’ਤੇ ਹਮਲਾ ਕਰਦਿਆਂ ਕਰਦਿਆਂ ਕਿਹਾ ਕਿ ਭਾਜਪਾ ਨੂੰ ਪੰਜਾਬ ਦੇ ਲੋਕ ਪਸੰਦ ਨਹੀਂ ਕਰ ਰਹੇ, ਜਿਸ ਕਰ ਕੇ ਭਾਜਪਾ ਡਰ ਦੇ ਮਾਹੌਲ ਵਿੱਚ ਸਿਆਸਤ ਕਰ ਰਹੀ ਹੈ। ਇਸੇ ਕਰ ਕੇ ‘ਆਪ’ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਪੰਜਾਬ ਵਿੱਚ ਈ ਡੀ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਤਿੰਦਰ ਜੈਨ ਅਤੇ ਮਨੀਸ਼ ਸਿਸੋਦੀਆ ਸਮੇਤ ਹੋਰ ਆਗੂਆਂ ਨੂੰ ਕੇਂਦਰੀ ਏਜੰਸੀਆਂ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਬਾਅਦ ਵਿੱਚ ਅਦਾਲਤੀ ਕਾਰਵਾਈ ਵਿੱਚ ਕੁਝ ਨਹੀਂ ਨਿਕਲਿਆ। ਭਾਜਪਾ ਵੱਲੋਂ ਉਹੀ ਹੱਥਕੰਡੇ ਹੁਣ ਪੰਜਾਬ ਵਿੱਚ ਵਰਤੇ ਜਾ ਰਹੇ ਹਨ।
Share this content:



Post Comment