ਅੰਮ੍ਰਿਤਸਰ ਏਅਰਪੋਰਟ ਨੇੜੇ ਡਰੋਨ ਉਡਾਉਣ ’ਤੇ ਪਾਬੰਦੀ
ਅੰਮ੍ਰਿਤਸਰ, 10 ਸਤੰਬਰ – ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਲੇ-ਦੁਆਲੇ ਡਰੋਨ ਉਡਾਉਣ ਨੂੰ ਲੈ ਕੇ ਪੁਲਿਸ ਨੇ ਸਖ਼ਤੀ ਵਧਾ ਦਿੱਤੀ ਹੈ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਨੇ ਹਵਾਈ ਅੱਡੇ ਦੇ 3 ਕਿਲੋਮੀਟਰ ਦੇ ਘੇਰੇ ਨੂੰ ਰੈੱਡ ਜ਼ੋਨ ਅਤੇ 5 ਕਿਲੋਮੀਟਰ ਤੱਕ ਦੇ ਇਲਾਕੇ ਨੂੰ ਯੈਲੋ ਅਲਰਟ ਜ਼ੋਨ ਐਲਾਨਿਆ ਹੈ। ਪੁਲਿਸ ਨੇ ਚਿਤਾਵਨੀ ਦਿੱਤੀ ਹੈ ਕਿ ਨਿਯਮਾਂ ਦੀ ਉਲੰਘਣਾ ਕਰਕੇ ਬਿਨਾਂ ਇਜਾਜ਼ਤ ਡਰੋਨ ਉਡਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡੀਐਸਪੀ ਨੇ ਦੱਸਿਆ ਕਿ ਪੁਲਿਸ ਟੀਮ ਏਅਰਪੋਰਟ ਦੇ ਆਲੇ-ਦੁਆਲੇ ਸਥਿਤ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ।
ਪਿੰਡ ਵਾਸੀਆਂ ਨੂੰ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਦੇਣ ਲਈ ਕਈ ਸਥਾਨਕ ਗੁਰਦੁਆਰਿਆਂ ਵਿੱਚ ਵਿਸ਼ੇਸ਼ ਤੌਰ ’ਤੇ ਅਨਾਊਂਸਮੈਂਟ ਵੀ ਕਰਵਾਈ ਜਾ ਰਹੀ ਹੈ। ਪਿਛਲੇ ਦਿਨੀਂ ਇੱਕ ਖੇਡ ਸਮਾਗਮ ਦੌਰਾਨ ਕੁਝ ਲੋਕਾਂ ਨੇ ਬਿਨਾਂ ਇਜਾਜ਼ਤ ਡਰੋਨ ਉਡਾਇਆ ਸੀ। ਇਸ ਲਾਪਰਵਾਹੀ ਕਾਰਨ ਅੰਮ੍ਰਿਤਸਰ ਏਅਰਪੋਰਟ ਦੀਆਂ ਉਡਾਣ ਸੇਵਾਵਾਂ ’ਤੇ ਮਾੜਾ ਅਸਰ ਪਿਆ ਸੀ ਅਤੇ ਕਈ ਫਲਾਈਟਾਂ ਪ੍ਰਭਾਵਿਤ ਹੋਈਆਂ ਸਨ। ਇਸ ਘਟਨਾ ਤੋਂ ਬਾਅਦ ਏਅਰਪੋਰਟ ਪ੍ਰਸ਼ਾਸਨ ਸੁਰੱਖਿਆ ਨੂੰ ਲੈ ਕੇ ਹੋਰ ਵੀ ਚੌਕਸ ਹੋ ਗਿਆ ਹੈ।
ਡਰੋਨ ਉਡਾਉਣ ਤੋਂ ਪਹਿਲਾਂ ਲੈਣੀ ਪਵੇਗੀ ਲਿਖਤੀ ਇਜਾਜ਼ਤ
ਡੀਐਸਪੀ ਨੇ ਸਪੱਸ਼ਟ ਕੀਤਾ ਹੈ ਕਿ ਏਅਰਪੋਰਟ ਦੇ ਨੇੜੇ ਕਿਸੇ ਵੀ ਸੰਵੇਦਨਸ਼ੀਲ ਇਲਾਕੇ, ਪ੍ਰੋਗਰਾਮ ਜਾਂ ਵਿਆਹ-ਸਮਾਗਮ ਵਿੱਚ ਡਰੋਨ ਉਡਾਉਣ ਤੋਂ ਪਹਿਲਾਂ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿੱਚ ਸੂਚਨਾ ਦੇਣੀ ਹੋਵੇਗੀ।
Share this content:



Post Comment