ਪੁਰਸਕਾਰ ਦੀ ਭਾਲ ਵਿੱਚ ਭਟਕਿਆ ਹੋਇਆ ਕਵੀ! / ਇਲਤੀ ਬਾਬਾ
ਜਦੋਂ ਕੋਈ ਕਵੀ ਆਪਣੀ ਕਵਿਤਾ ਵਿੱਚ ਬੁੱਢੇ ਨਾਲੇ ਨੂੰ ਸ਼ੂਕਦੀ ਨਦੀ ਦੱਸਦਾ ਹੈ ਤਾਂ ਮੇਰਾ ਮੱਥਾ ਠਣਕਦਾ ਹੈ।
ਮੈਂ ਮੰਜੇ ਤੋਂ ਬੁੜਕ ਕੇ ਉੱਠਦਾ ਹਾਂ। ਮੇਰੀ ਪਤਨੀ ਮੈਨੂੰ ਡਰਦਿਆਂ ਪੁੱਛਦੀ ਹੈ ਕਿ
“ਕੀ ਹੋ ਗਿਆ ਜੀ?”
ਮੈਂ ਕਿਹਾ, “ਕੁੱਝ ਨਹੀਂ ਹੋਇਆ!”
ਉਹ ਫੇਰ ਪੁੱਛਦੀ ਹੈ।
“ਕਿਤੇ ਗੁਲਾਬੀ ਭਵਨ ਤਾਂ ਨੀਂ ਜਾ ਆਏ?”
“ਤੁਸੀਂ ਵੀ ਕਮਾਲ ਕਰਦੇ ਹੋ। ਮੰਜੇ ਤੋਂ ਉੱਠਦਿਆਂ ਹੀ ਗੁਲਾਬੀ ਭਵਨ ਕਿੱਥੋਂ ਆ ਗਿਆ?”
“ਗੱਲ ਮੰਜੇ ਦੀ ਨਹੀਂ, ਕਵਿਤਾ ਦੀ ਹੈ। ਜਦੋਂ ਬੁੱਢਾ ਨਾਲਾ ਕਵੀ ਨੂੰ ਸ਼ੂਕਦੀ ਨਦੀ ਨਜ਼ਰ ਆਉਣ ਲੱਗ ਪਵੇ ਤਾਂ ਸਮਝੋ ਕਵੀ ਕਵਿਤਾ ਵਿੱਚੋਂ ਨਿਕਲ ਕੇ ਪੁਰਸਕਾਰਾਂ ਦੀ ਦੁਨੀਆ ਵਿੱਚ ਦਾਖਲ ਹੋ ਗਿਆ ਹੈ।”
ਪਤਨੀ ਨੇ ਪੁੱਛਿਆ
“ਫਿਰ ਨਦੀ ਕਿੱਥੇ ਗਈ?”
ਮੈਂ ਕਿਹਾ
“ਨਦੀ ਤਾਂ ਆਪਣੀ ਥਾਂ ਵਹਿ ਰਹੀ ਹੈ। ਪਰ ਕਵੀ ਦੀ ਅੱਖ ਅੱਗੇ ਹੁਣ ਨਦੀ ਨਹੀਂ, ਪੁਰਸਕਾਰ ਦੀ ਚਮਕ ਵਹਿ ਰਹੀ ਹੈ।”
ਅੱਜਕੱਲ੍ਹ ਕੁਝ ਕਵੀਆਂ ਨੂੰ ਕਵਿਤਾ ਲਿਖਣ ਤੋਂ ਪਹਿਲਾਂ ਇਹ ਸੋਚਣਾ ਪੈਂਦਾ ਹੈ ਕਿ ਕਿਹੜੀ ਕਵਿਤਾ ਨਾਲ ਕਿਹੜਾ ਪੁਰਸਕਾਰ ਮਿਲੇਗਾ?
ਉਹ ਬੜੀ ਬਾਰੀਕੀ ਨਾਲ ਹਿਸਾਬ ਲਾਉਂਦਾ ਹੈ—
ਕਿਹੜੇ ਬੰਦੇ ਦੀ ਤਾਰੀਫ਼ ਕਰੀਏ?
ਕਿਸ ਦੀ ਵੋਟ ਬਣਾਈਏ?
ਕਿਹੜੀ ਸੰਸਥਾ ਦੇ ਸਮਾਗਮ ਵਿੱਚ ਕੁਰਸੀ ਮਿਲੇਗੀ?
ਕਿਹੜੇ ਆਲੋਚਕ ਨੂੰ ਖੁਸ਼ ਕਰੀਏ?
ਕਿਹੜੇ ਸਾਹਿਤਕ ਗਰੁੱਪ ਵਿੱਚ ਆਪਣੀ ਹਾਜ਼ਰੀ ਲਵਾਈਏ?
ਕਿਹੜੇ ਸੰਪਾਦਕ ਨੂੰ ਆਪਣੀ ਕਵਿਤਾ ਭੇਜੀਏ?
ਕਿਹੜੇ ਮੰਚ ਉੱਤੇ ਆਪਣਾ ਨਾਮ ਵਾਰ-ਵਾਰ ਬੁਲਵਾਈਏ?
ਕਵਿਤਾ ਕਾਗਜ਼ ਉੱਤੇ ਉਤਰਨ ਤੋਂ ਪਹਿਲਾਂ ਹੀ ਪੁਰਸਕਾਰ ਦੀ ਅਰਜ਼ੀ ਕਵੀ ਦੇ ਮਨ ਵਿੱਚ ਉਤਰ ਆਉਂਦੀ ਹੈ।
ਫਿਰ ਕਵੀ ਬੁੱਢੇ ਨਾਲੇ ਨੂੰ ਨਦੀ ਬਣਾ ਦਿੰਦਾ ਹੈ।
ਸੁੱਕੇ ਖੇਤਾਂ ਨੂੰ ਹਰੇ-ਭਰੇ ਕਰ ਦਿੰਦਾ ਹੈ।
ਭੁੱਖੇ ਬੰਦੇ ਨੂੰ ਕਵਿਤਾ ਵਿੱਚ ਰੱਜਿਆ ਹੋਇਆ ਦਿਖਾ ਦਿੰਦਾ ਹੈ।
ਜਿੱਥੇ ਲੋਕ ਪਾਣੀ ਲਈ ਤਰਸ ਰਹੇ ਹੋਣ, ਉੱਥੇ ਕਵਿਤਾ ਵਿੱਚ ਨਹਿਰਾਂ ਵਗਾ ਦਿੰਦਾ ਹੈ।
ਜਿੱਥੇ ਧੂੰਆਂ ਹੋਵੇ, ਉੱਥੇ ਉਸਨੂੰ ਸਵੇਰ ਦੀ ਧੁੰਦ ਲਿਖ ਦਿੰਦਾ ਹੈ।
ਕਿਉਂ? ਪਤਨੀ ਨੇ ਚੀਕਦਿਆਂ ਪੁੱਛਿਆ।
“ਕਿਉਂਕਿ ਸੱਚ ਲਿਖਣ ਨਾਲ ਕਈ ਵਾਰ ਪੁਰਸਕਾਰ ਹੱਥੋਂ ਨਿਕਲ ਜਾਂਦਾ ਹੈ।”
ਮੈਂ ਥੋੜ੍ਹਾ ਰੁਕ ਕੇ ਕਿਹਾ—
“ਸੱਚ ਪੁੱਛੋ ਤਾਂ ਅੱਜ ਦਾ ਵੱਡਾ ਵਿਅੰਗ ਇਹ ਨਹੀਂ ਕਿ ਕੋਈ ਕਵੀ ਬੁੱਢੇ ਨਾਲੇ ਨੂੰ ਨਦੀ ਲਿਖਦਾ ਹੈ। ਸਭ ਤੋਂ ਵੱਡਾ ਵਿਅੰਗ ਇਹ ਹੈ ਕਿ ਕਵੀ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਵਿਤਾ ਲਿਖ ਰਿਹਾ ਹੈ ਜਾਂ ਪੁਰਸਕਾਰ ਦੀ ਅਰਜ਼ੀ।”
ਕਵਿਤਾ ਜੇ ਸਮਾਜ ਦੀ ਅੱਖ ਹੈ ਤਾਂ ਉਸ ਵਿੱਚ ਧੂੰਆਂ ਵੀ ਦਿਸਣਾ ਚਾਹੀਦਾ ਹੈ, ਗੰਦ ਵੀ, ਭੁੱਖ ਵੀ, ਧੋਖਾ ਵੀ ਤੇ ਸੱਚ ਵੀ।
ਕਵੀ ਦਾ ਕੰਮ ਗੰਦ ਨੂੰ ਗੁਲਾਬ ਬਣਾਉਣਾ ਨਹੀਂ, ਗੰਦ ਦੇ ਪਿੱਛੇ ਲੁਕੀ ਸੱਚਾਈ ਨੂੰ ਵਿਖਾਉਣਾ ਵੀ ਹੈ।
ਨਹੀਂ ਤਾਂ ਕਵੀ ਕੋਲ ਸ਼ਬਦ ਤਾਂ ਬਹੁਤ ਹੋਣਗੇ, ਪਰ ਕਵਿਤਾ ਨਹੀਂ ਹੋਵੇਗੀ।
ਤੇ ਮੈਂ ਮੰਜੇ ਤੋਂ ਬੁੜਕ ਕੇ ਹਰ ਵਾਰ ਇਹੀ ਸੋਚਦਾ ਹਾਂ—
ਕਿਤੇ ਬੁੱਢਾ ਨਾਲਾ ਸੱਚਮੁੱਚ ਸ਼ੂਕਦੀ ਨਦੀ ਤਾਂ ਨਹੀਂ ਬਣ ਗਿਆ?
ਜਾਂ ਫਿਰ…
ਕਵੀ ਦੀ ਕਲਮ ਪੁਰਸਕਾਰ ਦੀ ਭਾਲ ਵਿੱਚ ਅੰਨ੍ਹੀ ਹੋ ਗਈ ਹੈ?
ਇੱਕ ਦਿਨ ਮੈਂ ਇਹ ਭੇਤ ਪਤਾ ਕਰਨ ਲਈ ਉੱਠਿਆ ਤੇ ਚੁਰਾਹੇ ਵਿੱਚ ਜਾ ਖੜ੍ਹਾ ਹੋਇਆ।
ਹਰ ਲੰਘਣ ਵਾਲੇ ਨੂੰ ਪੁੱਛਣ ਲੱਗਾ—
“ਭਾਈ ਸਾਹਿਬ! ਬੁੱਢਾ ਨਾਲਾ ਦਰਿਆ ਬਣ ਗਿਆ ਹੈ ਕਿ ਨਦੀ?”
ਕੋਈ ਮੇਰੇ ਵੱਲ ਵੇਖ ਕੇ ਹੱਸ ਪਿਆ।
ਕੋਈ ਬਿਨਾਂ ਜਵਾਬ ਦਿੱਤੇ ਲੰਘ ਗਿਆ।
ਅਖ਼ੀਰ ਇੱਕ ਬੰਦਾ ਉੱਚੀ ਆਵਾਜ਼ ਵਿੱਚ ਬੋਲਿਆ—
“ਭਾਈ ਸਾਹਿਬ! ਉਹ ਤਾਂ ਗੰਦਾ ਨਾਲਾ ਹੀ ਹੈ। ਤੁਸੀਂ ਕਿਹੜੀ ਦੁਨੀਆ ਵਿੱਚ ਰਹਿੰਦੇ ਹੋ? ਤੁਹਾਨੂੰ ਭੁਲੇਖਾ ਹੈ। ਕਿਤੇ ਵਿਦੇਸ਼ ਤੋਂ ਤਾਂ ਨੀਂ ਆਏ?”
ਮੈਂ ਚੁੱਪ ਕਰ ਕੇ ਬਹਿ ਗਿਆ।
ਤੇ ਸੋਚਣ ਲੱਗਾ—
ਸ਼ਾਇਦ ਨਾਲਾ ਨਹੀਂ ਬਦਲਿਆ।
ਸ਼ਾਇਦ ਕਵੀ ਦੀ ਅੱਖ ਬਦਲ ਗਈ ਹੈ।
ਇਲਤੀ ਬਾਬਾ
9464370823
Share this content:


Post Comment