Loading Now

ਅਮਰੀਕਾ ਅਤੇ ਯੂ.ਕੇ. ’ਚ ਸਿੱਖ ਡਰਾਈਵਰਾਂ ‘ਤੇ ਹੋਏ ਨਸਲੀ ਹਮਲਿਆਂ ਨੂੰ ਲੈ ਕੇ ਰਾਜਾ ਵੜਿੰਗ ਨੇ ਜੈਸ਼ੰਕਰ ਨੂੰ ਲਿਖਿਆ ਪੱਤਰ

ਅਮਰੀਕਾ ਅਤੇ ਯੂ.ਕੇ. ’ਚ ਸਿੱਖ ਡਰਾਈਵਰਾਂ ‘ਤੇ ਹੋਏ ਨਸਲੀ ਹਮਲਿਆਂ ਨੂੰ ਲੈ ਕੇ ਰਾਜਾ ਵੜਿੰਗ ਨੇ ਜੈਸ਼ੰਕਰ ਨੂੰ ਲਿਖਿਆ ਪੱਤਰ

ਚੰਡੀਗੜ੍ਹ, 21 ਸਤੰਬਰ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਮਵਾਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਅਤੇ ਯੂਨਾਈਟਿਡ ਕਿੰਗਡਮ ਵਿੱਚ ਸਿੱਖ ਡਰਾਈਵਰਾਂ ‘ਤੇ ਹੋਏ ਨਸਲੀ ਹਮਲਿਆਂ ਦਾ ਮੁੱਦਾ ਉੱਥੋਂ ਦੀਆਂ ਸਰਕਾਰਾਂ ਅੱਗੇ ਉਠਾਉਣ। ਇਹਨਾਂ ਘਟਨਾਵਾਂ ਵਿੱਚ ਹਾਲ ਹੀ ਵਿੱਚ ਵਾਇਓਮਿੰਗ ਵਿੱਚ ਵਾਪਰੀ ਚਾਕੂ ਮਾਰਨ ਦੀ ਉਹ ਘਟਨਾ ਵੀ ਸ਼ਾਮਲ ਹੈ, ਜਿਸ ਵਿੱਚ ਇੱਕ ਸਿੱਖ ਡਰਾਈਵਰ ‘ਤੇ 17 ਵਾਰ ਹਮਲਾ ਕੀਤਾ ਗਿਆ ਸੀ। ਜੈਸ਼ੰਕਰ ਨੂੰ ਲਿਖੇ ਪੱਤਰ ਵਿੱਚ ਵੜਿੰਗ ਨੇ ਕਿਹਾ ਕਿ ਇਹਨਾਂ ਘਟਨਾਵਾਂ ਨੇ ਦੋਵਾਂ ਦੇਸ਼ਾਂ ਵਿੱਚ ਸਿੱਖ ਡਰਾਈਵਰਾਂ ਅੰਦਰ ਡਰ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਦਿੱਤੀ ਹੈ ਅਤੇ ਸਿੱਖਾਂ ਨੂੰ “ਡੂੰਘੀ ਸੱਟ ਅਤੇ ਪੀੜਾ” ਪਹੁੰਚਾਈ ਹੈ। 9 ਸਤੰਬਰ ਦੇ ਅਮਰੀਕੀ ਹੋਮਲੈਂਡ ਸੁਰੱਖਿਆ ਵਿਭਾਗ ਦੇ ਉਸ ਇਸ਼ਤਿਹਾਰ ਦਾ ਹਵਾਲਾ ਦਿੰਦੇ ਹੋਏ, ਜਿਸ ਵਿੱਚ “ਸਾਡੀਆਂ ਸੜਕਾਂ ਤੋਂ ਦੂਰ ਰਹੋ, ਤੁਹਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ, ਮਿਸਟਰ ਸਿੰਘ” ਸੁਨੇਹਾ ਦਿੱਤਾ ਗਿਆ ਸੀ, ਵੜਿੰਗ ਨੇ ਇਸਨੂੰ “ਨਸਲੀ ਤੌਰ ‘ਤੇ ਪੱਖਪਾਤੀ” ਕਰਾਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਅਮਰੀਕਾ ਵਿੱਚ ਸਿੱਖ ਅਤੇ ਦਸਤਾਰਧਾਰੀ ਡਰਾਈਵਰਾਂ ਦੀ ਨਸਲੀ ਪਹਿਚਾਣ ਨੂੰ ਲੈ ਕੇ ਚਿੰਤਾਵਾਂ ਪੈਦਾ ਹੋਈਆਂ ਹਨ।

ਉਹਨਾਂ ਦੱਸਿਆ ਕਿ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਸਮ ਅਤੇ ਭਾਰਤੀ ਮੂਲ ਦੇ ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਸਮੇਤ ਕਈ ਅਮਰੀਕੀ ਸਿਆਸੀ ਆਗੂਆਂ ਨੇ ਇਸ ਇਸ਼ਤਿਹਾਰ ‘ਤੇ ਇਤਰਾਜ਼ ਜਤਾਇਆ ਸੀ। ਹਾਲਾਂਕਿ ਬਾਅਦ ਵਿੱਚ ਇਹ ਇਸ਼ਤਿਹਾਰ ਵਾਪਸ ਲੈ ਲਿਆ ਗਿਆ ਸੀ, ਪਰ ਵੜਿੰਗ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਇਸ ‘ਤੇ ਕੋਈ ਜਨਤਕ ਇਤਰਾਜ਼ ਦਰਜ ਨਹੀਂ ਕਰਵਾਇਆ ਗਿਆ। ਵੜਿੰਗ ਨੇ ਵਾਇਓਮਿੰਗ ਵਿੱਚ 13 ਸਤੰਬਰ ਨੂੰ ਇੱਕ ਸਿੱਖ ਡਰਾਈਵਰ ‘ਤੇ ਹੋਏ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੀੜਤ ਨੂੰ “ਬੇਰਹਿਮੀ ਨਾਲ ਕੁੱਟਿਆ ਗਿਆ ਅਤੇ 17 ਵਾਰ ਹਮਲਾ ਕੀਤਾ ਗਿਆ”, ਜੋ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

ਉਹਨਾਂ ਨੇ ਇੰਗਲੈਂਡ ਵਿੱਚ 18 ਸਤੰਬਰ ਨੂੰ ਵਾਪਰੀ ਉਸ ਘਟਨਾ ਦਾ ਵੀ ਹਵਾਲਾ ਦਿੱਤਾ, ਜਿਸ ਵਿੱਚ ਇੱਕ ਸਿੱਖ ਬੱਸ ਡਰਾਈਵਰ ‘ਤੇ ਗੱਡੀ ਚਲਾਉਂਦੇ ਸਮੇਂ ਹਮਲਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਸ ਘਟਨਾ ਦੇ ਪਰੇਸ਼ਾਨ ਕਰਨ ਵਾਲੇ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਕਾਂਗਰਸ ਆਗੂ ਨੇ ਕਿਹਾ ਕਿ ਅਮਰੀਕੀ ਇਸ਼ਤਿਹਾਰ ਤੋਂ ਤੁਰੰਤ ਬਾਅਦ ਵਾਪਰੀਆਂ ਇਹ ਦੋਵੇਂ ਘਟਨਾਵਾਂ ਭਾਰਤ ਸਰਕਾਰ ਵੱਲੋਂ ਤੁਰੰਤ ਕਾਰਵਾਈ ਦੀ ਮੰਗ ਕਰਦੀਆਂ ਹਨ।
ਰਾਜਾ ਵੜਿੰਗ ਨੇ ਜੈਸ਼ੰਕਰ ਨੂੰ ਨਵੀਂ ਦਿੱਲੀ ਸਥਿਤ ਅਮਰੀਕਾ ਅਤੇ ਯੂ.ਕੇ. ਦੇ ਡਿਪਲੋਮੈਟਾਂ ਨੂੰ ਤਲਬ ਕਰਨ ਅਤੇ ਇਹਨਾਂ ਘਟਨਾਵਾਂ ‘ਤੇ ਭਾਰਤ ਦਾ ਸਖ਼ਤ ਵਿਰੋਧ ਦਰਜ ਕਰਵਾਉਣ ਦੀ ਅਪੀਲ ਕੀਤੀ।

Share this content:

Post Comment