UAE ‘ਚ ਯਾਤਰੀਆਂ ਨਾਲ ਭਰੀ ਬੱਸ ਤੇ ਟਰੱਕ ਦੀ ਭਿਆਨਕ ਟੱਕਰ, ਇੱਕ ਭਾਰਤੀ ਸਮੇਤ 13 ਲੋਕਾਂ ਦੀ ਮੌਤ
ਨਵੀਂ ਦਿੱਲੀ, 25 ਨਵੰਬਰ – ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ ਅਲ ਖ਼ੈਮਾ ਵਿੱਚ ਮੰਗਲਵਾਰ ਨੂੰ ਇੱਕ ਸਵਾਰੀਆਂ ਨਾਲ ਭਰੀ ਬੱਸ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਹਾਦਸੇ ਵਿੱਚ 14 ਹੋਰ ਲੋਕ ਜ਼ਖ਼ਮੀ ਹੋ ਗਏ। ਦੁਬਈ ਸਥਿਤ ਭਾਰਤੀ ਕੌਂਸਲੇਟ ਨੇ ਹਾਦਸੇ ਵਿੱਚ ਭਾਰਤੀਆਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਮਰਨ ਵਾਲੇ ਭਾਰਤੀਆਂ ਦੀ ਸਹੀ ਗਿਣਤੀ ਅਜੇ ਸਾਹਮਣੇ ਨਹੀਂ ਆਈ। ਭਾਰਤੀ ਕੌਂਸਲੇਟ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਕਿਹਾ ਕਿ ਰਾਸ ਅਲ ਖ਼ੈਮਾ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਭਾਰਤੀ ਨਾਗਰਿਕਾਂ ਸਮੇਤ ਕਈ ਲੋਕਾਂ ਦੀ ਮੌਤ ਹੋਣ ਕਾਰਨ ਉਹ ਬੇਹੱਦ ਦੁਖੀ ਹੈ।
ਕੌਂਸਲੇਟ ਨੇ ਦੱਸਿਆ ਕਿ ਉਹ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਪਰਕ ਕਰ ਰਿਹਾ ਹੈ ਅਤੇ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਹਰ ਸੰਭਵ ਮਦਦ ਮੁਹੱਈਆ ਕਰਵਾ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਅਤੇ ਹੋਰ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ। ਯੂਏਈ ਦੇ ਗ੍ਰਹਿ ਮੰਤਰਾਲੇ ਮੁਤਾਬਕ ਇਹ ਹਾਦਸਾ ਅਲ ਵਤਨ ਰੋਡ ’ਤੇ ਵਾਪਰਿਆ। ਖਲੀਜ ਟਾਈਮਜ਼ ਦੀ ਰਿਪੋਰਟ ਅਨੁਸਾਰ ਬੱਸ ਵਿੱਚ 41 ਲੋਕ ਸਵਾਰ ਸਨ। ਬੱਸ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਹਾਦਸੇ ਤੋਂ ਬਾਅਦ ਵੱਡੇ ਪੱਧਰ ’ਤੇ ਬਚਾਅ ਕਾਰਜ ਚਲਾਇਆ ਗਿਆ ਅਤੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ। ਸ਼ੁਰੂ ਵਿੱਚ ਮੌਤਾਂ ਦੀ ਗਿਣਤੀ 11 ਦੱਸੀ ਗਈ ਸੀ, ਪਰ ਇਲਾਜ ਦੌਰਾਨ ਦੋ ਹੋਰ ਜ਼ਖ਼ਮੀਆਂ ਦੀ ਮੌਤ ਹੋਣ ਕਾਰਨ ਇਹ ਅੰਕੜਾ 13 ਹੋ ਗਿਆ।
ਫੁਜੈਰਾਹ ਹਾਦਸੇ ’ਚ ਵੀ ਮਾਰੇ ਗਏ ਸਨ ਚਾਰ ਭਾਰਤੀ
ਇਹ ਹਾਦਸਾ ਯੂਏਈ ਦੇ ਫੁਜੈਰਾਹ ਵਿੱਚ 13 ਨਵੰਬਰ ਨੂੰ ਵਾਪਰੇ ਵੱਡੇ ਸੜਕ ਹਾਦਸੇ ਤੋਂ ਕੁਝ ਦਿਨਾਂ ਬਾਅਦ ਹੋਇਆ ਹੈ। ਉੱਥੇ 23 ਵਾਹਨਾਂ ਦੀ ਆਪਸੀ ਟੱਕਰ ਵਿੱਚ 14 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚ ਚਾਰ ਭਾਰਤੀ ਸ਼ਾਮਲ ਸਨ। ਉਸ ਹਾਦਸੇ ਵਿੱਚ 30 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ, ਜਿਨ੍ਹਾਂ ਵਿੱਚ ਸੱਤ ਭਾਰਤੀ ਵੀ ਸਨ।
Share this content:



Post Comment