SIR ਦੇ 15 ਦਿਨਾਂ ਦੌਰਾਨ ਵੋਟਰ ਸੂਚੀ ’ਚ 62,000 ਤੋਂ ਵੱਧ ਨਵੇਂ ਨਾਮ ਸ਼ਾਮਲ
ਨਵੀਂ ਦਿੱਲੀ, 17 ਸਤੰਬਰ – ਦਿੱਲੀ ਦੇ ਮੁੱਖ ਚੋਣ ਅਧਿਕਾਰੀ (CEO) ਦੀ ਤਾਜ਼ਾ ਸਥਿਤੀ ਰਿਪੋਰਟ ਅਨੁਸਾਰ, ਦਿੱਲੀ ਵਿੱਚ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (SIR) ਦੌਰਾਨ ਮਹਿਜ਼ 15 ਦਿਨਾਂ ਵਿੱਚ ਵੋਟਰ ਸੂਚੀ ਵਿੱਚ ਨਾਂ ਸ਼ਾਮਲ ਕਰਨ ਲਈ 62,583 ਨਵੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਸ ਨਾਲ ਹੁਣ ਤੱਕ ਪ੍ਰਾਪਤ ਹੋਏ ਫਾਰਮ-6 ਦੀਆਂ ਕੁੱਲ ਅਰਜ਼ੀਆਂ ਦੀ ਗਿਣਤੀ 2,74,983 ਹੋ ਗਈ ਹੈ। 31 ਅਗਸਤ ਤੋਂ 15 ਸਤੰਬਰ ਤੱਕ ਦੇ ਅੰਕੜੇ ਦਰਸਾਉਂਦੇ ਹਨ ਕਿ ਪੱਛਮੀ ਦਿੱਲੀ ਵਿੱਚ ਫਾਰਮ-6 ਦੀਆਂ ਸਭ ਤੋਂ ਵੱਧ 7,834 ਨਵੀਆਂ ਅਰਜ਼ੀਆਂ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਉੱਤਰ ਪੱਛਮੀ (6,384), ਪੂਰਬੀ (6,297) ਅਤੇ ਦੱਖਣ ਪੂਰਬੀ (6,250) ਦਾ ਨੰਬਰ ਆਉਂਦਾ ਹੈ। ਨਵੀਂ ਦਿੱਲੀ ਵਿੱਚ ਸਭ ਤੋਂ ਘੱਟ 1,203 ਅਰਜ਼ੀਆਂ ਦਰਜ ਕੀਤੀਆਂ ਗਈਆਂ। ਨਾਮ ਹਟਾਉਣ ਨਾਲ ਸਬੰਧਤ ਦਾਅਵਿਆਂ ਅਤੇ ਇਤਰਾਜ਼ਾਂ ਲਈ ਵਰਤੇ ਜਾਂਦੇ ਫਾਰਮ-7 ਦੀਆਂ ਅਰਜ਼ੀਆਂ ਇਸ 15 ਦਿਨਾਂ ਦੀ ਮਿਆਦ ਦੌਰਾਨ 812 ਰਹੀਆਂ, ਜਿਸ ਨਾਲ ਇਹ ਕੁੱਲ ਅੰਕੜਾ 52,283 ਹੋ ਗਿਆ ਹੈ। ਮੁੱਖ ਚੋਣ ਅਧਿਕਾਰੀ ਦੇ ਅੰਕੜਿਆਂ ਨੇ ਫਾਰਮ-6ਏ ਦੀਆਂ 131 ਨਵੀਆਂ ਅਰਜ਼ੀਆਂ ਵੀ ਦਿਖਾਈਆਂ, ਜਿਸ ਨਾਲ ਕੁੱਲ ਅੰਕੜਾ 1,482 ਹੋ ਗਿਆ, ਜਦੋਂ ਕਿ ਇਸ ਮਿਆਦ ਦੌਰਾਨ ਫਾਰਮ-8 ਦੀਆਂ 20,289 ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਦੀ ਕੁੱਲ ਗਿਣਤੀ 2,81,057 ਹੋ ਗਈ ਹੈ।
ਜ਼ਿਲ੍ਹਿਆਂ ਵਿੱਚੋਂ, ਪੂਰਬੀ ਦਿੱਲੀ ਵਿੱਚ ਫਾਰਮ-7 ਦੀਆਂ ਸਭ ਤੋਂ ਵੱਧ 107 ਨਵੀਆਂ ਅਰਜ਼ੀਆਂ ਪ੍ਰਾਪਤ ਹੋਈਆਂ, ਜਦੋਂ ਕਿ ਉੱਤਰ ਪੂਰਬੀ ਵਿੱਚ ਫਾਰਮ-8 ਦੀਆਂ ਸਭ ਤੋਂ ਵੱਧ 2,426 ਨਵੀਆਂ ਅਰਜ਼ੀਆਂ ਦਰਜ ਕੀਤੀਆਂ ਗਈਆਂ। ਫਾਰਮ-8 ਦੀ ਵਰਤੋਂ ਪਤਾ ਬਦਲਣ ਜਾਂ ਵੋਟਰ ਸੂਚੀ ਦੇ ਮੌਜੂਦਾ ਇੰਦਰਾਜ਼ਾਂ ਵਿੱਚ ਸੋਧ ਲਈ ਕੀਤੀ ਜਾਂਦੀ ਹੈ। ਐੱਸ.ਆਈ.ਆਰ. ਤਹਿਤ ਦਾਅਵੇ ਅਤੇ ਇਤਰਾਜ਼ ਦਰਜ ਕਰਵਾਉਣ ਦੀ ਮਿਆਦ 31 ਅਗਸਤ ਤੋਂ ਸ਼ੁਰੂ ਹੋਈ ਸੀ ਅਤੇ ਇਹ 30 ਸਤੰਬਰ ਤੱਕ ਖੁੱਲ੍ਹੀ ਰਹੇਗੀ। ਵੋਟਰ ਸੂਚੀ ਦਾ ਖਰੜਾ 31 ਅਗਸਤ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਇਹ ਸੀ.ਈ.ਓ. ਦਿੱਲੀ ਦੀ ਵੈੱਬਸਾਈਟ ਦੇ ਨਾਲ-ਨਾਲ ਪੋਲਿੰਗ ਸਟੇਸ਼ਨਾਂ ’ਤੇ ਉਪਲੱਬਧ ਕਰਵਾਇਆ ਗਿਆ ਹੈ। ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੇ ਵੋਟਰਾਂ ਨੂੰ ਖਰੜਾ ਸੂਚੀ ਵਿੱਚ ਆਪਣੇ ਨਾਵਾਂ ਦੀ ਪੁਸ਼ਟੀ ਕਰਨ ਲਈ ਕਿਹਾ ਹੈ। ਜਿਨ੍ਹਾਂ ਦੇ ਨਾਂ ਗਾਇਬ ਹਨ, ਉਹ ਨਿਰਧਾਰਤ ਡੈਕਲੇਰੇਸ਼ਨ (ਐਲਾਨਨਾਮੇ) ਅਤੇ ਦਸਤਾਵੇਜ਼ਾਂ ਨਾਲ ਫਾਰਮ-6 ਜਮ੍ਹਾਂ ਕਰਵਾ ਸਕਦੇ ਹਨ। 1 ਅਕਤੂਬਰ, 2026 ਨੂੰ ਜਾਂ ਇਸ ਤੋਂ ਪਹਿਲਾਂ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਵਿਅਕਤੀ ਵੀ ਨਾਂ ਸ਼ਾਮਲ ਕਰਨ ਲਈ ਅਰਜ਼ੀ ਦੇ ਸਕਦੇ ਹਨ।
Share this content:



Post Comment