IAS ਕੰਵਲਪ੍ਰੀਤ ਕੌਰ ਬਰਾੜ ਜਲੰਧਰ ਵਿਖੇ ਈਡੀ ਸਾਹਮਣੇ ਪੇਸ਼
ਜਲੰਧਰ, 18 ਅਗਸਤ – ਈਡੀ (ਐੱਨਫੋਰਸਮੈਂਟ ਡਾਇਰੈਕਟੋਰੇਟ) ਵੱਲੋਂ ਭੇਜੇ ਸੰਮਨਾਂ ਤੋਂ ਬਾਅਦ ਪੰਜਾਬ ਕੈਡਰ ਦੀ ਸੀਨੀਅਰ ਆਈ.ਏ.ਐੱਸ. ਅਧਿਕਾਰੀ ਕੰਵਲਪ੍ਰੀਤ ਬਰਾੜ ਮੰਗਲਵਾਰ ਨੂੰ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਈਡੀ ਦੇ ਜਲੰਧਰ ਸਥਿਤ ਦਫ਼ਤਰ ਵਿਖੇ ਪੇਸ਼ ਹੋਈ। ਇਹ ਪੂਰਾ ਮਾਮਲਾ ਮੁਹਾਲੀ ਦੇ ਚਰਚਿਤ ‘ਸਨਟੈਕ ਸਿਟੀ’ ਪ੍ਰੋਜੈਕਟ ਲਈ ਸੋਧੇ ਹੋਏ ਸੀ.ਐੱਲ.ਯੂ. (ਚੇਂਜ ਆਫ਼ ਲੈਂਡ ਯੂਜ਼) ਦੀਆਂ ਮਨਜ਼ੂਰੀਆਂ ਦੇਣ ਵਿੱਚ ਹੋਈਆਂ ਗੜਬੜੀਆਂ ਨਾਲ ਜੁੜਿਆ ਹੋਇਆ ਹੈ। ਸਾਲ 2007 ਬੈਚ ਦੇ ਆਈ.ਏ.ਐੱਸ. ਅਧਿਕਾਰੀ ਬਰਾੜ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਹਾਲਾਂਕਿ, ਈਡੀ ਵੱਲੋਂ ਕੀਤੀ ਜਾ ਰਹੀ ਇਹ ਪੁੱਛਗਿੱਛ ਸਾਲ 2024 ਦੌਰਾਨ ਉਨ੍ਹਾਂ ਦੇ ਡਾਇਰੈਕਟਰ, ਟਾਊਨ ਐਂਡ ਕੰਟਰੀ ਪਲਾਨਿੰਗ ਦੇ ਕਾਰਜਕਾਲ ਨਾਲ ਸਬੰਧਤ ਹੈ। ਬਰਾੜ ਸਵੇਰੇ 10:25 ਵਜੇ ਕੁਝ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਈਡੀ ਦਫ਼ਤਰ ਪਹੁੰਚੇ। ਈਡੀ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਤੋਂ ਜਾਅਲੀ ਸਹਿਮਤੀ ਪੱਤਰਾਂ ਦੇ ਆਧਾਰ ‘ਤੇ ਸੀ.ਐੱਲ.ਯੂ. ਮਨਜ਼ੂਰੀਆਂ ਨੂੰ ਅੱਗੇ ਵਧਾਉਣ ਅਤੇ ਪ੍ਰਵਾਨਗੀ ਦੇਣ ਦੀ ਪ੍ਰਕਿਰਿਆ ਬਾਰੇ ਸਵਾਲ-ਜਵਾਬ ਕੀਤੇ ਜਾ ਰਹੇ ਹਨ। ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਕੰਵਲਪ੍ਰੀਤ ਬਰਾੜ ਤੋਂ ਬਾਅਦ 2024 ਦੌਰਾਨ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵਿੱਚ ਤੈਨਾਤ ਰਹੇ ਕੁਝ ਹੋਰ ਉੱਚ ਅਧਿਕਾਰੀਆਂ ਨੂੰ ਵੀ ਜਾਂਚ ਲਈ ਤਲਬ ਕੀਤਾ ਜਾ ਸਕਦਾ ਹੈ।
ਈਡੀ ਦਾ ਇਹ ਮਾਮਲਾ 2020 ਵਿੱਚ ਮੁਹਾਲੀ ਦੇ ਪਲਹੇੜੀ ਪਿੰਡ ਦੇ ਜ਼ਮੀਨ ਮਾਲਕ ਕਰਮਜੀਤ ਸਿੰਘ ਵੱਲੋਂ ਦਰਜ ਕਰਵਾਈ ਗਈ ਪੁਲੀਸ ਸ਼ਿਕਾਇਤ ’ਤੇ ਆਧਾਰਿਤ ਹੈ। ਇਲਜ਼ਾਮ ਸੀ ਕਿ ਸਨਟੈਕ ਸਿਟੀ ਦੇ ਪ੍ਰਮੋਟਰਾਂ ਨੇ ਉਸ ਦੀ ਅਤੇ 14 ਹੋਰ ਕਿਸਾਨਾਂ ਦੀ ਜ਼ਮੀਨ ਦੇ ਜਾਅਲੀ ਸਹਿਮਤੀ ਪੱਤਰ (ਫੋਰਜਡ ਕੰਸੈਂਟ ਲੈਟਰ) ਤਿਆਰ ਕੀਤੇ ਸਨ। ਮੁਹਾਲੀ ਦੇ ਉਸ ਵੇਲੇ ਦੇ ਐੱਸ.ਪੀ. ਹਰਮਨਦੀਪ ਹੰਸ ਦੀ ਜਾਂਚ ਤੋਂ ਬਾਅਦ ਨਵੰਬਰ 2022 ਵਿੱਚ ਥਾਣਾ ਮੁੱਲਾਪੁਰ ਵਿਖੇ ਐੱਫ.ਆਈ.ਆਰ. ਦਰਜ ਕੀਤੀ ਗਈ ਸੀ, ਜੋ ਬਾਅਦ ਵਿੱਚ ਈਡੀ ਦੀ ਮਨੀ ਲਾਂਡਰਿੰਗ ਜਾਂਚ ਦਾ ਆਧਾਰ ਬਣੀ।
ਇਸ ਤੋਂ ਬਾਅਦ ਈਡੀ ਨੇ ਮੁਹਾਲੀ ਅਤੇ ਚੰਡੀਗੜ੍ਹ ਵਿੱਚ 12 ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਕਾਰਵਾਈ ਦੌਰਾਨ ਸਨਟੈਕ ਸਿਟੀ ਦੇ ਪ੍ਰਮੋਟਰ ਅਜੈ ਸਹਿਗਲ ਅਤੇ ਵਪਾਰੀ ਨਿਤਿਨ ਗੋਇਲ ਦੇ ਘਰ ’ਤੇ ਵੀ ਛਾਪਾ ਮਾਰਿਆ ਗਿਆ ਸੀ। ਰਿਪੋਰਟਾਂ ਮੁਤਾਬਕ ਛਾਪੇਮਾਰੀ ਦੌਰਾਨ 9ਵੀਂ ਮੰਜ਼ਿਲ ਤੋਂ 21 ਲੱਖ ਰੁਪਏ ਨਕਦ ਹੇਠਾਂ ਸੁੱਟੇ ਗਏ ਸਨ। ਪੁੱਛਗਿੱਛ ਤੋਂ ਬਾਅਦ ਈਡੀ ਨੇ ਅਜੈ ਸਹਿਗਲ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
Share this content:



Post Comment