CJP ਦੇ ਪ੍ਰਦਰਸ਼ਨ ’ਤੇ ਦਿਲਜੀਤ ਦੋਸਾਂਝ ਨੇ ਰਿਲੀਜ਼ ਕੀਤਾ ਨਵਾਂ ਗਾਣਾ Devil
ਚੰਡੀਗੜ੍ਹ, 8 ਸਤੰਬਰ – ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਇੱਕ ਕਲਾਕਾਰ ਬਿਨਾਂ ਕੁਝ ਬੋਲੇ ਵੀ ਆਪਣੀ ਕਲਾ ਰਾਹੀਂ ਵੱਡਾ ਸੁਨੇਹਾ ਦੇ ਸਕਦਾ ਹੈ। ਕੌਕਰੋਚ ਜਨਤਾ ਪਾਰਟੀ (CJP) ਵੱਲੋਂ ਵਿਦਿਆਰਥੀਆਂ ਦੇ ਹੱਕਾਂ ਲਈ ਕੀਤੇ ਗਏ ਪ੍ਰਦਰਸ਼ਨ ਦੌਰਾਨ ‘ਮੈਂ ਇੱਕ ਕਲਾਕਾਰ ਹਾਂ, ਸਿਆਸਤਦਾਨ ਨਹੀਂ’ ਆਖ ਕੇ ਸਿਆਸੀ ਮੁੱਦਿਆਂ ਤੋਂ ਦੂਰੀ ਬਣਾਉਣ ਵਾਲੇ ਦਿਲਜੀਤ ਨੇ ਹੁਣ ਆਪਣੇ ਨਵੇਂ ਗਾਣੇ Devil (ਡੈਵਿਲ) ਰਾਹੀਂ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਹ ਗਾਣਾ ਦਿਲਜੀਤ ਦੀ ਨਵੀਂ ਈ.ਪੀ. (EP) I’m an Artist Bro ਦਾ ਹਿੱਸਾ ਹੈ। ਗਾਣੇ ਦੀ ਵੀਡੀਓ ਵਿੱਚ ਗੁੱਸੇ ਵਿੱਚ ਆਏ ਨੌਜਵਾਨਾਂ ਦੇ ਇਕੱਠ, Save Our Future (ਸਾਡਾ ਭਵਿੱਖ ਬਚਾਓ) ਅਤੇ Our Future, Our Fight ਦੇ ਪੋਸਟਰ, ਭਾਰੀ ਪੁਲੀਸ ਬਲ ਅਤੇ ਪ੍ਰਦਰਸ਼ਨਕਾਰੀਆਂ ਨਾਲ ਹੱਥੋ-ਪਾਈ ਦੀਆਂ ਝਲਕਾਂ ਦਿਖਾਈਆਂ ਗਈਆਂ ਹਨ।
ਵੀਡੀਓ ਦਾ ਸਭ ਤੋਂ ਭਾਵੁਕ ਪਲ ਉਹ ਹੈ ਜਦੋਂ ਇੱਕ ਛੋਟੀ ਬੱਚੀ ਪੁਲੀਸ ਅਧਿਕਾਰੀ ਵੱਲ ਗੁਲਾਬ ਲੈ ਕੇ ਵਧਦੀ ਹੈ ਅਤੇ ਪੁਲੀਸ ਮੁਲਾਜ਼ਮ ਉਸ ਨੂੰ ਗਲੇ ਲਗਾਉਂਦਾ ਹੈ। ਹਾਲਾਂਕਿ ਦਿਲਜੀਤ ਨੇ ਵੀਡੀਓ ਵਿੱਚ ਕਿਸੇ ਖਾਸ ਪ੍ਰਦਰਸ਼ਨ ਜਾਂ ਸੀ.ਜੇ.ਪੀ. (CJP) ਦਾ ਨਾਮ ਨਹੀਂ ਲਿਆ, ਪਰ ਪ੍ਰਸ਼ੰਸਕ ਇਸ ਨੂੰ ਇਸੇ ਸਾਲ ਜੰਤਰ-ਮੰਤਰ ’ਤੇ ਹੋਏ ਵਿਦਿਆਰਥੀ ਅੰਦੋਲਨ ਨਾਲ ਜੋੜ ਕੇ ਦੇਖ ਰਹੇ ਹਨ, ਜਿੱਥੇ ਸਿੱਖ ਭਾਈਚਾਰੇ ਨੇ ਵੀ ਵਿਦਿਆਰਥੀਆਂ ਲਈ ਲੰਗਰ ਅਤੇ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕੀਤਾ ਸੀ। ਵੀਡੀਓ ਦੇ ਅਖੀਰ ਵਿੱਚ ‘Don’t try this at home’ ਦੇ ਨਾਲ ‘I’m an Artist Bro’ ਲਿਖਿਆ ਆਉਂਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇੰਸਟਾਗ੍ਰਾਮ ਲਾਈਵ ਦੌਰਾਨ ਵਿਦਿਆਰਥੀਆਂ ਦੇ ਮੁੱਦੇ ’ਤੇ ਚੁੱਪ ਰਹਿਣ ਕਾਰਨ ਦਿਲਜੀਤ ਨੂੰ ਸੋਸ਼ਲ ਮੀਡੀਆ ’ਤੇ ਕਾਫ਼ੀ ਟ੍ਰੋਲ ਕੀਤਾ ਗਿਆ ਸੀ। ਹਾਲਾਂਕਿ, ਕੁਝ ਦਿਨਾਂ ਬਾਅਦ ਉਨ੍ਹਾਂ ਨੇ ਵਿਦਿਆਰਥੀਆਂ ’ਤੇ ਹੋਏ ਪੁਲੀਸ ਲਾਠੀਚਾਰਜ ਦੀ ਨਿੰਦਾ ਕਰਦਿਆਂ ਲਿਖਿਆ ਸੀ ਕਿ “ਜਨਤਾ ਦੀ ਆਵਾਜ਼ ਹੀ ਰੱਬ ਦੀ ਆਵਾਜ਼ ਹੈ।” ਉਨ੍ਹਾਂ ਕਿਸਾਨ ਅੰਦੋਲਨ ਦੌਰਾਨ ਆਪਣੇ ’ਤੇ ਲੱਗੇ ਦੋਸ਼ਾਂ ਦਾ ਵੀ ਜ਼ਿਕਰ ਕੀਤਾ ਸੀ।
Share this content:



Post Comment