Loading Now

ਨਿਊਜ਼ੀਲੈਂਡ ਸਿਹਤ ਵਿਭਾਗ ਵਿੱਚ ਕੰਮ ਕਰਦੇ ਸਟਾਫ ਉੱਤੇ ਹਮਲਿਆਂ ਵਿੱਚ ਪਿਛਲੇ ਦੋ ਸਾਲਾਂ ਵਿੱਚ 30% ਦਾ ਵੱਡਾ ਵਾਧਾ

ਨਿਊਜ਼ੀਲੈਂਡ ਸਿਹਤ ਵਿਭਾਗ ਵਿੱਚ ਕੰਮ ਕਰਦੇ ਸਟਾਫ ਉੱਤੇ ਹਮਲਿਆਂ ਵਿੱਚ ਪਿਛਲੇ ਦੋ ਸਾਲਾਂ ਵਿੱਚ 30% ਦਾ ਵੱਡਾ ਵਾਧਾ

-ਸਿਹਤ ਸਟਾਫ਼: ਬਚਾਉਂਦੇ ਨੇ ਪਰ ਆਪ ਵੀ ਬਚਦੇ ਨੇ

ਔਕਲੈਂਡ, 22 ਸਤੰਬਰ 2025 (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਦੇ ਸਿਹਤ ਵਿਭਾਗ ਵਿਚ ਕੰਮ ਕਰਦੇ ਸਟਾਫ ਉੱਤੇ ਹਮਲਿਆਂ ਦੀ ਗਿਣਤੀ ਦੇ ਵਿਚ ਤੇਜ਼ੀ ਨਾਲ ਵਾਧਾ ਹੋ ਰਿਾਹ ਹੈ। ਪਿਛਲੇ ਦੋ ਸਾਲਾਂ ਦੇ ਵਿਚ 30% ਦਾ ਵਾਧਾ ਵੇਖਣ ਨੂੰ ਮਿਲਿਆ ਹੈ।  ਜੂਨ ਤੱਕ ਦੇ 12 ਮਹੀਨਿਆਂ ਵਿੱਚ, 7777 ਹਮਲਿਆਂ ਦੀ ਰਿਪੋਰਟ ਕੀਤੀ ਗਈ। ਨਿਊਜ਼ੀਲੈਂਡ ਨਰਸਾਂ ਸੰਗਠਨ ਦੇ ਇੱਕ ਨੁਮਾਇੰਦੇ ਦਾ ਕਹਿਣਾ ਹੈ ਕਿ ਅਸਲੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ, ਕਿਉਂਕਿ ਬਹੁਤ ਸਾਰੇ ਕਰਮਚਾਰੀ ਘਟਨਾਵਾਂ ਦੀ ਰਿਪੋਰਟ ਹੀ ਨਹੀਂ ਕਰਦੇ। ਸਿਸਟਮ ਦਾ ਦਬਾਅ, ਸਟਾਫ ਤੇ ਹਮਲੇ ਦਾ ਕਾਰਨ ਵਾਇਕਾਟੋ ਹਸਪਤਾਲ ਦੀ ਇੱਕ ਨਰਸ, ਟਰੇਸੀ ਚਿਸ਼ੋਲਮ, ਦਾ ਕਹਿਣਾ ਹੈ ਕਿ ਹਸਪਤਾਲ ਸਿਸਟਮ ’ਤੇ ਵਧਦਾ ਦਬਾਅ ਇਨ੍ਹਾਂ ਹਮਲਿਆਂ ਦਾ ਮੁੱਖ ਕਾਰਨ ਹੈ। ਮਰੀਜ਼ਾਂ ਨੂੰ ਸਹੀ ਸਮੇਂ ’ਤੇ ਇਲਾਜ ਨਾ ਮਿਲਣ ਕਾਰਨ ਉਨ੍ਹਾਂ ਵਿੱਚ ਨਿਰਾਸ਼ਾ ਅਤੇ ਗੁੱਸਾ ਵੱਧਦਾ ਹੈ, ਜੋ ਅਕਸਰ ਸਟਾਫ ਉੱਤੇ ਨਿਕਲਦਾ ਹੈ। ਕਈ ਵਾਰ ਤਾਂ ਇਹ ਗੁੱਸਾ ਨਸਲੀ ਟਿੱਪਣੀਆਂ ਦੇ ਰੂਪ ਵਿੱਚ ਵੀ ਸਾਹਮਣੇ ਆਉਂਦਾ ਹੈ। ਹਸਪਤਾਲਾਂ ਵਿੱਚ ਸਟਾਫ ਦੀ ਘਾਟ ਕਾਰਨ ਲੰਬੇ ਸਮੇਂ ਤੱਕ ਉਡੀਕ ਕਰਨੀ ਪੈਂਦੀ ਹੈ। ਜਦੋਂ ਇੱਕ ਮਰੀਜ਼ 12 ਘੰਟੇ ਤੱਕ ਇੰਤਜ਼ਾਰ ਕਰਦਾ ਹੈ, ਬਿਨਾਂ ਖਾਣ-ਪੀਣ ਅਤੇ ਨੀਂਦ ਦੇ, ਤਾਂ ਉਸ ਦਾ ਗੁੱਸਾ ਵਧਣਾ ਸੁਭਾਵਿਕ ਹੈ।

ਸੁਰੱਖਿਆ ਅਤੇ ਸਿਖਲਾਈ ਵਿੱਚ ਸੁਧਾਰ ਹੈਲਥ ਨਿਊਜ਼ੀਲੈਂਡ ਦੇ ਅੰਤਰਿਮ ਮਨੁੱਖੀ ਸੰਸਾਧਨ ਅਧਿਕਾਰੀ ਰੋਬਿਨ ਸ਼ੀਅਰਰ ਨੇ ਕਿਹਾ ਹੈ ਕਿ ਸੁਰੱਖਿਆ ਚੁਣੌਤੀਆਂ ਪਿੱਛੇ ਸਮਾਜਿਕ ਕਾਰਨ ਵੀ ਹਨ। ਇਸ ਲਈ ਉਹ ਸਟਾਫ ਦੀ ਸੁਰੱਖਿਆ ਲਈ ਕਦਮ ਚੁੱਕ ਰਹੇ ਹਨ:
ਪਿਛਲੇ ਦੋ ਸਾਲਾਂ ਵਿੱਚ ਐਮਰਜੈਂਸੀ ਵਿਭਾਗਾਂ ਦੀ ਸੁਰੱਖਿਆ ਲਈ 31 ਮਿਲੀਅਨ ਡਾਲਰ ਦਾ ਵਾਧੂ ਫੰਡ ਦਿੱਤਾ ਗਿਆ ਹੈ। 44 ਵਾਧੂ ਸੁਰੱਖਿਆ ਅਫਸਰਾਂ ਦੀ ਨਿਯੁਕਤੀ ਕੀਤੀ ਗਈ ਹੈ। 800 ਸੁਰੱਖਿਆ ਗਾਰਡਾਂ ਅਤੇ 1600 ਤੋਂ ਵੱਧ ਸਟਾਫ ਨੂੰ ਹਿੰਸਾ ਘਟਾਉਣ ਦੀ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ, ਜੋ ਕਿ ਕੁੱਲ 20,000 ਘੰਟੇ ਦੀ ਸਿਖਲਾਈ ਹੈ। ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਮਰੀਜ਼ਾਂ ਦੀ ਲਾਈਨ ਨੂੰ ਘਟਾਉਣ ਲਈ ਕੰਮ ਕਰ ਰਹੀ ਹੈ, ਜਿਸ ਨਾਲ ਲੋਕਾਂ ਦਾ ਗੁੱਸਾ ਘੱਟ ਹੋਵੇਗਾ। ਫਿਲਹਾਲ, ਸੁਰੱਖਿਆ ਗਾਰਡਾਂ ਨੂੰ ਹੋਰ ਅਧਿਕਾਰ ਦੇਣ ਲਈ ਕਾਨੂੰਨ ਵਿੱਚ ਬਦਲਾਅ ਦੀ ਲੋੜ ਹੈ।
ਹਮਲਿਆਂ ਦੇ ਕਾਰਨ ਸਟਾਫ ਬੀਮਾਰ ਤੇ ਛੁੱਟੀ ਤੇ:
ਹਮਲਿਆਂ ਕਾਰਨ ਹਸਪਤਾਲਾਂ ਦੇ 393 ਕਰਮਚਾਰੀਆਂ ਨੂੰ ਛੁੱਟੀ ਲੈਣੀ ਪਈ ਹੈ, ਜੋ ਦੋ ਸਾਲ ਪਹਿਲਾਂ ਸਿਰਫ਼ 310 ਸੀ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਇਹ ਸਥਿਤੀ ਨਾ ਬਦਲੀ ਤਾਂ ਭਵਿੱਖ ਵਿੱਚ ਕਿਸੇ ਕਰਮਚਾਰੀ ਨੂੰ ਗੰਭੀਰ ਸੱਟ ਜਾਂ ਮੌਤ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

 

Share this content:

Post Comment