ਹੁਣ ਉੱਚ ਸਿੱਖਿਆ ਸੰਸਥਾਵਾਂ ’ਚ ਪੜ੍ਹਾਏ ਜਾਣ ਵਾਲੇ ਵਿਸ਼ਿਆਂ ਦਾ ਵੀ ਤੈਅ ਹੋਵੇਗਾ ‘ਲਰਨਿੰਗ ਆਊਟਕਮ’
ਨਵੀਂ ਦਿੱਲੀ, 22 ਅਗਸਤ – ਉੱਚ ਸਿੱਖਿਆ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ। ਹੁਣ ਸਕੂਲੀ ਸਿੱਖਿਆ ਵਾਂਗ ਪੜ੍ਹਾਏ ਜਾਣ ਵਾਲੇ ਸਾਰੇ ਵਿਸ਼ਿਆਂ ਲਈ ਇਕ ‘ਲਰਨਿੰਗ ਆਊਟਕਮ’ ਤੈਅ ਕੀਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਕਿਸੇ ਵਿਸ਼ੇ ਦੀ ਪੜ੍ਹਾਈ ਦੌਰਾਨ ਵਿਦਿਆਰਥੀਆਂ ਤੋਂ ਕੀ-ਕੀ ਸਿੱਖਣ, ਸਮਝਣ ਜਾਂ ਜਾਣਨ ਦੀ ਉਮੀਦ ਕੀਤੀ ਜਾਂਦੀ ਹੈ, ਇਹ ਤੈਅ ਹੋਵੇਗਾ। ਇਸ ਪਹਿਲ ਤਹਿਤ ਯੂਜੀਸੀ ਨੇ ਪਹਿਲੇ ਪੜਾਅ ਵਿਚ ਉੱਚ ਸਿੱਖਿਆ ਸੰਸਥਾਵਾਂ ਵਿਚ ਗ੍ਰੈਜੂਏਟ ਪੱਧਰ ’ਤੇ ਪੜ੍ਹਾਏ ਜਾਣ ਵਾਲੇ ਨੌਂ ਵਿਸ਼ਿਆਂ ਦੇ ਲਰਨਿੰਗ ਆਊਟਕਮ ਦਾ ਇਕ ਖਰੜਾ ਜਾਰੀ ਕੀਤਾ ਹੈ। ਇਸ ਦੇ ਨਾਲ ਹੀ 20 ਸਤੰਬਰ ਤੱਕ ਸਾਰਿਆਂ ਤੋਂ ਸੁਝਾਅ ਮੰਗੇ ਗਏ ਹਨ। ਯੂਜੀਸੀ ਨੇ ਇਸ ਦੌਰਾਨ ਗ੍ਰੈਜੂਏਟ ਪੱਧਰ ’ਤੇ ਪੜ੍ਹਾਏ ਜਾਣ ਵਾਲੇ ਜਿਨ੍ਹਾਂ ਨੌਂ ਵਿਸ਼ਿਆਂ ਦੇ ਲਰਨਿੰਗ ਆਊਟਕਮ ਤੈਅ ਕੀਤੇ ਹਨ, ਉਨ੍ਹਾਂ ਵਿਚ ਰਸਾਇਣ ਵਿਗਿਆਨ, ਗਣਿਤ, ਅਰਥਸ਼ਾਸਤਰ, ਕਾਮਰਸ, ਜਿਓਗ੍ਰਾਫੀ, ਗ੍ਰਹਿ ਵਿਗਿਆਨ, ਮਾਨਵ ਵਿਗਿਆਨ, ਫਿਜ਼ੀਕਲ ਐਜੂਕੇਸ਼ਨ ਤੇ ਰਾਜਨੀਤੀ ਵਿਗਿਆਨ ਵਰਗੇ ਵਿਸ਼ੇ ਸ਼ਾਮਲ ਹਨ। ਯੂਜੀਸੀ ਨੇ ਇਹ ਵੀ ਦੱਸਿਆ ਹੈ ਕਿ ਇਨ੍ਹਾਂ ਵਿਸ਼ਿਆਂ ਦੀ ਪੜ੍ਹਾਈ ਦੌਰਾਨ ਵਿਦਿਆਰਥੀਆਂ ਨੂੰ ਕਿਹੜੀਆਂ ਕਿਤਾਬਾਂ ਪੜ੍ਹਣੀਆਂ ਚਾਹੀਦੀਆਂ ਹਨ। ਯੂਜੀਸੀ ਨੇ ਇਸ ਦੇ ਨਾਲ ਹੀ ਉੱਚ ਸਿੱਖਿਆ ਸੰਸਥਾਵਾਂ ਵਿਚ ਪੜ੍ਹਾਏ ਜਾਣ ਵਾਲੇ ਹੋਰ ਵਿਸ਼ਿਆਂ ਲਈ ਵੀ ਜਲਦੀ ਹੀ ਲਰਨਿੰਗ ਆਊਟਕਮ ਤਿਆਰ ਕਰਨ ਦੇ ਸੰਕੇਤ ਦਿੱਤੇ ਹਨ।
ਯੂਜੀਸੀ ਨੇ ਇਹ ਪਹਿਲ ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਦੀਆਂ ਸਿਫ਼ਾਰਸ਼ਾਂ ਤਹਿਤ ਕੀਤੀ ਹੈ ਜਿਸ ਵਿਚ ਸਕੂਲਾਂ ਦੇ ਨਾਲ-ਨਾਲ ਉੱਚ ਸਿੱਖਿਆ ਵਿਚ ਪੜ੍ਹਾਏ ਜਾਣ ਵਾਲੇ ਵਿਸ਼ਿਆਂ ਲਈ ਵੀ ਲਰਨਿੰਗ ਆਊਟਕਮ ਤਿਆਰ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ। ਯੂਜੀਸੀ ਦਾ ਮੰਨਣਾ ਹੈ ਕਿ ਇਸ ਨਾਲ ਉੱਚ ਸਿੱਖਿਆ ਦੀ ਗੁਣਵੱਤਾ ਵਿਚ ਸੁਧਾਰ ਹੋਵੇਗਾ। ਹੁਣ ਤੱਕ ਉੱਚ ਸਿੱਖਿਆ ਵਿਚ ਪੜ੍ਹਾਏ ਜਾਣ ਵਾਲੇ ਵਿਸ਼ਿਆਂ ਲਈ ਕੋਈ ਲਰਨਿੰਗ ਆਊਟਕਮ ਨਹੀਂ ਸੀ। ਇਸ ਕਰ ਕੇ ਕਿਸੇ ਵੀ ਵਿਸ਼ੇ ਦੀ ਪੜ੍ਹਾਈ ਕਰਨ ਤੋਂ ਬਾਅਦ ਇਹ ਯਕੀਨੀ ਨਹੀਂ ਹੁੰਦਾ ਸੀ ਕਿ ਵਿਦਿਆਰਥੀਆਂ ਨੇ ਇਸ ਵਿਸ਼ੇ ਨਾਲ ਜੁੜੇ ਸਾਰੇ ਮਹੱਤਵਪੂਰਨ ਬਿੰਦੂਆਂ ਨੂੰ ਸਿੱਖਿਆ, ਜਾਣਿਆ ਅਤੇ ਸਮਝਿਆ ਹੈ। ਇਸ ਤਰ੍ਹਾਂ ਇਹ ਸਪੱਸ਼ਟ ਹੋ ਗਿਆ ਹੈ ਕਿ ਉੱਚ ਸਿੱਖਿਆ ਸੰਸਥਾਵਾਂ ਹੁਣ ਇਸ ਦੇ ਆਧਾਰ ’ਤੇ ਆਪਣੇ ਸਿਲੇਬਸ ਤਿਆਰ ਕਰਨਗੀਆਂ ਤੇ ਵਿਦਿਆਰਥੀਆਂ ਨੂੰ ਪੜ੍ਹਾਉਣਗੀਆਂ।
ਕੀ ਹੁੰਦਾ ਹੈ ਲਰਨਿੰਗ ਆਊਟਕਮ, ਕਿਉਂ ਹੈ ਇਸ ਦੀ ਲੋੜ
ਲਰਨਿੰਗ ਆਊਟਕਮ ਯਾਨੀ ਸਿੱਖਣ ਨੂੰ ਯਕੀਨੀ ਬਣਾਉਣਾ। ਇਸ ਪੂਰੀ ਪ੍ਰਕਿਰਿਆ ਦੌਰਾਨ ਇਹ ਤੈਅ ਕੀਤਾ ਜਾਂਦਾ ਹੈ ਕਿ ਵਿਦਿਆਰਥੀਆਂ ਨੂੰ ਕਿਸੇ ਵੀ ਪੜ੍ਹਾਈ ਦੌਰਾਨ ਕੀ ਸਿੱਖਣਾ ਹੈ, ਕਿਉਂ ਸਿੱਖਣਾ ਹੈ ਤੇ ਉਸ ਦੇ ਨਤੀਜੇ ਕੀ ਹੋਣਗੇ।
Share this content:



Post Comment