ਵਿਦਰੋਹ ਦਾ ਪ੍ਰਤੀਕ ਪਿੰਡ ਬੱਲਾ
ਕਰਨਾਲ ਤੋਂ 25 ਮੀਲ ਦੂਰ ਬੱਲਾ ਪਿੰਡ ਹੈ। 1857 ’ਚ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਖ਼ਿਲਾਫ਼ ਵਿਦਰੋਹ ’ਚ ਬੱਲਾ ਪਿੰਡ ਦੀ ਖਾਸ ਭੂਮਿਕਾ ਹੈ। ਹੜਸਨ ਦੀ ਮੌਤ ’ਤੇ ਕੈਪਟਨ ਹਿਊਜ ਦੀ ਅਗਵਾਈ ’ਚ ਦਿੱਲੀ ਤੋਂ ਫ਼ੌਜ ਬੱਲਾ ਪਿੰਡ ’ਚ ਭੇਜਣੀ ਪਈ। ਬੱਲਾ ਪਿੰਡ ’ਚ ਕੈਪਟਨ ਹਿਊਜ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ। ਬੱਲਾ ਦੀ ਸ਼ੁਰੂਆਤੀ ਕਾਮਯਾਬੀ ਤੋਂ ਬਾਅਦ ਬ੍ਰਿਗੇਡੀਅਰ ਹੈਲੀ ਫਾਕਸ ਨੇ ਮਹਾਰਾਜਾ ਪਟਿਆਲਾ ਦੀ ਘੁੜਸਵਾਰ ਫ਼ੌਜ ਦੇ ਸਹਿਯੋਗ ਨਾਲ ਬੱਲਾ ’ਤੇ ਕਬਜ਼ਾ ਕਰਨ ’ਚ ਕਾਮਯਾਬੀ ਹਾਸਲ ਕੀਤੀ। ਸ਼ੁਰੂਆਤੀ ਕਾਮਯਾਬੀ ਤੋਂ ਬਾਅਦ ਮਹਾਰਾਜਾ ਪਟਿਆਲਾ ਦੀ ਫ਼ੌਜ ਦੀ ਟੁਕੜੀ 9 ਜੂਨ 1857 ਨੂੰ ਵਾਪਸ ਚਲੀ ਗਈ। ਫ਼ੌਜ ਦੇ ਵਾਪਸ ਜਾਣ ਤੋਂ ਬਾਅਦ ਜਨਤਾ ਨੇ ਦੁਬਾਰਾ ਵਿਦਰੋਹ ਕਰ ਦਿੱਤਾ।
ਬੱਲਾ ਪਿੰਡ ’ਚ ਇਸ ਇਨਕਲਾਬ ਨਾਲ ਸਬੰਧਤ ਦੋ ਦੰਤ ਕਥਾਵਾਂ ਅੱਜ ਵੀ ਪ੍ਰਸਿੱਧ ਹਨ। ਪਹਿਲੀ, ਮੁਤਾਬਕ ਬੱਲਾ ਦੀ ਜਨਤਾ ਨੇ ਅੰਗਰੇਜ਼ ਔਰਤਾਂ ਨੂੰ ਬੈਲਾਂ ਦੀ ਥਾਂ ਹਲਾਂ ਨਾਲ ਜੋਤ ਦਿੱਤਾ। ਦੂਜੀ ਮੁਤਾਬਕ, ਜੋ ਮੈਨੂੰ ਬੱਲਾ ਦੇ ਨਿਵਾਸੀ ਦੇ ਰਿਸ਼ਤੇਦਾਰ ਮੇਰੇ ਸਾਬਕਾ ਵਿਦਿਆਰਥੀ ਐਡਵੋਕੇਟ ਨਰੇਂਦਰ ਸੁਖਨ (ਪੁੱਤਰ ਭਗਤ ਸਿੰਘ ਦੇ ਸਾਥੀ ਕਾਮਰੇਡ ਟੀਕਾਰਾਮ ਸੁਖਨ) ਨੇ ਦੱਸੀ ਕਿ ਸ਼ੁਰੂਆਤੀ ਜਿੱਤ ਤੋਂ ਬਾਅਦ ਬੱਲਾ ਨਿਵਾਸੀਆਂ ਨੇ ਅੰਗਰੇਜ਼ ਔਰਤਾਂ ਨੂੰ ਸਿਖਰ ਦੁਪਹਿਰ ਨੂੰ ਕਣਕ ’ਚੋਂ ਦਾਣੇ ਕੱਢਣ ਲਈ ਬੈਲ ਹੱਕਣ ਲਈ ਮਜਬੂਰ ਕਰ ਦਿੱਤਾ ਸੀ। ਲਗਪਗ ਅਜਿਹੀ ਦੰਤ ਕਥਾ ਕਲਸੌਰਾ ਪਿੰਡ ’ਚ ਵੀ ਪ੍ਰਸਿੱਧ ਹੈ ਪਰ ਵਿਦੇਸ਼ੀ ਔਰਤਾਂ ਦੇ ਮਾਣ-ਸਨਮਾਨ ਖ਼ਿਲਾਫ਼ ਕੋਈ ਮਾੜਾ ਵਤੀਰਾ ਨਹੀਂ ਕੀਤਾ ਗਿਆ ਕਿਉਂਕਿ ਕ੍ਰਾਂਤੀਕਾਰੀ ਸੱਭਿਆਚਾਰ ਔਰਤਾਂ ਦੇ ਮਾਣ-ਸਨਮਾਨ ’ਤੇ ਆਧਾਰਿਤ ਹੈ। ਇਨਕਲਾਬ ਨੂੰ ਦੱਬਣ ਲਈ ਕਰਨਾਲ ਤੋਂ 13 ਜੁਲਾਈ 1857 ਨੂੰ ਪੰਜਾਬ ਦੀ ਪਹਿਲੀ ਕੈਵਲਰੀ ਦੇ ਢਾਈ ਸੌ ਫ਼ੌਜੀ ਕੈਪਟਨ ਹਿਊਜ ਦੀ ਅਗਵਾਈ ’ਚ ਭੇਜੇ ਗਏ। ਬੱਲਾ ਪਿੰਡ ਦੇ 900 ਹਿੰਦੁਸਤਾਨੀਆਂ ਨਾਲ ਅੰਗਰੇਜ਼ਾਂ ਦਾ ਮੁਕਾਬਲਾ ਹੋਇਆ ਤੇ ਕੈਪਟਨ ਹਿਊਜ ਭੱਜ ਗਿਆ। ਇਸ ਤਰ੍ਹਾਂ ਜਨਤਾ ਦਾ ਹੌਸਲਾ ਬੁਲੰਦ ਹੋਇਆ। ਅੰਗਰੇਜ਼ ਫ਼ੌਜ ਦੇ 300 ਫ਼ੌਜੀ ਭਾਰਤੀ ਜਨਤਾ ਦੀ ਟੁਕੜੀ ’ਚ ਸ਼ਾਮਲ ਹੋ ਗਏ। ਗੁਰਿੱਲਾ ਰਣਨੀਤੀ ਮੁਤਾਬਕ ਭਾਰਤੀ ਰਾਤ ਨੂੰ ਹਮਲਾ ਕਰਦੇ ਸੀ ਪਰ ਦਿਨ ਵੇਲੇ ਜੰਗਲਾਂ ’ਚ ਲੁਕ ਜਾਂਦੇ ਸੀ। 14 ਜੁਲਾਈ 1857 ਨੂੰ ਜਦ ਕੈਪਟਨ ਹਿਊਜ ਬਿਲਕੁਲ ਹਾਰ ਚੁੱਕਾ ਸੀ ਤਾ ਠੀਕ ਉਸੇ ਸਮੇਂ ਮਹਾਰਾਜਾ ਪਟਿਆਲਾ ਦੀ ਫ਼ੌਜੀ ਟੁਕੜੀ ਦੁਬਾਰਾ ਸਹਾਇਤਾ ਲਈ ਆ ਗਈ।
ਬੱਲਾ ਪਿੰਡ ਨੂੰ ਬਿਲਕੁਲ ਤਬਾਹ ਕਰ ਦਿੱਤਾ ਗਿਆ। ਇੱਥੇ ਦੇ ਲੋਕਾਂ ਨੂੰ ਤੋਪਾਂ ਨਾਲ ਉਡਾਇਆ ਗਿਆ, ਮਰਦਾਂ, ਔਰਤਾਂ, ਲੜਕੀਆਂ ਤੇ ਬੱਚਿਆਂ ਨੂੰ ਅਜਿਹੇ ਅਣਮਨੁੱਖੀ ਤਸੀਹੇ ਵਾਰ-ਵਾਰ ਦਿੱਤੇ ਗਏ ਜਿਨ੍ਹਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਬੱਲਾ ਪਿੰਡ ’ਚ ਤਾਲਾਬ ਦੇ ਕੋਲ ਅੱਜ ਵੀ ਮੌਜੂਦ ਪਿੱਪਲ ਦਾ ਵੱਡਾ ਦਰੱਖ਼ਤ ਅੰਗਰੇਜ਼ਾਂ ਤੇ ਮਹਾਰਾਜਾ ਪਟਿਆਲਾ ਦੀਆਂ ਫ਼ੌਜਾਂ ਵੱਲੋਂ ਜਨਤਾ ’ਤੇ ਕੀਤੇ ਅਣਮਨੁੱਖੀ ਅੱਤਿਆਚਾਰਾਂ ਦੀ ਗਵਾਹੀ ਭਰਦਾ ਹੈ। ਇਸੇ ਵੱਡੇ ਪਿੱਪਲ ਦੇ ਦਰੱਖ਼ਤ ’ਤੇ ਲਟਕਾ ਕੇ ਬਹੁਤ ਸਾਰੇ ਲੋਕਾਂ ਨੂੰ ਫ਼ਾਂਸੀ ਦਿੱਤੀ ਗਈ। ਦੰਦ-ਕਥਾ ਮੁਤਾਬਕ ਮਰਦਾਂ, ਨੌਜਵਾਨਾਂ, ਔਰਤਾਂ ਤੇ ਲੜਕੀਆਂ ਨੂੰ ਜ਼ਮੀਨ ’ਤੇ ਲਿਟਾ ਕੇ ਰੋਲਰਾਂ ਨਾਲ ਦਰੜਿਆ ਗਿਆ, ਘਰਾਂ ਤੇ ਜਾਇਦਾਦ ਨੂੰ ਲੁੱਟਿਆ ਗਿਆ ਤੇ ਸਾੜਿਆ ਗਿਆ। ਫ਼ਸਲਾਂ ਤਬਾਹ ਕਰ ਦਿੱਤੀਆਂ ਗਈਆਂ। ਇਸ ਕ੍ਰਾਂਤੀਕਾਰੀ ਅੰਦੋਲਨ ਦੇ ਖ਼ਤਮ ਹੋਣ ਤੋਂ ਬਾਅਦ ਬੱਲਾ ਪਿੰਡ ਦੀ ਜਨਤਾ ’ਤੇ ਬਹੁਤ ਵੱਧ ਟੈਕਸ ਲਾ ਦਿੱਤਾ ਗਿਆ। ਜਦ ਇਕ ਸਾਹੂਕਾਰ ਨੇ ਸਾਰੇ ਪਿੰਡ ਦਾ ਟੈਕਸ ਭਰ ਦਿੱਤਾ ਤਾਂ ਅੰਗਰੇਜ਼ ਸਰਕਾਰ ਨੇ ਫ਼ੌਜ ਹਟਾ ਲਈ ਪਰ ਵੱਧ ਟੈਕਸ ਨਹੀਂ ਹਟਾਇਆ।
ਬਦਕਿਸਮਤੀ ਵਾਲੀ ਗੱਲ ਹੈ ਕਿ ਵੱਧ ਟੈਕਸ ਆਜ਼ਾਦੀ ਦੀ ਪ੍ਰਾਪਤੀ (15 ਅਗਸਤ 1947) ਤੋਂ ਬਾਅਦ ਵੀ 30 ਸਾਲਾਂ ਤੱਕ ਜਾਰੀ ਰਿਹਾ। ਜਨ ਨਾਇਕ ਤਾਊ ਦੇਵੀ ਲਾਲ ਦੇ ਨੋਟਿਸ ’ਚ ਜਦ ਇਹ ਗੱਲ ਲਿਆਂਦੀ ਗਈ ਤਾਂ ਉਨ੍ਹਾਂ ਨੇ ਆਪਣੇ ਮੁੱਖ ਮੰਤਰੀ ਕਾਲ ’ਚ ਸੰਨ 1977 ’ਚ ਇਸ ਨੂੰ ਹਟਾਇਆ। ਸਾਡਾ ਮਤ ਹੈ ਕਿ ਸਾਹਿਤਕਾਰਾਂ, ਕਵੀਆਂ, ਲੇਖਕਾਂ, ਪੱਤਰਕਾਰਾਂ ਤੇ ਹੋਰ ਬੁੱਧੀਜੀਵੀਆਂ ਵੱਲੋਂ ਸਥਾਨਕ ਘਟਨਾਵਾਂ ਦੇ ਸਬੰਧ ’ਚ ਲੇਖ ਲਿਖ ਕੇ ਸਾਂਝੀ ਵਿਰਾਸਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਸਰਕਾਰ ਨੂੰ ਬੇਨਤੀ ਹੈ ਕਿ ਪਿੰਡ ਦਰ ਪਿੰਡ ਜਿੰਨੇ ਵੀ ਆਜ਼ਾਦੀ ਘੁਲਾਟੀਏ ਹਨ, ਉਨ੍ਹਾਂ ਲਈ ਯਾਦਗਾਰਾਂ ਦਾ ਨਿਰਮਾਣ ਕੀਤਾ ਜਾਵੇ ਤੇ ਉਨ੍ਹਾਂ ਦੀਆਂ ਜੀਵਨੀਆਂ ਤੇ ਕੁਰਬਾਨੀਆਂ ਤੋਂ ਜਾਣੂ ਕਰਵਾਇਆ ਜਾਵੇ।
Share this content:



Post Comment