Loading Now

ਔਰਤ ਨੇ ਗੁਜ਼ਾਰਾ ਭੱਤੇ ’ਚ ਮੰਗੀ ਮਹਿੰਗੀ ਕਾਰ ਤੇ 12 ਕਰੋੜ ਰੁਪਏ

ਔਰਤ ਨੇ ਗੁਜ਼ਾਰਾ ਭੱਤੇ ’ਚ ਮੰਗੀ ਮਹਿੰਗੀ ਕਾਰ ਤੇ 12 ਕਰੋੜ ਰੁਪਏ

ਨਵੀਂ ਦਿੱਲੀ, 23 ਜੁਲਾਈ – ਤਲਾਕ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸੁਪਰੀਮ ਕੋਰਟ ਵਿਚ ਸਾਹਮਣੇ ਆਇਆ। ਵਿਆਹ 18 ਮਹੀਨਿਆਂ ਤਕ ਚੱਲਿਆ ਅਤੇ ਔਰਤ ਨੇ ਗੁਜ਼ਾਰਾ ਭੱਤੇ ਲਈ ਅਪੀਲ ਦਾਇਰ ਕੀਤੀ। ਸੁਪਰੀਮ ਕੋਰਟ ਦੇ ਜੱਜ ਵੀ ਔਰਤ ਦੀ ਗੁਜ਼ਾਰਾ ਭੱਤੇ ਦੀ ਮੰਗ ਤੋਂ ਹੈਰਾਨ ਸਨ। ਔਰਤ ਨੇ ਮੁੰਬਈ ’ਚ ਇਕ ਫਲੈਟ, 12 ਕਰੋੜ ਰੁਪਏ ਦੇ ਨਾਲ-ਨਾਲ ਅਪਣੇ ਲਈ ਮਹਿੰਗੀ ਬੀ.ਐੱਮ.ਡਬਲਯੂ. ਕਾਰ ਵੀ ਮੰਗੀ ਸੀ। ਇਸ ’ਤੇ ਸੁਪਰੀਮ ਕੋਰਟ ਦੇ ਬੈਂਚ ਨੇ ਸਲਾਹ ਦਿਤੀ ਕਿ ‘ਜੇ ਤੁਸੀਂ ਇੰਨੇ ਪੜ੍ਹੇ-ਲਿਖੇ ਹੋ, ਤਾਂ ਤੁਹਾਨੂੰ ਖੁਦ ਕਮਾਉਣਾ ਅਤੇ ਖਾਣਾ ਚਾਹੀਦਾ ਹੈ।’ ਸੀ.ਜੇ.ਆਈ. ਬੀ.ਆਰ. ਗਵਈ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਸੀ।

ਉਨ੍ਹਾਂ ਕਿਹਾ, ‘‘ਤੁਹਾਡਾ ਵਿਆਹ ਸਿਰਫ 18 ਮਹੀਨੇ ਚੱਲਿਆ ਅਤੇ ਤੁਸੀਂ ਹਰ ਮਹੀਨੇ ਇਕ ਕਰੋੜ ਰੁਪਏ ਦੀ ਮੰਗ ਕਰ ਰਹੇ ਹੋ। ਸੁਪਰੀਮ ਕੋਰਟ ਨੇ ਸਪੱਸ਼ਟ ਤੌਰ ਉਤੇ ਕਿਹਾ, ‘‘ਤੁਸੀਂ ਇੰਨੇ ਪੜ੍ਹੇ-ਲਿਖੇ ਹੋ ਤਾਂ ਤੁਸੀਂ ਨੌਕਰੀ ਕਿਉਂ ਨਹੀਂ ਕਰਦੇ? ਇਕ ਉੱਚ ਯੋਗਤਾ ਪ੍ਰਾਪਤ ਔਰਤ ਹੋਣ ਦੇ ਨਾਤੇ ਤੁਸੀਂ ਖਾਲੀ ਨਹੀਂ ਬੈਠ ਸਕਦੇ। ਤੁਹਾਨੂੰ ਅਪਣੇ ਲਈ ਕੁੱਝ ਨਹੀਂ ਮੰਗਣਾ ਚਾਹੀਦਾ, ਬਲਕਿ ਖ਼ੁਦ ਕਮਾਉਣਾ ਅਤੇ ਖਾਣਾ ਚਾਹੀਦਾ ਹੈ।’’ ਦਰਅਸਲ ਔਰਤ ਆਈ.ਟੀ. ਦੇ ਖੇਤਰ ’ਚ ਹੈ ਅਤੇ ਉਸ ਕੋਲ ਐਮ.ਬੀ.ਏ. ਦੀ ਡਿਗਰੀ ਵੀ ਹੈ। ਅਖੀਰ ’ਚ ਚੀਫ ਜਸਟਿਸ ਨੇ ਔਰਤ ਨੂੰ ਕਿਹਾ, ‘‘ਤੁਸੀਂ 4 ਕਰੋੜ ਰੁਪਏ ਜਾਂ ਫਲੈਟ ਲੈ ਕੇ ਚੰਗੀ ਨੌਕਰੀ ਲੱਭ ਸਕਦੇ ਹੋ।’’ ਸੁਪਰੀਮ ਕੋਰਟ ਨੇ ਇਸ ਦਾ ਪ੍ਰਸਤਾਵ ਰਖਦੇ ਹੋਏ ਅਪਣਾ ਫੈਸਲਾ ਸੁਰੱਖਿਅਤ ਰੱਖ ਲਿਆ।

Share this content:

Post Comment