ਈ ਡੀ ਵੱਲੋਂ ਪੰਜਾਬ ਵਿੱਚ ਅਨਾਜ ਖਰੀਦ ਤੇ ਭੰਡਾਰਨ ਮਾਮਲੇ ’ਚ ਕੰਪਨੀਆਂ ਦੀ ਜਾਂਚ ਸ਼ੁਰੂ ਕੀਤੀ
ਚੰਡੀਗੜ੍ਹ , 28 ਨਵੰਬਰ- ਪੰਜਾਬ ਵਿੱਚ ਅਨਾਜ ਦੀ ਖਰੀਦ, ਭੰਡਾਰਨ ਅਤੇ ਸਾਂਭ-ਸੰਭਾਲ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਦੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਚੰਡੀਗੜ੍ਹ ਜ਼ੋਨਲ ਦਫ਼ਤਰ ਵੱਲੋਂ ਵੱਡੀ ਕਾਰਵਾਈ ਕਰਦਿਆਂ ਤਲਾਸ਼ੀ ਮੁਹਿੰਮਾਂ ਚਲਾਈਆਂ ਗਈਆਂ ਹਨ। ਈ ਡੀ ਵੱਲੋਂ 28 ਨਵੰਬਰ ਨੂੰ ਜਾਰੀ ਪ੍ਰੈੱਸ ਨੋਟ ਅਨੁਸਾਰ ਇਹ ਛਾਪੇਮਾਰੀ 25 ਅਤੇ 26 ਨਵੰਬਰ ਨੂੰ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ (PMLA), 2002 ਦੀਆਂ ਧਾਰਾਵਾਂ ਤਹਿਤ ਕੀਤੀ ਗਈ।
ਪ੍ਰੈੱਸ ਰਿਲੀਜ਼ ਮੁਤਾਬਕ ਈ ਡੀ ਨੇ ਮੈਸਰਜ਼ ਓਰੀਗੋ ਕਮੋਡਿਟੀਜ਼ ਇੰਡੀਆ ਪ੍ਰਾਈਵੇਟ ਲਿਮਟਿਡ, ਮੈਸਰਜ਼ ਗ੍ਰੇਮਾਰਬਲ ਇਨਫਰਾ ਪ੍ਰਾਈਵੇਟ ਲਿਮਟਿਡ (GMI) ਅਤੇ ਮੈਸਰਜ਼ ਸ਼ਿਵਾਲਿਕ ਐਗਰੋ ਪੌਲੀ ਪ੍ਰੋਡਕਟਸ ਲਿਮਟਿਡ ਆਦਿ ਨਾਲ ਜੁੜੇ ਵਿਅਕਤੀਆਂ ਦੇ ਵੱਖ-ਵੱਖ ਰਿਹਾਇਸ਼ੀ ਅਤੇ ਵਪਾਰਕ ਟਿਕਾਣਿਆਂ ਦੀ ਤਲਾਸ਼ੀ ਲਈ ਗਈ ਹੈ।
ਕਰੋੜਾਂ ਦੇ ਨੁਕਸਾਨ ਅਤੇ ਜ਼ਮੀਨ ਖਰੀਦ ਦੀ ਜਾਂਚ
ਜਾਂਚ ਏਜੰਸੀ ਅਨੁਸਾਰ ਪਨਗ੍ਰੇਨ ਵੱਲੋਂ ਸਾਲ 2019-20 ਵਿੱਚ ਦਿੱਤੇ ਗਏ ਠੇਕਿਆਂ ਵਿੱਚ ਗੈਰ-ਕਾਨੂੰਨੀ ਲਾਭ ਦੇ ਬਦਲੇ ਮੈਸਰਜ਼ ਓਰੀਗੋ ਕਮੋਡਿਟੀਜ਼ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਨਾਜਾਇਜ਼ ਫਾਇਦੇ ਪਹੁੰਚਾਉਣ ਵਿੱਚ ਸੀਨੀਅਰ ਨੌਕਰਸ਼ਾਹਾਂ ਦੀ ਕਥਿਤ ਸ਼ਮੂਲੀਅਤ ਦੀ ਪੜਤਾਲ ਕੀਤੀ ਜਾ ਰਹੀ ਹੈ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਕਈ ਕਰੋੜ ਰੁਪਏ ਦਾ ਅਨੁਮਾਨਤ ਨੁਕਸਾਨ ਹੋਣ ਦਾ ਖਦਸ਼ਾ ਹੈ।
ਇਸ ਤੋਂ ਇਲਾਵਾ ਭ੍ਰਿਸ਼ਟ ਕਾਰਵਾਈਆਂ ਰਾਹੀਂ ਕਮਾਏ ਕਥਿਤ ਕਾਲੇ ਧਨ ਦਾ ਇੱਕ ਹਿੱਸਾ ਮੈਸਰਜ਼ ਗ੍ਰੇਮਾਰਬਲ ਇਨਫਰਾ ਪ੍ਰਾਈਵੇਟ ਲਿਮਟਿਡ (GMI) ਦੇ ਨਾਲ-ਨਾਲ ਇੱਕ ਸੀਨੀਅਰ ਨੌਕਰਸ਼ਾਹ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਨਾਮ ‘ਤੇ ਖਰੀਦੀ ਗਈ ਜ਼ਮੀਨ ਵਿੱਚ ਲਾਉਣ ਦੀ ਵੀ ਜਾਂਚ ਜਾਰੀ ਰਹੀ ਹੈ। ਈ ਡੀ ਨੇ ਦੱਸਿਆ ਕਿ ਨਜ਼ਦੀਕੀ ਰਿਸ਼ਤੇਦਾਰ ਦੇ ਨਾਮ ‘ਤੇ ਖਰੀਦੀ ਗਈ ਇੱਕ ਏਕੜ ਜ਼ਮੀਨ ਦੀ ਅਦਾਇਗੀ ਕਾਫ਼ੀ ਘੱਟ ਦਰਾਂ ‘ਤੇ ਦਿਖਾਈ ਗਈ, ਜੋ ਅਸਲ ਵਿਕਰੀ ਮੁੱਲ ਲੁਕਾਉਣ ਅਤੇ ਅਪਰਾਧ ਦੀ ਸ਼ੱਕੀ ਆਮਦਨ ਨੂੰ ਅਚੱਲ ਜਾਇਦਾਦਾਂ ਵਿੱਚ ਨਿਵੇਸ਼ ਕਰਨ ਵੱਲ ਇਸ਼ਾਰਾ ਕਰਦੀ ਹੈ।
ਈ ਡੀ ਵੱਲੋਂ ਉਕਤ ਨੌਕਰਸ਼ਾਹ ਦੇ ਮੈਸਰਜ਼ ਸ਼ਿਵਾਲਿਕ ਐਗਰੋ ਪੌਲੀ ਪ੍ਰੋਡਕਟਸ ਲਿਮਟਿਡ ਨਾਲ ਜੁੜੇ ਲੋਕਾਂ ਨਾਲ ਲਗਾਤਾਰ ਸੰਪਰਕ ਅਤੇ ਪਰਿਵਾਰਕ ਮੈਂਬਰਾਂ ਰਾਹੀਂ ਕੰਪਨੀ ਵਿੱਚ ਕਥਿਤ ਵਿੱਤੀ ਹਿੱਸੇਦਾਰੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਰਿਲੀਜ਼ ਅਨੁਸਾਰ ਇਹ ਕੰਪਨੀ ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਿੱਚ ਸਬੰਧਤ ਨੌਕਰਸ਼ਾਹ ਦੇ ਕਾਰਜਕਾਲ ਦੌਰਾਨ ਅਤੇ ਉਸ ਤੋਂ ਬਾਅਦ ਵੀ ਪਨਗ੍ਰੇਨ ਤੋਂ ਲੋ-ਡੈਨਸਿਟੀ ਪੌਲੀਥੀਲੀਨ (LDPE) ਕਵਰਾਂ ਦੀ ਸਪਲਾਈ ਲਈ ਟੈਂਡਰ ਲੈਂਦੀ ਰਹੀ ਹੈ।
ਈ ਡੀ ਨੇ ਸਪੱਸ਼ਟ ਕੀਤਾ ਕਿ ਇਹ ਤਲਾਸ਼ੀ ਮੁਹਿੰਮਾਂ ਸੀਨੀਅਰ ਨੌਕਰਸ਼ਾਹਾਂ/ਅਧਿਕਾਰੀਆਂ, ਨਿੱਜੀ ਠੇਕੇਦਾਰਾਂ ਅਤੇ ਰੀਅਲ ਅਸਟੇਟ ਡਿਵੈਲਪਰਾਂ ਵਿਚਕਾਰ ਕਥਿਤ ਗੱਠਜੋੜ ਦਾ ਪਰਦਾਫਾਸ਼ ਕਰਨ, ਅਪਰਾਧ ਦੀ ਆਮਦਨ ਦਾ ਪਤਾ ਲਗਾਉਣ ਅਤੇ ਪਰਿਵਾਰਕ ਮੈਂਬਰਾਂ ਤੇ ਸਹਿਯੋਗੀਆਂ ਦੇ ਨਾਮ ‘ਤੇ ਰੱਖੀਆਂ ਗਈਆਂ ਜਾਇਦਾਦਾਂ ਦੀ ਪਛਾਣ ਕਰਨ ਲਈ ਚਲਾਈਆਂ ਗਈਆਂ, ਜਦਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
Share this content:



Post Comment