ਹੌਸਲਾ ਦੇਣਾ ਵੀ ਹਿੰਮਤ ਦਾ ਕੰਮ
ਮਨੁੱਖੀ ਸੁਭਾਅ ਦੀ ਕੌੜੀ ਸੱਚਾਈ ਹੈ ਕਿ ਇਸ ਦੁਨੀਆਂ ’ਚ ਕਿਸੇ ਦੀਆਂ ਕਮੀਆਂ ਕੱਢਣਾ, ਉਸ ਦਾ ਮਜ਼ਾਕ ਉਡਾਉਣਾ ਤੇ ਉਸ ਦੇ ਸੁਪਨਿਆਂ ’ਤੇ ਹੱਸਣਾ ਬਹੁਤ ਸੌਖਾ ਹੈ ਪਰ ਖ਼ੁਦ ਮੈਦਾਨ ’ਚ ਉਤਰ ਕੇ ਕੁਝ ਨਵਾਂ ਕਰਨਾ ਬਹੁਤ ਔਖਾ ਹੈ। ਜਿਹੜੇ ਲੋਕ ਆਪਣੀ ਜ਼ਿੰਦਗੀ ’ਚ ਕੋਈ ਨਵਾਂ ਕਦਮ ਚੁੱਕਣ ਦੀ ਹਿੰਮਤ ਕਰਦੇ ਹਨ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਸਮਾਜ ਦੇ ਤਾਅਨਿਆਂ, ਮਖੌਲ ਤੇ ਨਕਾਰਾਤਮਕ ਸੋਚ ਦਾ ਸਾਹਮਣਾ ਕਰਨਾ ਪੈਂਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਕੋਈ ਵਿਅਕਤੀ ਆਪਣੀ ਸੋਚ ਤੋਂ ਹਟ ਕੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਲੋਕ ਉਸ ਦੀ ਹੌਸਲਾ ਅਫ਼ਜ਼ਾਈ ਕਰਨ ਦੀ ਬਜਾਏ ਉਸ ’ਤੇ ਹੱਸਣਾ ਸ਼ੁਰੂ ਕਰ ਦਿੰਦੇ ਹਨ। ਕੋਈ ਨਵਾਂ ਕਾਰੋਬਾਰ ਸ਼ੁਰੂ ਕਰੇ, ਖੇਤੀਬਾੜੀ ’ਚ ਨਵਾਂ ਤਜਰਬਾ ਕਰੇ, ਕੋਈ ਕਲਾ ਸਿੱਖੇ ਜਾਂ ਸਮਾਜ ’ਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰੇ, ਤਾਂ ਉਸ ਨੂੰ ਸਭ ਤੋਂ ਪਹਿਲਾਂ ਇਹ ਸੁਣਨ ਨੂੰ ਮਿਲਦਾ ਹੈ ਕਿ, ‘ਇਹ ਤੇਰੇ ਵੱਸ ਦੀ ਗੱਲ ਨਹੀਂ’, ‘ਇਸ ਨਾਲ ਕੁਝ ਨਹੀਂ ਬਣਨਾ’ ਜਾਂ ‘ਲੋਕ ਕੀ ਕਹਿਣਗੇ?’ ਅਸਲ ’ਚ, ਮਜ਼ਾਕ ਉਡਾਉਣ ਲਈ ਨਾ ਕੋਈ ਪੂੰਜੀ ਚਾਹੀਦੀ ਹੈ, ਨਾ ਕੋਈ ਹੁਨਰ ਅਤੇ ਨਾ ਹੀ ਕੋਈ ਹਿੰਮਤ ਪਰ ਕਿਸੇ ਸੁਪਨੇ ਨੂੰ ਹਕੀਕਤ ’ਚ ਬਦਲਣ ਲਈ ਮਿਹਨਤ, ਸਬਰ, ਸਮਾਂ, ਹੌਸਲਾ ਤੇ ਕਈ ਵਾਰ ਆਪਣੀ ਇੱਜ਼ਤ ਤੱਕ ਦਾਅ ’ਤੇ ਲਗਾਉਣੀ ਪੈਂਦੀ ਹੈ।
ਆਲੋਚਨਾ ਕਰਨ ਵਾਲੇ ਲੋਕ ਅਕਸਰ ਕਿਨਾਰੇ ਬੈਠ ਕੇ ਤਮਾਸ਼ਾ ਦੇਖਦੇ ਹਨ, ਜਦਕਿ ਕੋਸ਼ਿਸ਼ ਕਰਨ ਵਾਲਾ ਵਿਅਕਤੀ ਹਰ ਰੋਜ਼ ਨਵੀਆਂ ਚੁਣੌਤੀਆਂ ਨਾਲ ਲੜ ਰਿਹਾ ਹੁੰਦਾ ਹੈ। ਇੱਥੇ ਇਕ ਗੱਲ ਸਮਝਣ ਵਾਲੀ ਹੈ ਕਿ ਜਿਹੜਾ ਵਿਅਕਤੀ ਕੁਝ ਨਹੀਂ ਕਰਦਾ, ਉਸ ਦੀਆਂ ਗ਼ਲਤੀਆਂ ਵੀ ਕਿਸੇ ਨੂੰ ਨਜ਼ਰ ਨਹੀਂ ਆਉਂਦੀਆਂ ਪਰ ਜਿਹੜਾ ਕੁਝ ਕਰਨ ਦੀ ਹਿੰਮਤ ਕਰਦਾ ਹੈ, ਉਸ ਦੀ ਹਰ ਛੋਟੀ-ਵੱਡੀ ਗ਼ਲਤੀ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ ਜਾਂਦਾ ਹੈ। ਲੋਕ ਉਸ ਦੀਆਂ ਦਸ ਕੋਸ਼ਿਸ਼ਾਂ ਨੂੰ ਭੁੱਲ ਕੇ ਅਸਫ਼ਲਤਾ ਦਾ ਮਜ਼ਾਕ ਬਣਾਉਂਦੇ ਹਨ ਪਰ ਉਹ ਇਹ ਨਹੀਂ ਸਮਝਦੇ ਕਿ ਹਰ ਅਸਫ਼ਲਤਾ ਆਪਣੇ ਨਾਲ ਨਵਾਂ ਤਜਰਬਾ ਲੈ ਕੇ ਆਉਂਦੀ ਹੈ। ਸਮਾਜ ਦਾ ਹੋਰ ਕੌੜਾ ਪਹਿਲੂ ਇਹ ਵੀ ਹੈ ਕਿ ਜਦੋਂ ਤੱਕ ਕੋਈ ਵਿਅਕਤੀ ਸੰਘਰਸ਼ ਕਰ ਰਿਹਾ ਹੁੰਦਾ ਹੈ, ਉਸ ਨੂੰ ਕੋਈ ਪੁੱਛਦਾ ਤੱਕ ਨਹੀਂ ਪਰ ਜਦੋਂ ਉਹੀ ਵਿਅਕਤੀ ਆਪਣੀ ਮਿਹਨਤ ਨਾਲ ਕਾਮਯਾਬ ਹੋ ਜਾਂਦਾ ਹੈ, ਤਾਂ ਉਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਉਸ ਦੀਆਂ ਤਾਰੀਫ਼ਾਂ ਹੁੰਦੀਆਂ ਹਨ।
ਜਿਹੜੇ ਕੱਲ੍ਹ ਤੱਕ ਉਸ ਦੇ ਸੁਪਨਿਆਂ ਉੱਤੇ ਹੱਸਦੇ ਸਨ, ਅੱਜ ਉਸ ਦੀ ਕਾਮਯਾਬੀ ਦੀਆਂ ਮਿਸਾਲਾਂ ਦਿੰਦੇ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਹਰ ਇਨਸਾਨ ਲੋਕਾਂ ਦੇ ਡਰ ਤੇ ਮਜ਼ਾਕ ਕਰਕੇ ਆਪਣੇ ਕਦਮ ਰੋਕ ਲਵੇ, ਤਾਂ ਦੁਨੀਆਂ ’ਚ ਕੋਈ ਨਵੀਂ ਕਾਢ, ਨਵੀਂ ਸੋਚ ਜਾਂ ਨਵੀਂ ਤਬਦੀਲੀ ਕਦੇ ਵੀ ਸੰਭਵ ਨਾ ਹੋਵੇ। ਇਤਿਹਾਸ ’ਚ ਹਰ ਵੱਡੀ ਪ੍ਰਾਪਤੀ ਦੇ ਪਿੱਛੇ ਕਿਸੇ ਨਾ ਕਿਸੇ ਇਨਸਾਨ ਦੀ ਉਹ ਹਿੰਮਤ ਰਹੀ ਹੈ, ਜਿਸ ਨੇ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਆਪਣਾ ਰਾਹ ਚੁਣਿਆ। ਇਸ ਲਈ ਸਾਨੂੰ ਦੋ ਗੱਲਾਂ ਆਪਣੇ ਜੀਵਨ ’ਚ ਜ਼ਰੂਰ ਅਪਣਾਉਣੀਆਂ ਚਾਹੀਦੀਆਂ ਹਨ। ਪਹਿਲੀ, ਜੇਕਰ ਅਸੀਂ ਖ਼ੁਦ ਕੁਝ ਕਰਨ ਦੀ ਹਿੰਮਤ ਨਹੀਂ ਰੱਖਦੇ ਤਾਂ ਘੱਟੋ-ਘੱਟ ਕਿਸੇ ਹੋਰ ਦੀ ਕੋਸ਼ਿਸ਼ ਦਾ ਮਜ਼ਾਕ ਨਾ ਉਡਾਈਏ। ਦੂਜੀ, ਜੇਕਰ ਅਸੀਂ ਕੋਈ ਸੁਪਨਾ ਦੇਖਿਆ ਹੈ ਤਾਂ ਲੋਕਾਂ ਦੇ ਹਾਸੇ ਤੋਂ ਡਰ ਕੇ ਉਸ ਨੂੰ ਅਧੂਰਾ ਨਾ ਛੱਡੀਏ।
Share this content:



Post Comment