ਫਾਜ਼ਿਲਕਾ ਦਾ ਗੁਰਪ੍ਰੀਤ ਸਿੰਘ ਕੈਨੇਡਾ ਪੁਲਿਸ ’ਚ ਹੋਇਆ ਭਰਤੀ
ਫਾਜ਼ਿਲਕਾ , 25 ਨਵੰਬਰ- ਪੰਜਾਬ ਦੇ ਫਾਜ਼ਿਲਕਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੀ ਕੈਨੇਡਾ ਦੀ ਟੋਰਾਂਟੋ ਪੁਲਿਸ ਵਿੱਚ ਕਾਂਸਟੇਬਲ ਵਜੋਂ ਚੋਣ ਹੋਈ ਹੈ। ਇਸ ਦੇ ਨਾਲ ਹੀ ਉਹ ਆਪਣੇ ਪਰਿਵਾਰ ਦੀ ਚੌਥੀ ਪੀੜ੍ਹੀ ਦੇ ਅਜਿਹੇ ਮੈਂਬਰ ਬਣ ਗਏ ਹਨ, ਜੋ ਸੁਰੱਖਿਆ ਬਲਾਂ ਵਿੱਚ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੇ ਪਰਿਵਾਰ ਦੇ 10 ਤੋਂ ਵੱਧ ਮੈਂਬਰ ਪੁਲਿਸ ਜਾਂ ਹਥਿਆਰਬੰਦ ਸੈਨਾਵਾਂ ਵਿੱਚ ਸੇਵਾ ਕਰ ਰਹੇ ਹਨ। ਗੁਰਪ੍ਰੀਤ ਦੀ ਇਸ ਪ੍ਰਾਪਤੀ ’ਤੇ ਪਰਿਵਾਰ ਨੇ ਮਠਿਆਈਆਂ ਵੰਡ ਕੇ ਅਤੇ ਭੰਗੜਾ ਪਾ ਕੇ ਖੁਸ਼ੀ ਮਨਾਈ। ਗੁਰਪ੍ਰੀਤ ਸਿੰਘ ਦੇ ਦਾਦਾ ਬਲਬੀਰ ਸਿੰਘ ਨੇ ਕਿਹਾ, “ਅੱਜ ਸਾਡਾ ਪੋਤਾ ਕੈਨੇਡਾ ਵਿੱਚ ਪੁਲਿਸ ਵਿੱਚ ਭਰਤੀ ਹੋ ਗਿਆ ਹੈ। ਇਹ ਸਾਡੇ ਲਈ ਬੇਹੱਦ ਖੁਸ਼ੀ ਦੀ ਗੱਲ ਹੈ। ਉਹ ਪੰਜਾਬ ਦਾ ਪਹਿਲਾ ਮੁੰਡਾ ਹੈ, ਜਿਸ ਦੀ ਉੱਥੇ ਪੁਲਿਸ ਵਿੱਚ ਭਰਤੀ ਹੋਈ ਹੈ। ਸਾਨੂੰ ਬਹੁਤ ਖੁਸ਼ੀ ਹੈ।”
ਗੁਰਪ੍ਰੀਤ ਸਿੰਘ ਦੇ ਚਾਚਾ ਪ੍ਰਗਟ ਸਿੰਘ ਨੇ ਕਿਹਾ, “ਅੱਜ ਸਾਡੇ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਹੈ। ਸਾਡੇ ਘਰ ਦਾ ਪੁੱਤਰ ਅਤੇ ਸਾਡਾ ਭਤੀਜਾ ਗੁਰਪ੍ਰੀਤ ਸਿੰਘ, ਜਿਸ ਦੀ ਪਹਿਲਾਂ ਕੈਨੇਡਾ ਦੀ ਟੋਰਾਂਟੋ ਪੁਲਿਸ ਵਿੱਚ ਚੋਣ ਹੋਈ ਸੀ, ਅੱਜ ਸਹੁੰ ਚੁੱਕ ਸਮਾਗਮ ਦੌਰਾਨ ਆਪਣੀ ਸਿਖਲਾਈ ਪੂਰੀ ਕਰਕੇ ਪਾਸ ਆਊਟ ਹੋ ਗਿਆ ਹੈ। ਇਹ ਸਾਡੇ ਪੂਰੇ ਪਰਿਵਾਰ ਅਤੇ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ।”
ਗੁਰਪ੍ਰੀਤ ਸਿੰਘ ਦੇ ਚਾਚਾ ਸੇਵਾਮੁਕਤ ਕੈਪਟਨ ਰਾਜਿੰਦਰ ਸਿੰਘ ਨੇ ਕਿਹਾ, “ਅੱਜ ਸਾਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ। ਮੇਰਾ ਛੋਟਾ ਭਰਾ ਸਬ-ਇੰਸਪੈਕਟਰ ਹਰਬੰਸ ਸਿੰਘ ਸੇਖੋਂ ਪੰਜਾਬ ਪੁਲਿਸ ਵਿੱਚ ਸੇਵਾ ਨਿਭਾ ਰਿਹਾ ਹੈ। ਸਾਡੇ ਚਾਚਾ ਡੀਐੱਸਪੀ ਜਗੀਰ ਸਿੰਘ ਸੇਖੋਂ ਹਨ, ਜਿਨ੍ਹਾਂ ਦੀ ਰਹਿਨੁਮਾਈ ਅਤੇ ਸਲਾਹ ਨਾਲ ਗੁਰਪ੍ਰੀਤ ਕੈਨੇਡਾ ਗਿਆ। ਉਹ ਅੰਮ੍ਰਿਤਸਰ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਦੱਸੇ ਰਸਤੇ ’ਤੇ ਚੱਲਦਿਆਂ ਗੁਰਪ੍ਰੀਤ ਨੇ ਕੈਨੇਡਾ ਪੁਲਿਸ ਵਿੱਚ ਚੁਣੇ ਜਾਣ ਨਾਲ ਵੱਡਾ ਨਾਮਣਾ ਖੱਟਿਆ ਹੈ।”
Share this content:



Post Comment