Loading Now

ਵਿਸ਼ਵ ਫਿਲਾਸਫੀ ਦਿਵਸ -ਚਿੰਤਨ, ਸੰਵਾਦ ਅਤੇ ਸਹਿ-ਹੋਂਦ/- ਜਸਵਿੰਦਰ ਸਿੰਘ “ਰੁਪਾਲ”

ਵਿਸ਼ਵ ਫਿਲਾਸਫੀ ਦਿਵਸ -ਚਿੰਤਨ, ਸੰਵਾਦ ਅਤੇ ਸਹਿ-ਹੋਂਦ/- ਜਸਵਿੰਦਰ ਸਿੰਘ “ਰੁਪਾਲ”

ਵਿਸ਼ਵ ਫਿਲਾਸਫੀ ਦਿਵਸ (19 ਨਵੰਬਰ) ਤੇ ਵਿਸ਼ੇਸ਼:-       

            ਪ੍ਰਸਿੱਧ ਵਿਦਵਾਨ ਸੁਕਰਾਤ ਅਨੁਸਾਰ ,”ਕਿਸੇ ਵੀ ਵਿਸ਼ੇ ਤੇ ਵਿਚਾਰ ਕਰਨ ਤੋਂ ਪਹਿਲਾਂ ਆਪਣੀਆਂ ਮੱਦਾਂ ਨੂੰ ਪਰਿਭਾਸ਼ਿਤ ਕਰ ਲੈਣਾ ਜਰੂਰੀ ਹੈ ।”ਇਸਲਈ ਪਹਿਲਾਂ ਅਸੀਂ ਦਰਸ਼ਨ ਸ਼ਾਸ਼ਤਰ ਜਾਂ ਫਿਲਾਸਫੀ ਕਿਸ ਨੂੰ ਕਹਿੰਦੇ ਹਨ ,ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ । ਫਿਲਾਸਫੀ ਸ਼ਬਦ ਮੂਲ ਰੂਪ ਵਿੱਚ ਯੂਨਾਨੀ ਭਾਸ਼ਾ ਦੇ Philosophia ਤੋਂ ਬਣਿਆ ਹੈ , ਜਿਸਦਾ ਅਰਥ ਹੈ ਗਿਆਨ ਦਾ ਪ੍ਰੇਮ (Philo =ਪ੍ਰੇਮ ,Sophia= ਗਿਆਨ) ਜਾਂ ਸਮਝਣ ਦੀ ਇੱਛਾ ।ਅਰਸਤੂ ਅਨੁਸਾਰ ਸਾਰੇ ਮਨੁੱਖ ਗਿਆਨ ਅਤੇ ਜਾਣ ਦੀ ਤਾਂਘ ਰੱਖਦੇ ਹਨ ।ਇਸਤੋਂ ਸਪਸ਼ਟ ਹੈ ਕਿ ਫਿਲਾਸਫੀ ਇੱਕ ਐਸੀ ਵਿੱਦਿਆ ਹੈ ਜੋ ਗਿਆਨ, ਸੱਚਾਈ ,ਜੀਵਨ ਦੀ ਸਮਝ ਅਤੇ ਤਰਕ ਨੂੰ ਆਪਣੇ ਕੇਂਦਰ ਵਿੱਚ ਰੱਖਦੀ ਹੈ। ਪੰਜਾਬੀ ਵਿੱਚ ਫਿਲਾਸਫੀ ਨੂੰ ਦਰਸ਼ਨ ਕਿਹਾ ਜਾਂਦਾ ਹੈ ਜੋ ਕਿ ਸੰਸਕ੍ਰਿਤ ਸ਼ਬਦ ਦਰਸ਼ਨ ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ “ਦੇਖਣਾ “, “ਸਮਝਣਾ ” ਜਾਂ “ਦ੍ਰਿਸ਼ਟੀਕੋਣ “। ਇਸਨੂੰ ਮਨੁੱਖੀ ਜੀਵਨ, ਸੂਚਨਾ,ਜਿੰਦਗੀ ਅਤੇ ਬ੍ਰਹਿਮੰਡ ਦੇ ਸਾਰੇ ਮੂਲ ਪ੍ਰਸ਼ਨਾਂ ਦੀ ਗੰਭੀਰ ਤਰਕਸੰਗਤ ਖੋਜ ਵੀ ਕਿਹਾ ਜਾ ਸਕਦਾ ਹੈ। ਇਹ ਸਿਧਾਂਤ ਤਰਕਪੂਰਨ ਸਥਿਤੀਆਂ ਅਤੇ ਜੀਵਨ ਮੁੱਲਾਂ ਦੀ ਨਿਰਣਾਇਕ ਜਾਂ ਵਿਸ਼ਲੇਸ਼ਣਾਤਮਕ ਪੜਚੋਲ ਹੈ ਜੋ ਮਨੁੱਖੀ ਸੂਝ ਬੂਝ ਨੂੰ ਬਿਹਤਰੀਨ ਬਣਾਉਂਦੀ ਹੈ।ਸੁਕਰਾਤ ਦਾ ਬੜਾ ਪਿਆਰਾ ਕਥਨ ਹੈ – ਜਿਸ ਜੀਵਨ ਦੀ ਪੜਚੋਲ ਨਹੀਂ ਕੀਤੀ ਜਾਂਦੀ, ਉਹ ਜਿਊਣ ਯੋਗ ਨਹੀਂ ਹੈ।

ਦਰਸ਼ਨ ਸ਼ਾਸ਼ਤਰ ਦੇ ਮੁੱਖ ਖੇਤਰ :- ਨੈਤਿਕ ਦਰਸ਼ਨ,ਅਸਤਿਤਵ-ਮੀਮਾਂਸਾ, ਤਰਕ-ਸ਼ਾਸ਼ਤਰ, ਸੁੰਦਰਤਾ-ਦਰਸ਼ਨ ਅਤੇ ਮਨ ਦਾ ਦਰਸ਼ਨ   ਦਰਸ਼ਨ ਸ਼ਾਸ਼ਤਰ ਦੇ ਮੁੱਖ ਖੇਤਰ ਹਨ ।ਇਹ ਸਭ ਮਨੁੱਖੀ ਬੁੱਧੀ ਨੂੰ ਵਿਸ਼ੇਬੱਧ ਤਰੀਕੇ ਨਾਲ ਵਿਕਸਿਤ ਕਰਦੇ ਹਨ ਅਤੇ ਤਰਕ ਦੇ ਨਾਲ ਜਿੰਦਗੀ ਦੇ ਮੂਲ ਮਾਮਲਿਆਂ ਦੀ ਸੂਝ ਕਰਵਾਉਂਦੇ ਹਨ। ਭਾਸ਼ਾਈ ਪੱਖ ਤੋਂ ਕਿਹਾ ਜਾ ਸਕਦਾ ਹੈ ਕਿ ਇਹ ਉਹ ਵਿੱਦਿਆ ਹੈ ਜੋ ਜੀਵਨ ਦੇ ਮੁੱਢਲੇ ਹਨੇਰੇ ਅਤੇ ਗੁਪਤ ਸਵਾਲਾਂ ਨੂੰ ਪ੍ਰਗਟ ਕਰਦੀ ਹੈ ਅਤੇ ਸੋਚਣਯੋਗ ਬਣਾਉਂਦੀ ਹੈ।

ਜਿੰਦਗੀ ਦੇ ਮੁੱਢਲੇ ਅਤੇ ਬੁਨਿਆਦੀ ਸਵਾਲ ਜਿਵੇਂ ਕਿ ਮਨੁੱਖੀ ਜੀਵਨ ਦਾ ਮਨੋਰਥ ਕੀ ਹੈ ?? ਜਿੰਮੇਵਾਰੀ, ਜਰੂਰੀ ਕਦਰਾਂ ਕੀਮਤਾਂ ਅਤੇ ਮਨ ਦੀ ਸੰਰਚਨਾ ਦੇ ਅਸਲ ਹਿੱਸੇ ਕਿਹੜੇ ਹਨ ??ਇਸ ਵਿੱਚ ਤਰਕ, ਸੰਵਾਦੀ ਸੋਚ ਅਤੇ ਸਿੱਖਣ ਦੀ ਤਾਂਘ ਪ੍ਰਮੁੱਖ ਹੁੰਦੀ ਹੈ। ਫਿਲਾਸਫੀ ਰਾਹੀਂ ਸਪਸ਼ਟ, ਤਰਕ ਸੰਗਤ ਅਤੇ ਪਰੰਪਰਾਵਾਦੀ ਲੇਖਣੀ ਦੀ ਯੋਗਤਾ ਆਉਂਦੀ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਗੰਭੀਰ ਅਧਿਐਨ, ਸਮਦ੍ਰਿਸ਼ਟੀ, ਮਨੁੱਖੀ ਜੀਵਨ ਮਨੋਰਥ, ਅਤੇ ਤਰਕ ਦੀ ਕਲਾ ਮਿਲਦੀ ਹੈ। ਮਨੁੱਖੀ ਹੋਂਦ , ਅਸਲੀਅਤ ,ਅਸਤਿਤਵਵਾਦ ਆਦਿ ਸੰਕਲਪਾਂ ਨੂੰ ਸਮਝਦੇ ਹੋਏ ਇਨ੍ਹਾਂ ਗੰਭੀਰ ਅਤੇ ਕੇਂਦਰੀ ਨੁਕਤਿਆਂ ਨਾਲ ਜੁੜੇ ਤਰਕ ਦੀਆਂ ਟੂਕਾਂ ਕੀ ਹਨ ? ਵੱਖ ਵੱਖ ਦਰਸ਼ਨ ਇਸ ਤੇ ਵਿਚਾਰ ਕਰਦੇ ਹਨ ਕਿ ਅਸੀਂ ਦੁਨੀਆਂ ਨੂੰ ਕਿਵੇਂ ਵੇਖਦੇ ਹਾਂ ,ਕਿਵੇਂ ਜੀਊਣਾ ਚਾਹੀਦਾ ਹੈ। ਪਲੈਟੋ ਅਨੁਸਾਰ ਚਿੰਤਨ ਆਤਮਾ ਦਾ ਆਪਣੇ ਆਪ ਨਾਲ ਸੰਵਾਦ ਹੈ।ਫਿਲਾਸਫੀ ਅਸਲ ਵਿੱਚ ਜਿੰਦਗੀ ਦੇ ਉਹਨਾਂ ਭੇਦਾਂ ਬਾਰੇ ਚਰਚਾ ਹੈ ਜਿਹਨਾਂ ਬਾਰੇ ਆਮ ਵਿਅਕਤੀ ਸੋਚਦਾ ਵੀ ਨਹੀਂ, ਪਰ ਦਾਰਸ਼ਨਿਕ ਲੋਕ ਆਪਣੀ ਸਾਰੀ ਜਿੰਦਗੀ ਉਹਨਾਂ ਭੇਦਾਂ ਨੂੰ ਲੱਭਣ ਵਿੱਚ ਲਗਾ ਦਿੰਦੇ ਹਨ।

ਪੂਰਬ  ਦੇ ਮੁੱਖ ਦਰਸ਼ਨ :-  ਸੰਖੇਪ ਵਿੱਚ ਹੁਣ ਤੱਕ ਦੇ ਮੁੱਖ ਦਰਸ਼ਨਾਂ ਤੇ ਝਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ।

* ਵੇਦਾਂਤ:- ਇਹ ਦਰਸ਼ਨ ਵੇਦਾਂ ਅਤੇ ਉਪਨਿਸ਼ਦਾਂ ਦੁਆਰਾ ਦਿੱਤਾ ਗਿਆ ਹੈ। ਇਹ ਵੱਖ ਵੱਖ ਦਾਰਸ਼ਨਿਕ ਪਰੰਪਰਾਵਾਂ ਦਾ ਸੰਗ੍ਰਹਿ ਹੈ।ਇਸ ਦੇ ਮੁੱਖ ਨੁਕਤੇ ਹਨ ਆਤਮਾ (ਜੀਵਾਤਮਾ ) ਅਤੇ ਪਰਮਾਤਮਾ(ਬ੍ਰਹਮ)ਦਾ ਏਕੀਕਰਨ, ਮਾਇਆ(ਦੁਨੀਆ) ਦੀ ਅਸਥਿਰਤਾ , ਮੋਕਸ਼ ਦੀ ਪ੍ਰਾਪਤੀ ।

* ਬੌਧ ਫਿਲਾਸਫੀ :– ਮਹਾਤਮਾ ਬੁੱਧ ਇਸ ਦਰਸ਼ਨ ਦੇ ਖੋਜੀ ਹਨ। ਇਹ ਲੱਗਭੱਗ 600 ਈਸਾ ਪੂਰਵ ਦਾ ਦਰਸ਼ਨ ਹੈ। ਇਸ ਵਿੱਚ  ਸੱਚ ਅਹਿੰਸਾ, ਕਰਮ, ਮੁਕਤੀ(ਨਿਰਵਾਣ) ਤੇ ਜੋਰ ਦਿੱਤਾ ਗਿਆ ਹੈ।

* ਜੈਨ ਫਿਲਾਸਫੀ:-ਇਹ ਦਰਸ਼ਨ ਲੱਗਭੱਗ 600 ਈਸਾ ਪੂਰਵ ਵਿੱਚ ਮਹਾਂਵੀਰ ਜੀਂ ਨੇ ਦਿੱਤਾ ਸੀ। ਇਸਦੇ ਮੁੱਖ ਨੁਕਤੇ ਅਹਿੰਸਾ,ਸਤਿ,ਬ੍ਰਹਮਚਰਜ, ਅਪਰਿਗ੍ਰਹ, ਆਤਮਾ ਦੀ ਸਵਤੰਤਰਤਾ ।

* ਸਿੱਖ ਫਿਲਾਸਫੀ :-15ਵੀਂ ਸਦੀ ਵਿੱਚ ਇਹ ਦਰਸ਼ਨ ਗੁਰੂ ਨਾਨਕ ਜੀ ਵੱਲੋਂ ਦਿੱਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਵੀ ਬਹੁਤ ਡੂੰਘੀ ਫਿਲਾਸਫੀ ਪ੍ਰਗਟਾਈ ਹੈ। ਇਸ ਵਿੱਚ ਇੱਕ ਪਰਮਾਤਮਾ, ਸਤਿ, ਸੰਗਤ, ਸਿਮਰਨ, ਸੇਵਾ ,ਕੀਰਤਨ ਅਤੇ ਪ੍ਰੇਮਾ ਭਗਤੀ ਤੇ ਜੋਰ ਦਿੱਤਾ ਗਿਆ ਹੈ ।

ਪੱਛਮ ਦੇ ਮੁੱਖ ਦਰਸ਼ਨ :- ਇੱਕ ਝਲਕ ਪੱਛਮ ਦੇ ਦਰਸ਼ਨਾਂ ਉੱਤੇ ਵੀ ..

* ਯੂਨਾਨੀ ਫਿਲਾਸਫੀ : 600-300 ਈਸਵੀ ਪੂਰਵ ਵਿਚ ਪੈਦਾ ਹੋਏ ਇਸ ਦਰਸ਼ਨ ਦੇ ਮੁੱਖ ਖੋਜੀ ਸਨ ਥੈਲਜ਼, ਸੁਕਰਾਤ, ਪਲੈਟੋ,,ਅਰਸਤੂ ,

ਮੁੱਖ ਨੁਕਤੇ : ਤਰਕ, ਨੈਤਿਕਤਾ, ਜੀਵਨ ਦਾ ਅਰਥ, ਰਾਜਨੀਤੀ, ਵਿਗਿਆਨ, ਮਨੁੱਖੀ ਸੁਭਾਅ ।

* ਈਸਾਈ ਫਿਲਾਸਫੀ :– ਸੇਂਟ ਆਗਸਟਾਈਨ ,ਥੌਮਸ ਐਕੁਇਨਸ, 4-13ਵੀ ਸਦੀ ਵਿੱਚ ਹੋਏ। ਅਤੇ ਇਹਨਾਂ ਨੇ ਮੁੱਖ ਰੂਪ ਵਿੱਚ ਈਸ਼ਵਰ, ਆਤਮਾ,ਪਰਲੋਕ,ਪਾਪ-ਪੁੰਨ, ਵਿਸ਼ਵਾਸ਼ ਅਤੇ ਤਰਕ ਤੇ ਵਿਚਾਰ ਦਿੱਤੇ ।

* ਆਧੁਨਿਕ ਫਿਲਾਸਫੀ :-ਇਹ 17ਵੀਂ 18ਵੀਂ ਸਦੀ ਵਿੱਚ ਵਿਕਸਿਤ ਹੋਈ । ਇਸਦੇ ਦਾਰਸ਼ਨਿਕ ਨੇ ਰੇਨੇ ਡੇਸਕਾਰਟੇਸ,ਜਾਨ ਲਾਕ, ਇਮੈਨੁਅਲ ਕਾਂਟ ,ਸਪੀਨੋਜਾ ਅਤੇ ਹਿਊਮ । ਇਸ ਦਰਸ਼ਨ ਦੇ ਮੁੱਖ ਨੁਕਤੇ ਹਨ ਵਿਅਕਤੀਵਾਦ, ਸਵੈ ਚੇਤਨਾ, ਤਰਕ ,ਵਿਗਿਆਨਕ ਵਿਧੀ, ਸਮਾਜਿਕ ਸਮਝ ।

* ਮਾਰਕਸਵਾਦ :- 19ਵੀ ਸਦੀ ਦੇ ਕਾਰਲ ਮਾਰਕਸ, ,ਫਰੈਡਰਿਕ ਏਂਗਲਜ਼।ਮੁੱਖ ਨੁਕਤੇ ਸਮਾਜਿਕ ਵਿਗਿਆਨ, ਵਰਗ ਸੰਘਰਸ਼, ਸਮਾਜਿਕ ਬਦਲਾਅ, ਸਮਾਜਿਕ ਨਿਆਂ ।

* ਹੋਂਦਵਾਦ :- 19ਵੀ 20ਵੀ ਸਦੀ ਦੇ ਇਸ ਦਰਸ਼ਨ ਦੇ ਖੋਜੀ ਹਨ -ਸੇਰੇਨ ਕੀਰਕੇਗਾਰਦ, ਫਰੈਡਰਿਕ ਨੀਤਸ਼ੇ,ਜੀਨ ਪਾਲ ਸਾਰਤਰ ਮੁੱਖ ਨੁਕਤੇ ਹਨ ਵਿਅਕਤੀਗਤ ਸੁਤੰਤਰਤਾ, ਜੀਵਨ ਦਾ ਅਰਥ, ਚੋਣ, ਜਿੰਮੇਵਾਰੀ,ਅਸਥਿਰਤਾ ।

ਇਸਲਾਮ ਭਾਵੇਂ ਪੂਰਬ ਵਿੱਚ ਪੈਦਾ ਹੋਇਆ ਪਰ ਇਸਦੀ ਪੱਛਮ ਨਾਲ ਵੀ ਸਾਂਝ ਹੈ।ਇਸਨੂੰ ਪੂਰਬ ਅਤੇ ਪੱਛਮ ਵਿਚਕਾਰ ਇੱਕ ਪੁਲ ਵਜੋਂ ਵੀ ਦੇਖਿਆ ਜਾਂਦਾ ਹੈ।ਇਹ ਸੂਫ਼ੀਵਾਦ ਅਤੇ ਅਧਿਆਤਮਿਕਤਾ ਦਾ ਵਧੀਆ ਮੇਲ ਹੈ।ਅਲ-ਫਾਰਾਬੀ, ਇਬਨ-ਸੀਨਾ ਅਤੇ ਇਬਨ -ਰੁਸ਼ਦ ਇਸਦੇ ਵਧੀਆ ਦਾਰਸ਼ਨਿਕ ਹਨ ।

ਪੁਰਾਤਨ ਸਮੇਂ ਤੋਂ ਅੱਜ ਤੱਕ ਵੱਖ ਵੱਖ ਦਾਰਸ਼ਨਿਕਾਂ ਨੇ ਕੁਦਰਤ, ਬ੍ਰਹਮ, ਮਨੁੱਖੀ ਜੀਵਨ ਦੇ ਮਕਸਦ , ਅਤੇ ਜੀਵਨ ਨੂੰ ਵਧੀਆ ਤਰਾਂ ਜਿਊਣ ਦੇ ਢੰਗ ਤਰੀਕਿਆਂ ਬਾਰੇ ਵਿਚਾਰ ਕੀਤਾ ਹੈ। ਇਹ ਯਾਦ ਰੱਖਣ ਵਾਲੀ ਹੈ ਕਿ ਅਸਿੱਧੇ ਤੌਰ ਤੇ ਫਿਲਾਸਫੀ ਧਰਮ ਅਤੇ ਵਿਗਿਆਨ ਨਾਲ ਵੀ ਜੁੜੀ ਹੋਈ ਹੈ। ਪਰ ਨਾ ਤਾਂ ਇਹ ਧਰਮ ਹੀ ਹੈ ਅਤੇ ਨਾ ਹੀ ਵਿਗਿਆਨ। ਸ਼ੁਰੂ ਸ਼ੁਰੂ ਵਾਲੇ ਦਾਰਸ਼ਨਿਕ ਹੀ ਵਿਗਿਆਨਕ ਹੁੰਦੇ ਸਨ ਜਿਵੇਂ  ਪਲੈਟੋ ਅਰਸਤੂ ਆਦਿ । ਧਰਮ ਜਿੱਥੇ ਸ਼ਰਧਾ ਅਤੇ ਅਧਿਆਤਮਕਤਾ ਦੇ ਆਧਾਰ ਤੇ ਜੀਵਨ ਦੇ ਸਵਾਲਾਂ ਨੂੰ ਸਮਝਣ ਦਾ ਯਤਨ ਕਰਦਾ ਹੈ, ਉੱਥੇ ਵਿਗਿਆਨ ਪ੍ਰਯੋਗ ਅਤੇ ਨਿਰੀਖਣ ਰਾਹੀਂ ਕੁਦਰਤੀ ਵਰਤਾਰਿਆਂ ਦੀ ਵਿਆਖਿਆ ਕਰਦਾ ਹੈ।ਦਰਸ਼ਨ ਸ਼ਾਸ਼ਤਰ ਇਨ੍ਹਾਂ ਦੋਵਾਂ ਦੇ ਬੁਨਿਆਦੀ ਸੰਕਲਪਾਂ, ਮਾਨਤਾਵਾਂ ਅਤੇ ਤਰਕਾਂ ਦੀ ਵੀ ਪੜਚੋਲ ਕਰਦਾ ਹੈ।ਦਾਰਸ਼ਨਿਕ ਹਮੇਸ਼ਾ ਹੀ ਗੰਭੀਰਤਾ ਨਾਲ ਡੂੰਘੇ ਵਿਸ਼ਿਆਂ ਤੇ ਡੂੰਘੀ ਗੱਲ ਕਰਦੇ ਆਏ ਹਨ।ਰੇਨੇ ਡੇਸਕਾਰਟ ਕਹਿੰਦਾ ਹੈ , ਮੈਂ ਸੋਚਦਾ ਹਾਂ, ਤਦ ਹੀ ਮੇਰੀ ਹੋਂਦ ਹੈ।

ਵਿਸ਼ਵ ਫਿਲਾਸਫੀ ਦਿਵਸ :-  ਵਿਸ਼ਵ ਫਿਲਾਸਫੀ ਦਿਵਸ ਹਰ ਸਾਲ ਨਵੰਬਰ ਮਹੀਨੇ ਦੇ ਤੀਸਰੇ ਵੀਰਵਾਰ (ਜੋ ਇਸ ਸਾਲ 19 ਨਵੰਬਰ 2026  ਨੂੰ ਹੈ) ਨੂੰ ਮਨਾਇਆ ਜਾਂਦਾ ਹੈ ਅਤੇ ਸਾਡੀ ਰੋਜ਼ਾਨਾ ਦੀ ਜਿੰਦਗੀ ਅਤੇ ਸਮਾਜ ਵਿੱਚ ਦਾਰਸ਼ਨਿਕ ਪ੍ਰਭਾਵ, ਵਿਚਾਰ ਅਤੇ ਇਹਨਾਂ ਦੀ ਮਹੱਤਤਾ ਨੂੰ ਸਮਰਪਿਤ ਇਹ ਦਿਨ ਮਨਾਇਆ ਜਾਂਦਾ ਹੈ। ਵਿਸ਼ਵ ਫਿਲਾਸਫੀ ਦਿਵਸ ਸਭ ਤੋਂ ਪਹਿਲਾਂ ਯੂਨੈਸਕੋ ਵੱਲੋਂ 21 ਨਵੰਬਰ 2002 ਨੂੰ ਪੈਰਿਸ ਵਿੱਚ ਇਸਦੇ ਮੁੱਖ ਦਫਤਰ ਵਿਖੇ ਮਨਾਇਆ ਗਿਆ ਸੀ। ਇਸਦਾ ਵਿਸ਼ਵ ਪੱਧਰ ਤੇ 2005 ਵਿੱਚ  ਸੰਸਥਾਗਤ ਰੂਪ ਵਿਚ ਮਨਾਇਆ ਜਾਣਾ ਆਰੰਭ ਹੋ ਗਿਆ ਸੀ। ਆਰੰਭ ਵਿੱਚ ਇਸਦਾ ਮੁੱਖ ਨਿਸ਼ਾਨਾ ਇਨਸਾਨੀ ਵਿਚਾਰ, ਹਰੇਕ ਸੱਭਿਆਚਾਰ ਅਤੇ ਹਰੇਕ ਵਿਅਕਤੀ ਲਈ ਫਿਲਾਸਫੀ ਦੇ ਮਹੱਤਵ ਨੂੰ ਉਘਾੜਨਾ ਸੀ। ਯੂਨੈਸਕੋ ਜੋਰ ਦਿੰਦਾ ਹੈ ਕਿ ਦਰਸ਼ਨ ਸਿਰਫ ਕਾਲਪਨਿਕ ਅਤੇ ਆਦਰਸ਼ਕ ਵਿਚਾਰ ਹੀ ਨਹੀਂ ਹੈ ਬਲਕਿ ਇਹ ਤਾਂ ਇੱਕ ਆਲੋਚਨਾਤਮਕ ਅਤੇ ਪ੍ਰਸ਼ਨ -ਮੁਲਕ ਅਨੁਸਾਸ਼ਨ ਹੈ ਜਿਹੜਾ ਸੁਤੰਤਰ ਅਤੇ ਵਿਸ਼ਲੇਸ਼ਣਾਤਮਕ ਸੋਚ ਨੂੰ ਉਤਸ਼ਾਹਿਤ ਕਰਦਾ ਹੈ।

 ਥੀਮ ਅਤੇ ਗਤੀਵਿਧੀਆਂ :- ਹਰ ਸਾਲ ਯੂਨੈਸਕੋ ਅਤੇ ਇਸਦੇ ਸਹਿਯੋਗੀ ਸੰਸਾਰ ਲਈ ਵਿਸ਼ਵ ਫਿਲਾਸਫੀ ਦਿਵਸ ਲਈ ਵਿਲੱਖਣ ਵਿਸ਼ੇ ਚੁਣਦੇ ਹਨ, ਜਿਹੜੇ ਦਾਰਸ਼ਨਿਕ ਵਿਚਾਰਾਂ ਨੂੰ ਸਮਕਾਲੀ ਚੁਣੌਤੀਆਂ ਨਾਲ ਜੋੜਨ । ਉਦਾਹਰਣ ਵਜੋਂ ਤਾਜਾ ਗਤੀਵਿਧੀਆਂ ਸਮਾਜਿਕ ਊਰਜਾ ਉੱਤੇ ਅਤੇ ਸੰਕਟਾਂ ਤੇ ਆਲੋਚਨਾਤਮਕ ਚਿੰਤਨ ਅਤੇ ਸੰਵਾਦ ਰਾਹੀਂ ਸਮੂਹਿਕ ਤੌਰ ਤੇ ਪ੍ਰਤੀਕਿਰਿਆ ਕਰਨ ਤੇ ਕੇਂਦਰਿਤ ਰਹੀਆਂ ਹਨ।  ਦਿਵਸ ਨੂੰ ਮਨਾਉਣ ਵਜੋਂ ਗਤੀਵਿਧੀਆਂ ਵਿੱਚ ਸੰਸਾਰ ਭਰ ਤੋਂ ਦਾਰਸ਼ਨਿਕਾਂ ,ਵਿਗਿਆਨਕਾਂ, ਸਿੱਖਿਆ ਸ਼ਾਸ਼ਤਰੀਆਂ ਅਤੇ ਵਿਦਿਆਰਥੀਆਂ ਦੁਆਰਾ ਦਾਰਸ਼ਨਿਕ ਵਿਚਾਰ ਚਰਚਾਵਾਂ, ਕਾਨਫਰੰਸਾਂ, ਵਰਕਸ਼ਾਪਾਂ, ਜਨਤਕ ਲੈਕਚਰ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ।

ਇਸ ਸਾਲ 2026 ਦਾ ਇਸ ਦਿਵਸ ਦਾ ਵਿਸ਼ਾ ਹੈ ਇਕੱਠੇਜੀਵਨਬਸਰਕਰਨਾ(LivingtheEarthTogether)

ਵਿਸ਼ਵ ਦਰਸ਼ਨ ਦਿਵਸ ਦੇ ਮੌਕੇ ਤੇ ਯੂਨੈਸਕੋ ਵੱਲੋਂ 19 ਨਵੰਬਰ 2026 ਪੈਰਿਸ ਸਥਿਤ ਆਪਣੇ ਮੁੱਖ ਦਫਤਰ ਵਿਖੇ ਚਿੰਤਕਾਂ ਅਤੇ ਨੀਤੀ-ਨਿਰਮਾਤਾਵਾਂ ਦਾ ਇਕੱਠ ਕੀਤਾ ਜਾਵੇਗਾ।ਇਸ ਮੌਕੇ ਪ੍ਰਸਿੱਧ ਦਾਰਸ਼ਨਿਕ ਸੁਲੇਮਾਨ ਬਸ਼ੀਰ ਡਿਆਨ ਦਾ ਵਿਸ਼ੇਸ਼ ਭਾਸ਼ਣ ਹੋਵੇਗਾ।ਧਰਤੀ ਉੱਤੇ ਇਕੱਠੇ ਜੀਵਨ ਬਸਰ ਕਰਨਾ ਸਿਰਲੇਖ ਹੇਠ ਦਿੱਤੇ ਜਾਣ ਵਾਲੇ ਇਸ ਭਾਸ਼ਣ ਵਿੱਚ ਸਰਵਵਿਆਪੀ ਮਨੁੱਖ  ਦੀ ਪੜਚੋਲ ਕੀਤੀ ਜਾਵੇਗੀ ।ਭਾਸ਼ਣ ਤੋਂ ਬਾਅਦ ਇੱਕ ਗੋਲਮੇਜ਼ ਵਿਚਾਰ-ਚਰਚਾ ਹੋਵੇਗੀ, ਜਿਸ ਦਾ ਕੇਂਦਰੀ ਵਿਸ਼ਾ ਹੋਵੇਗਾ -“ਇਕੱਠੇ ਸੋਚਣਾ ਅਤੇ ਅਮਲ ਕਰਨਾ : ਬਹੁਪੱਖੀ ਚੁਣੌਤੀਆਂ ਵਾਲੇ ਸੰਸਾਰ ਵਿੱਚ ਜੀਵਨ ਬਸਰ ਕਰਨ ਲਈ ਦਰਸ਼ਨ ਦੀ ਭੂਮਿਕਾ ।”ਇਸ ਵਿਚਾਰ-ਚਰਚਾ ਵਿੱਚ ਤਿੰਨ ਵਿਦਿਆਰਥੀ ਵੀ ਆਪਣੇ ਵਿਚਾਰ ਸਾਂਝੇ ਕਰਨਗੇ।ਉਹ ਚਾਰ ਪ੍ਰਮੁੱਖ ਵਿਸ਼ਿਆਂ – ਜਲਵਾਯੂ ਪਰਿਵਰਤਨ,ਨਕਲੀ ਬੁੱਧੀ (A.I.),ਪਰਵਾਸ ਅਤੇ ਸਿਹਤ -ਦੇ ਸੰਦਰਭ ਵਿੱਚ ਆਪਣੇ ਵਿਆਪਕ ਅਤੇ ਆਪਸੀ ਤੌਰ ਤੇ ਜੁੜੇ ਹੋਏ ਦ੍ਰਿਸ਼ਟੀਕੋਣ ਪੇਸ਼ ਕਰਨਗੇ।ਇਸਤੋਂ ਇਲਾਵਾ ਅਧਿਕਾਰਤ ਪ੍ਰੋਗਰਾਮ ਵਿੱਚ ਇੱਕ ਵੱਖਰੀ ਤਰਕ-ਆਧਾਰਿਤ ਦਾਰਸ਼ਨਿਕ ਵਿਚਾਰ ਚਰਚਾ ਵੀ ਦਰਜ ਹੈ।

ਇਸਦਾ ਕੇਂਦਰੀ ਵਿਚਾਰ ਇਹ ਹੈ ਕਿ ਦਾਰਸ਼ਨਿਕ ਚਿੰਤਨ ਅਤੇ ਵਿਚਾਰ-ਵਟਾਂਦਰਾ ਸਾਨੂੰ ਕਿਸ ਤਰਾਂ ਇਕੱਠੇ ਰਹਿਣ ਲਈ – ਸ਼ਾਂਤਮਈ, ਪਿਆਰ ਅਤੇ ਸਾਂਝ ਨਾਲ ਇਕੱਠੇ ਜੀਵਨ ਬਤੀਤ ਕਰਨ ਲਈ ਕਿਵੇਂ ਪ੍ਰੇਰਿਤ ਕਰਦਾ ਹੈ।

ਇਹ ਵਿਸ਼ਾ ਇਸ ਗੱਲ ਤੇ ਚਰਚਾ ਦੀ ਪ੍ਰੇਰਨਾ ਕਰਦਾ ਹੈ ਕਿ ਦਰਸ਼ਨ ਸ਼ਾਸ਼ਤਰ  ਮਨੁੱਖਾਂ, ਵੱਖ ਵੱਖ ਸਮਾਜਾਂ, ਕੌਮਾਂ ਅਤੇ ਦੇਸ਼ਾਂ ਨੂੰ ਕਿਵੇਂ ਜੋੜੀ ਰੱਖ ਸਕਦਾ ਹੈ।ਵਿਸ਼ਵ ਭਰਾਤਰੀਭਾਵ ਕਿਵੇਂ ਵਧੇਰੇ ਮਜਬੂਤ ਹੋ ਸਕਦਾ ਹੈ ।ਵਿਸ਼ਾ ਯੂਨੈਸਕੋ ਦੇ ਵਿਆਪਕ ਉਦੇਸ਼ਾਂ ਨਾਲ ਮੇਲ ਖਾਂਦਾ ਹੈ ਜਿਸਦਾ ਮੰਤਵ ਹੈ ਦਰਸ਼ਨ ਸ਼ਾਸ਼ਤਰ ਰਾਹੀਂ ਆਲੋਚਨਾਤਮਕ ਚਿੰਤਨ ਨੂੰ ਉਤਸ਼ਾਹਿਤ ਕਰਨਾ ਅਤੇ ਮਨੁੱਖਤਾ ਅੱਗੇ ਖੜ੍ਹੀਆਂ ਵੱਡੀਆਂ ਵੱਡੀਆਂ ਚਣੌਤੀਆ ਜਿਵੇਂ ਪਰਵਾਸ, ਵਾਤਾਵਰਣ ਤਬਦੀਲੀ ਅਤੇ ਕ੍ਰਿਤ੍ਰਿਮ ਬੁੱਧੀ ਦੇ ਉਭਾਰ ਨਾਲ ਨਜਿੱਠਣਾ।

ਵਿਸ਼ਵ ਫਿਲਾਸਫੀ ਦਿਵਸ ਦੀ ਹੇਠ ਲਿਖੇ ਮੰਤਵਾਂ ਨੂੰ ਪੂਰਾ ਕਰਨ ਵਿੱਚ ਖਾਸ ਮਹੱਤਤਾ ਹੈ –

* ਵਿਸ਼ਾਲ ਰੂਪ ਵਿੱਚ ਸੰਸਾਰ ਦੀ ਸਮਝ ਅਤੇ ਸਹਿਣਸ਼ੀਲਤਾ ਲਈ ਸੁਤੰਤਰ ਅਤੇ ਆਲੋਚਨਾਤਮਕ ਸੋਚਣੀ ਨੂੰ ਉਤਸ਼ਾਹਿਤ ਕਰਨਾ ।

* ਵਿਭਿੰਨਤਾ ਰੱਖਣ ਵਾਲੀਆਂ ਸਭਿਅਤਾਵਾਂ ਅਤੇ ਸਭਿਆਚਾਰਾਂ ਵਿੱਚ ਬੌਧਿਕ ਸੰਵਾਦ ਪੈਦਾ ਕਰਨਾ ਅਤੇ ਉਹਨਾਂ ਵਿਚਕਾਰਲੇ ਪਾੜੇ ਨੂੰ ਘਟਾਉਣਾ।

* ਸ਼ਾਮਲ ਹੋਣ ਵਾਲਿਆਂ ਖਾਸ ਕਰਕੇ ਨੌਜਵਾਨ ਵਰਗ ਨੂੰ ਗਲੋਬਲ ਅਤੇ ਸਥਾਨਕ ਚੁਣੌਤੀਆਂ ਪ੍ਰਤੀ ਵਿਸ਼ਲੇਸ਼ਣਾਤਮਕ ਅਤੇ ਵਿਚਾਰਕ ਚਿੰਤਨ ਨਾਲ ਹੱਲ ਕਰਨਾ ।

* ਸਾਂਝੇ ਮਨੁੱਖੀ ਖਤਰਿਆਂ ਪ੍ਰਤੀ ਸ਼ਾਂਤੀ , ਆਪਸੀ ਸਤਿਕਾਰ, ਅਤੇ ਡੂੰਘੇ ਚਿੰਤਨ ਨੂੰ ਉਤਸ਼ਾਹਿਤ ਕਰਨਾ ।

ਸਾਲਾਨਾ ਗਤੀਵਿਧੀਆਂ ਫਿਲਾਸਫੀ ਨੂੰ ਵਿਸ਼ਵ ਪੱਧਰ ਤੇ ਸਿੱਖਣ ਸਿਖਾਉਣ , ਭਖਦੇ ਵਿਸ਼ਿਆਂ ਤੇ ਦਾਰਸ਼ਨਿਕ ਖੋਜਾਂ ਨੂੰ ਉਤਸ਼ਾਹਿਤ ਕਰਨ ਅਤੇ ਸਮਾਜ ਦੀਆਂ ਚੁਣੌਤੀਆਂ ਉੱਤੇ ਜਨਤਕ ਬਹਿਸਾਂ ਕਰਵਾਉਣ ਵੱਲ ਸੇਧਿਤ ਹੁੰਦੀਆਂ ਹਨ। ਯੂਨੈਸਕੋ ਦੇਖਦੀ ਹੈ ਕਿ ਕੌਣ ਕੌਣ ਹਿੱਸਾ ਲੈ ਰਿਹਾ ਹੈ । ਭਾਵੇਂ ਦਾਰਸ਼ਨਿਕ ਸੁਸਾਇਟੀਆਂ, ਯੂਨੀਵਰਸਿਟੀਆਂ, ਸਕੂਲ,ਕਾਲਜ, ਮੀਡੀਆ ਅਤੇ ਆਮ ਜਨਤਾ ਨੂੰ ਵੀ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਮੁੱਖ ਰੂਪ ਵਿੱਚ ਇਹ ਦਿਨ ਸੰਸਾਰ ਦੇ ਮਸਲਿਆਂ ਨੂੰ ਖੁੱਲ੍ਹੇ ਦਿਲ ਨਾਲ ਅਤੇ ਸਿਆਣਪ ਨਾਲ ਵਿਚਾਰ ਕਰਨ ਦਾ ਦਿਨ ਹੈ । ਜਿਹੜਾ ਸਮਾਜ ਵਿੱਚ ਸਕਾਰਾਤਮਕ ਅਤੇ ਉਸਾਰੂ ਤਬਦੀਲੀਆਂ ਨੂੰ ਜਨਮ ਦੇਣ ਵਿਚ ਸਹਾਈ ਹੋਏਗਾ ।

ਅਸਲ ਵਿੱਚ ਦਰਸ਼ਨ ਸ਼ਾਸ਼ਤਰ ਸਾਨੂੰ ਇਰਫ ਸੋਚਣਾ ਹੀ ਨਹੀਂ ਸਿਖਾਉਂਦਾ, ਸਗੋਂ ਸਹੀ ਢੰਗ ਨਾਲ ਸੋਚਣਾ, ਦੂਜਿਆਂ ਦੇ ਵਿਚਾਰਾਂ ਨੂੰ ਸਮਝਣਾ ਅਤੇ ਆਪਣੇ ਵਿਚਾਰਾਂ ਦੀ ਨਿਰਪੱਖ ਪੜਚੋਲ ਕਰਨਾ ਵੀ ਸਿਖਾਉਂਦਾ ਹੈ।ਅੱਜ ਜਦੋਂ ਸੰਸਾਰ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਵਿਚਾਰਧਾਰਕ ਵਖਰੇਵਿਆਂ ਦਾ ਸਾਹਮਣਾ ਕਰ ਰਿਹਾ ਹੈ, ਉਦੋਂ ਦਾਰਸ਼ਨਿਕ ਚਿੰਤਨ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ।ਮਾਰਟਿਨ ਬੂਬਰ ਨੇ ਸੱਚ ਹੀ ਤਾਂ ਕਿਹਾ ਹੈ ਅਸਲ ਜੀਵਨ ਦੂਜਿਆਂ ਨਾਲ ਮਿਲਣ ਅਤੇ ਸਬੰਧ ਬਣਾਉਣ ਵਿੱਚ ਹੈ।ਮਨੁੱਖਤਾ ਨੂੰ ਜੋੜਨ, ਆਪਸੀ ਵਿਸ਼ਵਾਸ ਪੈਦਾ ਕਰਨ ਅਤੇ ਸ਼ਾਂਤੀਪੂਰਨ ਸਹਿ-ਹੋਂਦ ਦਾ ਮਾਹੌਲ ਸਿਰਜਣ ਲਈ ਸੰਵਾਦ, ਸਹਿਣਸ਼ੀਲਤਾ ਅਤੇ ਤਰਕਪੂਰਨ ਸੋਚ ਦੀ ਲੁੜ ਹੈ।ਵਿਸ਼ਵ ਫਿਲਾਸਫੀ ਦਿਵਸ ਸਾਨੂੰ ਇਹੀ ਯਾਦ ਦਿਵਾਉਂਦਾ ਹੈ ਕਿ ਇੱਕ ਬਿਹਤਰ ਸੰਸਾਰ ਦੀ ਸਿਰਜਣਾ ਸਿਰਫ ਤਕਨੀਕੀ ਵਿਕਾਸ ਨਾਲ ਨਹੀਂ, ਗੋਂ ਬਿਹਤਰ ਮਨੁੱਖੀ ਸੋਚ ਅਤੇ ਵਿਵੇਕ ਨਾਲ ਹੀ ਸੰਭਵ ਹੈ।

IMG_20251011_162158-1-1-216x300 ਵਿਸ਼ਵ ਫਿਲਾਸਫੀ ਦਿਵਸ -ਚਿੰਤਨ, ਸੰਵਾਦ ਅਤੇ ਸਹਿ-ਹੋਂਦ/- ਜਸਵਿੰਦਰ ਸਿੰਘ "ਰੁਪਾਲ"

– ਜਸਵਿੰਦਰ ਸਿੰਘ “ਰੁਪਾਲ“

    – 9814715796

 

 

Share this content:

Post Comment