ਸਾਡੀ ਬੋਲੀ, ਸਾਡਾ ਮਾਣ-ਕਾਇਮ ਹੈ ਪੰਜਾਬੀਅਤ ਦੀ ਸ਼ਾਨ ; ਫਰੈਂਕਲਿਨ ਇੰਡੀਅਨ ਕਲਚਰਲ ਕਲੱਬ ਵੱਲੋਂ ਪੰਜਾਬੀ ਭਾਸ਼ਾ ਹਫ਼ਤੇ ਨੂੰ ਸਮਰਪਿਤ ਵਿਸ਼ੇਸ਼ ਉਪਰਾਲਾ-ਪੰਜਾਬੀ ਮਾਂ ਬੋਲੀ ਦੀ ਗੂੰਜ
-ਬੱਚਿਆਂ ਨੇ ਆਪਣੀ ਬੋਲੀ ਅਤੇ ਵਿਰਸੇ ਪ੍ਰਤੀ ਦਿਖਾਇਆ ਭਾਰੀ ਉਤਸ਼ਾਹ, ਜੇਤੂਆਂ ਨੂੰ ਵੰਡੇ ਗਏ ਇਨਾਮ
ਔਕਲੈਂਡ, 14 ਨਵੰਬਰ 2026 (ਹਰਜਿੰਦਰ ਸਿੰਘ ਬਸਿਆਲਾ) – ਵਿਦੇਸ਼ਾਂ ਦੀ ਧਰਤੀ ’ਤੇ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਆਪਣੀ ਮਾਂ ਬੋਲੀ ਅਤੇ ਅਮੀਰ ਵਿਰਸੇ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਲਗਾਤਾਰ ਸ਼ਲਾਘਾਯੋਗ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਤਹਿਤ ਫਰੈਂਕਲਿਨ ਇੰਡੀਅਨ ਕਲਚਰਲ ਕਲੱਬ (FICC) ਵੱਲੋਂ 7ਵਾਂ ਪੰਜਾਬੀ ਭਾਸ਼ਾ ਹਫ਼ਤਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਕਲੱਬ ਵੱਲੋਂ ਫਰੈਂਕਲਿਨ ਵਿਖੇ ਸਕੂਲੀ ਬੱਚਿਆਂ ਦਾ ਪਹਿਲਾ ‘ਪੰਜਾਬੀ ਭਾਸ਼ਾ ਭਾਸ਼ਣ ਮੁਕਾਬਲਾ’ ਕਰਵਾਇਆ ਗਿਆ, ਜਿਸ ਦਾ ਮੁੱਖ ਵਿਸ਼ਾ (ਥੀਮ) ‘ਸਾਡੀ ਬੋਲੀ, ਸਾਡਾ ਮਾਣ’ ਰੱਖਿਆ ਗਿਆ ਸੀ। ਇਹ ਸਮਾਗਮ ਸਥਾਨਕ ਲਾਇਬ੍ਰੇਰੀ ਹਾਲ ਵਿਖੇ ਸਵੇਰੇ 10.30 ਵਜੇ ਤੋਂ 11.30 ਵਜੇ ਤੱਕ ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਅਤੇ ਮਾਪਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।
ਸਮਾਗਮ ਦੀ ਮੁੱਖ ਝਲਕ:
ਸਮਾਗਮ ਦੀ ਸ਼ੁਰੂਆਤ ਸਵੇਰੇ 10.30 ਵਜੇ ਅਰਸ਼ਦੀਪ ਕੌਰ ਵੱਲੋਂ ਸਵਾਗਤੀ ਸ਼ਬਦਾਂ ਨਾਲ ਕੀਤੀ ਗਈ। ਇਸ ਉਪਰੰਤ ਸ਼ਾਨਦਾਰ ਉਦਘਾਟਨੀ ਪੇਸ਼ਕਾਰੀ ਹੋਈ ਅਤੇ ਫਿਰ ਬੱਚਿਆਂ ਦੇ ਪੰਜਾਬੀ ਭਾਸ਼ਣ ਮੁਕਾਬਲੇ ਸ਼ੁਰੂ ਹੋਏ, ਜਿੱਥੇ ਨੰਨ੍ਹੇ ਬੁਲਾਰਿਆਂ ਨੇ ਠੇਠ ਪੰਜਾਬੀ ਵਿੱਚ ਆਪਣੀ ਮਾਂ ਬੋਲੀ ਪ੍ਰਤੀ ਪਿਆਰ ਦਾ ਬਾਖ਼ੂਬੀ ਇਜ਼ਹਾਰ ਕੀਤਾ। ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਨੇ ਵੀ ਸਭ ਦਾ ਮਨ ਮੋਹ ਲਿਆ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ’ਤੇ ਵਿਸ਼ੇਸ਼ ਜਾਣਕਾਰੀ ਭਰਪੂਰ ਪੇਸ਼ਕਾਰੀ ਵੀ ਦਿੱਤੀ ਗਈ। ਪ੍ਰੋਗਰਾਮ ਦੇ ਅੰਤ ਵਿੱਚ ਭਾਸ਼ਣ ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕਰਕੇ ਹੌਸਲਾ ਅਫ਼ਜ਼ਾਈ ਕੀਤੀ ਗਈ। ਹਾਜ਼ਰੀਨ ਲਈ ਹਲਕੇ-ਫੁਲਕੇ ਚਾਹ-ਪਾਣੀ (ਰਿਫਰੈਸ਼ਮੈਂਟ) ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।
ਰੇਡੀਓ ਸਪਾਈਸ ਤੋਂ ਨਵਤੇਜ ਸਿੰਘ ਰੰਧਾਵਾ, ਐਨ. ਵੀ. ਸਿੰਘ ਅਤੇ ਪੰਜਾਬੀ ਹੈਰਲਡ ਤੋਂ ਸ. ਹਰਜਿੰਦਰ ਸਿੰਘ ਬਸਿਆਲਾ ਹੋਰਾਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਅੱਜ ਪੁੱਕੀਕੋਹੀ ਦੇ ਵਿੱਚ ਫਰੈਂਕਲਿਨ ਇੰਡੀਅਨ ਕਲਚਰਲ ਕਲੱਬ ਨੇ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਇਆ ਅਤੇ ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜ ਕੇ ਦਿਖਾਇਆ। ਅੰਤ ਵਿੱਚ ਸਾਰੇ ਸਹਿਯੋਗੀਆਂ ਅਤੇ ਸਪਾਂਸਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਅਗਲੇ ਸਾਲ ਫਿਰ ਅਜਿਹਾ ਪ੍ਰੋਗਰਾਮ ਕਰਨ ਦਾ ਵਾਅਦਾ ਕੀਤਾ ਗਿਆ। ਸਮੂਹ ਮੀਡੀਆ ਕਰਮੀਆਂ ਵੱਲੋਂ ਫਰੈਂਕਲਿਨ ਇੰਡੀਅਨ ਕਲਚਰਲ ਕਲੱਬ ਨੂੰ ਇਸ ਸ਼ਾਨਦਾਰ ਸਮਾਗਮ ਲਈ ਮੁਬਾਰਕਾਂ ਦਿੱਤੀਆਂ ਗਈਆਂ। ਪ੍ਰਭਜੋਤ ਕੌਰ ਅਤੇ ਜਗਤਾਰ ਕੌਰ ਵੱਲੋਂ ਪੰਜਾਬੀ ਭਾਸ਼ਾ ਦੇ ਭਾਸ਼ਣ ਮੁਕਾਬਲਿਆਂ ਵਿੱਚ ਬਹੁਤ ਹੀ ਨਿਰਪੱਖਤਾ, ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਜੱਜਮੈਂਟ (ਫ਼ੈਸਲਾ) ਕਰਨ ਦੀ ਸੇਵਾ ਬਾਖ਼ੂਬੀ ਨਿਭਾਈ ਗਈ ਹੈ।
Share this content:



Post Comment