14 ਨਵੰਬਰ ਨੂੰ ‘ਕੌਮੀ ਬਾਲ ਦਿਵਸ’ ‘ਤੇ ਵਿਸ਼ੇਸ਼ ; ਅਜੇ ਵੀ ਆਪਣੇ ਹੱਕਾਂ ਤੋਂ ਵਾਂਝੇ ਹਨ ਭਾਰਤ ਦੇ ਕਰੋੜਾਂ ਬਾਲ/ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ
ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਅਤੇ ਬੱਚਿਆਂ ਦੇ ‘ਚਾਚਾ ਨਹਿਰੂ’ ਅਖ਼ਵਾਉਣ ਵਾਲੇ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ,1889 ਨੂੰ ਹੋਇਆ ਸੀ | ਬੱਚਿਆਂ ਪ੍ਰਤੀ ਉਨ੍ਹਾ ਦੇ ਅਥਾਹ ਮੋਹ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸੰਨ 1964 ਵਿਚ ਹੋਏ ਉਨ੍ਹਾ ਦੇ ਦੇਹਾਂਤ ਉਪਰੰਤ ਉਨ੍ਹਾ ਦਾ ਜਨਮ ਦਿਵਸ ਭਾਰਤ ਵਿਚ ‘ਕੌਮੀ ਬਾਲ ਦਿਵਸ’ ਵਜੋਂ ਹਰ ਸਾਲ 14 ਨਵੰਬਰ ਦੇ ਦਿਨ ਮਨਾਇਆ ਜਾਂਦਾ ਹੈ | ਸ੍ਰੀ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ, ”ਬੱਚੇ ਤਾਂ ਕਿਸੇ ਰਾਸ਼ਟਰ ਦੀ ਤਾਕਤ ਤੇ ਸਮਾਜ ਦੀ ਨੀਂਹ ਹਨ | ” ਭਾਵ ਬੱਚਿਆਂ ਨੂੰ ਜੇਕਰ ਚੰਗਾ ਬਚਪਨ,ਚੰਗੀ ਸਿੱਖਿਆ ਤੇ ਚੰਗੇ ਸੰਸਕਾਰ ਦੇ ਦਿੱਤੇ ਜਾਣ ਤਾਂ ਕਿਸੇ ਵੀ ਕੌਮ ਜਾਂ ਰਾਸ਼ਟਰ ਦੀ ਨਾ ਕੇਵਲ ਨੀਂਹ ਮਜ਼ਬੂਤ ਹੋਵੇਗੀ ਸਗੋਂ ਉਸ ਮੁਲਕ ਦਾ ਭਵਿੱਖ ਵੀ ੳੱੁਜਲ ਹੋਵੇਗਾ |
ਮਹਾਨ ਭਾਰਤੀ ਵਿਦਵਾਨ ਚਾਣਕਯ ਨੇ ਕਿਹਾ ਸੀ –”ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਵਿੱਦਿਆ ਨਹੀਂ ਦਿਵਾਉਂਦੇ ਹਨ, ਉਹ ਬੱਚਿਆਂ ਦੇ ਦੁਸ਼ਮਣ ਦੇ ਸਮਾਨ ਹਨ |” ਸੋ ਬੱਚਿਆਂ ਦਾ ਸਿੱਖਿਅਤ ਹੋਣਾ ਬੇਹੱਦ ਜ਼ਰੂਰੀ ਹੈ | ਭਾਰਤ ਵਿਚ ‘ਸਿੱਖਿਆ ਦਾ ਅਧਿਕਾਰ’ ਕਾਇਮ ਕਰਕੇ 6 ਤੋਂ 14 ਸਾਲ ਦੇ ਬੱਚਿਆਂ ਲਈ ਮੁਫ਼ਤ ਤੇ ਲਾਜ਼ਮੀ ਸਿੱਖਿਆ ਨੂੰ ਯਕੀਨੀ ਬਣਾਉਣ ਦਾ ਯਤਨ ਕੀਤਾ ਗਿਆ ਹੈ ਪਰ ਕੌੜਾ ਸੱਚ ਇਹ ਵੀ ਹੈ ਕਿ ਸਾਲ 2026 ਵਿਚ ਪ੍ਰਾਇਮਰੀ ਪੱਧਰ ‘ਤੇ 1.8 ਫ਼ੀਸਦੀ, ਮਿਡਲ ਪੱਧਬਰ ‘ਤੇ 3.6 ਫ਼ੀਸਦੀ ਅਤੇ ਦਸਵੀਂ ਦੇ ਪੱਧਰ ‘ਤੇ 9.5 ਫ਼ੀਸਦੀ ਬੱਚੇ ਆਪਣੀ ਪੜ੍ਹਾਈ ਵਿਚਾਲੇ ਛੱਡ ਗਏ ਸਨ ਤੇ ਇਨ੍ਹਾ ਵਿਦਿਆਰਥੀਆਂ ਵਿੱਚੋਂ ਅਧਿਕਤਰ ਵਿਦਿਆਰਥੀ ਬਿਹਾਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਰਾਜਾਂ ਨਾਲ ਸਬੰਧਿਤ ਸਨ | ਇਨ੍ਹਾ ਸਿੱਖਿਆ ਵਿਹੂਣੇ ਬੱਚਿਆਂ ਦੀ ਬਾਂਹ ਫੜ੍ਹਨ ਦੀ ਲੋੜ ਹੈ ਕਿਉਂਕਿ ਵਿਦਵਾਨ ਵਿਕਟਰ ਹਿਊਗੋ ਨੇ ਸਹੀ ਕਿਹਾ ਸੀ –”ਜੋ ਸਕੂਲ ਦੇ ਦਰਵਾਜ਼ੇ ਖੋਲ੍ਹ ਦਿੰਦਾ ਹੈ,ਉਹ ਜੇਲ ਦੇ ਦਰਵਾਜ਼ੇ ਬੰਦ ਕਰ ਦਿੰਦਾ ਹੈ | ”
ਭਾਰਤ ਵਿਚ ਬੱਚਿਆਂ ਨੂੰ ਮਿਲਣ ਵਾਲੀ ਪੌਸ਼ਟਿਕ ਖ਼ੁਰਾਕ ਦੀ ਹਾਲਤ ਇਹ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਵਿੱਚ ਮੌਤ ਦੇ ਮੂੰਹ ‘ਚ ਜਾ ਪੈਣ ਵਾਲੇ ਹਰੇਕ ਤਿੰਨ ਬੱਚਿਆਂ ਵਿੱਚੋਂ ਦੋ ਦੀ ਮੌਤ ਭਰਪੇਟ ਭੋਜਨ ਜਾਂ ਪੌਸ਼ਟਿਕ ਭੋਜਨ ਨਾ ਮਿਲਣ ਕਰਕੇ ਹੁੰਦੀ ਹੈ | ਭਾਰਤ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ 58 ਲੱਖ ਦੇ ਕਰੀਬ ਬੱਚੇ ਜ਼ਬਰਦਸਤ ਕੁਪੋਸ਼ਣ ਦੇ ਸ਼ਿਕਾਰ ਹਨ ਤੇ ਇਹ ਸੰਖਿਆ ਦੂਜੇ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਵੱਧ ਹੈ | ਸਾਲ 2026 ਦੇ ਅੰਕੜਿਆਂ ਅਨੁਸਾਰ ਪੰਜ ਸਾਲ ਤੋਂ ਘੱਟ ਉਮਰ ਦੇ ਕੁੱਲ ਬੱਚਆਂ ਵਿੱਚੋਂ 29.3 ਫ਼ੀਸਦੀ ਬੱਚੇ ਕੱਦ ਪੱਖੋਂ ਅਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੱਕ 67 ਫ਼ੀਸਦੀ ਬੱਚੇ ਖ਼ੂਨ ਦੀ ਕਮੀ ਦੇ ਸ਼ਿਕਾਰ ਹਨ | ਭਾਰਤ ਦੀ ਤ੍ਰਾਸਦੀ ਇਹ ਵੀ ਹੈ ਕਿ ਇਥੇ ਹਰੇਕ 20 ਸਕਿੰਟ ਵਿਚ ਇਕ ਬੱਚੀ ਨੂੰ ਨਾਬਾਲਿਗ ਉਮਰ ਵਿਚ ਵਿਆਹ ਦਿੱਤਾ ਜਾਂਦਾ ਹੈ | ਹਰੇਕ ਸਾਲ 2 ਲੱਖ 40 ਹਜ਼ਾਰ ਬੱਚੀਆਂ ਤਾਂ ਪੰਜ ਸਾਲ ਦੀ ਉਮਰ ਹਾਸਿਲ ਕਰਨ ਤੋਂ ਪਹਿਲਾਂ ਹੀ ਵਿਤਕਰੇ ਅਤੇ ਨਜ਼ਰੰਦਾਜ਼ੀ ਦੀਆਂ ਸ਼ਿਕਾਰ ਹੋ ਕੇ ਮੌਤ ਦੇ ਮੂੰਹ ‘ਚ ਜਾ ਪੈਂਦੀਆਂ ਹਨ | ਭਾਰਤ ਵਿਚ ਬਾਲ ਅਪਰਾਧ ਸਬੰਧੀ ਸਾਲ 2023 ਵਿੱਚ ਅੰਕੜਾ 1,77,335 ਤੱਕ ਜਾ ਪੁੱਜਾ ਸੀ ਜੋ ਕਿ ਸਾਲ 2022 ਦੇ 1,62,449 ਨਾਲੋਂ 9 ਫ਼ੀਸਦੀ ਜ਼ਿਆਦਾ ਸੀ | ਅੰਕੜੇ ਦੱਸਦੇ ਹਨ ਬਾਲ ਵਿਆਹ ਅਤੇ ਬਾਲ ਮਜ਼ਦੂਰੀ ਦੇ ਮਾਮਲਿਆਂ ਵਿਚ ਸਖ਼ਤੀ ਵਧਣ ਕਰਕੇ ਕੁਝ ਗਿਰਾਵਟ ਜ਼ਰੂਰ ਆਈ ਹੈ ਪਰ ਇਹ ਕੁਪ੍ਰਥਾਵਾਂ 21 ਵੀਂ ਸਦੀ ਵਿਚ ਵੀ ਅਜੇ ਤੱਕ ਖ਼ਤਮ ਨਹੀਂ ਹੋ ਸਕੀਆਂ ਹਨ | ਕੌਮਾਂਤਰੀ ਮਜ਼ਦੂਰ ਸੰਗਠਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਭਾਰਤ ਵਿਚ ਅੱਜ ਵੀ 5 ਤੋਂ 14 ਸਾਲ ਦੀ ਉਮਰ ਦੇ ਇਕ ਕਰੋੜ ਤੋਂ ਵੱਧ ਬੱਚੇ ਬਾਲ ਮਜਦੂਰੀ ਕਰਦੇ ਹਨ ਜੋ ਇਹ ਸਾਬਿਤ ਕਰਦਾ ਹੈ ਕਿ ਅਜੇ ਵੀ ਇੰਨੀ ਵੱਡੀ ਸੰਖਿਆ ਵਿਚ ਬੱਚਿਆਂ ਤੋਂ ਉਨ੍ਹਾ ਦਾ ਬਚਪਨ ਖੋਹਿਆ ਜਾ ਰਿਹਾ ਹੈ ਤੇ ਉਨ੍ਹਾ ਦੇ ਹੱਥਾਂ ‘ਚ ਕਿਤਾਬਾਂ ਜਾਂ ਖਿਡੌਣਿਆਂ ਦੀ ਥਾਂ ਔਜ਼ਾਰ ਦਿੱਤੇ ਜਾ ਰਹੇ ਹਨ |
ਭਾਰਤ ਵਿਚ ਬੱਚਿਆਂ ਦਾ ਗੁੰਮ ਹੋਣਾ ਇਕ ਵੱਡੀ ਤ੍ਰਾਸਦੀ ਤੇ ਕੌਮੀ ਸਮੱਸਿਆ ਬਣ ਕੇ ਸਾਹਮਣੇ ਆ ਰਿਹਾ ਹੈ | ਭਾਰਤੀ ਅਪਰਾਧ ਬਿਊਰੋ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਸਾਲ 2023 ਵਿਚ ਅਗਵਾ ਕੀਤੇ ਜਾਣ ਵਾਲੇ ਬੱਚਆਂ ਦੀ ਗਿਣਤੀ 79, 884 ਸੀ ਅਤੇ ਬੱਚਿਆਂ ਨਾਲ ਹੋਣ ਵਾਲੇ ਯੌਨ ਸ਼ੋਸ਼ਣ ਦੇ ਮਾਮਲਿਆਂ ਦੀ ਸੰਖਿਆ 67, 694 ਸੀ | ਸਾਲ 2020 ਤੋਂ ਪਹਿਲਾਂ ਗੁਆਚੇ ਤੇ ਕਦੇ ਨਾ ਲੱਭੇ ਜਾ ਸਕੇ ਬੱਚਿਆਂ ਦੀ ਸੰਖਿਆ 48,972 ਸੀ ਤੇ ਸਾਲ 2022 ਵਿਚ 83, 350 ਬੱਚਿਆਂ ਦੇ ਗੁਮਸ਼ੁਦਾ ਹੋ ਜਾਣ ਦੇ ਮਾਮਲੇ ਸਾਹਮਣੇ ਆਏ ਸਨ | ਇਨ੍ਹਾ ਗੁੰਮ ਹੋਏ ਬੱਚਿਆਂ ਦੀ ਹੋਣੀ ਦਾ ਕਿਸੇ ਨੂੰ ਪਤਾ ਨਹੀਂ ਹੈ | ਦਰਅਸਲ ਜ਼ਿਆਦਾਤਰ ਬੱਚਿਆਂ ਨੂੰ ਮਨੱੁਖੀ ਤਸਕਰੀ ਕਰਨ ਵਾਲੇ ਗਿਰੋਹ,ਪੋਰਨੋਗ੍ਰਾਫ਼ੀ ਭਾਵ ਅਸ਼ਲੀਲ ਫ਼ਿਲਮਾਂ ਬਣਾਉਣ ਵਾਲੇ ਗਿਰੋਹ ਅਤੇ ਭੀਖ ਮੰਗਵਾਉਣ ਵਾਲੇ ਗਿਰੋਹਾਂ ਵੱਲੋਂ ਅਗਵਾ ਕਰ ਲਿਆ ਜਾਂਦਾ ਹੈ ਤੇ ਉਹ ਬੱਚੇ ਨਾ ਤਾਂ ਫਿਰ ਕਦੇ ਘਰ ਵਾਪਸ ਮੁੜ੍ਹਦੇ ਹਨ ਤੇ ਨਾ ਹੀ ਕਦੇ ਜ਼ਿੰਦਗੀ ਭਰ ਸੱੁਖ ਦਾ ਸਾਹ ਲੈ ਪਾਉਂਦੇ ਹਨ |
ਇਸ ਵਕਤ ਬੜੀ ਭਾਰੀ ਲੋੜ ਹੈ ਕਿ ਬੱਚਿਆਂ ਨੂੰ ੂ ਦਰਪੇਸ਼ ਉਕਤ ਸਮੂਹ ਸਮੱਸਿਆਵਾਂ ਦੇ ਹੱਲ ਲਈ ਸਰਕਾਰੀ ਪੱਧਰ ‘ਤੇ ਅਤੇ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਗਠਨਾਂ, ਸਿਆਸੀ ਸੰਗਠਨਾਂ,ਮਹਿਲਾਵਾਂ ਅਤੇ ਬੱਚਿਆਂ ਨਾਲ ਸਬੰਧਿਤ ਵਿਸ਼ੇਸ਼ ਸੰਗਠਨਾਂ ਵੱਲੋਂ ਜੀਅ ਤੋੜ ਯਤਨ ਕੀਤੇ ਜਾਣ | ਬੱਚਿਆਂ ਨੂੰ ਗੁਆਚਣ ਤੋਂ ਬਚਾਉਣ ਲਈ ਪਿੰਡ ਤੋਂ ਲੈ ਕੇ ਕੌਮੀ ਪੱਧਰ ਤੱਕ ‘ਚਾਈਲਡ ਪ੍ਰੋਟੈਕਸ਼ਨ ਕਮੇਟੀਆਂ’ ਦਾ ਗਠਨ ਕੀਤਾ ਜਾਵੇ ਤੇ ਗੁਆਚੇ ਹੋਏ ਬੱਚਿਆਂ ਨੂੰ ਲੱਭਣ ਹਿੱਤ ਸੋਸ਼ਲ ਮੀਡੀਆ ਦੀ ਮਦਦ ਨਾਲ ਸਪੈਸ਼ਲ ਸੈੱਲ ਕਾਇਮ ਕੀਤੇ ਜਾਣ | ਬੱਚਿਆਂ ਨੂੰ ਸਕੂਲ ਪੱਧਰ ‘ਤੇ ਅਧਿਆਪਕਾਂ ‘ਤੇ ਹੋ ਬੁਲਾਰਿਆਂ ਵੱਲੋਂ ਅਤੇ ਪਾਠਕ੍ਰਮ ਰਾਹੀਂ ਸਵੈ-ਸੁਰੱਖਿਆ ਲਈ ਜਾਗਰੂਕ ਕੀਤਾ ਜਾਵੇ | ਬੱਚਿਆਂ ਖ਼ਿਲਾਫ਼ ਹੋਣ ਵਾਲੇ ਅਪਰਾਧਾਂ ਨੂੰ ਰੋਕਣ ਲਈ ਮਾਪਿਆਂ,ਰਿਸ਼ਤੇਦਾਰਾਂ,ਗੁਆਂਢੀਆਂ,ਮੁਹੱਲੇਦਾਰਾਂ,ਰਿਸ਼ਤੇਦਾਰਾਂ ਅਤੇ ਪੁਲੀਸ ਵੱਲੋਂ ਤੇ ਖ਼ੁਦ ਬੱਚਿਆਂ ਵੱਲੋਂ ਮੁਸਤੈਦੀ ਵਰਤੀ ਜਾਵੇ ਤੇ ਬੱਚਿਆਂ ਨਾਲ ਅਪਰਾਧਮਈ ਕਾਰੇ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ | ਹੋਟਲਾਂ,ਢਾਬਿਆਂ,ਕਾਰਖ਼ਾਨਿਆਂ ਆਦਿ ਵਿਚ ਕੰਮ ਕਰਦੇ ਬੱਚਿਆਂ ਨੂੰ ਰੋਕਣਾ ਹਰੇਕ ਨਾਗਰਿਕ ਆਪਣਾ ਕਰਤੱਵ ਸਮਝੇ ਤੇ ਅਜਿਹੇ ਬੱਚਿਆਂ ਦੀ ਪੜ੍ਹਾਈ-ਲਿਖਾਈ ਤੇ ਮੁੜ ਵਸੇਬੇ ਲਈ ਵਿਸ਼ੇਸ਼ ਯੋਜਨਾ ਸਰਕਾਰ ਵੱਲੋਂ ਚਲਾਈ ਜਾਵੇ ਤੇ ਵਿਸ਼ੇਸ਼ ਫ਼ੰਡ ਜਾਰੀ ਕੀਤੇ ਜਾਣ | ਬੇਘਰੇ ਬੱਚਿਆਂ ਲਈ ਵਿਸ਼ੇਸ਼ ਘਰ ਜਾਂ ਕਲੋਨੀਆਂ ਦਾ ਨਿਰਮਾਣ ਕੀਤਾ ਜਾਵੇ ਤੇ ਪੜ੍ਹਾਈ ਲਈ ਇਨ੍ਹਾ ਵਾਸਤੇ ਹੋਸਟਲ ਉਪਲਬਧ ਕਰਵਾਏ ਜਾਣ | ਬੱਚਿਆਂ ਅੰਦਰ ਕੁਪੋਸ਼ਣ ਰੋਕਣ ਲਈ ਸਰਕਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਾਂਝੇ ੳੱੁਦਮ ਨਾਲ ‘ਪੌਸ਼ਟਿਕ ਭੋਜਨ ਬੈਂਕ’ ਅਤੇ ‘ਵਿਸ਼ੇਸ਼ ਸਿਹਤ ਨਿਰੀਖਣ ਟੀਮਾਂ’ ਦਾ ਗਠਨ ਕੀਤਾ ਜਾਵੇ ਤੇ ਬੱਚਿਆਂ ਦੀਆਂ ਲੋੜਾਂ ਅਨੁਸਾਰ ਉਨ੍ਹਾ ਨੂੰ ਭੋਜਨ ਅਤੇ ਮੈਡੀਕਲ ਸੁਵਿਧਾਵਾਂ ਪ੍ਰਦਾਨ ਕਰਕੇ ਕੁਪੋਸ਼ਣ ਦੀ ਦਰ ਸਿਫ਼ਰ ‘ਤੇ ਲਿਆਂਦੀ ਜਾਵੇ | ਮਾਦਾ ਭਰੂਣ ਹੱਤਿਆ ਅਤੇ ਬੱਚਿਆਂ ਤੋਂ ਭੀਖ ਮੰਗਵਾਉਣ ਦੀ ਕੁਰੀਤੀ ਬੰਦ ਕਰਨ ਪ੍ਰਤੀ ਵਿਸ਼ੇਸ਼ ਜਾਗਰੂਕਤਾ ਅਤੇ ਵਿੱਤੀ ਮਦਦ ਮੁਹਿੰਮਾਂ ਅਰੰਭੀਆਂ ਜਾਣੀਆਂ ਚਾਹੀਦੀਆਂ ਹਨ | ਇਹ ਅਹਿਦ ਕੀਤਾ ਜਾਣਾ ਚਾਹੀਦਾ ਹੈ ਕਿ ਬੱਚਿਆਂ ਸਬੰਧੀ ਜੁਰਮਾਂ, ਕੁਪ੍ਰਥਾਵਾਂ ਅਤੇ ਬੇਧਿਆਨੀ ਦਾ ਖ਼ਾਤਮਾ ਕੀਤਾ ਜਾਵੇ ਤੇ ਬੱਚਿਆਂ ਨੂੰ ਉਨ੍ਹਾ ਦਾ ਉਹ ਬੇਹਤਰੀਹਨ ਬਚਪਨ ਦਿੱਤਾ ਜਾਵੇ ਜਿਸਦੇ ਕਿ ਉਹ ਸਚਮੱੁਚ ਹੱਕਦਾਰ ਹਨ |
ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ,
410, ਚੰਦਰ ਨਗਰ ,ਬਟਾਲਾ
ਮੋ : 97816- 46008
Share this content:



Post Comment