Loading Now

ਝੋਨੇ ਦੀ ਖ਼ਰੀਦ ਬੰਦ ਹੋਣ ਖ਼ਿਲਾਫ਼ ਕਿਸਾਨਾਂ ਵੱਲੋਂ ਨਾਅਰੇਬਾਜ਼ੀ

ਝੋਨੇ ਦੀ ਖ਼ਰੀਦ ਬੰਦ ਹੋਣ ਖ਼ਿਲਾਫ਼ ਕਿਸਾਨਾਂ ਵੱਲੋਂ ਨਾਅਰੇਬਾਜ਼ੀ

ਬਨੂੜ, 5 ਨਵੰਬਰ – ਬਨੂੜ ਅਤੇ ਖੇੜਾ ਗੱਜੂ ਦੀਆਂ ਅਨਾਜ ਮੰਡੀਆਂ ਵਿੱਚ ਸਰਕਾਰੀ ਤੌਰ ’ਤੇ ਝੋਨੇ ਦੀ ਖ਼ਰੀਦ ਬੰਦ ਹੋ ਜਾਣ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵੇਲੇ ਬਨੂੜ ਦੀ ਅਨਾਜ ਮੰਡੀ ਵਿੱਚ ਕਰੀਬ 5000 ਕੁਇੰਟਲ ਅਤੇ ਖੇੜਾ ਗੱਜੂ ਮੰਡੀ ਵਿੱਚ 2000 ਕੁਇੰਟਲ ਤੋਂ ਵੱਧ ਝੋਨੇ ਦੀ ਫ਼ਸਲ ਅਣਵਿਕੀ ਪਈ ਹੈ। ਭਾਵੇਂ ਡਿਪਟੀ ਕਮਿਸ਼ਨਰ ਮੁਹਾਲੀ ਵੱਲੋਂ ਲੰਘੇ ਮੰਗਲਵਾਰ ਨੂੰ 350 ਕੁਇੰਟਲ ਝੋਨੇ ਦੀ ਖ਼ਰੀਦ ਕਰਨ ਵਾਸਤੇ ਪ੍ਰਵਾਨਗੀ ਦਿੱਤੀ ਗਈ ਸੀ, ਪਰ ਇਸ ਦੇ ਬਾਵਜੂਦ ਦੋਵੇਂ ਮੰਡੀਆਂ ਵਿੱਚ ਵੱਡੀ ਮਾਤਰਾ ਵਿੱਚ ਪਿਆ ਉਕਤ ਝੋਨਾ ਅਜੇ ਵੀ ਸਰਕਾਰੀ ਖ਼ਰੀਦ ਦੀ ਉਡੀਕ ਕਰ ਰਿਹਾ ਹੈ। ਮੰਡੀਆਂ ਵਿੱਚ ਪਈ ਫ਼ਸਲ ਦੀ ਖ਼ਰੀਦ ਤੁਰੰਤ ਸ਼ੁਰੂ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਇਲਾਕੇ ਦੇ ਕਿਸਾਨਾਂ ਨੇ ਐੱਸ ਡੀ ਐੱਮ ਬਨੂੜ ਨੂੰ ਮੰਗ ਪੱਤਰ ਸੌਂਪਿਆ। ਇਸ ਤੋਂ ਪਹਿਲਾਂ ਰੋਹ ਵਿੱਚ ਆਏ ਕਿਸਾਨਾਂ ਨੇ ਮੰਡੀ ਵਿੱਚ ਅਣਵਿਕੇ ਝੋਨੇ ਦੀਆਂ ਢੇਰੀਆਂ ਕੋਲ ਖੜ੍ਹ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਦੇ ਕਿਸਾਨਾਂ ਦੇ ਝੋਨੇ ਦਾ ਦਾਣਾ-ਦਾਣਾ ਖ਼ਰੀਦਣ ਦਾ ਦਾਅਵਾ ਕਰਨ ਵਾਲੀ ਸਰਕਾਰ ਹੁਣ ਝੋਨਾ ਖ਼ਰੀਦਣ ਤੋਂ ਭੱਜ ਗਈ ਹੈ ਅਤੇ ਮੰਡੀਆਂ ਬੰਦ ਕਰ ਰਹੀ ਹੈ। ਇਸ ਮੌਕੇ ਕਿਸਾਨ ਆਗੂਆਂ ਕਿਰਪਾਲ ਸਿੰਘ ਸਿਆਊ, ਜਗਜੀਤ ਸਿੰਘ ਕਰਾਲਾ, ਗੁਰਵਿੰਦਰ ਸਿੰਘ ਰਾਮਪੁਰ, ਲਖਵਿੰਦਰ ਸਿੰਘ ਸਰਪੰਚ ਕਰਾਲਾ, ਗੁਰਵਿੰਦਰ ਸਿੰਘ ਸਿਆਊ, ਹਰਜੀਤ ਸਿੰਘ ਗਿੱਲ, ਮੰਗਲ ਸਿੰਘ ਸਾਬਕਾ ਸਰਪੰਚ ਸਿਆਊ, ਗੁਰਮੀਤ ਸਿੰਘ ਬਸੀ ਈਸੇ ਖਾਂ, ਛਿੰਦਾ ਬਨੂੜ ਅਤੇ ਗੁਰਬਚਨ ਸਿੰਘ ਪ੍ਰੇਮਗੜ੍ਹ ਨੇ ਦੱਸਿਆ ਕਿ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਝੋਨੇ ਦੀ ਕਿਸਮ ‘ਪੰਜਾਬ ਨੰਬਰ ਵਨ’ ਪਛੇਤੀ ਪੱਕਦੀ ਹੈ, ਜਿਸ ਕਾਰਨ ਇਹ ਫ਼ਸਲ ਮੰਡੀਆਂ ਵਿੱਚ ਪੱਛੜ ਕੇ ਆਉਂਦੀ ਹੈ।

Share this content:

Post Comment