ਗੈਰ-ਐਮਰਜੈਂਸੀ ਲਈ ਦੇਣੇ ਪੈਣਗੇ 2,500 ਰੁਪਏ; ਐਮਰਜੈਂਸੀ ਸੇਵਾਵਾਂ ਰਹਿਣਗੀਆਂ ਮੁਫ਼ਤ
ਨਵੀਂ ਦਿੱਲੀ, 5 ਨਵੰਬਰ – ਬਲਿੰਕਇਟ ਐਂਬੂਲੈਂਸ ਨੇ ਗੈਰ-ਐਮਰਜੈਂਸੀ ਤਬਾਦਲਿਆਂ ਲਈ 2,500 ਰੁਪਏ ਫੀਸ ਲਾਗੂ ਕੀਤੀ ਹੈ। ਇਸ ਦਾ ਮਕਸਦ ਰੋਜ਼ਾਨਾ ਦੇ ਹਸਪਤਾਲ ਦੌਰਿਆਂ ਲਈ ਮੁਫ਼ਤ ਐਮਰਜੈਂਸੀ ਐਂਬੂਲੈਂਸ ਸੇਵਾਵਾਂ ਦੀ ਵਰਤੋਂ ਨੂੰ ਰੋਕਣਾ ਹੈ, ਤਾਂ ਜੋ ਪੂਰੀ ਤਰ੍ਹਾਂ ਲੈਸ ਐਂਬੂਲੈਂਸਾਂ ਗੰਭੀਰ ਮਰੀਜ਼ਾਂ ਲਈ ਉਪਲੱਬਧ ਰਹਿ ਸਕਣ। ਇਟਰਨਲ ਦੇ ਸੰਸਥਾਪਕ ਦੀਪਇੰਦਰ ਗੋਇਲ ਨੇ ਦੱਸਿਆ ਕਿ ਐਮਰਜੈਂਸੀ ਤਬਾਦਲੇ ਪਹਿਲਾਂ ਵਾਂਗ ਮੁਫ਼ਤ ਰਹਿਣਗੇ, ਜਦਕਿ ਗੈਰ-ਐਮਰਜੈਂਸੀ ਤਬਾਦਲਿਆਂ ਲਈ ਇਹ ਫੀਸ ਸਫ਼ਰ ਤੋਂ ਬਾਅਦ ਲਈ ਜਾਵੇਗੀ। ਇਹ ਰਕਮ ਮੋਟੇ ਤੌਰ ’ਤੇ ਨਿੱਜੀ ਐਂਬੂਲੈਂਸ ਆਪਰੇਟਰਾਂ ਵੱਲੋਂ ਵਸੂਲੇ ਜਾਂਦੇ ਚਾਰਜ ਦੇ ਬਰਾਬਰ ਹੋਵੇਗੀ। ਇੱਕ ਪੋਸਟ ਵਿੱਚ ਗੋਇਲ ਨੇ ਦੱਸਿਆ ਕਿ ਇਸ ਸੇਵਾ ਨੇ ਪਿਛਲੇ ਦੋ ਸਾਲਾਂ ਵਿੱਚ ਲਗਪਗ 42,000 ਮਾਮਲਿਆਂ ਨਾਲ ਨਜਿੱਠਿਆ ਹੈ, ਜਿਨ੍ਹਾਂ ਵਿੱਚੋਂ ਲਗਪਗ 20,000 ਐਮਰਜੈਂਸੀ ਮਾਮਲੇ ਸਨ, ਜਿਨ੍ਹਾਂ ਲਈ ਵਰਤੋਂਕਾਰਾਂ ਤੋਂ ਕੋਈ ਪੈਸਾ ਨਹੀਂ ਲਿਆ ਗਿਆ। ਬਦਲਾਅ ਦੇ ਪਿੱਛੇ ਕਾਰਨ ਦੱਸਦਿਆਂ ਗੋਇਲ ਨੇ ਕਿਹਾ ਕਿ ਰੁਟੀਨ ਚੈੱਕਅੱਪ, ਹਸਪਤਾਲ ਦੇ ਦੌਰਿਆਂ ਅਤੇ ਹਸਪਤਾਲ ਤੋਂ ਘਰ ਵਾਪਸੀ ਲਈ ਬੁਕਿੰਗਾਂ ਦਾ ਹਿੱਸਾ ਲਗਾਤਾਰ ਵਧ ਰਿਹਾ ਸੀ, ਜਿਨ੍ਹਾਂ ਨੂੰ ਊਬਰ ਜਾਂ ਹੋਰ ਨਿੱਜੀ ਵਾਹਨਾਂ ਰਾਹੀਂ ਵੀ ਆਸਾਨੀ ਨਾਲ ਕੀਤਾ ਜਾ ਸਕਦਾ ਸੀ।
ਗੋਇਲ ਨੇ ਕਿਹਾ, “ਸਭ ਕੁਝ ਮੁਫ਼ਤ ਹੋਣ ਕਾਰਨ ਅਜਿਹੀਆਂ ਬੁਕਿੰਗਾਂ ਵੱਧ ਰਹੀਆਂ ਸਨ ਜੋ ਆਮ ਟਰਾਂਸਪੋਰਟਰਾਂ ਰਾਹੀਂ ਵੀ ਹੋ ਸਕਦੀਆਂ ਸਨ।” ਉਨ੍ਹਾਂ ਅੱਗੇ ਕਿਹਾ ਕਿ ਅਜਿਹੀ ਹਰ ਇੱਕ ਬੁਕਿੰਗ ਕਾਰਨ ਪੈਰਾਮੈਡਿਕਸ ਨਾਲ ਲੈਸ ਐਮਰਜੈਂਸੀ ਐਂਬੂਲੈਂਸ ਸੜਕ ਤੋਂ ਦੂਰ ਹੋ ਜਾਂਦੀ ਹੈ, ਜਦੋਂ ਕਿ ਉਸ ਸਮੇਂ ਕਿਸੇ ਹੋਰ ਵਿਅਕਤੀ ਨੂੰ ਮੈਡੀਕਲ ਐਮਰਜੈਂਸੀ ਦੌਰਾਨ ਇਸ ਦੀ ਸਖ਼ਤ ਲੋੜ ਹੋ ਸਕਦੀ ਹੈ। ਉਨ੍ਹਾਂ ਸਪੱਸ਼ਟ ਕੀਤਾ, “ਐਮਰਜੈਂਸੀ ਤਬਾਦਲੇ ਹਮੇਸ਼ਾ ਵਾਂਗ ਮੁਫ਼ਤ ਰਹਿਣਗੇ, ਜਦਕਿ ਗੈਰ-ਐਮਰਜੈਂਸੀ ਤਬਾਦਲਿਆਂ ਲਈ 2,500 ਰੁਪਏ ਦਾ ਚਾਰਜ ਯਾਤਰਾ ਤੋਂ ਬਾਅਦ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਗੈਰ-ਐਮਰਜੈਂਸੀ ਤਬਾਦਲਿਆਂ ਤੋਂ ਇਕੱਠੀ ਕੀਤੀ ਗਈ ਰਕਮ ‘ਇਟਰਨਲ ਫਾਊਂਡੇਸ਼ਨ’ ਨੂੰ ਜਾਵੇਗੀ, ਜੋ ਇਸ ਐਂਬੂਲੈਂਸ ਸੇਵਾ ਨੂੰ ਚਲਾਉਂਦੀ ਹੈ ਅਤੇ ਇਹ ਫੰਡ ਇਸ ਦੇ ਕੰਮਕਾਜ ਦੇ ਵਿਸਥਾਰ ਵਿੱਚ ਮਦਦ ਕਰੇਗਾ। ਗੋਇਲ ਨੇ ਉਮੀਦ ਜਤਾਈ ਕਿ ਇਹ ਨਵਾਂ ਚਾਰਜ ਗੈਰ-ਐਮਰਜੈਂਸੀ ਕੰਮਾਂ ਲਈ ਐਮਰਜੈਂਸੀ ਐਂਬੂਲੈਂਸਾਂ ਦੀ ਵਰਤੋਂ ਨੂੰ ਕਾਫ਼ੀ ਹੱਦ ਤੱਕ ਘਟਾਏਗਾ। ਉਨ੍ਹਾਂ ਸਿਖਲਾਈ ਪ੍ਰਾਪਤ ਅਤੇ ਹਮਦਰਦ ਪੈਰਾਮੈਡਿਕਸ ਦੀ ਘਾਟ ਨੂੰ ਉੱਚ ਗੁਣਵੱਤਾ ਵਾਲੀਆਂ ਐਂਬੂਲੈਂਸ ਸੇਵਾਵਾਂ ਦੇ ਵਿਸਥਾਰ ਵਿੱਚ ਸਭ ਤੋਂ ਵੱਡੀ ਚੁਣੌਤੀ ਦੱਸਿਆ। ਗੋਇਲ ਨੇ ਕਿਹਾ, “ਸਾਡੀ ਸਿਖਲਾਈ ਅਕੈਡਮੀ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਤੇਜ਼ੀ ਨਾਲ ਕੰਮ ਕਰ ਰਹੀ ਹੈ।” ਉਨ੍ਹਾਂ ਅੱਗੇ ਦੱਸਿਆ ਕਿ ਟੀਮ ਦਾ ਮਕਸਦ ਅਗਲੇ 2 ਤੋਂ 4 ਸਾਲਾਂ ਵਿੱਚ ਭਾਰਤ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਵਿੱਚ ਬਲਿੰਕਇਟ ਐਂਬੂਲੈਂਸ ਸੇਵਾਵਾਂ ਪਹੁੰਚਾਉਣਾ ਹੈ।
Share this content:



Post Comment