ਬੰਗਾਲ ਦੀ ਖਾੜੀ ’ਚ ਨਵੇਂ ਚੱਕਰਵਾਤ ‘ਮੁਰਾਸੂ’ ਦਾ ਖ਼ਤਰਾ, ਆਂਧਰ ਪ੍ਰਦੇਸ਼ ਤੇ ਤਾਮਿਲਨਾਡੂ ’ਚ ਭਾਰੀ ਮੀਂਹ ਦੀ ਚਿਤਾਵਨੀ
ਨਵੀਂ ਦਿੱਲੀ – 2 ਨਵੰਬਰ ਚੱਕਰਵਾਤ ਅਰਨਬ ਦੇ ਭਾਰਤ ਦੇ ਪੂਰਬੀ ਤੱਟ ’ਤੇ ਤਬਾਹੀ ਮਚਾਉਣ ਦੇ ਕੁਝ ਦਿਨਾਂ ਬਾਅਦ ਬੰਗਾਲ ਦੀ ਖਾੜੀ ’ਚ ‘ਮੁਰਾਸੂ’ ਨਾਂ ਦਾ ਨਵਾਂ ਚੱਕਰਵਾਤ ਬਣ ਗਿਆ ਹੈ। ਮੌਸਮ ਵਿਭਾਗ (ਆਈਐੱਮਡੀ) ਨੇ ਐਤਵਾਰ ਨੂੰ ‘ਐਕਸ’ ’ਤੇ ਪੋਸਟ ਕਰਦਿਆਂ ਦੱਸਿਆ ਕਿ ਮੁਰਾਸੂ ਪਹਿਲਾਂ ਡੂੰਘੇ ਦਬਾਅ ਦੇ ਖੇਤਰ ਵਜੋਂ ਬਣਿਆ ਤੇ ਬਾਅਦ ਵਿਚ ਦੱਖਣ-ਪੱਛਮੀ ਤੇ ਪੱਛਮ-ਮੱਧ ਬੰਗਾਲ ਦੀ ਖਾੜੀ ਉੱਪਰ ਚੱਕਰਵਾਤ ’ਚ ਬਦਲ ਗਿਆ। ਵਿਭਾਗ ਨੇ ਆਂਧਰ ਪ੍ਰਦੇਸ਼ ਤੇ ਇਸ ਨਾਲ ਲੱਗਦੇ ਉੱਤਰੀ ਤਾਮਿਲਨਾਡੂ ਦੇ ਕੰਢੀ ਇਲਾਕਿਆਂ ਲਈ ਚੱਕਰਵਾਤ ਦੀ ਚਿਤਾਵਨੀ ਜਾਰੀ ਕੀਤੀ ਹੈ।
ਆਈਐੱਮਡੀ ਮੁਤਾਬਕ, ਮੁਰਾਸੂ ਦੇ ਦੋ ਨਵੰਬਰ ਦੀ ਸਵੇਰ ਨੂੰ ਪੱਛਮ-ਮੱਧ ਬੰਗਾਲ ਦੀ ਖਾੜੀ ਉੱਪਰ ਤੀਬਰ ਚੱਕਰਵਾਤ ’ਚ ਬਦਲਣ ਤੇ ਪੱਛਮ-ਉੱਤਰ-ਪੱਛਮ ਵੱਲ ਵਧਣ ਦੀ ਕਾਫ਼ੀ ਸੰਭਾਵਨਾ ਹੈ। ਇਸ ਤੋਂ ਬਾਅਦ ਇਹ ਉੱਤਰ-ਪੱਛਮ ਵੱਲ ਵਧਦਿਆਂ 2 ਨਵੰਬਰ ਦੀ ਰਾਤ 11:30 ਵਜੇ ਤੋਂ 3 ਨਵੰਬਰ ਦੀ ਸਵੇਰ 4 ਵਜੇ ਦਰਮਿਆਨ ਨੇਲੋਰ ਤੇ ਨਰਸਾਪੁਰ ਵਿਚਕਾਰ ਦੱਖਣੀ ਆਂਧਰ ਪ੍ਰਦੇਸ਼ ਦੇ ਤੱਟ ਨਾਲ ਟਕਰਾਅ ਸਕਦਾ ਹੈ। ਇਸ ਦੌਰਾਨ ਹਵਾ ਦੀ ਰਫ਼ਤਾਰ 100 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਦਿੱਤਾ ਗਿਆ ‘ਮੁਰਾਸੂ’ ਨਾਂ ਤਾਮਿਲ ਭਾਸ਼ਾ ਤੋਂ ਲਿਆ ਗਿਆ ਹੈ। ਤਾਮਿਲ ਵਿਚ ਇਸ ਦਾ ਅਰਥ ‘ਢੋਲ’ ਹੈ। ਮੁਰਾਸੂ ਇਕ ਪ੍ਰਾਚੀਨ ਵਾਦ-ਯੰਤਰ ਹੈ। ਪੁਰਾਣੇ ਸਮਿਆਂ ਵਿਚ ਇਸ ਰਾਹੀਂ ਲੋਕਾਂ ਤੱਕ ਸੂਚਨਾ ਪਹੁੰਚਾਈ ਜਾਂਦੀ ਸੀ ਤੇ ਕੁਦਰਤੀ ਆਫ਼ਤਾਂ ਬਾਰੇ ਚਿਤਾਵਨੀ ਦਿੱਤੀ ਜਾਂਦੀ ਸੀ। ਇਸੇ ਕਰਕੇ ਇਹ ਨਾਂ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ 29 ਅਕਤੂਬਰ ਨੂੰ ਚੱਕਰਵਾਤ ਅਰਨਬ ਓਡਾਲਾਰੇਵੂ ਨੇੜੇ ਤੱਟ ਨਾਲ ਟਕਰਾਉਣ ਤੋਂ ਬਾਅਦ ਆਂਧਰ ਪ੍ਰਦੇਸ਼ ਦੇ ਤੱਟੀ ਇਲਾਕਿਆਂ ਵਿਚ ਭਾਰੀ ਤਬਾਹੀ ਮਚਾ ਗਿਆ ਸੀ।
Share this content:



Post Comment