Loading Now

GMADA ਵੱਲੋਂ ਵਪਾਰਕ ਖੇਤਰ ਦੇ ਵਿਸਥਾਰ ਲਈ ਮੁਹਾਲੀ ਦੇ ਪਿੰਡਾਂ ਦੀਆਂ ਜ਼ਮੀਨਾਂ ਲਈ ਮੁੱਲ ਦਾ ਐਲਾਨ

GMADA ਵੱਲੋਂ ਵਪਾਰਕ ਖੇਤਰ ਦੇ ਵਿਸਥਾਰ ਲਈ ਮੁਹਾਲੀ ਦੇ ਪਿੰਡਾਂ ਦੀਆਂ ਜ਼ਮੀਨਾਂ ਲਈ ਮੁੱਲ ਦਾ ਐਲਾਨ

ਮੁਹਾਲੀ, 24 ਅਕਤੂਬਰ – ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਮੁਹਾਲੀ ਦੇ ਸੈਕਟਰ 87 ਵਿੱਚ ਵਪਾਰਕ ਖੇਤਰ ਦੇ ਵਿਸਤਾਰ ਲਈ ਜ਼ਮੀਨ ਦੇ ਮੁੱਲ ਦਾ ਐਲਾਨ ਕੀਤੇ ਜਾਣ ਤੋਂ ਬਾਅਦ, ਇਸ ਦੀ ਚਹੁੰ ਪਾਸਿਓਂ ਸਖ਼ਤ ਆਲੋਚਨਾ ਹੋ ਰਹੀ ਹੈ। ਵਿਕਾਸ ਅਥਾਰਟੀ ਨੇ ਜ਼ਮੀਨ ਮਾਲਕਾਂ ਤੋਂ ਜ਼ਮੀਨ ਐਕੁਆਇਰ ਕਰਨ ਲਈ 4.27 ਕਰੋੜ ਰੁਪਏ ਤੋਂ ਲੈ ਕੇ 5.61 ਕਰੋੜ ਰੁਪਏ ਪ੍ਰਤੀ ਏਕੜ ਤੱਕ ਦੀਆਂ ਦਰਾਂ ਤੈਅ ਕੀਤੀਆਂ ਹਨ। ਦਰਾਂ ਸੋਹਾਣਾ ਵਿੱਚ 5.61 ਕਰੋੜ ਰੁਪਏ ਪ੍ਰਤੀ ਏਕੜ, ਨਾਨੂਮਾਜਰਾ ਵਿੱਚ 4.56 ਕਰੋੜ ਰੁਪਏ ਪ੍ਰਤੀ ਏਕੜ, ਮਾਣਕਮਾਜਰਾ ਵਿੱਚ 5.03 ਕਰੋੜ ਰੁਪਏ ਪ੍ਰਤੀ ਏਕੜ ਅਤੇ ਸੰਭਾਲਕੀ ਪਿੰਡ ਵਿੱਚ 4.27 ਕਰੋੜ ਰੁਪਏ ਪ੍ਰਤੀ ਏਕੜ ਤੈਅ ਕੀਤੀਆਂ ਗਈਆਂ ਸਨ।

ਮੁੜ ਵਸੇਬੇ ਅਤੇ ਮੁੜ ਸਥਾਪਨ ਲਈ ਮੁੱਲ ਦਾ ਐਲਾਨ ਵੱਖਰੇ ਤੌਰ ‘ਤੇ ਕੀਤਾ ਜਾਵੇਗਾ। ਜ਼ਮੀਨ ਮਾਲਕਾਂ ਕੋਲ ਜਾਂ ਤਾਂ ਤੈਅਸ਼ੁਦਾ ਮਾਰਕੀਟ ਦਰ ‘ਤੇ ਨਕਦ ਮੁਆਵਜ਼ਾ ਪ੍ਰਵਾਨ ਕਰਨ ਜਾਂ ਲੈਂਡ ਪੂਲਿੰਗ ਨੀਤੀ ਦੀ ਚੋਣ ਕਰਨ ਦੀ ਆਜ਼ਾਦੀ ਹੋਵੇਗੀ। ਪਿੰਡ ਵਾਸੀਆਂ, ਕਿਸਾਨ ਯੂਨੀਅਨ ਆਗੂਆਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਇਸ ਕਦਮ ਨੂੰ ਕੌਡੀਆਂ ਦੇ ਭਾਅ “ਕਿਸਾਨਾਂ ਦੀ ਜ਼ਮੀਨ ਦੀ ਲੁੱਟ” ਕਰਾਰ ਦਿੱਤਾ ਅਤੇ ਨੋਟ ਕੀਤਾ ਕਿ ਗਮਾਡਾ ਖੁਦ ਵਿਕਸਤ ਜ਼ਮੀਨ ਨੂੰ 80 ਕਰੋੜ ਤੋਂ 90 ਕਰੋੜ ਰੁਪਏ ਪ੍ਰਤੀ ਏਕੜ ਵਿੱਚ ਨਿਲਾਮ ਕਰਦਾ ਹੈ। ਇਹ ਐਲਾਨ ਸ਼ੁੱਕਰਵਾਰ ਨੂੰ ਜ਼ਮੀਨ ਮਾਲਕਾਂ ਦੀ ਮੌਜੂਦਗੀ ਵਿੱਚ ਸੈਕਟਰ 87 ਦੇ ਵਪਾਰਕ ਹੱਬ ਦਾ ਵਿਸਥਾਰ ਕਰਨ ਲਈ ਚਾਰ ਪਿੰਡਾਂ—ਸੋਹਾਣਾ, ਨਾਨੂਮਾਜਰਾ, ਮਾਣਕਮਾਜਰਾ ਅਤੇ ਸੰਭਾਲਕੀ—ਦੀ 196.44 ਏਕੜ ਜ਼ਮੀਨ ਐਕਵਾਇਰ ਕਰਨ ਲਈ ਕੀਤਾ ਗਿਆ ਸੀ। ਗਮਾਡਾ ਦੇ ਲੈਂਡ ਐਕੁਈਜ਼ੀਸ਼ਨ ਕੁਲੈਕਟਰ ਨੇ ਚਾਰੇ ਪਿੰਡਾਂ ਲਈ ਵੱਖ-ਵੱਖ ਜ਼ਮੀਨੀ ਕੀਮਤਾਂ ਦਾ ਐਲਾਨ ਕੀਤਾ, ਜਿਸ ਵਿੱਚ ਸੋਹਾਣਾ ਵਿੱਚ 65 ਏਕੜ ਲਈ ਸਭ ਤੋਂ ਵੱਧ 5,61,48,209 ਰੁਪਏ ਪ੍ਰਤੀ ਏਕੜ ਤੈਅ ਕੀਤੀ ਗਈ ਹੈ।

ਐਲਾਨ ਅਨੁਸਾਰ, ਸੋਹਾਣਾ ਵਿੱਚ 65 ਏਕੜ (5,61,48,209 ਰੁਪਏ ਪ੍ਰਤੀ ਏਕੜ), ਨਾਨੂਮਾਜਰਾ ਵਿੱਚ 111.46 ਏਕੜ (4,55,62,302 ਰੁਪਏ ਪ੍ਰਤੀ ਏਕੜ), ਮਾਣਕਮਾਜਰਾ ਵਿੱਚ 19.66 ਏਕੜ (5,03,47,947 ਰੁਪਏ ਪ੍ਰਤੀ ਏਕੜ), ਅਤੇ ਸੰਭਾਲਕੀ ਵਿੱਚ ਦੋ ਕਨਾਲਾਂ (4,26,65,055 ਰੁਪਏ ਪ੍ਰਤੀ ਏਕੜ) ਲਈ ਮੁੱਲ ਤੈਅ ਕੀਤੇ ਗਏ ਸਨ। ਨੰਬਰਦਾਰ ਹਰਵਿੰਦਰ ਸਿੰਘ ਸੋਹਾਣਾ ਅਤੇ ਹੋਰਾਂ ਨੇ ਜ਼ੋਰਦਾਰ ਵਿਰੋਧ ਦਰਜ ਕਰਵਾਇਆ ਅਤੇ ਕਿਹਾ ਕਿ, “ਇਹ ਮੁਹਾਲੀ ਦਾ ਸਭ ਤੋਂ ਮਹਿੰਗਾ ਇਲਾਕਾ ਹੈ। ਖੁੱਲ੍ਹੇ ਬਾਜ਼ਾਰ ਵਿੱਚ ਜ਼ਮੀਨ ਦੀ ਕੀਮਤ ਲਗਪਗ 40 ਕਰੋੜ ਤੋਂ 50 ਕਰੋੜ ਰੁਪਏ ਪ੍ਰਤੀ ਏਕੜ ਹੈ। ਗਮਾਡਾ ਸਾਡੇ ਤੋਂ ਮਾਰਕੀਟ ਦਰ ਨਾਲੋਂ ਪੰਜ ਗੁਣਾ ਘੱਟ ਕੀਮਤ ‘ਤੇ ਧੱਕੇ ਨਾਲ ਜ਼ਮੀਨ ਐਕਵਾਇਰ ਕਰ ਰਿਹਾ ਹੈ। ਭਾਜਪਾ ਕੌਂਸਲਰ ਗੁਰਪ੍ਰੀਤ ਕੌਰ ਉਭਾ ਅਤੇ ਭਾਜਪਾ ਆਗੂ ਹਰਦੇਵ ਸਿੰਘ ਉਭਾ ਨੇ ਜ਼ਮੀਨ ਮਾਲਕਾਂ ਲਈ 50 ਕਰੋੜ ਰੁਪਏ ਪ੍ਰਤੀ ਏਕੜ ਦੀ ਮੰਗ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਐਵਾਰਡ(ਮੁੱਲ) ਨੂੰ ਖਾਰਜ ਕਰਦਿਆਂ ਕਿਹਾ, “ਗਮਾਡਾ ਖੁਦ ਇਸ ਇਲਾਕੇ ਵਿੱਚ 80 ਕਰੋੜ ਤੋਂ 90 ਕਰੋੜ ਰੁਪਏ ਪ੍ਰਤੀ ਏਕੜ ਵਿੱਚ ਜ਼ਮੀਨ ਵੇਚਦਾ ਹੈ, ਫਿਰ ਵੀ ਇਹ ਇੱਕ ਪ੍ਰਮੁੱਖ ਵਪਾਰਕ ਖੇਤਰ ਵਿੱਚ ਜ਼ਮੀਨ ਮਹਿਜ਼ 5 ਕਰੋੜ ਰੁਪਏ ਪ੍ਰਤੀ ਏਕੜ ਵਿੱਚ ਐਕਵਾਇਰ ਕਰ ਰਿਹਾ ਹੈ।

Share this content:

Post Comment