Loading Now

332 ਕਰੋੜ ਦੇ ਬੈਂਕ ਘੁਟਾਲੇ ’ਚ ਈ ਡੀ ਵੱਲੋਂ ਚੰਡੀਗੜ੍ਹ ਦਾ ਜਿਊਲਰ ਗ੍ਰਿਫ਼ਤਾਰ

332 ਕਰੋੜ ਦੇ ਬੈਂਕ ਘੁਟਾਲੇ ’ਚ ਈ ਡੀ ਵੱਲੋਂ ਚੰਡੀਗੜ੍ਹ ਦਾ ਜਿਊਲਰ ਗ੍ਰਿਫ਼ਤਾਰ

ਚੰਡੀਗੜ੍ਹ, 24 ਅਕਤੂਬਰ – ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਚੰਡੀਗੜ੍ਹ ਜ਼ੋਨਲ ਦਫ਼ਤਰ ਨੇ ਆਈ ਡੀ ਐੱਫ ਸੀ ਫਸਟ ਬੈਂਕ ਅਤੇ ਏ ਯੂ ਸਮਾਲ ਫਾਈਨਾਂਸ ਬੈਂਕ ਨਾਲ ਸਬੰਧਤ ਬਹੁ-ਕਰੋੜੀ ਘੁਟਾਲੇ ਵਿੱਚ ਚੰਡੀਗੜ੍ਹ ਦੇ ਜਿਊਲਰ ਰਾਜਨ ਸਿੰਘ ਕਟੌਦੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਸੈਕਟਰ 35-ਸੀ ਦੀ ਇਨਰ ਮਾਰਕੀਟ ਵਿੱਚ ਸਥਿਤ ਸਾਵਨ ਜਿਊਲਰਜ਼ ਦਾ ਭਾਈਵਾਲ ਹੈ। ਉਸ ਨੂੰ 22 ਅਕਤੂਬਰ ਨੂੰ ਵਿਸ਼ੇਸ਼ ਅਦਾਲਤ (ਪੀ ਐੱਮ ਐੱਲ ਏ) ਵਿੱਚ ਪੇਸ਼ ਕੀਤੇ ਜਾਣ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ। ਵੀਰਵਾਰ ਨੂੰ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ ਚਾਰ ਦਿਨ ਦੇ ਈ ਡੀ ਰਿਮਾਂਡ ’ਤੇ ਭੇਜ ਦਿੱਤਾ। ਇਸ ਮਾਮਲੇ ਵਿੱਚ ਹਰਿਆਣਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ 645 ਕਰੋੜ ਰੁਪਏ ਦੇ ਗਬਨ ਦਾ ਦੋਸ਼ ਹੈ।

ਜਿਊਲਰ ਦੇ ਖਾਤੇ ਵਿੱਚ ਆਏ 332 ਕਰੋੜ ਰੁਪਏ

ਈ ਡੀ ਅਨੁਸਾਰ ਸਾਵਨ ਜਿਊਲਰਜ਼ ਦੇ ਸਰਗਰਮ ਪ੍ਰਬੰਧਕੀ ਭਾਈਵਾਲ ਕਟੌਦੀਆ ਨੇ ਘੁਟਾਲੇ ਦੇ ਮੁੱਖ ਮੁਲਜ਼ਮ ਰਿਭਵ ਰਿਸ਼ੀ ਅਤੇ ਹੋਰਨਾਂ ਨਾਲ ਕਥਿਤ ਅਪਰਾਧਿਕ ਸਾਜ਼ਿਸ਼ ਰਚੀ। ਜਾਂਚ ਦੌਰਾਨ ਫਰਮ ਦੇ ਬੈਂਕ ਖਾਤੇ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ 6 ਨਵੰਬਰ 2024 ਤੋਂ 18 ਫਰਵਰੀ 2026 ਦਰਮਿਆਨ ਇਸ ਖਾਤੇ ਵਿੱਚ ਲਗਪਗ 332 ਕਰੋੜ ਰੁਪਏ ਆਏ। ਇਹ ਰਕਮ ਕਥਿਤ ਸ਼ੈੱਲ ਕੰਪਨੀਆਂ, ਵਿਚੋਲੀਆਂ ਇਕਾਈਆਂ ਅਤੇ ਵਿਅਕਤੀਆਂ ਰਾਹੀਂ ਆਈ। ਇਨ੍ਹਾਂ ਵਿੱਚ ਕੈਪਕੋ ਫਿਨਟੈੱਕ ਸਰਵਿਸਿਜ਼, ਸਵਾਸਤਿਕ ਦੇਸ਼ ਪ੍ਰਾਜੈਕਟਸ, ਆਰ ਐੱਸ ਟਰੇਡਰਜ਼, ਚੰਡੀਗੜ੍ਹ ਮੈਗਾ ਸਟੋਰ, ਐੱਸ ਆਰ ਆਰ ਪਲੈਨਿੰਗ ਗੁਰੂਜ਼, ਵਿਸਟਾਮੈੱਡ ਸਲਿਊਸ਼ਨਜ਼, ਮਾਂ ਵੈਭਵ ਲਕਸ਼ਮੀ ਇੰਟੀਰੀਅਰ ਅਤੇ ਰਿਭਵ ਰਿਸ਼ੀ ਦੀ ਪਤਨੀ ਦਿਵਿਆ ਅਰੋੜਾ ਸ਼ਾਮਲ ਹਨ।

332 Crore Scam: ਮਨੀ ਲਾਂਡਰਿੰਗ ਦੇ ਦੋਸ਼

ਈ ਡੀ ਨੇ ਦੋਸ਼ ਲਾਇਆ ਕਿ ਸਾਵਨ ਜਿਊਲਰਜ਼ ਰਾਹੀਂ ਕਟੌਦੀਆ ਨੇ ਕਥਿਤ ਅਪਰਾਧ ਦੀ ਕਮਾਈ ਨੂੰ ਟਿਕਾਣੇ ਲਾਉਣ ਅਤੇ ਛੁਪਾਉਣ ਵਿੱਚ ਰਿਭਵ ਰਿਸ਼ੀ ਦੀ ਮਦਦ ਕੀਤੀ। ਜਾਂਚ ਏਜੰਸੀ ਅਨੁਸਾਰ ਇਸ ਰਕਮ ਨੂੰ ਕਾਰੋਬਾਰੀ ਗਤੀਵਿਧੀਆਂ ਵਿੱਚ ਵਰਤ ਕੇ ਪੇਸ਼ ਕੀਤਾ ਗਿਆ। ਰਿਭਵ ਰਿਸ਼ੀ ਨਾਲ ਸਾਂਝ ਪੈਣ ਮਗਰੋਂ ਫਰਮ ਵੱਲੋਂ ਖ਼ਰੀਦ ਵਿੱਚ ਵੀ ਅਚਾਨਕ ਵੱਡਾ ਵਾਧਾ ਹੋਇਆ। ਇਸ ਮਾਮਲੇ ਵਿੱਚ ਈ ਡੀ ਪਹਿਲਾਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

Share this content:

Post Comment