ਨੁਕਸਾਨ ਦਾ ਘਰ ਈਰਖਾ
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀਆਂ ਨੇ ਗੁਰੂ ਨਾਨਕ ਸਾਹਿਬ ਦੇ ਤ੍ਰੈਗੁਣੀ ਉਪਦੇਸ਼ ਕਿਰਤ ਕਰਨੀ, ਵੰਡ ਛਕਣਾ ਅਤੇ ਨਾਮ ਜਪਣਾ ਨੂੰ ਅਪਣਾਇਆ ਹੋਇਆ ਹੈ, ਪਰ ਇੱਕ ਔਗੁਣ ਤੋਂ ਇਹ ਆਪਣੇ ਆਪ ਨੂੰ ਬਚਾ ਨਹੀਂ ਸਕੇ। ਈਰਖਾ ਇਨ੍ਹਾਂ ਦੇ ਕਿਰਦਾਰ ਵਿੱਚ ਸਮਾਈ ਹੋਈ ਹੈ। ਆਪਣੇ ਸ਼ਰੀਕੇ ਅਤੇ ਬਾਹਰ ਇਸ ਦਾ ਅਸਰ ਆਮ ਵੇਖਣ ਨੂੰ ਮਿਲਦਾ ਹੈ। ਪਰਿਵਾਰ ਵਿੱਚ ਦੋ ਪੀੜ੍ਹੀਆਂ ਪਿੱਛੋਂ ਜਦੋਂ ਜ਼ਮੀਨ ਤੇ ਜਾਇਦਾਦ ਦੀਆਂ ਵੰਡੀਆਂ ਪੈਂਦੀਆਂ ਹਨ ਤਾਂ ਕਰੀਬੀ ਰਿਸ਼ਤੇਦਾਰੀ ਹੋਣ ਦੇ ਬਾਵਜੂਦ ਉਹ ਸ਼ਰੀਕ ਬਣ ਜਾਂਦੇ ਹਨ ਅਤੇ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਇੱਕ ਦੂਜੇ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਜਾਂਦਾ ਹੈ। ਕੁਝ ਦਿਨ ਪਹਿਲਾਂ ਗੁਰੂ ਘਰ ਵਿੱਚ ਇੱਕ ਭਾਈ ਸਾਹਿਬ ਕਥਾ ਕਰਦੇ ਸਨ ਤੇ ਉਨ੍ਹਾਂ ਆਪ ਬੀਤੀ ਸੁਣਾਈ। ਭਾਈ ਸਾਹਿਬ ਨੇ ਦੱਸਿਆ ਕਿ ਕੋਈ ਦੋ ਕੁ ਸਾਲ ਪਹਿਲਾਂ ਇੱਕ ਗੁਰਮੁਖ ਮੇਰੇ ਕੋਲ ਆਏ ਅਤੇ ਆਪਣੇ ਘਰ ਚਰਨ ਪਾਉਣ ਦੀ ਬੇਨਤੀ ਕੀਤੀ। ਮੇਰੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਵਾਹਿਗੁਰੂ ਦੀ ਬਖ਼ਸ਼ਿਸ਼ ਸਦਕਾ ਬੁੰਗੇ ਨਸੀਬ ਹੋਏ ਹਨ। ਸ਼ੁਕਰਾਨੇ ਦੀ ਅਰਦਾਸ ਕਰਨੀ ਹੈ। ਉਸ ਦੀ ਭਾਵਨਾ ਵੇਖ ਕੇ ਮੈਂ ਉਨ੍ਹਾਂ ਦੇ ਘਰ ਗਿਆ ਤੇ ਅਰਦਾਸ ਕੀਤੀ। ਕੋਈ ਦੋ ਕੁ ਸਾਲ ਪਿੱਛੋਂ ਉਹੀ ਸਰਦਾਰ ਜੀ ਮੁੜ ਮੇਰੇ ਕੋਲ ਆਇਆ ਤੇ ਘਰ ਜਾਣ ਲਈ ਬੇਨਤੀ ਕਰਨ ਲੱਗਾ। ਮੈਂ ਪੁੱਛਿਆ ਹੁਣ ਕਿਹੜੇ ਸ਼ੁਕਰਾਨੇ ਦੀ ਅਰਦਾਸ ਕਰਨੀ ਹੈ। ਕੀ ਵੱਡਾਘਰ ਬਣ ਲਿਆ ਹੈ। ਉਸ ਦਾ ਉੱਤਰ ਸੀ, ‘‘ਨਹੀਂ ਜੀ ਮੇਰਾ ਘਰ ਤਾਂ ਉਹ ਹੀ ਹੈ, ਪਰ ਮੇਰੇ ਛੋਟੇ ਭਰਾ ਨੇ ਵੱਡਾ ਘਰ ਬਣਾ ਲਿਆ ਹੈ। ਹੁਣ ਇਹ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਮੈਨੂੰ ਵੀ ਉਸ ਤੋਂ ਵੱਡੇ ਘਰ ਦੀ ਬਖ਼ਸ਼ਿਸ਼ ਕਰੇ।’’
ਇੱਕ ਹੋਰ ਮਿਸਾਲ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਪਿਛਲੀ ਮਰਦਮਸ਼ੁਮਾਰੀ 2011 ਵਿੱਚ ਹੋਈ ਸੀ। ਉਸ ਵਿੱਚ ਇਹ ਅੰਕੜੇ ਸਾਹਮਣੇ ਆਏ ਸਨ ਕਿ ਪੰਜਾਬੀ ਸਭ ਤੋਂ ਵੱਧ ਖ਼ਰਚੀਲੇ ਹਨ। ਲੁਧਿਆਣਾ ਪੰਜਾਬ ਦਾ ਸਭ ਤੋਂ ਵੱਧ ਅਮੀਰ ਸ਼ਹਿਰ ਹੈ। ਇੱਕ ਪ੍ਰਸਿੱਧ ਅਖ਼ਬਾਰ ਨੇ ਇਹ ਜਾਣਨ ਦਾ ਯਤਨ ਕੀਤਾ ਕਿ ਆਖਰ ਇੱਥੋਂ ਦੇ ਵਾਸੀ ਕੀ ਖ਼ਰੀਦਣ ਲਈ ਇੰਨਾ ਖ਼ਰਚ ਕਰਦੇ ਹਨ। ਅਖ਼ਬਾਰ ਦੇ ਪੱਤਰਕਾਰ ਨੇ ਸਤਲੁਜ ਅਤੇ ਲੋਧੀ ਕਲੱਬ ਵਿੱਚ ਜਾ ਕੇ ਗੱਲਾਂ ਬਾਤਾਂ ਸੁਣੀਆਂ। ਕੁਝ ਵੱਡੇ ਦੁਕਾਨਦਾਰਾਂ ਅਤੇ ਕਾਰਖਾਨੇਦਾਰਾਂ ਨਾਲ ਮੁਲਾਕਾਤਾਂ ਕੀਤੀਆਂ। ਵੱਡੇ ਹੋਟਲਾਂ ਵਿੱਚ ਬੀਬੀਆਂ ਦੀਆਂ ਕਿੱਟੀ ਪਾਰਟੀਆਂ ਵਿੱਚ ਜਾ ਕੇ ਉਨ੍ਹਾਂ ਦੇ ਵਿਚਾਰ ਸੁਣੇ। ਨਤੀਜਾ ਇਹ ਕੱਢਿਆ ਗਿਆ ਕਿ ਘੱਟੋ ਘਟ 75% ਖ਼ਰਚ ਕੇਵਲ ਵਿਖਾਵੇ ਲਈ ਕੀਤਾ ਜਾਂਦਾ ਹੈ। ਗੁਆਂਢੀ ਨੇ ਨਵੀਂ ਕਾਰ ਲਈ ਤਾਂ ਉਹ ਉਸ ਤੋਂ ਮਹਿੰਗੀ ਕਾਰ ਖ਼ਰੀਦੇਗਾ। ਸ਼ੋਅਰੂਮ ਮਾਲਕ ਇੱਕ ਦੂਜੇ ਦੇ ਮੁਕਾਬਲੇ ਵਧੀਆ ਸਕੀਮਾਂ ਬਣਾਉਂਦੇ ਹਨ। ਔਰਤਾਂ ਕੱਪੜਿਆਂ ਅਤੇ ਗਹਿਣਿਆਂ ਦਾ ਮੁਕਾਬਲਾ ਕਰਦੀਆਂ ਹਨ। ਵਿਦੇਸ਼ੀ ਵਸਤਾਂ ਦਾ ਮੁਕਾਬਲਾ ਵਧੇਰੇ ਹੁੰਦਾ ਹੈ।
ਪੰਜਾਬ ਵਿੱਚ ਕਿਸਾਨਾਂ ਕੋਲ ਪੰਜ ਲੱਖ ਤੋਂ ਵੱਧ ਟਰੈਕਟਰ ਹਨ। ਜਦੋਂਕਿ ਖੇਤੀ ਕਰਦੇ ਪਰਿਵਾਰਾਂ ਦੀ ਗਿਣਤੀ ਕੋਈ ਦਸ ਲੱਖ ਹੈ। ਇਨ੍ਹਾਂ ਵਿੱਚੋਂ ਅੱਧਿਆਂ ਕੋਲ ਪੰਜ ਹੈਕਟੇਅਰ ਤੋਂ ਘੱਟ ਜ਼ਮੀਨ ਹੈ। ਬਹੁਤੇ ਟਰੈਕਟਰ ਕਿਸਾਨਾਂ ਨੇ ਆਪਣੇ ਸ਼ਰੀਕਾਂ ਦਾ ਮੁਕਾਬਲਾ ਕਰਨ ਲਈ ਈਰਖਾ ਵਸ ਖ਼ਰੀਦੇ ਹਨ। ਇਹ ਕਰਜ਼ੇ ਉਤੇ ਲਏ ਜਾਂਦੇ ਹਨ ਜਦੋਂ ਕਿਸ਼ਤਾਂ ਨਹੀਂ ਮੁੜਦੀਆਂ ਤਾਂ ਖ਼ੁਦਕੁਸ਼ੀਆਂ ਦੀ ਨੌਬਤ ਆ ਜਾਂਦੀ ਹੈ। ਵਿਦੇਸ਼ਾਂ ਵਿੱਚ ਬੱਚੇ ਭੇਜਣ ਲਈ ਹੋਰ ਕਾਰਜਾਂ ਦੇ ਨਾਲੋਂ ਨਾਲ ਈਰਖਾ ਵੀ ਵੱਡਾ ਕਾਰਨ ਹੈ। ਜੇਕਰ ਭਰਾ ਦਾ ਮੁੰਡਾ ਬਾਹਰ ਗਿਆ ਤਾਂ ਮੈਂ ਕਿਉਂ ਪਿੱਛੇ ਰਹਾਂ। ਇਹ ਰੀਸ ਈਰਖਾ ਵਿੱਚੋਂ ਹੀ ਉਪਜਦੀ ਹੈ। ਜੇਕਰ ਪੰਜਾਬ ਦੇ ਰਾਜਨੀਤਕ ਅਤੇ ਧਾਰਮਿਕ ਮਾਹੌਲ ਵੱਲ ਝਾਤ ਮਾਰੀਏ ਤਾਂ ਇਸ ਸਮੇਂ ਕੋਈ ਅਜਿਹਾ ਆਗੂ ਨਹੀਂ ਹੈ ਜਿਸ ਨੂੰ ਪੰਜਾਬ ਦਾ ਅਤੇ ਪੰਜਾਬ ਦੇ ਲੋਕਾਂ ਦਾ ਫ਼ਿਕਰ ਹੋਵੇ। ਸਾਰੇ ਹੀ ਇੱਕ ਦੂਜੇ ਦੀ ਟੰਗ ਖਿਚਾਈ ਕਰਦੇ ਹਨ। ਚੋਣ ਪ੍ਰਚਾਰ ਵਿੱਚ ਪੰਜਾਬ ਦੇ ਵਿਕਾਸ ਅਤੇ ਸਮੱਸਿਆਵਾਂ ਦੇ ਹੱਲ ਲਈ ਕਿਸੇ ਪਾਰਟੀ ਜਾਂ ਨੇਤਾ ਕੋਲ ਪ੍ਰੋਗਰਾਮ ਨਹੀਂ ਹੈ ਸਗੋਂ ਇੱਕ ਦੂਜੇ ਉੱਤੇ ਵੱਧ ਤੋਂ ਵੱਧ ਚਿੱਕੜ ਸੁੱਟਣ ਦਾ ਯਤਨ ਕੀਤਾ ਜਾ ਰਿਹਾ ਹੈ। ਅਸੀਂ ਧਰਮ ਅਸਥਾਨਾਂ ਉੱਤੇ ਮੱਥਾ ਜ਼ਰੂਰ ਟੇਕਦੇ ਹਾਂ, ਪਰ ਗੁਰੂਆਂ ਦੀ ਮੱਤ ਉਤੇ ਅਮਲ ਕਰਨ ਦਾ ਯਤਨ ਨਹੀਂ ਕਰਦੇ ਸਗੋਂ ਇੱਕ ਦੂਜੇ ਨਾਲ ਮੁਕਾਬਲੇ ਵਿੱਚ ਇਨ੍ਹਾਂ ਸਥਾਨਾਂ ਉਤੇ ਜਾ ਕੇ ਸੁੱਖਣਾ ਮੰਗਦੇ ਹਾਂ। ਇੰਜ ਅਸੀਂ ਪਰਮਾਤਮਾ ਨੂੰ ਰਿਸ਼ਵਤ ਦਾ ਲਾਲਚ ਦੇਣ ਦਾ ਯਤਨ ਕਰਦੇ ਹਾਂ। ਸਾਡੇ ਆਗੂ ਆਪੋ ਵਿੱਚ ਰਲਮਿਲ ਕੇ ਪੰਜਾਬ ਦੀ ਭਲਾਈ ਬਾਰੇ ਸੋਚਣ ਦੀ ਥਾਂ ਇੱਕ ਦੂਜੇ ਦੀ ਟੰਗ ਖਿਚਾਈ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ:
ਸੁਆਦ ਬਾਦ ਈਰਖ ਮਦ ਮਾਇਆ॥
ਇਨ ਸੰਗਿ ਲਾਗਿ ਰਤਨ ਜਨਮੁ ਗਵਾਇਆ।।
ਗੁਰੂ ਸਾਹਿਬ ਤਾਂ ਇਹ ਵੀ ਆਖਦੇ ਹਨ;
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥
ਪੰਜਾਬ ਦਾ ਕੋਈ ਬਾਹਰੀ ਦੁਸ਼ਮਣ ਨਹੀਂ ਸਗੋਂ ਪੰਜਾਬੀਆਂ ਨੇ ਹੀ ਇੱਕ ਦੂਜੇ ਦੀ ਟੰਗ ਖਿਚਾਈ ਕਰਕੇ ਸਭ ਤੋਂ ਵੱਧ ਨੁਕਸਾਨ ਕੀਤਾ ਹੈ।
ਆਵੋ ਹੁਣ ਈਰਖਾ ਦੇ ਹੋਣ ਵਾਲੇ ਪ੍ਰਭਾਵਾਂ ਬਾਰੇ ਚਰਚਾ ਕਰੀਏ। ਈਰਖਾ ਕਰਨ ਵਾਲੇ ਵਿਅਕਤੀ ਆਪਣੇ ਬਾਰੇ ਸੋਚਣ ਜਾਂ ਅੱਗੇ ਵਧਣ ਦੇ ਯਤਨਾਂ ਦੀ ਥਾਂ ਜਿਸ ਨਾਲ ਈਰਖਾ ਹੁੰਦੀ ਹੈ ਉਸ ਨੂੰ ਨੁਕਸਾਨ ਪਹੁੰਚਾਣ ਦੇ ਮੌਕਿਆਂ ਦੀ ਹੀ ਤਲਾਸ਼ ਕਰਦੇ ਰਹਿੰਦੇ ਹਨ। ਉਹ ਪ੍ਰਾਪਤੀ ਉਤੇ ਇੰਨਾ ਖ਼ੁਸ਼ ਨਹੀਂ ਹੁੰਦੇ ਜਿੰਨਾ ਦੂਸਰੇ ਦੇ ਨੁਕਸਾਨ ਹੋਣ ’ਤੇ ਖ਼ੁਸ਼ ਹੁੰਦੇ ਹਨ। ਈਰਖਾਲੂ ਵਿਅਕਤੀ ਉਤੇ ਈਰਖਾ ਘੱਟੋ ਘੱਟ ਤਿੰਨ ਪ੍ਰਭਾਵ ਜ਼ਰੂਰ ਪਾਉਂਦੀ ਹੈ- ਗੁੱਸਾ, ਦੁਸ਼ਮਣੀ ਅਤੇ ਨਮੋਸ਼ੀ। ਈਰਖਾ ਕਰਨ ਵਾਲਾ ਆਪਣੇ ਸਰੀਰ, ਸਹਿਯੋਗੀ ਜਾਂ ਗੁਆਂਢੀ ਨੂੰ ਪ੍ਰਾਪਤ ਹੋਈ ਖ਼ੁਸ਼ੀ ਵੇਖ ਗੁੱਸੇ ਨਾਲ ਭਰ ਜਾਂਦਾ ਹੈ। ਉਹ ਸਿੱਧੇ ਤੌਰ ’ਤੇ ਦੂਜੇ ਦਾ ਕੁਝ ਵਿਗਾੜ ਨਹੀਂ ਸਕਦਾ ਸਗੋਂ ਆਪਣੇ ਵਿੱਚ ਹੀ ਕਚੀਚੀਆਂ ਵੱਟਦਾ ਹੈ, ਰਕਤਚਾਪ ਵਧ ਜਾਂਦਾ ਹੈ. ਸਹਿਯੋਗੀਆਂ ਅਤੇ ਘਰ ਦੇ ਮੈਂਬਰਾਂ ਨੂੰ ਗੁੱਸੇ ਵਿੱਚ ਬੋਲਦਾ ਹੈ। ਅਸਲ ਵਿੱਚ ਉਹ ਆਪਣੀ ਭੜਾਸ ਘਰ ਦੇ ਮੈਂਬਰਾਂ ਜਾਂ ਆਪ ਤੋਂ ਛੋਟਿਆਂ ਉਤੇ ਕੱਢਦਾ ਹੈ। ਬਾਹਰੋਂ ਭਾਵੇਂ ਉਹ ਸਹਿਯੋਗੀ ਜਾਂ ਸ਼ਰੀਕ ਨੂੰ ਵਧਾਈ ਦੇਵੇ, ਪਰ ਅੰਦਰੋਂ ਉਸ ਨੂੰ ਆਪਣਾ ਦੁਸ਼ਮਣ ਸਮਝਦਾ ਹੈ ਅਤੇ ਹਮੇਸ਼ਾ ਉਸ ਨੂੰ ਕਿਸੇ ਨਾ ਕਿਸੇ ਢੰਗ ਨਾਲ ਨੁਕਸਾਨ ਪਹੁੰਚਾਉਣ ਦਾ ਯਤਨ ਕਰਦਾ ਹੈ। ਦੂਜੇ ਦੀ ਤਰੱਕੀ ਜਾਂ ਪ੍ਰਾਪਤੀਆਂ ਨਾਲ ਉਸ ਨੂੰ ਨਮੋਸ਼ੀ ਹੁੰਦੀ ਹੈ। ਇਸੇ ਨਮੋਸ਼ੀ ਸਦਕਾ ਉਸ ਵਿੱਚ ਘਟੀਆਪਣ ਦਾ ਅਹਿਸਾਸ ਪੈਦਾ ਹੋ ਜਾਂਦਾ ਹੈ ਅਤੇ ਹਮੇਸ਼ਾ ਭੈੜੀ ਸੋਚ ਹੀ ਸੋਚਦਾ ਹੈ।
ਇੰਨੀ ਜਲਨ ਅਤੇ ਦੁੱਖ ਮਹਿਸੂਸ ਕਰਦਾ ਹੈ ਕਿ ਉਹ ਦੂਜਿਆਂ ਦੀ ਜਦੋਂ ਵੀ ਮੌਕਾ ਮਿਲੇ ਨਿੰਦਿਆ ਕਰਦਾ ਹੈ। ਮਨਘੜਤ ਕਹਾਣੀਆਂ ਬਣਾ ਕੇ ਉਸ ਨੂੰ ਬਦਨਾਮ ਕਰਨ ਦਾ ਯਤਨ ਕਰਦਾ ਹੈ। ਉਹ ਇਹ ਜਾਣਨ ਦਾ ਯਤਨ ਨਹੀਂ ਕਰਦਾ ਕਿ ਉਸ ਦੇ ਕਿਹੜੇ ਗੁਣਾਂ ਕਰਕੇ ਤਰੱਕੀ ਜਾਂ ਪ੍ਰਾਪਤੀ ਹੋਈ ਹੈ। ਉਹ ਕਿਸਮਤ ਨੂੰ ਦੋਸ਼ ਦੇਵੇਗਾ ਜਾਂ ਫਿਰ ਰਿਸ਼ਵਤ ਤੇ ਸਿਫਾਰਸ਼ਾਂ ਬਾਰੇ ਗੱਲਾਂ ਕਰੇਗਾ। ਅਜਿਹੇ ਵਿਅਕਤੀ ਵਿੱਚ ਖੜੋਤ ਆ ਜਾਂਦੀ ਹੈ ਕਿਉਂਕਿ ਉਹ ਤਾਂ ਹਮੇਸ਼ਾ ਦੂਜਿਆਂ ਦੇ ਨੁਕਸਾਂ ਦੀ ਘੋਖ ਹੀ ਕਰਦਾ ਰਹੇਗਾ। ਆਪਣੀ ਉਨਤੀ ਬਾਰੇ ਯਤਨ ਕਰਨਾ ਤਾਂ ਉਹ ਭੁੱਲ ਹੀ ਜਾਂਦਾ ਹੈ। ਉਸ ਦੇ ਵਤੀਰੇ ਵਿੱਚ ਵੀ ਤਬਦੀਲੀ ਆ ਜਾਂਦੀ ਹੈ। ਹਮੇਸ਼ਾ ਉਦਾਸ, ਮਾਯੂਸ ਤੇ ਦੁਖੀ ਵਿਖਾਈ ਦਿੰਦਾ ਹੈ। ਉਸਦੀ ਬੋਲ ਬਾਣੀ ਵਿੱਚ ਵੀ ਤਬਦੀਲੀ ਆ ਜਾਂਦੀ ਹੈ। ਹੱਸਣਾ ਅਤੇ ਮੁਸਕਰਾ ਕੇ ਬੋਲਣਾ ਤਾਂ ਉਹ ਭੁੱਲ ਹੀ ਜਾਂਦਾ ਹੈ। ਜੀਵਨ ਵਿੱਚ ਆਈ ਇਹ ਖੜੋਤ ਉਸ ਦਾ ਹੀ ਨੁਕਸਾਨ ਨਹੀਂ ਕਰਦੀ ਸਗੋਂ ਪਰਿਵਾਰ ਲਈ ਵੀ ਘਾਤਕ ਸਿੱਧ ਹੁੰਦੀ ਹੈ। ਘਰ ਦਾ ਮਾਹੌਲ ਵਿਗੜ ਜਾਂਦਾ ਹੈ। ਖ਼ੁਸ਼ੀ ਖੰਭ ਲਗਾ ਕੇ ਉੱਡ ਜਾਂਦੀ ਹੈ ਅਤੇ ਦੂਸਰੇ ਅੱਗੇ ਲੰਘ ਜਾਂਦੇ ਹਨ ਜਿਸ ਨਾਲ ਈਰਖਾ ਵਿੱਚ ਹੋਰ ਵਾਧਾ ਹੁੰਦਾ ਹੈ।
ਈਰਖਾ ਇੱਕ ਅਜਿਹਾ ਘਾਤਕ ਰੋਗ ਹੈ ਜਿਹੜਾ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੋਇਆ ਪੂਰੇ ਖਾਨਦਾਰ ਨੂੰ ਤਬਾਹ ਕਰ ਦਿੰਦਾ ਹੈ। ਬਹੁਤੀਆਂ ਲੜਾਈਆਂ ਦਾ ਆਧਾਰ ਈਰਖਾ ਅਤੇ ਲਾਲਸਾ ਹੀ ਹੁੰਦਾ ਹੈ। ਮਹਾਭਾਰਤ ਦਾ ਯੁੱਧ ਇਸ ਦੀ ਸਭ ਤੋਂ ਵਧੀਆ ਮਿਸਾਲ ਹੈ। ਪੰਜਾਬ ਵਿੱਚ ਖਾਲਸਾ ਰਾਜ ਦਾ ਅੰਤ, ਬਾਬਾ ਬੰਦਾ ਸਿੰਘ ਬਹਾਦਰ ਦੀ ਗ੍ਰਿਫ਼ਤਾਰੀ ਕੁਝ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਸਾਨੂੰ ਹਮੇਸ਼ਾ ਇਸ ਰੋਗ ਤੋਂ ਦੂਰ ਰਹਿਣਾ ਚਾਹੀਦਾ ਹੈ। ਈਰਖਾ ਕਰਕੇ ਦੂਜੇ ਦਾ ਤਾਂ ਸ਼ਾਇਦ ਘੱਟ ਨੁਕਸਾਨ ਹੋਵੇ, ਪਰ ਅਸੀਂ ਆਪਣੇ ਆਪ ਨੂੰ ਜ਼ਰੂਰ ਤਬਾਹ ਕਰ ਲੈਂਦੇ ਹਾਂ। ਈਰਖਾ ਦੀ ਥਾਂ ਦੂਜਿਆਂ ਦੀਆਂ ਪ੍ਰਾਪਤੀਆਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਇਹ ਵੇਖੋ ਜੇਕਰ ਉਹ ਕਰ ਸਕਦਾ ਹੈ ਤਾਂ ਮੈਂ ਕਿਉਂ ਨਹੀਂ। ਸਿਹਤਮੰਦ ਮੁਕਾਬਲਾ ਕਰੋ ਸਗੋਂ ਉਸ ਤੋਂ ਵੀ ਅੱਗੇ ਵਧਣ ਦਾ ਯਤਨ ਕਰੋ। ਲਾਲਸਾ ਦਾ ਕੋਈ ਅੰਤ ਨਹੀਂ ਹੈ। ਇਸ ਨਾਲ ਬੇਚੈਨੀ ਵਧਦੀ ਹੈ ਅਤੇ ਗ਼ਲਤ ਰਾਹਾਂ ਵੱਲ ਧੱਕਦੀ ਹੈ। ਸੰਤੋਖ ਅਜਿਹਾ ਮਨੁੱਖੀ ਗੁਣ ਹੈ ਜਿਹੜਾ ਜੀਵਨ ਨੂੰ ਅਨੰਦਮਈ ਬਣਾ ਦਿੰਦਾ ਹੈ। ਜੋ ਪ੍ਰਾਪਤ ਹੋਇਆ ਹੈ ਉਸ ਉਤੇ ਮਾਣ ਕਰੋ ਅਤੇ ਅਨੰਦ ਲਵੋ। ਸੰਤੋਖ ਕੀਤੇ ਬਗੈਰ ਕਦੇ ਕੋਈ ਰੱਜਦਾ ਨਹੀਂ ਹੈ ਤੇ ਹਮੇਸ਼ਾ ਮ੍ਰਿਗ ਤ੍ਰਿਸ਼ਨਾ ਵਾਂਗ ਭੱਜਾ ਰਹਿੰਦਾ ਹੈ। ਇਸ ਦਾ ਇਹ ਭਾਵ ਨਹੀਂ ਕਿ ਅੱਗੇ ਵਧਣ ਦੇ ਯਤਨ ਹੀ ਨਾ ਕੀਤੇ ਜਾਣ। ਅੱਗੇ ਜ਼ਰੂਰ ਵਧੋ, ਪਰ ਜੋ ਪ੍ਰਾਪਤ ਹੋਇਆ ਉਸ ਨੂੰ ਮਾਣੋ। ਐਵੇਂ ਝੂਰੀ ਜਾਣਾ ਆਪਣੇ ਆਪ ਨੂੰ ਸਜ਼ਾ ਦੇਣ ਦੇ ਬਰਾਬਰ ਹੁੰਦਾ ਹੈ।
ਈਰਖਾ ਦਾ ਇੱਕ ਕਾਰਨ ਘਟੀਆਪਣ ਦਾ ਅਹਿਸਾਸ ਵੀ ਹੈ। ਆਪਣੇ ਆਪ ਨੂੰ ਕਦੇ ਵੀ ਘਟੀਆ ਜਾਂ ਕਮਜ਼ੋਰ ਨਾ ਸਮਝੋ। ਅਜਿਹਾ ਉਦੋਂ ਹੀ ਹੁੰਦਾ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਦੂਜਿਆਂ ਨਾਲ ਤੋਲਣ ਦੀ ਕੋਸ਼ਿਸ਼ ਕਰਦੇ ਹੋ। ਹਰੇਕ ਦੀ ਆਪਣੀ ਸ਼ਖ਼ਸੀਅਤ ਹੁੰਦੀ ਹੈ। ਦੁਨਿਆਵੀ ਵਸਤਾਂ ਦਾ ਦੂਜਿਆਂ ਨਾਲ ਮੁਕਾਬਲਾ ਕਰਕੇ ਆਪਣੇ ਆਪ ਨੂੰ ਵੀ ਉਨ੍ਹਾਂ ਵਰਗਾ ਬਣਾਉਣਾ ਗ਼ਲਤ ਹੈ। ਤੁਹਾਡੀ ਆਪਣੀ ਪਛਾਣ ਹੈ। ਬਾਹਰੀ ਚਮਕ ਜ਼ਰੂਰੀ ਨਹੀਂ ਕਿਸੇ ਦੇ ਅਨੰਦਮਈ ਜੀਵਨ ਨੂੰ ਮੂਰਤੀਮਾਨ ਕਰਦੀ ਹੋਵੇ। ਹਰੇਕ ਵਿਅਕਤੀ ਦੀਆਂ ਕੁਝ ਖਾਹਿਸ਼ਾਂ ਅਤੇ ਨਿਸ਼ਾਨੇ ਹੁੰਦੇ ਹਨ। ਇਨ੍ਹਾਂ ਦੀ ਪ੍ਰਾਪਤੀ ਲਈ ਯਤਨ ਕੀਤੇ ਜਾਂਦੇ ਹਨ। ਇਹ ਜੀਵਨ ਨੂੰ ਸੇਧ ਵੀ ਦਿੰਦੇ ਹਨ। ਜੇਕਰ ਤੁਹਾਡੇ ਪੂਰੇ ਯਤਨਾਂ ਦੇ ਬਾਵਜੂਦ ਇਨ੍ਹਾਂ ਦੀ ਪੂਰਤੀ ਨਹੀਂ ਹੁੰਦੀ ਤਾਂ ਆਪਣੇ ਆਪ ਨੂੰ ਦੋਸ਼ ਨਾ ਦੇਵੋ। ਨਿਸ਼ਾਨੇ ਤਾਂ ਮਿੱਥਣੇ ਜ਼ਰੂਰੀ ਹਨ, ਪਰ ਇਨ੍ਹਾਂ ਦੀ ਪ੍ਰਾਪਤੀ ਜ਼ਰੂਰੀ ਨਹੀਂ ਹੈ। ਜੋ ਕੁਝ ਪ੍ਰਾਪਤ ਕੀਤਾ ਹੈ ਉਸ ਉਤੇ ਮਾਣ ਕਰੋ ਤੇ ਉਸ ਦਾ ਅਨੰਦ ਮਾਣੋ। ਮੁੜ ਨਵੇਂ ਨਿਸ਼ਾਨੇ ਮਿੱਥੋ ਤੇ ਅੱਗੇ ਵਧੋ।
ਭਗਵਾਨ ਕ੍ਰਿਸ਼ਨ ਗੀਤਾ ਰਾਹੀਂ ਉਪਦੇਸ਼ ਦਿੰਦੇ ਹਨ ਕਿ ਮਨੁੱਖ ਦਾ ਫਰਜ਼ ਕਰਮ ਕਰਨਾ ਹੈ। ਆਪਣੇ ਵੱਲੋਂ ਪੂਰੀ ਲਗਨ ਅਤੇ ਮਿਹਨਤ ਨਾਲ ਜ਼ਿੰਮੇ ਲੱਗੇ ਕਾਰਜ ਕਰੋ। ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਇਹ ਕਰਮ ਕੀਤਿਆਂ ਮੈਨੂੰ ਕੀ ਲਾਭ ਹੋਵੇਗਾ। ਜਦੋਂ ਅਸੀਂ ਕਿਸੇ ਲਾਭ ਜਾਂ ਲਾਲਚਵਸ ਕਰਮ ਕਰਦੇ ਹਾਂ ਤਾਂ ਸੰਤੁਸ਼ਟੀ ਦੀ ਪ੍ਰਾਪਤੀ ਦੂਰ ਹੋ ਜਾਂਦੀ ਹੈ। ਆਪਣੇ ਕਰਮ ਕਰਦੇ ਸਮੇਂ ਤੁਸੀਂ ਉਸ ਦਾ ਅਨੰਦ ਨਹੀਂ ਮਾਣ ਸਕੋਗੇ ਸਗੋਂ ਤੁਹਾਡੀ ਸੋਚ ਤਾਂ ਹੋਣ ਵਾਲੇ ਲਾਭ ਦੇ ਗਿਰਦ ਹੀ ਘੁੰਮਦੀ ਰਹੇਗੀ। ਇੰਝ ਕਰਮ ਵੀ ਸਹੀ ਢੰਗ ਨਾਲ ਨਹੀਂ ਹੋ ਸਕੇਗਾ। ਕਿਸੇ ਨਾਲ ਮੁਕਾਬਲਾ ਨਹੀਂ ਕਰਨਾ ਚਾਹੀਦਾ ਹੈ। ਹਰੇਕ ਦੀ ਆਪੋ ਆਪਣੀ ਸਮਰੱਥਾ, ਆਪੋ ਆਪਣੇ ਵਸੀਲੇ ਅਤੇ ਕੰਮ ਕਰਨ ਦਾ ਢੰਗ ਹੁੰਦਾ ਹੈ। ਹਮੇਸ਼ਾ ਆਪਣੇ ਕਾਰੋਬਾਰ ਜਾਂ ਪੜ੍ਹਾਈ ਵੱਲ ਧਿਆਨ ਦੇਵੋ। ਪੂਰੀ ਲਗਨ ਨਾਲ ਮਿਹਨਤ ਕਰੋ ਅਤੇ ਆਪਣੇ ਆਪ ਉਤੇ ਭਰੋਸਾ ਰੱਖੋ। ਇਹ ਖੇਡ ਦਾ ਮੈਦਾਨ ਨਹੀਂ ਜਿੱਥੇ ਮੁਕਾਬਲਾ ਕਰਨਾ ਹੈ। ਖ਼ੁਸ਼ੀ ਤਾਂ ਸਾਡੇ ਅੰਦਰ ਹੈ, ਉਸ ਨੂੰ ਬਾਹਰ ਲੱਭਣ ਦਾ ਯਤਨ ਨਾ ਕਰੋ। ਆਪਣਾ ਨਿਸ਼ਾਨਾ ਮਿੱਥੋ ਅਤੇ ਪੂਰੀ ਇਮਾਨਦਾਰੀ ਨਾਲ ਉਸ ਉਤੇ ਹੀ ਕੰਮ ਕਰੋ।
ਜਦੋਂ ਤੁਸੀਂ ਦੂਜੇ ਨਾਲ ਮੁਕਾਬਲਾ ਕਰਦੇ ਹੋ ਅਤੇ ਉਸ ਦੀ ਸਫਲਤਾ ਵੇਖ ਦੁਖੀ ਹੁੰਦੀ ਹੋ ਤਾਂ ਤੁਸੀਂ ਆਪਣੇ ਆਪ ਦਾ ਹੀ ਨੁਕਸਾਨ ਕਰਦੇ ਹੋ। ਤੁਹਾਡੇ ਅੰਦਰਲੀ ਸ਼ਾਂਤੀ ਭੰਗ ਹੋ ਜਾਂਦੀ ਹੈ ਅਤੇ ਬੇਚੈਨੀ ਵਧ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਵੱਲ ਪੂਰਾ ਧਿਆਨ ਨਹੀਂ ਦੇ ਸਕਦੇ। ਜਦੋਂ ਮਨ ਅਸ਼ਾਂਤ ਹੋਵੇ ਤਾਂ ਚੰਗਾ ਸੋਚਿਆ ਹੀ ਨਹੀਂ ਜਾ ਸਕਦਾ ਕਿਉਂਕਿ ਖੁਸ਼ੀ ਤਾਂ ਹਰ ਵਿਅਕਤੀ ਦੇ ਅੰਦਰ ਹੈ। ਜੇਕਰ ਕੋਈ ਇਸ ਨੂੰ ਬਾਹਰੋਂ ਲੱਭਣ ਦਾ ਯਤਨ ਕਰਦਾ ਹੈ ਤਾਂ ਉਹ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੁੰਦਾ ਹੈ। ਦੂਜੇ ਤੁਹਾਡੀ ਲਈ ਖ਼ਤਰਾ ਨਹੀਂ ਹਨ। ਕਿਸੇ ਦੀ ਖੁਸ਼ਹਾਲੀ ਜਾਂ ਤਰੱਕੀ ਵੇਖ ਕਈ ਵਾਰ ਇੰਝ ਮਹਿਸੂਸ ਹੁੰਦਾ ਹੈ ਕਿ ਉਹ ਤੁਹਾਡੇ ਲਈ ਖ਼ਤਰਾ ਬਣ ਸਕਦਾ ਹੈ। ਅਜਿਹਾ ਕੁਝ ਨਹੀਂ ਹੁੰਦਾ। ਆਪਣੇ ਆਪ ’ਤੇ ਭਰੋਸਾ ਰੱਖੋ। ਇਸੇ ਭਰੋਸੇ ਦੇ ਸਹਾਰੇ ਤੁਸੀਂ ਆਪਣੀ ਮੰਜ਼ਿਲ ਉਤੇ ਜ਼ਰੂਰ ਪਹੁੰਚ ਜਾਵੋਗੇ। ਜੇਕਰ ਤੁਸੀਂ ਖ਼ਤਰਾ ਅਨੁਭਵ ਕਰੋਗੇ ਤਾਂ ਤੁਸੀਂ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਵੱਲ ਪੂਰਾ ਧਿਆਨ ਨਹੀਂ ਦੇ ਸਕੋਗੇ ਕਿਉਂਕਿ ਤੁਹਾਡੇ ਅਚੇਤ ਮਨ ਅੰਦਰ ਇੱਕ ਡਰ ਪੈਦਾ ਹੋ ਜਾਵੇਗਾ ਜਿਹੜਾ ਰਾਹ ਦਾ ਰੋੜਾ ਬਣ ਜਾਵੇਗਾ।
ਆਮ ਤੌਰ ਉਤੇ ਆਪਣੇ ਟੀਚੇ ਉੱਚੇ ਹੀ ਮਿੱਥੇ ਜਾਂਦੇ ਹਨ। ਇਹ ਇਸ ਕਰਕੇ ਹੁੰਦਾ ਹੈ ਕਿ ਜੇਕਰ ਤੁਸੀਂ ਪਹਿਲਾਂ ਹੀ ਟੀਚਾ ਬਹੁਤ ਛੋਟਾ ਰੱਖੋਗੇ ਫਿਰ ਤਾਂ ਉੱਚੀਆਂ ਉਡਾਰੀਆਂ ਮਾਰੀਆਂ ਹੀ ਨਹੀਂ ਜਾ ਸਕਦੀਆਂ। ਜੇਕਰ ਤੁਸੀਂ ਆਪਣੇ ਮਿੱਥੇ ਟੀਚੇ ਤੋਂ ਥੋੜ੍ਹਾ ਹੇਠਾਂ ਰਹਿ ਜਾਂਦੇ ਹੋ ਤਾਂ ਘਬਰਾਉਣ ਜਾਂ ਅਫ਼ਸੋਸ ਕਰਨ ਦੀ ਲੋੜ ਨਹੀਂ ਹੈ। ਆਮ ਤੌਰ ਉਤੇ ਖਾਹਿਸ਼ਾਂ ਅਤੇ ਪ੍ਰਾਪਤੀਆਂ ਵਿੱਚ ਫ਼ਰਕ ਰਹਿ ਜਾਂਦਾ ਹੈ। ਹਮੇਸ਼ਾ ਉੱਚਾ ਨਿਸ਼ਾਨਾ ਹੀ ਮਿੱਥਣਾ ਚਾਹੀਦਾ ਹੈ ਕਿਉਂਕਿ ਜਦੋਂ ਤੁਸੀਂ ਟੀਸੀ ਦੀ ਪਦਵੀ ਲਈ ਤਿਆਰੀ ਕਰਦੇ ਹੋ ਤਾਂ ਘੱਟੋ ਘੱਟ ਉਸ ਤੋਂ ਹੇਠਲੀ ਪਦਵੀ ਤਾਂ ਪ੍ਰਾਪਤ ਕਰ ਹੀ ਲਵੋਗੇ। ਹਮੇਸ਼ਾ ਉੱਚੀਆਂ ਉਡਾਰੀਆਂ ਮਾਰੋ। ਇਨ੍ਹਾਂ ਦੀ ਪ੍ਰਾਪਤੀ ਲਈ ਆਪਣੇ ਵਸੀਲਿਆਂ ਦੀ ਪੂਰੀ ਇਮਾਨਦਾਰੀ ਨਾਲ ਵਰਤੋਂ ਕਰੋ। ਨਤੀਜੇ ਆਪਣੇ ਆਪ ਹੀ ਵਧੀਆ ਪ੍ਰਾਪਤ ਹੋਣਗੇ।
Share this content:



Post Comment