Loading Now

ਮਾਈ ਭਾਗੋ ਏ.ਐਫ.ਪੀ.ਆਈ. ਦੀਆਂ 17 ਮਹਿਲਾ ਕੈਡਿਟਾਂ ਵੱਲੋਂ ਐਨ.ਡੀ.ਏ. ਪ੍ਰੀਖਿਆ ਪਾਸ

ਮਾਈ ਭਾਗੋ ਏ.ਐਫ.ਪੀ.ਆਈ. ਦੀਆਂ 17 ਮਹਿਲਾ ਕੈਡਿਟਾਂ ਵੱਲੋਂ ਐਨ.ਡੀ.ਏ. ਪ੍ਰੀਖਿਆ ਪਾਸ

ਚੰਡੀਗੜ੍ਹ, 13 ਅਕਤੂਬਰ – ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ’ (ਏਐਫਪੀਆਈ) ਮੋਹਾਲੀ ਦੀਆਂ 17 ਮਹਿਲਾ ਕੈਡਿਟਾਂ ਨੇ ਐਨ.ਡੀ.ਏ. ਦੀ ਲਿਖਤੀ ਪ੍ਰੀਖਿਆ ਪਾਸ ਕਰਕੇ ਰਾਸ਼ਟਰੀ ਪੱਧਰ ‘ਤੇ ਇਤਿਹਾਸ ਰਚ ਦਿੱਤਾ ਹੈ। ਇਹ ਦੇਸ਼ ਦੀ ਕਿਸੇ ਵੀ ਸਰਕਾਰੀ ਸੰਸਥਾ, ਜਿਸ ਵਿੱਚ ਸੈਨਿਕ ਸਕੂਲ ਅਤੇ ਰਾਸ਼ਟਰੀ ਮਿਲਟਰੀ ਸਕੂਲ ਵੀ ਸ਼ਾਮਲ ਹੈ, ਵੱਲੋਂ ਐਨ.ਡੀ.ਏ ਪ੍ਰੀਖਿਆ ਪਾਸ ਕਰਨ ਵਾਲੀਆਂ ਮਹਿਲਾ ਕੈਡਿਟਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਵੱਡੀਆਂ ਚੁਣੌਤੀਆਂ ਦੇ ਬਾਵਜੂਦ ਇਹ ਸਫਲਤਾ ਹਾਸਲ ਕਰਨ ਵਾਲੀਆਂ 17 ਮਹਿਲਾ ਕੈਡਿਟਾਂ ਵਿੱਚ ਤਨਵੀ, ਉਰਵੀ, ਸਿਮਰਨਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਪਹੁਲਜੀਤ ਕੌਰ, ਜਸਮੀਤ ਕੌਰ, ਮੁਸਕਾਨਪ੍ਰੀਤ ਕੌਰ, ਗਰਿਮਾ, ਅਨੀਸ਼ਾ, ਪ੍ਰਣਯਾ ਕਾਰਗਵਾਲ, ਜਸ਼ਨਦੀਪ ਕੌਰ, ਸਮ੍ਰਿਧੀ, ਅਰਸ਼ਕਿਰਨ ਕੌਰ, ਸਹਿਜਪ੍ਰੀਤ ਕੌਰ, ਜਪਨੀਤ ਕੌਰ, ਖੁਸ਼ੀ ਅਤੇ ਜਸਲੀਨ ਕੌਰ ਸ਼ਾਮਲ ਹਨ। ਉਨ੍ਹਾਂ ਨੇ ਇਹ ਪ੍ਰੀਖਿਆ ਅਜਿਹੀ ਪ੍ਰਣਾਲੀ ਵਿੱਚ ਪਾਸ ਕੀਤੀ ਹੈ ਜਿੱਥੇ ਐਨ.ਡੀ.ਏ. ਦੀਆਂ ਕੁੱਲ ਸੀਟਾਂ ਵਿੱਚੋਂ ਸਿਰਫ਼ 6 ਫ਼ੀਸਦ ਸੀਟਾਂ ਹੀ ਲੜਕੀਆਂ ਲਈ ਰਾਖਵੀਆਂ ਹਨ, ਜਦਕਿ 94 ਫ਼ੀਸਦ ਸੀਟਾਂ ਲੜਕਿਆਂ ਲਈ ਰਾਖਵੀਆਂ ਹਨ।

ਇਸ ਨੂੰ ਇੱਕ ਇਤਿਹਾਸਕ ਪ੍ਰਾਪਤੀ ਦੱਸਦਿਆਂ, ਪੰਜਾਬ ਦੇ ਰੁਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹਨਾਂ ਨਤੀਜਿਆਂ ਨੇ ਲੜਕੀਆਂ ਨੂੰ ਹਥਿਆਰਬੰਦ ਬਲਾਂ ਵਿੱਚ ਕਰੀਅਰ ਬਣਾਉਣ ਦੇ ਸਮਰੱਥ ਬਣਾਉਣ ਵਿੱਚ ਦੇਸ਼ ਦੇ ਮੋਹਰੀ ਸੂਬੇ ਵਜੋਂ ਪੰਜਾਬ ਦੀ ਪਛਾਣ ਨੂੰ ਹੋਰ ਮਜ਼ਬੂਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਜਿੱਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਉਸ ਦੂਰਅੰਦੇਸ਼ੀ ਫੈਸਲੇ ‘ਤੇ ਮੋਹਰ ਲਗਾਉਂਦੀ ਹੈ ਜਿਸ ਤਹਿਤ ਮਾਈ ਭਾਗੋ ਏ.ਐਫ.ਪੀ.ਆਈ. ਵਿਖੇ ਲੜਕੀਆਂ ਲਈ ਐਨ.ਡੀ.ਏ. ਦੀ ਤਿਆਰੀ ਸਬੰਧੀ ਵਿੰਗ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਨਤੀਜੇ ਹੋਰ ਵੀ ਬਿਹਤਰ ਹੋਣਗੇ। ਅਮਨ ਅਰੋੜਾ ਨੇ ਕੈਡਿਟਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਫੈਕਲਟੀ ਨੂੰ ਵਧਾਈ ਦਿੰਦਿਆਂ ਕਿਹਾ, “ਮੈਨੂੰ ਮਾਈ ਭਾਗੋ ਏ.ਐਫ.ਪੀ.ਆਈ. ਦੀਆਂ 17 ਮਹਿਲਾ ਕੈਡਿਟਾਂ ‘ਤੇ ਬਹੁਤ ਮਾਣ ਹੈ। ਇਹ ਸਿਰਫ਼ ਇਨ੍ਹਾਂ ਨੌਜਵਾਨ ਲੜਕੀਆਂ ਦੀ ਜਿੱਤ ਨਹੀਂ, ਸਗੋਂ ਪੰਜਾਬ ਲਈ ਇੱਕ ਇਤਿਹਾਸਕ ਪਲ ਹੈ। ਅਜਿਹੀ ਪ੍ਰਣਾਲੀ ਵਿੱਚ ਸਫਲਤਾ ਹਾਸਲ ਕਰਨ ਲਈ, ਜਿੱਥੇ 94 ਫ਼ੀਸਦ ਸੀਟਾਂ ਲੜਕਿਆਂ ਲਈ ਰਾਖ਼ਵੀਆਂ ਹਨ, ਅਸਾਧਾਰਨ ਹਿੰਮਤ ਅਤੇ ਪ੍ਰਤਿਭਾ ਦੀ ਲੋੜ ਹੁੰਦੀ ਹੈ ਅਤੇ ਸਾਡੀਆਂ ਧੀਆਂ ਨੇ ਆਪਣੀ ਹਿੰਮਤ ਅਤੇ ਹੁਨਰ ਦਾ ਬਾਖੂਬੀ ਪ੍ਰਦਰਸ਼ਨ ਕੀਤਾ ਹੈ।”

Share this content:

Post Comment