ਪਨਾਮਾ ਆਇਆ ਭੂਚਾਲ, 7.6 ਤੀਬਰਤਾ, ਬਿਜਲੀ ਸਪਲਾਈ ਠੱਪ
ਪਨਾਮਾ ਸਿਟੀ, 10 ਅਕਤੂਬਰ – ਮੱਧ ਅਮਰੀਕੀ ਦੇਸ਼ ਪਨਾਮਾ ਵਿੱਚ ਸ਼ੁੱਕਰਵਾਰ ਨੂੰ 7.6 ਸ਼ਿੱਦਤ ਵਾਲਾ ਸ਼ਕਤੀਸ਼ਾਲੀ ਭੂਚਾਲ ਆਇਆ। ਇਸ ਦੇ ਝਟਕੇ ਰਾਜਧਾਨੀ ਪਨਾਮਾ ਸਿਟੀ ਵਿੱਚ ਵੀ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂਐੱਸਜੀਐੱਸ) ਨੇ ਭੂਚਾਲ ਦੀ ਤੀਬਰਤਾ 8.0 ਦਰਜ ਕੀਤੀ ਅਤੇ ਦੱਸਿਆ ਕਿ ਇਹ ਦੇਸ਼ ਦੇ ਦੱਖਣੀ ਤੱਟ ਨੇੜੇ ਆਇਆ। ਕਈ ਰਿਪੋਰਟਾਂ ਵਿਚ ਇਸ ਦੀ ਸ਼ਿੱਦਤ 7.5 ਤੋਂ 8 ਦੱਸੀ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਪਨਾਮਾ ਦਾ ਕੌਮਾਂਤਰੀ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ। ਭੂਚਾਲ ਦੇ ਝਟਕਿਆਂ ਤੋਂ ਬਾਅਦ ਕਈ ਸੂਬਿਆਂ ਵਿਚ ਬਿਜਲੀ ਸਪਲਾਈ ਠੱਪ ਹੋ ਗਈ ਹੈ।
ਭੂਚਾਲ ਦੀ ਤੀਬਰਤਾ ਨੂੰ ਦੇਖਦਿਆਂ ਸੁਨਾਮੀ ਦੇ ਖ਼ਤਰੇ ਬਾਰੇ ਵੀ ਚਿੰਤਾ ਪ੍ਰਗਟਾਈ ਜਾ ਰਹੀ ਹੈ। ਪਨਾਮਾ ਸਿਟੀ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲੇ ਤੱਕ ਜਾਨੀ-ਮਾਲੀ ਨੁਕਸਾਨ, ਇਮਾਰਤਾਂ ਨੂੰ ਹੋਏ ਨੁਕਸਾਨ ਜਾਂ ਲੋਕਾਂ ਦੇ ਜ਼ਖ਼ਮੀ ਹੋਣ ਬਾਰੇ ਕੋਈ ਵੇਰਵਾ ਸਾਹਮਣੇ ਨਹੀਂ ਆਇਆ। ਜਾਣਕਾਰੀ ਅਨੁਸਾਰ ਮੱਧ ਅਮਰੀਕੀ ਦੇਸ਼ ਪਨਾਮਾ ਦੇ ਤੱਟ ਨੇੜੇ 7.6 ਤੀਬਰਤਾ ਵਾਲੇ ਭੂਚਾਲ ਦੇ ਸ਼ਕਤੀਸ਼ਾਲੀ ਝਟਕੇ ਮਹਿਸੂਸ ਕੀਤੇ ਗਏ ਜਿਸ ਤੋਂ ਬਾਅਦ ਕਈ ਦੇਸ਼ਾਂ ਦੇ ਤੱਟੀ ਇਲਾਕਿਆਂ ਵਿੱਚ ਸੁਨਾਮੀ ਆਉਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਅਮਰੀਕਾ ਜਿਓਲੋਜੀਕਲ ਸੈਂਟਰ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਤਿੰਨ ਘੰਟਿਆਂ ਦੌਰਾਨ ਕਈ ਤੱਟੀ ਇਲਾਕਿਆਂ ਵਿੱਚ ਖ਼ਤਰਨਾਕ ਸੁਨਾਮੀ ਲਹਿਰਾਂ ਉੱਠ ਸਕਦੀਆਂ ਹਨ। ਰਾਇਟਰਜ਼ ਦੀ ਰਿਪੋਰਟ ਅਨੁਸਾਰ ਸੁਨਾਮੀ ਦਾ ਖ਼ਤਰਾ ਪਨਾਮਾ, ਕੋਲੰਬੀਆ, ਕੋਸਟਾ ਰੀਕਾ, ਇਕਵਾਡੋਰ, ਪੇਰੂ, ਨਿਕਾਰਾਗੁਆ, ਗੁਆਟੇਮਾਲਾ, ਅਲ ਸਲਵਾਡੋਰ ਅਤੇ ਮੈਕਸਿਕੋ ਦੇ ਕੁਝ ਤੱਟੀ ਹਿੱਸਿਆਂ ਲਈ ਦੱਸਿਆ ਗਿਆ ਹੈ। ਇਸ ਦੌਰਾਨ ਹਵਾਈ ਟਾਪੂਆਂ ਲਈ ਵੀ ਸੁਨਾਮੀ ਦਾ ਖ਼ਤਰਾ ਜ਼ਾਹਰ ਕੀਤਾ ਗਿਆ ਹੈ।
ਤੱਟੀ ਇਲਾਕਿਆਂ ’ਤੇ ਨਜ਼ਰ
ਭੂਚਾਲ ਦੀ ਤੀਬਰਤਾ ਅਤੇ ਇਸ ਤੋਂ ਬਾਅਦ ਸੁਨਾਮੀ ਦੀ ਸੰਭਾਵਨਾ ਕਾਰਨ ਪ੍ਰਭਾਵਿਤ ਦੇਸ਼ਾਂ ਦੇ ਤੱਟੀ ਇਲਾਕਿਆਂ ਵਿੱਚ ਚੌਕਸੀ ਦੀ ਲੋੜ ਹੈ। ਸੁਨਾਮੀ ਦੀਆਂ ਲਹਿਰਾਂ ਸਮੁੰਦਰ ਵਿੱਚ ਭੂਚਾਲ ਆਉਣ ਤੋਂ ਬਾਅਦ ਤੇਜ਼ੀ ਨਾਲ ਫੈਲ ਸਕਦੀਆਂ ਹਨ ਅਤੇ ਤੱਟ ’ਤੇ ਪਹੁੰਚਣ ਸਮੇਂ ਜਾਨ-ਮਾਲ ਲਈ ਖ਼ਤਰਾ ਬਣ ਸਕਦੀਆਂ ਹਨ। ਰਾਇਟਰਜ਼ ਵੱਲੋਂ ਜਾਰੀ ਰਿਪੋਰਟ ਵਿੱਚ ਹਾਲੇ ਤੱਕ ਭੂਚਾਲ ਕਾਰਨ ਹੋਏ ਜਾਨੀ-ਮਾਲੀ ਨੁਕਸਾਨ ਜਾਂ ਸੁਨਾਮੀ ਦੀਆਂ ਲਹਿਰਾਂ ਦੇ ਤੱਟਾਂ ’ਤੇ ਪਹੁੰਚਣ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਗਿਆ। ਪ੍ਰਭਾਵਿਤ ਇਲਾਕਿਆਂ ਵਿੱਚ ਸਥਿਤੀ ਬਾਰੇ ਹੋਰ ਜਾਣਕਾਰੀ ਦੀ ਉਡੀਕ ਹੈ।
ਇਮਾਰਤਾਂ ਹਿੱਲੀਆਂ, ਲੋਕ ਘਰਾਂ ’ਚੋਂ ਨਿਕਲ ਕੇ ਸੜਕਾਂ ’ਤੇ ਆਏ; ਤਿੰਨ ਸੂਬਿਆਂ ਵਿੱਚ ਨੁਕਸਾਨ ਦੀਆਂ ਰਿਪੋਰਟਾਂ
ਪਨਾਮਾ ਵਿੱਚ ਆਏ ਸ਼ਕਤੀਸ਼ਾਲੀ ਭੂਚਾਲ ਮਗਰੋਂ ਸ਼ੁੱਕਰਵਾਰ ਨੂੰ ਪਨਾਮਾ, ਕੋਲੰਬੀਆ, ਇਕਵਾਡੋਰ, ਨਿਕਾਰਾਗੁਆ ਅਤੇ ਗੁਆਟੇਮਾਲਾ ਦੇ ਤੱਟੀ ਇਲਾਕਿਆਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਪਨਾਮਾ ਦੇ ਦੱਖਣੀ ਸਿਰੇ ਨੇੜੇ ਪਿਤਾਲੋਜ਼ਾ ਅਰੀਬਾ ਦੀ ਦੂਰ-ਦੁਰਾਡੇ ਵਸੋਂ ਤੋਂ ਲਗਪਗ 10 ਕਿਲੋਮੀਟਰ ਦੱਖਣ-ਪੱਛਮ ਵੱਲ ਸੀ। ਇਹ ਭੂਚਾਲ ਧਰਤੀ ਦੀ ਸਤਹਿ ਤੋਂ 10 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ। ਭੂਚਾਲ ਦੇ ਝਟਕੇ ਪਨਾਮਾ ਦੀ ਰਾਜਧਾਨੀ ਪਨਾਮਾ ਸਿਟੀ ਵਿੱਚ ਵੀ ਮਹਿਸੂਸ ਕੀਤੇ ਗਏ। ਉੱਥੇ ਇਮਾਰਤਾਂ ਹਿੱਲਣ ਕਾਰਨ ਲੋਕ ਘਰਾਂ ਅਤੇ ਇਮਾਰਤਾਂ ’ਚੋਂ ਬਾਹਰ ਨਿਕਲ ਕੇ ਸੜਕਾਂ ’ਤੇ ਆ ਗਏ। ਲੋਕ ਭੂਚਾਲ ਕਾਰਨ ਹੋਏ ਨੁਕਸਾਨ ਬਾਰੇ ਜਾਣਕਾਰੀ ਦੀ ਉਡੀਕ ਕਰ ਰਹੇ ਸਨ ਅਤੇ ਕਾਫ਼ੀ ਡਰੇ ਹੋਏ ਦਿਖਾਈ ਦਿੱਤੇ। ਭੂਚਾਲ ਨਾਲ ਪ੍ਰਭਾਵਿਤ ਹੇਰੇਰਾ ਸੂਬੇ ਦੇ ਰਹਿਣ ਵਾਲੇ 60 ਸਾਲਾ ਰੋਸੇਂਡੋ ਡੋਮਿੰਗੁਏਜ਼ ਨੇ ਦੱਸਿਆ, “ਅਸੀਂ ਭੂਚਾਲ ਦੇ ਝਟਕੇ ਬਹੁਤ ਜ਼ੋਰ ਨਾਲ ਮਹਿਸੂਸ ਕੀਤੇ। ਰਸੋਈ ਵਿੱਚ ਪਈਆਂ ਚੀਜ਼ਾਂ ਡਿੱਗ ਗਈਆਂ ਪਰ ਅਸੀਂ ਠੀਕ ਹਾਂ।
ਹਾਲਾਂਕਿ ਅਸੀਂ ਬਹੁਤ ਡਰੇ ਹੋਏ ਹਾਂ। ਹਰ ਕੋਈ ਡਰਿਆ ਹੋਇਆ ਬਾਹਰ ਖੜ੍ਹਾ ਹੈ। ਭੂਚਾਲ ਤੋਂ ਥੋੜ੍ਹੀ ਦੇਰ ਬਾਅਦ ਵੀ ਸ਼ੁੱਕਰਵਾਰ ਨੂੰ ਝਟਕੇ ਮਹਿਸੂਸ ਕੀਤੇ ਜਾਂਦੇ ਰਹੇ। ਪਨਾਮਾ ਦੇ ਕੌਮੀ ਮੌਸਮ ਸੇਵਾ ਵਿਭਾਗ ਨੇ ਪੰਜ ਦੇਸ਼ਾਂ ਦੇ ਤੱਟਾਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ। ਕੌਮੀ ਨਾਗਰਿਕ ਸੁਰੱਖਿਆ ਸੇਵਾ ਦੇ ਅਧਿਕਾਰੀ ਓਮਰ ਸਮਿੱਥ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਨੁਕਸਾਨ ਮੁੱਖ ਤੌਰ ’ਤੇ ਵੇਰਾਗੁਆਸ, ਹੇਰੇਰਾ ਅਤੇ ਲੋਸ ਸਾਂਤੋਸ ਸੂਬਿਆਂ ਵਿੱਚ ਹੋਇਆ ਹੈ। ਉਨ੍ਹਾਂ ਕਿਹਾ ਕਿ ਉੱਚੀਆਂ ਇਮਾਰਤਾਂ ਲਈ ਜਾਣੇ ਜਾਂਦੇ ਪਨਾਮਾ ਸਿਟੀ ਵਿੱਚ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ।
Share this content:



Post Comment