Loading Now

ਜਗਤਾਰ ਸਿੰਘ ਹਵਾਰਾ ਇਕ ਦਿਨ ਦੀ ਪੈਰੋਲ ’ਤੇ ਆਉਣ ਲਈ ਸਹਿਮਤ

ਜਗਤਾਰ ਸਿੰਘ ਹਵਾਰਾ ਇਕ ਦਿਨ ਦੀ ਪੈਰੋਲ ’ਤੇ ਆਉਣ ਲਈ ਸਹਿਮਤ

ਚੰਡੀਗੜ੍ਹ, 10 ਅਕਤੂਬਰ – ਸਾਬਕਾ ਪੰਜਾਬ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਜਗਤਾਰ ਸਿੰਘ ਹਵਾਰਾ ਵਲੋਂ ਇਕ ਦਿਨ ਦੀ ਪੈਰੋਲ ਲੈਣ ਲਈ ਸਹਿਮਤ ਹੋਣ ਦੇ ਚਰਚੇ ਹਨ। ਇਹ ਕਿਹਾ ਜਾ ਰਿਹਾ ਹੈ ਕਿ ਹਵਾਰਾ ਆਪਣੀ ਬਜ਼ੁਰਗ ਤੇ ਬਿਮਾਰ ਮਾਤਾ ਨੂੰ ਮਿਲਣ ਲਈ ਇਕ ਦਿਨ ਦੀ ਪੈਰੋਲ ਲੈਣ ਵਾਸਤੇ ਸਹਿਮਤ ਹੋ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤੋਂ ਪਹਿਲਾਂ ਜਗਤਾਰ ਸਿੰਘ ਹਵਾਰਾ ਲਈ 10 ਦਿਨ ਦੀ ਪੈਰੋਲ ਦੇਣ ਦੀ ਸਿਫ਼ਾਰਸ਼ ਕੀਤੀ ਸੀ। ਹਾਲਾਂਕਿ, ਸੁਰੱਖਿਆ ਅਤੇ ਹੋਰ ਤਕਨੀਕੀ ਕਾਰਨਾਂ ਕਰਕੇ ਇਹ ਤਜਵੀਜ਼ ਅੰਤਿਮ ਰੂਪ ਨਹੀਂ ਲੈ ਸਕੀ। ਜਾਣਕਾਰੀ ਅਨੁਸਾਰ ਹਵਾਰਾ ਦੀ ਮਾਤਾ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ। ਇਸ ਨੂੰ ਦੇਖਦਿਆਂ ਪਰਿਵਾਰ ਨੇ ਹਵਾਰਾ ਨੂੰ ਇਕ ਦਿਨ ਦੀ ਪੈਰੋਲ ਲੈਣ ਲਈ ਸਹਿਮਤ ਹੋਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਹਵਾਰਾ ਨੇ ਆਪਣੀ ਸਹਿਮਤੀ ਦੇ ਦਿੱਤੀ।

ਇਹ ਪਤਾ ਲੱਗਿਆ ਹੈ ਕਿ ਹਵਾਰਾ ਨੂੰ ਆਪਣੀ ਮਾਤਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਮਿਲਣ ਲਈ ਲਗਪਗ ਸੱਤ ਤੋਂ ਅੱਠ ਘੰਟੇ ਮਿਲ ਸਕਦੇ ਹਨ। ਇਸ ਸਮੇਂ ਵਿੱਚ ਦਿੱਲੀ ਤੋਂ ਪੰਜਾਬ ਆਉਣ ਅਤੇ ਵਾਪਸ ਜਾਣ ਲਈ ਲੱਗਣ ਵਾਲਾ ਸਮਾਂ ਸ਼ਾਮਲ ਨਹੀਂ ਹੋਵੇਗਾ। ਪ੍ਰਸ਼ਾਸਨ ਵੱਲੋਂ ਆਉਣ-ਜਾਣ ਅਤੇ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਹਵਾਰਾ ਦੀ ਸਹਿਮਤੀ ਹਾਲੇ ਜ਼ੁਬਾਨੀ ਹੈ। ਪੈਰੋਲ ਸਬੰਧੀ ਕੋਈ ਲਿਖਤੀ ਹੁਕਮ ਜਾਰੀ ਨਹੀਂ ਹੋਇਆ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਦੀ ਤਰੀਕ ਵੀ ਤੈਅ ਨਹੀਂ ਕੀਤੀ ਗਈ। ਪਰਿਵਾਰ ਨੂੰ ਉਮੀਦ ਹੈ ਕਿ ਲੋੜੀਂਦੀਆਂ ਕਾਨੂੰਨੀ ਰਸਮਾਂ ਪੂਰੀਆਂ ਹੋਣ ਮਗਰੋਂ ਇਹ ਮੁਲਾਕਾਤ ਸੰਭਵ ਹੋ ਸਕੇਗੀ।

Share this content:

Post Comment