Loading Now

ਉਡੀਕਾਂ ਮਾਮੇ ਦੇ ਟਰੱਕ ਦੀਆਂ

ਉਡੀਕਾਂ ਮਾਮੇ ਦੇ ਟਰੱਕ ਦੀਆਂ

ਗੱਲ ਸੰਨ 1995 ਦੇ ਆਸ-ਪਾਸ ਦੀ ਹੋਣੀ ਐ। ਸ਼ਾਮ ਵੇਲੇ ਸਾਡੇ ਘਰਾਂ ਨੇੜਲੀ ਵੱਡੀ ਗਲੀ ਵਿੱਚ ਟਰੱਕ ਰੋਕਣ ਤੋਂ ਪਹਿਲਾਂ, ਦੋ-ਤਿੰਨ ਵਾਰ ਦੱਬੀ ਰੇਸ ਦੀ ਆਵਾਜ਼ ਸਾਡੇ ਸਾਰੇ ਘਰਾਂ ਦੇ ਨਿਆਣਿਆਂ ਨੂੰ ਬਾਹਰ ਖਿੱਚ ਲਿਆਉਂਦੀ ਸੀ। ਦਰਮਿਆਨਾ ਕੱਦ, ਬਿੱਲੀਆਂ ਅੱਖਾਂ, ਗੇਰੂਆ ਰੰਗ, ਚਿਹਰੇ ਨਾਲ ਮੇਲ ਖਾਂਦੀ ਇੱਕਸਾਰ ਕੱਟੀ ਹੋਈ ਕਾਲੀ ਦਾੜ੍ਹੀ, ਤੇੜ ਕੁੜਤਾ ਪਜਾਮਾ ਅਤੇ ਮੋਢੇ ’ਤੇ ਡੱਬੀਦਾਰ ਪਰਨਾ, ਪੈਰੀਂ ਪਾਈ ਕੱਢਵੀਂ ਨੋਕਦਾਰ ਜੁੱਤੀ, ਪਰਨੇ ਨਾਲ ਕੱਪੜੇ ਤੇ ਜੁੱਤੀ ਝਾੜਦਾ ਜੱਗ ਮਾਮਾ ਪੁਰਾਣੇ ਡੀ-ਮਾਡਲ ਟਰੱਕ ਵਿੱਚੋਂ ਉੱਤਰਦਾ ਤਾਂ ਅਸੀਂ ਸਾਰੇ ਮਾਮੇ ਦੇ ਦੁਆਲੇ ਝੁੰਡ ਬਣਾ ਲੈਂਦੇ। ਅੱਗੋਂ ਮਾਮੇ ਨੇ ਹੱਸ ਕੇ ਕਹਿਣਾ, “ਆ ਗਏ ਸਾਰੇ ਬਾਂਦਰ ਇਕੱਠੇ ਹੋ ਕੇ।” ਜੱਗ ਮਾਮਾ ਮੇਰੇ ਤਾਏ ਦਾ ਸਾਲਾ ਸੀ ਪਰ ਹਸਮੁਖ ਤੇ ਨਿੱਘੇ ਸੁਭਾਅ ਕਾਰਨ ਉਹ ਆਸ-ਪਾਸ ਦੇ ਸਾਰੇ ਘਰਾਂ ਦੇ ਬੱਚਿਆਂ ਦਾ ਸਾਂਝਾ ਮਾਮਾ ਸੀ, ਜੋ ਕਦੇ ਕਿਸੇ ਬੱਚੇ ਨੂੰ ਨਹੀਂ ਸੀ ਝਿੜਕਦਾ।

ਟਰੱਕ ਖੜ੍ਹਾ ਕਰਕੇ ਘਰ ਜਾਣ ਤੋਂ ਪਹਿਲਾਂ ਮਾਮਾ ਸਾਰੀਆਂ ਤਾਕੀਆਂ ਚੰਗੀ ਤਰ੍ਹਾਂ ਬੰਦ ਕਰਕੇ ਸਾਨੂੰ ਹਦਾਇਤ ਜ਼ਰੂਰ ਦਿੰਦਾ ਕਿ ਟਾਇਰਾਂ ਦੀਆਂ ਹਵਾ ਵਾਲੀਆਂ ਟੂਟੀਆਂ ਕੋਈ ਨਾ ਛੇੜੇ, ਬਾਕੀ ਕਿਤੇ ਮਰਜ਼ੀ ਚੜ੍ਹੋ-ਉੱਤਰੋ ਤੇ ਖੇਡੋ। ਮਾਮੇ ਦਾ ਟਰੱਕ ਮਹੀਨੇ ਵਿੱਚ ਦੋ-ਤਿੰਨ ਵਾਰ ਜਦੋਂ ਵੀ ਪਿੰਡ ਆ ਕੇ ਰੁਕਦਾ, ਅਸੀਂ ਸਾਰੇ ਨਿਆਣੇ ਅੱਧੀ-ਅੱਧੀ ਰਾਤ ਤੱਕ ਟਰੱਕ ’ਤੇ ਖੇਡਦੇ ਰਹਿੰਦੇ। ਕੋਈ ਟੂਲ ’ਤੇ ਚੜ੍ਹ ਜਾਂਦਾ, ਕੋਈ ਬਾਂਦਰਾਂ ਵਾਂਗ ਬਾਡੀ ’ਤੇ ਜਾ ਬਹਿੰਦਾ, ਕੋਈ ਵਿਚਕਾਰ ਲੱਗੇ ਬਾਲੇ ਦੇ ਗੋਲ ਕੁੰਡਿਆਂ ਨੂੰ ਫੜ ਕੇ ਪਲਟੀਆਂ ਮਾਰਦਾ ਅਤੇ ਕੋਈ ਟਰੱਕ ਦੇ ਹੇਠਾਂ ਵੜ ਜਾਂਦਾ। ਉਸ ਵਕਤ ਸੋਸ਼ਲ ਮੀਡੀਆ ਨੇ ਬੱਚਿਆਂ ਨੂੰ ਮੋਬਾਈਲਾਂ ਨਾਲ ਘਰਾਂ ਵਿੱਚ ਕੈਦ ਨਹੀਂ ਸੀ ਕੀਤਾ ਹੋਇਆ।

ਸਾਡੇ ਘਰਾਂ ਜਾਂ ਆਂਢ-ਗੁਆਂਢ ਵਿੱਚ ਜਦੋਂ ਵੀ ਕਿਸੇ ਮੁੰਡੇ ਦਾ ਵਿਆਹ ਹੁੰਦਾ, ਬਰਾਤ ਲਿਜਾਣ ਲਈ ਮਾਮੇ ਦਾ ਟਰੱਕ ਪਹਿਲਾਂ ਹੀ ਪੱਕਾ ਬੁੱਕ ਹੁੰਦਾ ਸੀ। ਉਨ੍ਹਾਂ ਦਿਨਾਂ ਵਿੱਚ ਲੋਕਾਂ ਨੂੰ ਲੋਕ ਵਿਖਾਵੇ ਦੀ ਸ਼ੈਅ ਨੇ ਨਹੀਂ ਸੀ ਡੰਗਿਆ। ਬਰਾਤ ਲਈ ਅੱਜ ਵਾਂਗ ਕਾਰਾਂ ਦੀਆਂ ਲੰਮੀਆਂ ਕਤਾਰਾਂ ਨਹੀਂ ਹੁੰਦੀਆਂ ਸਨ ਅਤੇ ਨਾ ਹੀ ਦਾਜ ਦਾ ਸਾਮਾਨ ਬਹੁਤਾ ਹੁੰਦਾ ਸੀ, ਸਿਰਫ਼ ਜ਼ਰੂਰੀ ਵਸਤਾਂ ਹੀ ਕੁੜੀ ਨੂੰ ਦਿੱਤੀਆਂ ਜਾਂਦੀਆਂ ਸਨ। ਇਸੇ ਕਰਕੇ ਬਰਾਤ ਵਾਲੇ ਟਰੱਕ ਵਿੱਚ ਹੀ ਦਾਜ ਦਾ ਸਮਾਨ ਤੇ ਬਰਾਤੀ ਆ ਜਾਂਦੇ ਸਨ। ਸਾਡੇ ਗੁਆਂਢ ਵਿੱਚ ਇੱਕ ਮੁੰਡੇ ਦੀ ਬਰਾਤ ਜਾਣ ਸਮੇਂ ਮਾਮੇ ਨਾਲ ਜੁੜੀ ਮਖੌਲੀਆ ਗੱਲ ਅੱਜ ਵੀ ਮਸ਼ਹੂਰ ਹੈ। ਇੱਕ ਰੰਗ-ਬਰੰਗੇ ਰਿਬਨਾਂ ਨਾਲ ਸਜਾਈ ਮਰੂਤੀ ਕਾਰ ਵਿਆਹ ਵਾਲੇ ਮੁੰਡੇ ਤੇ ਕੁਝ ਖ਼ਾਸ ਮਹਿਮਾਨਾਂ ਲਈ ਸੀ ਅਤੇ ਬਾਕੀ ਬਰਾਤੀਆਂ ਲਈ ਮਾਮੇ ਦਾ ਟਰੱਕ ਤਿਆਰ ਖੜ੍ਹਾ ਸੀ। ਮੁੰਡੇ ਨੇ ਗੁਰੂ ਘਰ ਮੱਥਾ ਟੇਕਿਆ ਤੇ ਕਾਰ ਤੁਰ ਗਈ, ਪਰ ਟਰੱਕ ਵਿੱਚ ਚੜ੍ਹਨ ਵਾਲੇ ਬਰਾਤੀ ਆਨਾ-ਕਾਨੀ ਕਰ ਰਹੇ ਸਨ। ਕੋਈ ਕਹਿੰਦਾ ਮੈਂ ਮੂਹਰਲੇ ਕੈਬਿਨ ਵਿੱਚ ਬੈਠਣਾ, ਕੋਈ ਪਿਛਲੇ ਪਾਸੇ ਬੈਠਣ ਦੀ ਜ਼ਿੱਦ ਕਰਦਾ।

Share this content:

Post Comment