Loading Now

ਕੈਨੇਡਾ ਦੇ ਕੁਦਰਤੀ ਸੁਹੱਪਣ ਨੂੰ ਚਾਰ ਚੰਨ ਲਾਉਂਦੀ ਪੱਤਝੜ

ਕੈਨੇਡਾ ਦੇ ਕੁਦਰਤੀ ਸੁਹੱਪਣ ਨੂੰ ਚਾਰ ਚੰਨ ਲਾਉਂਦੀ ਪੱਤਝੜ

ਕੁਦਰਤ ਨੇ ਧਰਤੀ ਦੇ ਵੱਖ ਵੱਖ ਹਿੱਸਿਆਂ ਵਿੱਚ ਗਰਮੀ ਸਰਦੀ ਦੇ ਵਖਰੇਵੇਂ ਤਾਂ ਕੀਤੇ ਹਨ, ਪਰ ਸਰਦੀ, ਗਰਮੀ, ਬਸੰਤ ਤੇ ਪੱਤਝੜ ਚਾਰੇ ਰੁੱਤਾਂ ਸਭ ਦੀਆਂ ਇੱਕੋ ਤਰ੍ਹਾਂ ਹਨ। ਹਰੇਕ ਰੁੱਤ ਦੇ ਆਪਣੇ ਆਪਣੇ ਗੁਣ ਤੇ ਔਗੁਣ ਹੁੰਦੇ ਹਨ। ਕਿਸੇ ਨੂੰ ਸਰਦੀ ਤੇ ਕਿਸੇ ਹੋਰ ਨੂੰ ਗਰਮੀ ਚੰਗੀ ਲੱਗਦੀ ਹੈ। ਬਸੰਤ ਰੁੱਤ ਨੂੰ ਸਰਦੀ ਦੇ ਖਾਤਮੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸੇ ਲਈ ਇਸ ਦੀ ਆਮਦ ’ਤੇ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ। ਬਿਨਾਂ ਪੱਤਿਆਂ ਦੇ ਖੜੇ ਰੁੱਖਾਂ ਦਾ ਪੁੰਗਾਰਾ ਸ਼ੁਰੂ ਹੋ ਜਾਂਦਾ ਹੈ। ਨਵੇਂ ਪੱਤਿਆਂ ਦੀ ਹਰਿਆਵਲ ਅਤੇ ਅਤੇ ਵੱਖ ਵੱਖ ਰੰਗਾਂ ਦੇ ਫੁੱਲ ਹਰੇਕ ਦੇ ਮਨ ਨੂੰ ਭਾਉਂਦੇ ਹਨ। ਫੁੱਲਾਂ ਦੀ ਖੁਸ਼ਬੋ ਵੱਖਰੀ ਤਰ੍ਹਾਂ ਦਾ ਮਾਹੌਲ ਪੈਦਾ ਕਰਦੀ ਹੈ।

ਗਰਮੀ ਤੋਂ ਬਾਅਦ ਬਰਸਾਤ ਅਤੇ ਫਿਰ ਸਰਦ ਰੁੱਤ ਦੀ ਦਸਤਕ ਵਾਲੇ ਮੌਸਮ ਨੂੰ ਪੱਤਝੜ ਕਿਹਾ ਜਾਂਦਾ ਹੈ। ਹਰੇ ਭਰੇ ਰੁੱਖਾਂ ਦੇ ਪੱਤੇ ਝੜਨ ਲੱਗਦੇ ਹਨ ਤੇ ਦਿਨਾਂ ਵਿੱਚ ਹੀ ਸਾਰਾ ਆਲਾ ਦੁਆਲਾ ਰੁੰਡ ਮਰੁੰਡ ਦਿਸਣ ਲੱਗ ਪੈਂਦਾ ਹੈ। ਕੈਨੇਡਾ ਦੀ ਪੱਤਝੜ ਹੋਰਾਂ ਤੋਂ ਕੁਝ ਵੱਖਰੀ ਹੈ। ਵੈਸੇ ਤਾਂ ਇੱਥੋਂ ਦੇ ਕਈ ਰੁੱਖਾਂ ਦੀਆਂ ਕਈ ਕਿਸਮਾਂ ਸਾਲ ਭਰ ਹਰੀਆਂ ਭਰੀਆਂ ਰਹਿੰਦੀਆਂ ਹਨ ਤੇ ਪੁਰਾਣੇ ਪੱਤੇ ਨਹੀਂ ਝਾੜਦੀਆਂ, ਪਰ ਵੱਸੋਂ ਵਾਲੇ ਖੇਤਰਾਂ ਵਿੱਚ ਆਮ ਕਰਕੇ ਅਜਿਹੇ ਰੁੱਖ ਹਨ, ਜੋ ਪੱਤਝੜ ਦੇ ਦਿਨਾਂ ’ਚ ਕੈਨੇਡਾ ਦੇ ਕੁਦਰਤੀ ਸੁਹੱਪਣ ਨੂੰ ਹੋਰ ਚਾਰ ਚੰਨ ਲਾਉਂਦੇ ਹਨ। ਕੈਨੇਡਾ ਦੀ ਗੱਲ ਕਰਦਿਆਂ ਇਹ ਦੱਸਣਾ ਜ਼ਰੂਰੀ ਬਣਦਾ ਹੈ ਕਿ ਇਸ ਦਾ ਪੂਰਬੀ ਤੱਟ ਐਟਲਾਂਟਿਕ ਮਹਾਸਾਗਰ ਨਾਲ ਜੁੜਦਾ ਹੈ। ਪੱਛਮੀ ਪਾਸੇ ਪ੍ਰਸ਼ਾਂਤ ਮਹਾਸਾਗਰ ਤੇ ਉੱਤਰ ਪਾਸੇ ਆਰਕਟਿਕ ਸਾਗਰ ਹੈ, ਜਿੱਥੇ ਭਾਰੀ ਮਾਤਰਾ ’ਚ ਬਰਫ਼ ਪੈਂਦੀ ਹੈ। ਦੱਖਣੀ ਪਾਸੇ ਅਮਰੀਕਾ ਦੀ ਹੱਦ ਹੈ। ਪੂਰਬ ਤੋਂ ਪੱਛਮ ਤੱਕ ਦੂਰੀ 5600 ਕਿਲੋਮੀਟਰ ਹੈ ਅਤੇ ਉੱਤਰ ਤੋਂ ਦੱਖਣ ਤੱਕ 4600 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਇਸ ਦੀ ਬਹੁਤੀ ਆਬਾਦੀ ਦੱਖਣੀ ਪਾਸੇ ਰਹਿੰਦੀ ਹੈ। ਉੱਤਰੀ ਪਾਸਾ ਆਮ ਕਰਕੇ ਜੰਗਲਾਂ, ਝੀਲਾਂ ਤੇ ਪਹਾੜੀ ਖੇਤਰਾਂ ਵਿੱਚ ਘਿਰਿਆ ਹੋਇਆ ਹੈ।

ਹੁਣ ਗੱਲ ਕਰਦੇ ਹਾਂ ਇਸ ਦੀ ਹਰਿਆਵਲ ਤੇ ਸੁੰਦਰਤਾ ਦੀ। ਜਿਵੇਂ ਉੱਪਰ ਦੱਸਿਆ ਗਿਆ ਹੈ ਕਿ ਕਈ ਕਿਸਮਾਂ ਦੇ ਰੁੱਖਾਂ ਦੇ ਪੱਤੇ ਸਾਰਾ ਸਾਲ ਹਰੇ ਰਹਿੰਦੇ ਨੇ ਤੇ ਕਈ ਦਿਨਾਂ ਤੱਕ ਬਰਫ਼ ਹੇਠ ਰਹਿਣ ਦੇ ਬਾਵਜੂਦ ਉਨ੍ਹਾਂ ਦੀ ਹਰਿਆਵਲ ਫਿੱਕੀ ਨਹੀਂ ਪੈਂਦੀ, ਪਰ ਵੱਖ ਵੱਖ ਵੰਨਗੀਆਂ ਦੇ ਕੁਝ ਰੁੱਖ ਪੱਤਝੜ ਵਿੱਚ ਪੱਤੇ ਝਾੜਨ ਤੋਂ ਪਹਿਲਾਂ ਉਨ੍ਹਾਂ ਦੇ ਰੰਗ ਬਦਲਦੇ ਹਨ। ਕਈਆਂ ਦੇ ਰੰਗ ਗਾੜ੍ਹੇ ਪੀਲੇ, ਕਈਆਂ ਦੇ ਲਾਲ, ਸੁਨਹਿਰੀ ਤੇ ਗੁਲਾਬੀ ਭਾਅ ਵਾਲੇ ਹੋਣ ਤੋਂ ਕਈ ਦਿਨ ਬਾਅਦ ਝੜਦੇ ਹਨ। ਇਸ ਤਰ੍ਹਾਂ ਹਰੇਕ ਰੁੱਖ ਰੁੰਡ ਮਰੁੰਡ ਹੋਣ ਤੋਂ ਪਹਿਲਾਂ ਆਪਣੇ ਰੰਗ ਜ਼ਰੂਰ ਵਿਖਾਉਂਦਾ ਹੈ। ਆਮ ਕਰਕੇ ਇਹ ਪ੍ਰੀਕਿਰਿਆ ਸਤੰਬਰ ਦੇ ਆਖਰੀ ਹਫ਼ਤੇ ਸ਼ੁਰੂ ਹੁੰਦੀ ਹੈ ਤੇ ਅਕਤੂਬਰ ਦੇ ਆਖਰ ਤੱਕ ਚੱਲਦੀ ਹੈ। ਵੱਖ ਵੱਖ ਸੂਬਿਆਂ ਵਿੱਚ ਇੱਕ ਦੋ ਹਫ਼ਤਿਆਂ ਦੀ ਅਗੇਤ ਪਛੇਤ ਹੋ ਜਾਂਦੀ ਹੈ, ਜੋ ਆਮ ਕਰਕੇ ਉੱਥੋਂ ਦੇ ਉਸ ਸਾਲ ਦੇ ਮੌਸਮ ’ਤੇ ਨਿਰਭਰ ਕਰਦਾ ਹੈ। ਕੁਦਰਤ ਦੇ ਪ੍ਰੇਮੀ ਇਨ੍ਹਾਂ ਦਿਨਾਂ ਵਿੱਚ ਆਪਣਾ ਬਹੁਤਾ ਸਮਾਂ ਪਾਰਕਾਂ ਵਿੱਚ ਜਾਂ ਸੈਰ ਕਰਦਿਆਂ ਬਿਤਾਉਂਦੇ ਹਨ ਤਾਂ ਕਿ ਇਸ ਸੁੰਦਰਤਾ ਨੂੰ ਵੱਧ ਤੋਂ ਵੱਧ ਨਿਹਾਰਿਆ ਜਾ ਸਕੇ।

Share this content:

Post Comment