Loading Now

ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ

ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ

*ਪੰਜਾਬੀਅਤ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਪੰਜਾਬ ਭਰ ਦੇ ਨਾਮਵਰ ਕਵੀਆਂ ਤੇ ਸ਼ਾਇਰਾਂ ਨੇ ਬੰਨ੍ਹਿਆ ਰੰਗ ਨਜ਼ਮਾਂ, ਗ਼ਜ਼ਲਾਂ ਤੇ ਗੀਤਾਂ ਨਾਲ ਸਾਂਝੀ ਕੀਤੀ ਸਾਹਿਤਕ ਮਹਿਕ

ਦਸੂਹਾ, 21 ਸਤੰਬਰ – ਪੰਜਾਬੀ ਜ਼ੁਬਾਨ ਦੇ ਮਹਾਨ ਕਹਾਣੀਕਾਰ ਲਾਲ ਸਿੰਘ ਦਸੂਹਾ ਦੀ ਯਾਦ ਨੂੰ ਸਮਰਪਿਤ ਗਠਿਤ ਕੀਤੇ ਗਏ ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ (ਰਜਿ.) ਪੰਜਾਬ ਵੱਲੋਂ ਆਪਣਾ ਪਲੇਠਾ ਆਨਲਾਈਨ ਕਵੀ ਦਰਬਾਰ ਬੜੇ ਉਤਸ਼ਾਹ, ਸਾਹਿਤਕ ਗੰਭੀਰਤਾ ਅਤੇ ਪੰਜਾਬੀਅਤ ਦੀ ਭਾਵਨਾ ਨਾਲ ਕਰਵਾਇਆ ਗਿਆ। ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਸਮਰਪਿਤ ਇਸ ਕਵੀ ਦਰਬਾਰ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਜੁੜੇ ਨਾਮਵਰ ਕਵੀਆਂ ਅਤੇ ਸ਼ਾਇਰਾਂ ਨੇ ਆਪਣੀਆਂ ਨਜ਼ਮਾਂ, ਗ਼ਜ਼ਲਾਂ ਅਤੇ ਗੀਤ ਪੇਸ਼ ਕਰਕੇ ਸਰੋਤਿਆਂ ਨੂੰ ਸਾਹਿਤਕ ਰੰਗ ਵਿੱਚ ਰੰਗ ਦਿੱਤਾ। ਕਵੀ ਦਰਬਾਰ ਦੀ ਸ਼ੁਰੂਆਤ ਮੌਕੇ ਮੰਚ ਦੇ ਪ੍ਰਧਾਨ ਅਮਰਜੀਤ ਸਿੰਘ ਦਸੂਹਾ ਨੇ ਸਮੂਹ ਸਾਹਿਤਕਾਰਾਂ, ਸ਼ਾਇਰਾਂ ਅਤੇ ਸਰੋਤਿਆਂ ਦਾ ਸਵਾਗਤ ਕਰਦਿਆਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲਾਲ ਸਿੰਘ ਦਸੂਹਾ ਨੇ ਆਪਣੀ ਕਲਮ ਰਾਹੀਂ ਪੰਜਾਬੀ ਕਹਾਣੀ ਨੂੰ ਵਿਲੱਖਣ ਪਹਿਚਾਣ ਦਿੱਤੀ ਅਤੇ ਉਨ੍ਹਾਂ ਦੀ ਯਾਦ ਵਿੱਚ ਬਣਿਆ ਇਹ ਮੰਚ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਨਾਲ ਜੁੜੇ ਰਚਨਾਕਾਰਾਂ ਨੂੰ ਇੱਕ ਸਾਂਝੇ ਮੰਚ ਉੱਤੇ ਇਕੱਠਾ ਕਰਨ ਲਈ ਨਿਰੰਤਰ ਯਤਨ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਦੀਆਂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣਾ ਮੰਚ ਦਾ ਮੁੱਖ ਉਦੇਸ਼ ਹੈ। ਕਵੀ ਦਰਬਾਰ ਦਾ ਮੰਚ ਸੰਚਾਲਨ ਪ੍ਰਸਿੱਧ ਸ਼ਾਇਰ ਅਮਰਜੀਤ ਖਾਕ ਅਤੇ ਗੁਰਿੰਦਰ ਸਫ਼ਰੀ ਨੇ ਬੜੇ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ।

ਦੋਵਾਂ ਸੰਚਾਲਕਾਂ ਨੇ ਆਪਣੀ ਬਾਕਮਾਲ ਪੇਸ਼ਕਾਰੀ ਨਾਲ ਕਵੀ ਦਰਬਾਰ ਨੂੰ ਲਗਾਤਾਰ ਰੌਚਕ ਬਣਾਈ ਰੱਖਿਆ ਅਤੇ ਹਰ ਸ਼ਾਇਰ ਨੂੰ ਆਪਣੀ ਰਚਨਾ ਪੇਸ਼ ਕਰਨ ਲਈ ਸੁਚੱਜਾ ਮੰਚ ਪ੍ਰਦਾਨ ਕੀਤਾ। ਇਸ ਆਨਲਾਈਨ ਕਵੀ ਦਰਬਾਰ ਵਿੱਚ ਮੋਗਾ ਤੋਂ ਤੇ ਦਿਲਸ਼ਾਨ, ਅੰਮ੍ਰਿਤਸਰ ਤੋਂ ਮੈਡਮ ਨੀਲਮ ਭਗਤ, ਹੁਸ਼ਿਆਰਪੁਰ ਤੋਂ ਰਾਜ ਕੁਮਾਰ ਘਾਸੀਪੁਰੀਆਂ, ਪ੍ਰਸਿੱਧ ਗ਼ਜ਼ਲਗੋ ਸਿਮਰ ਜੌਰਾਇਆ, ਹਾਜੀਪੁਰ ਤੋਂ ਜੈਲੀਗੇਰਾ, ਰਾਜਿੰਦਰ ਪੰਨਵਾਂ, ਅਮਰਜੀਤ ਖਾਕ, ਗੁਰਿੰਦਰ ਸਫ਼ਰੀ ਅਤੇ ਮੰਚ ਦੇ ਪ੍ਰਧਾਨ ਅਮਰਜੀਤ ਸਿੰਘ ਦਸੂਹਾ ਸਮੇਤ ਕਈ ਕਵੀਆਂ ਅਤੇ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ। ਸਾਰੇ ਰਚਨਾਕਾਰਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਪੰਜਾਬ ਦੀ ਮਿੱਟੀ, ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ, ਮਨੁੱਖੀ ਰਿਸ਼ਤਿਆਂ, ਸਮਾਜਿਕ ਸਰੋਕਾਰਾਂ ਅਤੇ ਸਮੇਂ ਦੀਆਂ ਹਕੀਕਤਾਂ ਨੂੰ ਆਪਣੀ ਕਲਮ ਦਾ ਵਿਸ਼ਾ ਬਣਾਇਆ। ਕਵੀਆਂ ਵੱਲੋਂ ਪੇਸ਼ ਕੀਤੀਆਂ ਨਜ਼ਮਾਂ, ਗ਼ਜ਼ਲਾਂ ਅਤੇ ਗੀਤਾਂ ਨੇ ਸਰੋਤਿਆਂ ਨੂੰ ਕਦੇ ਭਾਵੁਕ ਕੀਤਾ ਤੇ ਕਦੇ ਪੰਜਾਬੀਅਤ ਦੇ ਜਜ਼ਬੇ ਨਾਲ ਭਰ ਦਿੱਤਾ। ਆਨਲਾਈਨ ਮਾਧਿਅਮ ਰਾਹੀਂ ਕਰਵਾਏ ਗਏ ਇਸ ਕਵੀ ਦਰਬਾਰ ਦਾ ਮਕਸਦ ਪੰਜਾਬ ਦੇ ਵੱਖ-ਵੱਖ ਖਿੱਤਿਆਂ ਵਿੱਚ ਵੱਸਦੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਇੱਕ ਸਾਂਝੇ ਮੰਚ ਨਾਲ ਜੋੜਨਾ ਵੀ ਸੀ। ਇਸ ਉਪਰਾਲੇ ਨੂੰ ਸਾਹਿਤਕ ਹਲਕਿਆਂ ਵੱਲੋਂ ਇੱਕ ਸਾਰਥਕ ਅਤੇ ਸ਼ਲਾਘਾਯੋਗ ਕਦਮ ਵਜੋਂ ਦੇਖਿਆ ਗਿਆ। ਕਵੀ ਦਰਬਾਰ ਦੌਰਾਨ ਲਾਲ ਸਿੰਘ ਦਸੂਹਾ ਦੀ ਸਾਹਿਤਕ ਵਿਰਾਸਤ ਨੂੰ ਯਾਦ ਕਰਦਿਆਂ ਪੰਜਾਬੀ ਸਾਹਿਤ ਪ੍ਰਤੀ ਉਨ੍ਹਾਂ ਦੀ ਦੇਣ ਨੂੰ ਨਮਨ ਕੀਤਾ ਗਿਆਬੁਲਾਰਿਆਂ ਨੇ ਕਿਹਾ ਕਿ ਸਾਹਿਤਕਾਰਾਂ ਦੀਆਂ ਰਚਨਾਵਾਂ ਅਤੇ ਉਨ੍ਹਾਂ ਦੀ ਵਿਚਾਰਧਾਰਕ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਅਜਿਹੇ ਸਾਹਿਤਕ ਸਮਾਗਮਾਂ ਦੀ ਲਗਾਤਾਰ ਲੋੜ ਹੈ।ਅੰਤ ਵਿੱਚ ਮੰਚ ਦੇ ਪ੍ਰਧਾਨ ਅਮਰਜੀਤ ਸਿੰਘ ਦਸੂਹਾ ਵੱਲੋਂ ਕਵੀ ਦਰਬਾਰ ਵਿੱਚ ਸ਼ਾਮਲ ਹੋਏ ਸਮੂਹ ਕਵੀਆਂ, ਸ਼ਾਇਰਾਂ, ਸਾਹਿਤਕਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ (ਰਜਿ.) ਪੰਜਾਬ ਭਵਿੱਖ ਵਿੱਚ ਵੀ ਪੰਜਾਬੀ ਸਾਹਿਤ ਅਤੇ ਪੰਜਾਬੀਅਤ ਨੂੰ ਸਮਰਪਿਤ ਅਜਿਹੇ ਸਾਰਥਕ ਉਪਰਾਲੇ ਜਾਰੀ ਰੱਖੇਗਾ।

Share this content:

Post Comment