ਬਾਬਾ ਫਰੀਦ ਆਗਮਨ ਪੁਰਬ 2026 – “ਜਿਨ ਪਤ ਰਾਖੀ ਮੇਰੀ” ਨਾਟਕ ਦੀ ਸਫਲਤਾਪੂਰਵਕ ਕੀਤੀ ਗਈ ਪੇਸ਼ਕਾਰੀ
– ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਬਾਬਾ ਫ਼ਰੀਦ ਆਗਮਨ ਪੁਰਬ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਲੋਕਾਂ ਨੂੰ ਸ਼ਿਰਕਤ ਕਰਨ ਦੀ ਕੀਤੀ ਅਪੀਲ
ਫਰੀਦਕੋਟ, 21 ਸਤੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਬਾਬਾ ਸ਼ੇਖ ਫਰੀਦ ਆਗਮਨ ਪੁਰਬ 2026 ਦੇ ਸਬੰਧ ਵਿਚ ਦਰਬਾਰ ਗੰਜ ਫ਼ਰੀਦਕੋਟ ਵਿਖੇ ਬੀਤੀ ਸ਼ਾਮ ਕਰਵਾਏ ਗਏ ਡਰਾਮਾ ਫੈਸਟੀਵਲ ਦੌਰਾਨ ਕਲਾਕਾਰਾਂ ਵੱਲੋਂ ਸ਼ਮੂਲੀਅਤ ਕਰਕੇ ਆਪਣੀ ਕਲਾ ਦੇ ਖੂਬ ਜੌਹਰ ਦਿਖਾਏ ਗਏ। ਇਸ ਮੌਕੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਲੋਕ ਗਾਇਕ ਹਨੀ ਸਿੰਘ ਅਤੇ ਗਾਇਕ ਧਰਮਜੀਤ ਨੇ ਧਾਰਮਿਕ ਗੀਤ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਆਪਣੀ ਗਾਇਕੀ ਨਾਲ ਸਰੋਤਿਆਂ ਵਿੱਚ ਆਪਣੀ ਹਾਜ਼ਰੀ ਲਵਾਈ। ਇਸ ਉਪਰੰਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾ. ਨਿਰਮਲ ਜੌੜਾ ਵੱਲੋਂ ਲਿਖਿਆ ਗਿਆ ਨਾਟਕ “ਜਿਨ ਪਤ ਰਾਖੀ ਮੇਰੀ”, ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸੀ, ਪੇਸ਼ ਕੀਤਾ ਗਿਆ।

ਇਹ ਨਾਟਕ ਰਜਿੰਦਰ ਰਾਜਾ ਅਤੇ ਨਿਰਮਲ ਧਾਲੀਵਾਲ ਵੱਲੋਂ ਡਾਇਰੈਕਟ ਕੀਤਾ ਗਿਆ। ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੀ ਦਾਸਤਾਨ ਦੀ ਮੰਚ ’ਤੇ ਬਹੁਤ ਸਫਲਤਾਪੂਰਵਕ ਪੇਸ਼ਕਾਰੀ ਕੀਤੀ ਗਈ। ਸ਼ਹਿਰ ਵਾਸੀਆਂ ਨੇ ਇਸ ਨਾਟਕ ਨੂੰ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਦੇਖਿਆ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਸ੍ਰੀ ਜਸਬੀਰ ਸਿੰਘ ਜੱਸੀ ਵੱਲੋਂ ਬਾਖੂਬੀ ਨਿਭਾਈ ਗਈ।

ਇਸ ਮੌਕੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਦਰਬਾਰ ਗੰਜ ਵਿਖੇ ਬਹੁਤ ਹੀ ਨਾਮੀ ਕਲਾਕਾਰਾਂ ਵੱਲੋਂ ਡਰਾਮਾ ਅਤੇ ਹੋਰ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਥੇ ਆ ਕੇ ਇਨ੍ਹਾਂ ਪ੍ਰੋਗਰਾਮਾਂ ਦਾ ਆਨੰਦ ਮਾਨਣ। ਇਸ ਮੌਕੇ ਬੇਅੰਤ ਕੌਰ ਸੇਖੋਂ, ਧਰਮ ਪਤਨੀ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਕੇਸ਼ਵ ਗੋਇਲ, ਵਧੀਕ ਡਿਪਟੀ ਕਮਿਸ਼ਨਰ (ਡੀ) ਸ੍ਰੀ ਸੰਦੀਪ ਮਲਹੋਤਰਾ, ਐਸ.ਡੀ.ਐਮ. ਫ਼ਰੀਦਕੋਟ ਸ੍ਰੀ ਪੁਨੀਤ ਸ਼ਰਮਾ, ਸ੍ਰੀ ਪਰਮਿੰਦਰ ਸਿੰਘ ਤਹਿਸੀਲਦਾਰ, ਨਾਇਬ ਤਹਿਸੀਲਦਾਰ ਹਰਸ਼ਵੀਰ ਗੋਇਲ, ਸ੍ਰੀ ਮਨਦੀਪ ਮੌਂਗਾ ਸੈਕਟਰੀ ਰੈਡ ਕਰਾਸ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀ ਮਨਜੀਤ ਪੁਰੀ, ਜ਼ਿਲ੍ਹਾ ਭਾਸ਼ਾ ਅਫ਼ਸਰ ਫਿਰੋਜ਼ਪੁਰ, ਜਗਦੀਪ ਸਿੰਘ ਸੰਧੂ, ਸੁਰਿੰਦਰ ਪਾਲ ਸਿੰਘ ਸੋਨੀ, ਮਨਪ੍ਰੀਤ ਸਿੰਘ ਸੁਪਰਡੈਂਟ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
Share this content:



Post Comment