ਕਵਿਤਾ/ਬਾਲ਼ੋ ਦੀਵੇ /ਹੂਬ ਨਾਥ

ਬਾਲੋ ਦੀਵੇ…!
……….
ਤੁਹਾਡੇ ਕੋਲ
ਮੁਫ਼ਤ ਦਾ ਤੇਲ
ਉਧਾਰ ਦੀਆਂ ਬੱਤੀਆਂ
ਹਰਾਮ ਦਾ ਪੈਸਾ ਹੋਵੇ
ਤੇ
ਅਕਲ ਭੋਰਾ ਨਾ ਹੋਵੇ
ਤਾਂ
ਬਾਲੋ ਦੀਵੇ
ਉਸਦੇ ਨਾਂ ਦੇ
ਜਿਸਨੇ
ਨਾ ਜਾਣੇ ਕਿੰਨਿਆਂ ਦੇ
ਤੁਹਾਡੇ ਵਰਗਿਆਂ
ਕਿੰਨਿਆਂ ਦੇ
ਘਰਾਂ ਦੇ ਦੀਵੇ
ਬੁਝਾ ਦਿੱਤੇ ਨੇ
ਲੋਕਤੰਤਰ ‘ਚ
ਸਭਨਾਂ
ਮੌਲਿਕ ਅਧਿਕਾਰਾਂ ਦੇ ਨਾਲ
ਮੂਰਖਤਾ ਦਾ
ਅਧਿਕਾਰ ਵੀ ਹੈ
ਜੋ
ਕਿਤੇ ਦਰਜ ਨਹੀਂ ਹੈ
ਪਰ ਭਰਪੂਰ ਵਰਤੋਂ ‘ਚ ਹੈ
ਬਾਲੋ ਦੀਵੇ!
ਜੇ ਸੁੱਕ ਗਿਆ ਹੈ
ਅੱਖ ਦਾ ਪਾਣੀ
ਤੇ
ਵਿਰਾਟ ਮੁਲਕ ਦਾ ਅਰਥ
ਸਿਮਟ ਗਿਆ ਹੈ
ਇੱਕ ਬੌਣੇ ਆਦਮੀ ਤੱਕ
ਬਾਲਣ ਮੌਕੇ
ਇੱਕ ਵਾਰ
ਯਾਦ ਕਰਨਾ
ਉਸ ਘੁਮਿਆਰ ਨੂੰ ਵੀ
ਜਿਸਨੇ ਘੜੇ ਸਨ ਦੀਵੇ
ਬੜੀ ਸ਼ਿਦਤ ਨਾਲ
ਉਸ ਮਜ਼ਦੂਰ ਨੂੰ ਵੀ
ਜਿਸਨੇ
ਚੁਗੀ ਸੀ ਕਪਾਹ
ਬਣਾਈ ਸੀ ਰੂੰ
ਤੇ ਉਸ ਕਿਸਾਨ ਨੂੰ ਵੀ
ਜਿਸਨੂੰ
ਅਜੇ ਤੱਕ ਨਹੀਂ ਮਿਲਿਆ
ਫਸਲ ਦਾ ਮੁਆਵਜ਼ਾ
ਤੇ ਜ਼ਰੂਰ ਸੋਚਣਾ
ਉਸ ਅੱਗ ਬਾਰੇ ਵੀ
ਜਿਹੜੀ ਸੁਲਘ ਰਹੀ ਹੈ
ਪੂਰੇ ਮੁਲਕ ਦੇ
ਦਿਲ ਅੰਦਰ
ਫਿਰ ਬਾਲਣਾ ਦੀਵੇ
ਤੇ ਸੋਚਣਾ
ਘੁਮਿਆਰ
ਮਜ਼ਦੂਰ
ਕਿਸਾਨ ਦੇ
ਮੌਜ਼ੂਦਾ ਹਾਲਾਤ ਲਈ
ਇਹ ਮਹਾਂਪੁਰਸ਼
ਕਿਸ ਹੱਦ ਤੱਕ
ਜਿੰਮੇਵਾਰ ਹੈ
ਤੇ ਬਾਲਣਾ ਦੀਵੇ
ਤੇ ਇਹ ਯਾਦ ਰੱਖਣਾ
ਕਿ ਦੀਵਾ ਬਾਲਣਾ
ਹਨੇਰਾ ਮਿਟਾਉਣਾ ਹੈ
ਰਾਹ ਦਿਖਾਉਣਾ ਹੈ
ਸਮਰਪਿਤ ਹੋਣਾ ਹੈ
ਰਿਣੀ ਹੋਣਾ ਹੈ
ਇਸ ਤੋਂ ਬਾਅਦ ਵੀ
ਦੀਵਾ ਬਾਲ ਸਕੋਂ
ਤਾਂ ਜ਼ਰੂਰ ਬਾਲਣਾ
ਪਰ
ਬਾਲਣ ਤੋਂ ਪਹਿਲਾਂ
ਖ਼ੁਦ ਨੂੰ
ਇੱਕ ਸਵਾਲ
ਜ਼ਰੂਰ ਕਰਨਾ
ਕਿ
ਅੱਜ ਤੋਂ ਠੀਕ
ਦਸ ਦਿਨ ਬਾਅਦ
ਜੰਮਿਆ ਸੀ
ਭਾਰਤ ਮਾਂ ਦਾ
ਇੱਕ ਅਜਿਹਾ ਲਾਲ
ਜੋ ਸਿਰਫ਼
ਤੇਈ ਸਾਲ ਦੀ ਉਮਰੇ
ਆਪਣੇ ਸਾਥੀਆਂ ਨਾਲ
ਚੜ੍ਹ ਗਿਆ ਸੀ ਫਾਂਸੀ
ਪੁੱਛਣਾ
ਆਪਣੇ-ਆਪ ਨੂੰ
ਕਿ ਕਿੰਨੀ ਵਾਰ
ਦੀਵੇ ਬਾਲੇ ਸਨ ਤੁਸੀਂ
ਉਸਦੇ ਨਾਂ ਦੇ
ਕਿੰਨੀ ਵਾਰ
ਉਸਨੂੰ ਯਾਦ ਕੀਤਾ ਸੀ
ਉਸਦੇ ਜਨਮ ਦਿਨ
ਜਾਂ ਸ਼ਹਾਦਤ ‘ਤੇ
ਜੇ
ਯਾਦ ਨਾ ਆ ਰਿਹਾ ਹੋਵੇ
ਉਸਦਾ ਨਾਂ ਵੀ
ਤਾਂ
ਆਪਣੇ ਹੀ ਮੂੰਹ ‘ਤੇ
ਥੁੱਕ ਕੇ
ਪੂਰੀ ਬੇਸ਼ਰਮੀ ਨਾਲ
ਜ਼ਰੂਰ
ਦੀਵੇ ਬਾਲੋ
ਜੈ ਹਿੰਦ!
#ਹੂਬ ਨਾਥ
ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(98145 35005)
Share this content:



Post Comment