ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪੁਸਤਕ ਰਿਲੀਜ਼ ਸਮਾਗਮ ਅਤੇ ਕਵੀ ਦਰਬਾਰ
ਸਰੀ, 17 ਸਤੰਬਰ – ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਇੰਡੋ-ਕੈਨੇਡੀਅਨ ਸੀਨੀਅਰ ਸਿਟੀਜ਼ਨ ਸੈਂਟਰ, ਸਰੀ ਵਿਖੇ ਆਪਣੀ ਮਾਸਿਕ ਇਕੱਤਰਤਾ ਦੌਰਾਨ ਇੱਕ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਪ੍ਰਸਿੱਧ ਕਵੀਸ਼ਰ ਅਤੇ ਸਾਰੰਗੀ ਵਾਦਕ ਚਮਕੌਰ ਸਿੰਘ ਸੇਖੋਂ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਕਿੱਸਾ ਸ਼ੀਰੀਂ ਫਰਿਹਾਦ ਤੇ ਕਾਕਾ ਪ੍ਰਤਾਪੀ’ ਅਤੇ ਵੀਤ ਬਾਦਸ਼ਾਹਪੁਰੀ ਦੁਆਰਾ ਸੰਪਾਦਿਤ ਕਾਵਿ-ਸੰਗ੍ਰਹਿ ‘ਤਾਰਿਆਂ ਦੀ ਮਹਿਫ਼ਿਲ’ ਰਿਲੀਜ਼ ਕੀਤੇ ਗਏ। ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਚਮਕੌਰ ਸਿੰਘ ਸੇਖੋਂ, ਵੀਤ ਬਾਦਸ਼ਾਹਪੁਰੀ ਅਤੇ ਦਰਸ਼ਨ ਸੰਘਾ ਨੇ ਸਾਂਝੇ ਤੌਰ ’ਤੇ ਕੀਤੀ। ਸਮਾਗਮ ਦੇ ਆਰੰਭ ਵਿੱਚ ਪ੍ਰਿਤਪਾਲ ਗਿੱਲ ਨੇ ਦੋਵਾਂ ਪੁਸਤਕਾਂ ਅਤੇ ਉਨ੍ਹਾਂ ਦੇ ਰਚਨਾਕਾਰਾਂ ਬਾਰੇ ਸੰਖੇਪ ਜਾਣ-ਪਛਾਣ ਕਰਵਾਈ। ਇਸ ਉਪਰੰਤ ਡਾ. ਦਵਿੰਦਰ ਕੌਰ ਨੇ ਚਮਕੌਰ ਸਿੰਘ ਸੇਖੋਂ ਦੀ ਪੁਸਤਕ ਬਾਰੇ ਆਪਣਾ ਪਰਚਾ ਪੜ੍ਹਿਆ, ਜਦਕਿ ਹਰਵਿੰਦਰ ਕੌਰ ਨੇ ‘ਤਾਰਿਆਂ ਦੀ ਮਹਿਫ਼ਿਲ’ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਪ੍ਰੋ. ਕਸ਼ਮੀਰਾ ਸਿੰਘ ਗਿੱਲ, ਹਰਜਿੰਦਰ ਸਿੰਘ ਥਿੰਦ ਅਤੇ ਪ੍ਰਿੰ. ਮਲੂਕ ਚੰਦ ਕਲੇਰ ਨੇ ਦੋਵਾਂ ਪੁਸਤਕਾਂ ਦੇ ਲੇਖਕਾਂ ਨੂੰ ਮੁਬਾਰਕਬਾਦ ਦਿੰਦਿਆਂ ਪੰਜਾਬੀ ਸਾਹਿਤ ਦੇ ਵਿਕਾਸ ਵਿੱਚ ਅਜਿਹੇ ਉਪਰਾਲਿਆਂ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਸਮਾਗਮ ਦੇ ਦੂਜੇ ਦੌਰ ਵਿੱਚ ਲੋਕ-ਕਾਵਿ ਅਤੇ ਕਵੀਸ਼ਰੀ ਦੀ ਰੰਗਤ ਵੇਖਣ ਨੂੰ ਮਿਲੀ। ਚਮਕੌਰ ਸਿੰਘ ਸੇਖੋਂ, ਨਵਦੀਪ ਗਿੱਲ ਅਤੇ ਜੁਗਰਾਜ ਸਿੰਘ ਨੇ ਕਿੱਸਾ ਸ਼ੀਰੀਂ ਫਰਿਹਾਦ ਵਿੱਚੋਂ ਰਸਭਿੰਨੀ ਕਵੀਸ਼ਰੀ ਪੇਸ਼ ਕਰਕੇ ਸਰੋਤਿਆਂ ਨੂੰ ਪੰਜਾਬੀ ਲੋਕ-ਵਿਰਸੇ ਨਾਲ ਜੋੜਿਆ। ਇਸ ਤੋਂ ਬਾਅਦ ਹੋਏ ਕਵੀ ਦਰਬਾਰ ਵਿੱਚ ਸਥਾਨਕ ਸ਼ਾਇਰਾਂ ਨੇ ਆਪਣੀਆਂ ਕਾਵਿ-ਰਚਨਾਵਾਂ ਪੇਸ਼ ਕਰਕੇ ਸਮਾਗਮ ਨੂੰ ਕਾਵਿਕ ਰੰਗ ਵਿੱਚ ਰੰਗ ਦਿੱਤਾ। ਗੁਰਦਰਸ਼ਨ ਸਿੰਘ ਬਾਦਲ, ਮੋਹਨ ਗਿੱਲ, ਹਰਚੰਦ ਸਿੰਘ ਗਿੱਲ, ਮਨਜੀਤ ਮੱਲ੍ਹਾ, ਹਰਦਮ ਸਿੰਘ ਮਾਨ, ਹਰਚਰਨ ਸਿੰਘ ਸੰਧੂ, ਗੁਰਮਿੰਦਰ ਸਿੱਧੂ, ਦਰਸ਼ਨ ਸੰਘਾ, ਪਲਵਿੰਦਰ ਰੰਧਾਵਾ, ਕਵਿੰਦਰ ਚਾਂਦ, ਇੰਦਰਜੀਤ ਧਾਮੀ, ਅਜਮੇਰ ਸਿੰਘ ਢਿੱਲੋਂ ਅਤੇ ਅਮਰਜੀਤ ਕੌਰ ਸਮੇਤ ਕਈ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਨਾਲ ਹਾਜਰੀ ਲਵਾਈ।
Share this content:



Post Comment