Loading Now

ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਓਵਰਸਟੇਅਰਾਂ ਦੀ ਨਵੀਂ ਰਿਪੋਰਟ ਜਾਰੀ – 1,522 ਲੋਕ ਭਾਰਤੀ ਵੀ

ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਓਵਰਸਟੇਅਰਾਂ ਦੀ ਨਵੀਂ ਰਿਪੋਰਟ ਜਾਰੀ – 1,522 ਲੋਕ ਭਾਰਤੀ ਵੀ

-ਨਵੇਂ ਤਰੀਕੇ ਨਾਲ ਕੀਤੀ ਗਣਨਾ – ਜਾਣੋ ਓਵਰਸਟੇਅਰਾਂ ਦੇ ਤਾਜ਼ਾ ਅੰਕੜੇ!

– ਨਵੇਂ ਤਰੀਕੇ ਨਾਲ ਕੀਤੀ ਗਣਨਾ ਮੁਤਾਬਕ ਓਵਰਸਟੇਅਰਾਂ ਦੀ ਗਿਣਤੀ ਘਟ ਕੇ 19,153 ਰਹੀ

ਔਕਲੈਂਡ, 16 ਸਤੰਬਰ 2026 (ਹਰਜਿੰਦਰ ਸਿੰਘ ਬਸਿਆਲਾ) – ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਅੱਜ ਦੇਸ਼ ਵਿੱਚ ਆਪਣੇ ਵੀਜ਼ੇ ਦੀ ਮਿਆਦ ਲੰਘਾ ਕੇ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ (ਓਵਰਸਟੇਅਰ) ਲੋਕਾਂ ਦਾ ਸਾਲ 2026 ਦਾ ਤਾਜ਼ਾ ਅਨੁਮਾਨਿਤ ਅੰਕੜਾ ਜਾਰੀ ਕਰ ਦਿੱਤਾ ਹੈ। ਨਵੇਂ ਜਾਰੀ ਅੰਕੜਿਆਂ ਮੁਤਾਬਕ 1 ਜੁਲਾਈ 2026 ਤੱਕ ਨਿਊਜ਼ੀਲੈਂਡ ਵਿੱਚ ਲਗਭਗ 19,153 ਓਵਰਸਟੇਅਰ ਮੌਜੂਦ ਸਨ। ਇਨ੍ਹਾਂ ਵਿੱਚ 1,522 ਲੋਕ ਭਾਰਤੀ ਮੂਲ ਦੇ ਹੋ ਸਕਦੇ ਹਨ। 01 ਜੁਲਾਈ 2023 ਤੋਂ 30 ਜੂਨ 2026 ਤੱਕ 303,157 ਭਾਰਤੀ ਅਸਥਾਈ ਵੀਜ਼ੇ ਉੱਤੇ ਆਏ, ਜਿਨ੍ਹਾਂ ਵਿੱਚੋਂ 518 ਓਵਰਸਟੇਅਰ ਹੋਏ ਹਨ ਜਾਂ ਕਹਿ ਲਈਏ ਵੀਜ਼ਾ ਮੁੱਕਣ ਤੋਂ ਬਾਅਦ ਵੀ ਇੱਥੇ ਹੀ ਰਹਿ ਰਹੇ ਹਨ। ਸਾਲ 2025 ਵਿੱਚ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਓਵਰਸਟੇਅਰਾਂ ਦਾ ਵਧੇਰੇ ਸਹੀ ਅਨੁਮਾਨ ਲਗਾਉਣ ਲਈ ਗਣਨਾ ਦੇ ਤਰੀਕੇ ਵਿੱਚ ਸੁਧਾਰ ਕੀਤਾ ਸੀ। ਇਸ ਪ੍ਰਕਿਰਿਆ ਨੂੰ ਹੋਰ ਸਹੀ, ਨਿਰੰਤਰ ਅਤੇ ਮੁਕੰਮਲ ਬਣਾਉਣ ਲਈ ਇਸ ਸਾਲ ਇਸ ਵਿੱਚ ਕੁਝ ਹੋਰ ਸੋਧਾਂ ਕੀਤੀਆਂ ਗਈਆਂ ਹਨ। ਇਸ ਵਿੱਚ Exemption NZeTA ਅਤੇ Air Crew NZeTA ਧਾਰਕਾਂ ਨੂੰ ਬਾਹਰ ਰੱਖਿਆ ਗਿਆ ਹੈ, ਕਿਉਂਕਿ ਇਹ ਪਹਿਲਾਂ ਤੋਂ ਹੀ ਬਾਹਰ ਰੱਖੀਆਂ ਗਈਆਂ ਸ਼੍ਰੇਣੀਆਂ ਨਾਲ ਮੇਲ ਖਾਂਦੇ ਹਨ।

ਇਹਨਾਂ ਤਕਨੀਕੀ ਸੋਧਾਂ ਕਰਕੇ ਸਾਲ 2026 ਦਾ ਅਨੁਮਾਨ ਪਿਛਲੇ ਸਾਲ ਦੇ 20,979 ਦੇ ਅੰਕੜੇ ਤੋਂ ਲਗਭਗ 8.7 ਪ੍ਰਤੀਸ਼ਤ ਘੱਟ ਦਰਜ ਕੀਤਾ ਗਿਆ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਘਾਟ ਅਸਲ ਤਰੀਕੇ ਵਿੱਚ ਬਦਲਾਅ ਕਰਕੇ ਨਹੀਂ, ਬਲਕਿ ਗਲਤ ਤਰੀਕੇ ਨਾਲ ਸ਼ਾਮਲ ਹੁੰਦੇ ਲੋਕਾਂ ਨੂੰ ਰੋਕਣ ਅਤੇ ਸੁਧਾਰੀ ਗਈ ਗਣਨਾ ਪ੍ਰਣਾਲੀ ਕਰਕੇ ਆਈ ਹੈ। ਜੇਕਰ ਪੁਰਾਣੇ ਤਰੀਕੇ ਨਾਲ ਹੀ ਗਣਨਾ ਕੀਤੀ ਜਾਂਦੀ ਤਾਂ ਇਹ ਗਿਣਤੀ 20,994 ਹੁੰਦੀ, ਜੋ ਕਿ ਪਿਛਲੇ ਸਾਲ ਨਾਲੋਂ ਸਿਰਫ਼ 15 ਜ਼ਿਆਦਾ ਹੈ। ਇਮੀਗ੍ਰੇਸ਼ਨ ਕੰਪਲਾਇੰਸ ਅਤੇ ਇਨਵੈਸਟੀਗੇਸ਼ਨਜ਼ ਦੇ ਜਨਰਲ ਮੈਨੇਜਰ ਸਟੀਵ ਵਾਟਸਨ ਨੇ ਦੱਸਿਆ ਕਿ ਨਿਊਜ਼ੀਲੈਂਡ ਆਉਣ ਵਾਲੇ ਲੱਖਾਂ ਕਾਨੂੰਨੀ ਅਸਥਾਈ ਪ੍ਰਵਾਸੀਆਂ ਦੇ ਮੁਕਾਬਲੇ ਓਵਰਸਟੇਅਰਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਹਰ ਸਾਲ ਵਿਭਾਗ ਲਗਭਗ 10 ਲੱਖ ਵੀਜ਼ਾ ਅਰਜ਼ੀਆਂ, 16 ਲੱਖ NZeTA ਬੇਨਤੀਆਂ ਦਾ ਨਿਪਟਾਰਾ ਕਰਦਾ ਹੈ ਅਤੇ ਲਗਭਗ 36 ਲੱਖ ਵਿਦੇਸ਼ੀ ਨਾਗਰਿਕ ਨਿਊਜ਼ੀਲੈਂਡ ਪਹੁੰਚਦੇ ਹਨ। ਜ਼ਿਆਦਾਤਰ ਲੋਕ ਵੀਜ਼ਾ ਨਿਯਮਾਂ ਦੀ ਪੂਰੀ ਪਾਲਣਾ ਕਰਦੇ ਹਨ ਅਤੇ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਵਾਪਸ ਚਲੇ ਜਾਂਦੇ ਹਨ ਜਾਂ ਨਵਾਂ ਵੀਜ਼ਾ ਪ੍ਰਾਪਤ ਕਰਦੇ ਹਨ। 1 ਜੁਲਾਈ 2023 ਤੋਂ 30 ਜੂਨ 2026 ਦੇ ਵਿਚਕਾਰ ਨਿਊਜ਼ੀਲੈਂਡ ਆਏ ਲਗਭਗ 50 ਲੱਖ ਅਸਥਾਈ ਵੀਜ਼ਾ ਧਾਰਕਾਂ ਵਿੱਚੋਂ 1 ਜੁਲਾਈ 2026 ਤੱਕ ਸਿਰਫ਼ 6,559 ਲੋਕ ਹੀ ਓਵਰਸਟੇਅਰ ਵਜੋਂ ਦਰਜ ਹੋਏ ਹਨ, ਜੋ ਕਿ ਤਿੰਨ ਸਾਲਾਂ ਵਿੱਚ ਆਏ ਕੁੱਲ ਅਸਥਾਈ ਪ੍ਰਵਾਸੀਆਂ ਦਾ ਸਿਰਫ਼ 0.13 ਪ੍ਰਤੀਸ਼ਤ ਹੈ।

ਸਭ ਤੋਂ ਵੱਧ ਓਵਰਸਟੇਅਰਾਂ ਵਾਲੇ ਮੁੱਖ 10 ਦੇਸ਼ਾਂ ਦੀ ਸੂਚੀ:

  1. ਚੀਨ – 2,694
  2. ਟੋਂਗਾ – 2,541
  3. ਅਮਰੀਕਾ – 1,981
  4. ਭਾਰਤ – 1,522
  5. ਸਮੋਆ – 1,462
  6. ਗ੍ਰੇਟ ਬ੍ਰਿਟੇਨ – 1,117
  7. ਫਿਲੀਪੀਨਜ਼ – 898
  8. ਮਲੇਸ਼ੀਆ – 574
  9. ਵੀਅਤਨਾਮ – 538
  10. ਫਿਜੀ – 512
  • ਹੋਰ ਦੇਸ਼ – 5,314

    ਕੁੱਲ – 19,153

ਇਹ ਅੰਕੜੇ ਇਮੀਗ੍ਰੇਸ਼ਨ ਦੇ 30 ਸਾਲਾਂ ਦੇ ਡਿਜੀਟਲ ਰਿਕਾਰਡ ਅਤੇ ਬਾਰਡਰ ਡਾਟਾ ਦੇ ਆਧਾਰ ’ਤੇ ਤਿਆਰ ਕੀਤੇ ਗਏ ਹਨ। ਇਮੀਗ੍ਰੇਸ਼ਨ ਵਿਭਾਗ ਅਨੁਸਾਰ ਇਹ ਅੰਕੜੇ ਯੋਜਨਾਬੰਦੀ ਅਤੇ ਜੋਖਮ ਪ੍ਰਬੰਧਨ ਲਈ ਵਰਤੇ ਜਾਂਦੇ ਹਨ, ਨਾ ਕਿ ਕਿਸੇ ਵਿਸ਼ੇਸ਼ ਵਿਅਕਤੀ ਦੀ ਪਛਾਣ ਕਰਨ ਲਈ।

Share this content:

Post Comment