ਲੱਦਾਖ ਹਿੰਸਾ ‘ਚ 15 ਲੱਖ ਦੇ ਮੁਆਵਜ਼ੇ ਦੇ ਐਲਾਨ ’ਤੇ ਭੜਕੇ ਸੋਨਮ ਵਾਂਗਚੁਕ
ਜੰਮੂ, 15 ਸਤੰਬਰ – ਲੱਦਾਖ ਦੇ ਉਪ ਰਾਜਪਾਲ ਵਿਨੈ ਸਕਸੈਨਾ ਨੇ ਐਤਵਾਰ ਨੂੰ ਲੇਹ ਵਿੱਚ ਹੋਈ ਹਿੰਸਾ ਦੌਰਾਨ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਲਈ 15 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 3 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਸੀ। ਲੱਦਾਖ ਪ੍ਰਸ਼ਾਸਨ ਨੇ ਹਿੰਸਾ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਲੋਕਾਂ ਲਈ 3 ਲੱਖ ਰੁਪਏ ਅਤੇ ਮਾਮੂਲੀ ਸੱਟਾਂ ਨਾਲ ਪ੍ਰਭਾਵਿਤ ਲੋਕਾਂ ਲਈ 1 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਕਮ ਵੀ ਮਨਜ਼ੂਰ ਕੀਤੀ ਹੈ। ਇਸ ’ਤੇ ਸਿੱਖਿਆ ਸ਼ਾਸਤਰੀ ਸੋਨਮ ਵਾਂਗਚੁਕ ਨੇ ਨਾਰਾਜ਼ਗੀ ਜਤਾਈ ਹੈ ਅਤੇ ਇਸ ਦਾ ਵਿਰੋਧ ਕਰਦਿਆਂ ਮੁਆਵਜ਼ਾ ਵਧਾਉਣ ਦੀ ਮੰਗ ਕੀਤੀ ਹੈ।
‘ਮੇਰਾ ਸਿਰ ਸ਼ਰਮ ਨਾਲ ਝੁਕ ਗਿਆ’: ਸੋਨਮ ਵਾਂਗਚੁਕ
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇੱਕ ਵੀਡੀਓ ਪੋਸਟ ਕਰਦਿਆਂ ਵਾਂਗਚੁਕ ਨੇ ਕਿਹਾ ਕਿ ਉਪ ਰਾਜਪਾਲ ਨੇ 24 ਸਤੰਬਰ ਨੂੰ ਹੋਏ ਸ਼ਾਂਤੀਪੂਰਨ ਅੰਦੋਲਨ ਦੌਰਾਨ ਮਾਰੇ ਗਏ ਲੋਕਾਂ ਅਤੇ ਜ਼ਖ਼ਮੀਆਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ 15 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 3 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਪਰ ਇਹ ਸੁਣ ਕੇ ਮੈਨੂੰ ਕੋਈ ਖੁਸ਼ੀ ਨਹੀਂ ਹੋਈ, ਸਗੋਂ ਮੇਰਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਵਾਂਗਚੁਕ ਨੇ ਕਿਹਾ ਕਿ ਉਸ ਦਿਨ ਸੜਕਾਂ ’ਤੇ ਮੌਜੂਦ ਜ਼ਿਆਦਾਤਰ ਲੋਕ ਨਿਹੱਥੇ ਸਨ। ਉਨ੍ਹਾਂ ’ਤੇ ਬਿਨਾਂ ਕਿਸੇ ਹੁਕਮ ਦੇ AK-47 ਨਾਲ ਸਿੱਧੀਆਂ ਛਾਤੀ ਅਤੇ ਲੱਤਾਂ ‘ਚ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਨੇ ਇਸ ਨੂੰ ਸਿੱਧਾ ਕਤਲ ਕਰਾਰ ਦਿੱਤਾ। ਉਨ੍ਹਾਂ ਮੁਤਾਬਕ ਇਸ ਘਟਨਾ ‘ਚ 5 ਬੇਕਸੂਰ ਲੋਕਾਂ ਦੀ ਜਾਨ ਗਈ ਅਤੇ 80 ਤੋਂ ਵੱਧ ਲੋਕ ਗੰਭੀਰ ਰੂਪ ‘ਚ ਜ਼ਖ਼ਮੀ ਹੋਏ। ਹਿੰਸਾ ‘ਚ ਉਹ ਸਾਬਕਾ ਸੈਨਿਕ ਵੀ ਹਤਾਹਤ ਹੋਏ, ਜਿਨ੍ਹਾਂ ਨੇ ਕਦੇ ਦੇਸ਼ ਦੀ ਸਰਹੱਦ ’ਤੇ ਆਪਣੀਆਂ ਸੇਵਾਵਾਂ ਦਿੱਤੀਆਂ ਸਨ।
‘ਅਧਿਕਾਰੀਆਂ ਨੂੰ ਲੱਦਾਖ ਤੋਂ ਹਟਾ ਕੇ ਕੀਤਾ ਗਿਆ ਪ੍ਰਮੋਟ’: ਸੋਨਮ ਵਾਂਗਚੁਕ
ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਜੁਡੀਸ਼ੀਅਲ ਇਨਕੁਆਇਰੀ ਕਮਿਸ਼ਨ ਦੀ ਰਿਪੋਰਟ ਸਾਹਮਣੇ ਆਉਂਦੀ ਤਾਂ ਹਿੰਸਾ ਦੀ ਅਸਲ ਸੱਚਾਈ ਸਭ ਦੇ ਸਾਹਮਣੇ ਆ ਜਾਂਦੀ। ਪਰ ਉਨ੍ਹਾਂ ਦਾ ਦੋਸ਼ ਹੈ ਕਿ ਉਸ ਰਿਪੋਰਟ ਨੂੰ ਦਬਾ ਦਿੱਤਾ ਗਿਆ। ਵਾਂਗਚੁਕ ਨੇ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਦੀ ਨਿਗਰਾਨੀ ਹੇਠ ਇਹ ਸਭ ਕੁਝ ਹੋਇਆ, ਉਨ੍ਹਾਂ ਨੂੰ ਸਜ਼ਾ ਦੇਣ ਦੀ ਬਜਾਏ ਲੱਦਾਖ ਤੋਂ ਹਟਾ ਕੇ ਦਿੱਲੀ ‘ਚ ਵੱਡੇ ਅਹੁਦਿਆਂ ’ਤੇ ਪ੍ਰਮੋਟ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਦੇ ਜੰਤਰ-ਮੰਤਰ ’ਤੇ ਲੋਕਾਂ ’ਤੇ ਪੈਲੇਟ ਗਨ ਨਾਲ ਹਮਲਾ ਕੀਤਾ ਗਿਆ ਸੀ ਤਾਂ ਗ੍ਰਹਿ ਮੰਤਰੀ ਦੇ ਅਸਤੀਫ਼ੇ ਦੀ ਮੰਗ ਉੱਠੀ ਸੀ। ਪਰ ਲੱਦਾਖ ਦੇ ਮੁੱਦਿਆਂ ਅਤੇ ਇੱਥੋਂ ਦੇ ਲੋਕਾਂ ਨੂੰ ਕਾਫ਼ੀ ਹਲਕੇ ‘ਚ ਲਿਆ ਗਿਆ। ਸੋਨਮ ਵਾਂਗਚੁਕ ਨੇ ਕਿਹਾ ਕਿ ਜੇਕਰ ਪੀੜਤਾਂ ਨੂੰ ਨਿਆਂ ਅਤੇ ਉਚਿਤ ਮੁਆਵਜ਼ਾ ਨਾ ਮਿਲਿਆ ਤਾਂ ਉਹ ਇਸ ਕਾਲੇ ਸੱਚ ਦੀ ਇੱਕ-ਇੱਕ ਗੱਲ ਦੁਨੀਆ ਦੇ ਸਾਹਮਣੇ ਰੱਖਣਗੇ।
Share this content:



Post Comment