ਸੁਖਬੀਰ ਸਿੰਘ ਬਾਦਲ ਨੇ ਗਿੱਦੜਬਾਹਾ ਵਿਚ ਗੜ੍ਹੇਮਾਰੀ ਕਾਰਨ ਪ੍ਰਭਾਵਤ ਹੋਏ 300 ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ 1000 ਕੁਇੰਟਲ ਕਣਕ ਵੰਡੀ
ਸ੍ਰੀ ਮੁਕਤਸਰ ਸਾਹਿਬ,15 ਸਤੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਗਿੱਦੜਬਾਹਾ ਹਲਕੇ ਦੇ ਪਿੰਡ ਭਲਾਈਆਣਾ ਤੇ ਕੋਟਲੀ ਵਿਚ ਪਿਛਲੇ ਅਪ੍ਰੈਲ ਦੌਰਾਨ ਹੋਈ ਗੜ੍ਹੇਮਾਰੀ ਕਾਰਨ ਹੋਏ ਫਸਲੀ ਨੁਕਸਾਨ ਨਾਲ ਪ੍ਰਭਾਵਤ ਹੋਏ 300 ਤੋਂ ਵੱਧ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ 1000 ਕੁਇੰਅਲ ਕਣਕ ਵੰਡੀ। ਅਕਾਲੀ ਦਲ ਦੇ ਪ੍ਰਧਾਨ ਨੇ ਹਰ ਕਿਸਾਨ ਪਰਿਵਾਰ ਤੇ ਖੇਤ ਮਜ਼ਦੂਰ ਦੇ ਪਰਿਵਾਰ ਨੂੰ ਚਾਰ-ਚਾਰ ਕੁਇੰਟਲ ਕਣਕ ਪ੍ਰਦਾਨ ਕੀਤੀ। ਦੋਵਾਂ ਪਿੰਡਾਂ ਵਿਚ ਗੜ੍ਹੇਮਾਰੀ ਕਾਰਨ 2000 ਏਕੜ ਤੋਂ ਜ਼ਿਆਦਾ ਵਿਚ ਕਣਕ ਦੀ ਫਸਲ ਤਬਾਹ ਹੋਈ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਮਦਦ ਵਾਸਤੇ ਕਣਕ ਇਸ ਕਰ ਕੇ ਵੰਡ ਰਿਹਾ ਹੈ ਕਿਉਂਕਿ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਸਰਕਾਰ ਉਹਨਾਂ ਨੂੰ ਕੋਈ ਵੀ ਮਦਦ ਪ੍ਰਦਾਨ ਕਰਨ ਵਿਚ ਨਾਕਾਮ ਸਾਬਤ ਹੋਈ ਹੈ।

ਉਹਨਾਂ ਕਿਹਾ ਕਿ ਆਪ ਸਰਕਾਰ ਨੇ ਨਾ ਸਿਰਫ ਕਿਸਾਨਾਂ ਨੂੰ ਉਸ ਵੇਲੇ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਜਦੋਂ ਅਪ੍ਰੈਲ ਵਿਚ ਗੜ੍ਹੇਮਾਰੀ ਕਾਰਨ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਸੀ ਬਲਕਿ ਸਰਕਾਰ ਨੇ ਪਿਛਲੇ ਸਾਲ ਆਏ ਹੜ੍ਹਾਂ ਦੌਰਾਨ ਦੋ ਲੱਖ ਏਕੜ ਜ਼ਮੀਨ ਵਿਚ ਹੋਏ ਝੋਨੇ ਦੇ ਫਸਲੀ ਨੁਕਸਾਨ ਬਦਲੇ ਵੀ ਕੋਈ ਮੁਆਵਜ਼ਾ ਕਿਸਾਨਾਂ ਨੂੰ ਨਹੀਂ ਦਿੱਤਾ। ਸਰਦਾਰ ਬਾਦਲ ਨੇ ਕਿਹਾ ਕਿ ਅੱਜ ਅਕਾਲੀ ਦਲ ਨੇ ਕਣਕ ਵੰਡਣ ਦੀ ਮੁਹਿੰਮ ਦਾ ਅਗਲਾ ਪੜਾਅ ਸ਼ੁਰੂ ਕੀਤਾ ਹੈ ਤੇ ਇਸ ਤੋਂ ਪਹਿਲਾਂ ਲੰਬੀ, ਮਲੋਟ, ਫਤਿਹਗੜ੍ਹ ਸਾਹਿਬ ਦੇ ਨਾਲ-ਨਾਲ ਹੋਰ ਥਾਵਾਂ ’ਤੇ ਕਣਕ ਵੰਡੀ ਜਾ ਚੁੱਕੀ ਹੈ। ਉਹਨਾਂ ਨੇ ਪਾਰਟੀ ਕੇਡਰ ਦਾ ਧੰਨਵਾਦ ਕੀਤਾ ਜਿਹਨਾਂ ਨੇ ਲੋੜਵੰਦ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਦੇਣ ਵਾਸਤੇ ਇਹ ਕਣਕ ਇਕੱਠੀ ਕੀਤੀ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਇਸ ਮੌਕੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਜਿਹਨਾਂ ਨੇ ਦੱਸਿਆ ਕਿ ਬਿਜਲੀ ਦੇ ਲੰਬੇ-ਲੰਬੇ ਕੱਟਾਂ ਕਾਰਨ ਉਹਨਾਂ ਦੀ ਝੋਨੇ ਦੀ ਫਸਲ ਵੀ ਖ਼ਤਰੇ ਹੇਠ ਹੈ। ਉਹਨਾਂ ਕਿਹਾ ਕਿ ਉਹ ਰੋਜ਼ਾਨਾ 10 ਤੋਂ 12 ਘੰਟੇ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਹੇ ਹਨ। ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਸਾਰੇ ਹਾਲਾਤ ਤੋਂ ਜਾਣੂ ਹੈ ਅਤੇ ਉਹ 16 ਸਤੰਬਰ ਨੂੰ ਰੋਸ ਵਿਖਾਵੇ ਕਰ ਕੇ ਸਰਕਾਰ ਨੂੰ ਡੂੰਘੀ ਨੀਂਦ ਤੋਂ ਜਗਾਉਣਾ ਚਾਹੇਗਾ ਤੇ ਉਸਨੂੰ ਦਿਨ ਵੇਲੇ ਕਿਸਾਨਾਂ ਨੂੰ ਲੋੜੀਂਦੀ ਬਿਜਲੀ ਸਪਲਾਈ ਕਰਨ ਵਾਸਤੇ ਮਜਬੂਰ ਕਰੇਗਾ। ਇਸ ਮੌਕੇ ਸੀਨੀਅਰ ਆਗੂ ਨਵਤੇਜ ਸਿੰਘ ਕਾਉਣੀ, ਤੇਜਿੰਦਰ ਸਿੰਘ ਮਿੱਡੂਖੇੜਾ,ਗੁਰਮੀਤ ਸਿੰਘ ਮਾਨ, ਬੀਬੀ ਗੁਰਦਿਆਲ ਕੌਰ ਮੱਲਣ ਤੇ ਗੁਰਵਿੰਦਰ ਕਰ ਵੀ ਅਕਾਲੀ ਦਲ ਪ੍ਰਧਾਨ ਦੇ ਨਾਲ ਸਨ।
Share this content:



Post Comment